
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ :
ਸਦੀਆਂ ਤੋਂ ਕਸ਼ਮੀਰ ਦੀ ਧਰਤੀ ਸਿੱਖਾਂ ਦੀ ਵਿਰਾਸਤ ਦਾ ਗੜ੍ਹ ਰਹੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਯਾਤਰਾਵਾਂ ਨੇ ਇਸ ਧਰਤੀ ’ਤੇ ਸਿੱਖੀ ਦੀਆਂ ਜੜ੍ਹਾਂ ਪੁਖਤਾ ਕੀਤੀਆਂ, ਤੇ ਇਸ ਧਰਤੀ ਉਪਰ ਗੁਰੂ ਹਰਗੋਬਿੰਦ ਸਾਹਿਬ ਦੇ ਪਏ ਚਰਨਾਂ ਨੇ ਇਸ ਸਬੰਧ ਨੂੰ ਹੋਰ ਗੂੜ੍ਹਾ ਕੀਤਾ। ਪਰ ਅੱਜ, ਇਹੀ ਵਾਦੀ ਸਿੱਖਾਂ ਲਈ ਦੁਖਾਂ ਦੀ ਦਾਸਤਾਨ ਬਣ ਗਈ ਹੈ। ਜਿਹਾਦੀ ਹਿੰਸਾ, ਸਰਕਾਰੀ ਵਿਤਕਰੇ ਅਤੇ ਸਰਕਾਰ ਦੀ ਅਣਦੇਖੀ ਨੇ ਕਸ਼ਮੀਰੀ ਸਿੱਖਾਂ ਦੇ ਦੁਖਾਂਤ ਨੂੰ ਡੂੰਘਾ ਕੀਤਾ ਹੈ।
ਬੀਤੇ ਦਿਨੀਂ ਸਿੱਖ ਸਕਾਲਰ ਡਾ. ਕੋਮਲ ਜੇ.ਬੀ. ਸਿੰਘ, ਇੱਕ ਕਸ਼ਮੀਰੀ ਸਿੱਖ ਧੀ, ਨੇ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਖੇ ਸਿੱਖਾਂ ਦੇ ਦੁਖਾਂਤ ਨੂੰ ਦੁਨੀਆ ਸਾਹਮਣੇ ਰੱਖਿਆ। ਉਨ੍ਹਾਂ ਦੀ ਅਵਾਜ਼ ਨੇ ਕਸ਼ਮੀਰੀ ਸਿੱਖ ਭਾਈਚਾਰੇ ਦੀਆਂ ਅਣਸੁਣੀਆਂ ਦੁਖਾਂਤਕ ਕਹਾਣੀਆਂ ਨੂੰ ਸਾਹਮਣੇ ਲਿਆਂਦਾ ਹੈ ਤੇ ਮੀਡੀਆ ਸਾਹਮਣੇ ਪੇਸ਼ ਕੀਤਾ ਹੈ।ਡਾ. ਕੋਮਲ ਨੇ ਅਮਰੀਕਾ ਵਿਖੇ ਸੈਮੀਨਾਰ ਦੌਰਾਨ ਜਿਹਾਦੀ ਹਿੰਸਾ ਅਤੇ ਸਰਕਾਰੀ ਅਣਦੇਖੀ ਦੇ ਪ੍ਰਭਾਵ ਨੂੰ ਵਿਸਤਾਰ ਨਾਲ ਬਿਆਨ ਕੀਤਾ ਸੀ। ਉਨ੍ਹਾਂ ਜ਼ੋਰ ਦਿੱਤਾ ਕਿ ਸਿੱਖੀ ਨੂੰ ਸਿਰਫ਼ ਪੰਜਾਬ ਦੇ ਨਜ਼ਰੀਏ ਤੋਂ ਨਹੀਂ, ਸਗੋਂ ਕਸ਼ਮੀਰ ਵਰਗੇ ਖੇਤਰਾਂ ਦੇ ਸੰਦਰਭ ਵਿੱਚ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਸਿੱਖ ਸਮਾਜ ਵਿੱਚ ਜਾਤ-ਪਾਤ ਵਿਰੁਧ ਭਾਵਨਾ ਅਤੇ ਸਤਿਗੁਰੂ ਨਾਨਕ ਦੀ ਬਰਾਬਰੀ ਦੀ ਸਿੱਖਿਆ ਨੂੰ ਵਾਦੀ ਵਿੱਚ ਜੀਵੰਤ ਰੱਖਣ ਦੀ ਮਹੱਤਤਾ ’ਤੇ ਚਾਨਣਾ ਪਾਇਆ ਸੀ। ਡਾ. ਕੋਮਲ ਨੇ ਵਿਦਵਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਕਸ਼ਮੀਰੀ ਸਿੱਖਾਂ ਦੀਆਂ ਦੁਖਾਂਤਕ ਅਵਾਜ਼ਾਂ ਨੂੰ ਵਿਸ਼ਵ ਪੱਧਰ ’ਤੇ ਉਠਾਉਣ। ਕਸ਼ਮੀਰੀ ਸਿੱਖਾਂ ਦੀ ਮੁੜ ਵਸੇਬੇ, ਸਰਕਾਰੀ ਸਹੂਲਤਾਂ ਅਤੇ ਪਛਾਣ ਦੀ ਮਾਨਤਾ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ। ਜੇ ਅਸੀਂ ਅੱਜ ਚੁੱਪ ਰਹੇ, ਤਾਂ ਸਿੱਖੀ ਦੀ ਇਹ ਵਿਲੱਖਣ ਵਿਰਾਸਤ ਸਦਾ ਲਈ ਗੁੰਮ ਹੋ ਸਕਦੀ ਹੈ। ਪਰ ਸਵਾਲ ਇਹ ਹੈ - ਕੀ ਭਾਰਤ ਸਰਕਾਰ ਇਹ ਅਵਾਜ਼ ਸੁਣੇਗੀ ?
ਕਸ਼ਮੀਰੀ ਸਿੱਖਾਂ ਦੀ ਦੁਰਦਸ਼ਾ ਕੋਈ ਨਵੀਂ ਨਹੀਂ। 1947 ਦੀ ਵੰਡ ਦੌਰਾਨ ਕਬਾਇਲੀ ਹਮਲਿਆਂ ਨੇ ਸਿੱਖਾਂ ਦੇ ਵੱਡੇ ਕਤਲੇਆਮ ਦੀ ਸ਼ੁਰੂਆਤ ਕੀਤੀ ਸੀ।ਮੁਜ਼ਫਰਾਬਾਦ ਤੋਂ ਬਾਰਾਮੂਲਾ ਤੱਕ ਦੇ ਕਤਲੇਆਮ ਨੇ ਲਗਭਗ ਇੱਕ ਲੱਖ ਸਿੱਖਾਂ ਦੀਆਂ ਜਾਨਾਂ ਲਈਆਂ ਸਨ। 1980 ਦੇ ਦਹਾਕੇ ਵਿੱਚ ਸ਼ੁਰੂ ਹੋਏ ਜਿਹਾਦੀ ਸੰਘਰਸ਼ ਨੇ ਸਿੱਖਾਂ ਨੂੰ ਹਿੰਸਾ ਅਤੇ ਧਮਕੀਆਂ ਸਹਿਣ ਕਰਨੀਆਂ ਪਈਆਂ। ਚਿੱਠੀ ਸਿੰਘਪੁਰਾ ਵਿੱਚ 2000 ਵਿੱਚ ਹੋਏ ਕਤਲੇਆਮ ਵਿੱਚ 35 ਸਿੱਖਾਂ ਦੀ ਹੱਤਿਆ ਨੇ ਇਸ ਪੀੜ ਨੂੰ ਹੋਰ ਡੂੰਘਾ ਕੀਤਾ। ਅੱਜ ਵੀ, ਵਾਦੀ ਵਿੱਚ ਸਿੱਖ ਘੱਟ-ਗਿਣਤੀ ਦੇ ਰੂਪ ਵਿੱਚ ਦਹਿਸ਼ਤ ਅਤੇ ਅਨਿਸ਼ਚਿਤਤਾ ਦੇ ਪਰਛਾਂਵੇ ਹੇਠ ਜੀਅ ਰਹੇ ਹਨ। ਕਸ਼ਮੀਰੀ ਸਿੱਖਾਂ ਦੇ ਸਿਆਸੀ, ਸਾਮਾਜਿਕ ਅਤੇ ਆਰਥਿਕ ਪਛੜੇਪਣ ਨੇ ਉਨ੍ਹਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ।ਸਰਕਾਰੀ ਨੀਤੀਆਂ ਵਿੱਚ ਸਿੱਖਾਂ ਦੀ ਅਣਦੇਖੀ, ਸਿਆਸੀ ਨੁਮਾਇੰਦਗੀ ਦੀ ਕਮੀ ਅਤੇ ਸੰਸਥਾਗਤ ਸਹਾਇਤਾ ਦੀ ਘਾਟ ਇਸ ਦੁਖਾਂਤ ਨੂੰ ਹੋਰ ਗੰਭੀਰ ਬਣਾਉਂਦੀ ਹੈ।
ਕਿਉਂ ਵਾਦੀ ਵਿੱਚ ਸਿੱਖਾਂ ਨੂੰ ਉਜੜਨਾ ਪਿਆ?
1980 ਅਤੇ 1990 ਦੇ ਦਹਾਕਿਆਂ ਵਿੱਚ ਕਸ਼ਮੀਰ ਵਿੱਚ ਸ਼ੁਰੂ ਹੋਏ ਜਿਹਾਦੀ ਸੰਘਰਸ਼ ਨੇ ਵਾਦੀ ਦੇ ਸਮਾਜਿਕ ਤਾਣੇ-ਬਾਣੇ ਨੂੰ ਹਿਲਾ ਦਿੱਤਾ। ਸਿੱਖ, ਜੋ ਵਪਾਰ, ਖੇਤੀਬਾੜੀ ਅਤੇ ਹੁਨਰਮੰਦੀ ਵਿੱਚ ਸਰਗਰਮ ਸਨ, ਸਿਆਸੀ ਅਸਥਿਰਤਾ ਅਤੇ ਹਿੰਸਾ ਦੇ ਸ਼ਿਕਾਰ ਬਣੇ। ਜਿਹਾਦੀਆਂ ਅਤੇ ਸੁਰੱਖਿਆ ਬਲਾਂ ਦੇ ਵਿਚਕਾਰ ਫਸਣ ਕਾਰਨ ਸਿੱਖ ਪਰਿਵਾਰਾਂ ਨੂੰ ਆਪਣੇ ਘਰ, ਜ਼ਮੀਨਾਂ ਅਤੇ ਕਾਰੋਬਾਰ ਛੱਡਣੇ ਪਏ। ਬਾਰਾਮੂਲਾ, ਸ੍ਰੀਨਗਰ, ਅਨੰਤਨਾਗ ਅਤੇ ਪੁਲਵਾਮਾ ਵਰਗੇ ਖੇਤਰਾਂ ਵਿੱਚ ਸਿੱਖਾਂ ਨੂੰ ਧਮਕੀਆਂ, ਹਮਲਿਆਂ ਅਤੇ ਆਰਥਿਕ ਤਬਾਹੀ ਦਾ ਸਾਹਮਣਾ ਕਰਨਾ ਪਿਆ। ਇਸ ਨੇ ਹਜ਼ਾਰਾਂ ਸਿੱਖਾਂ ਨੂੰ ਜੰਮੂ, ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਤੇ ਵਿਦੇਸ਼ਾਂ ਵੱਲ ਪਰਵਾਸ ਕਰਨ ਲਈ ਮਜਬੂਰ ਕੀਤਾ। ਸਰਕਾਰੀ ਅਣਦੇਖੀ ਅਤੇ ਸੁਰੱਖਿਆ ਦੀ ਕਮੀ ਨੇ ਇਸ ਪਰਵਾਸ ਨੂੰ ਹੋਰ ਤੇਜ਼ ਕੀਤਾ।ਤਾਜ਼ਾ ਅੰਕੜਿਆਂ ਅਨੁਸਾਰ, ਕਸ਼ਮੀਰ ਵਾਦੀ ਵਿੱਚ ਸਿੱਖਾਂ ਦੀ ਗਿਣਤੀ ਕਾਫੀ ਘਟ ਗਈ ਹੈ। 1980 ਦੇ ਦਹਾਕੇ ਤੋਂ ਪਹਿਲਾਂ, ਸਿੱਖ ਵਾਦੀ ਵਿੱਚ ਲਗਭਗ 60,000-70,000 ਦੀ ਆਬਾਦੀ ਸਨ। ਅੱਜ, ਇਹ ਗਿਣਤੀ ਘਟ ਕੇ 15,000-20,000 ਦੇ ਕਰੀਬ ਰਹਿ ਗਈ ਹੈ। ਼
ਉਜੜੇ ਹਿੰਦੂ ਕਸ਼ਮੀਰੀਆਂ ਵਾਂਗ ਸਹੂਲਤਾਂ ਨਹੀਂ ਮਿਲੀਆਂ ਕਸ਼ਮੀਰੀ ਸਿੱਖਾਂ ਨੂੰ
ਕਸ਼ਮੀਰੀ ਹਿੰਦੂਆਂ, ਖਾਸ ਕਰਕੇ ਪੰਡਤਾਂ, ਨੂੰ ਕਸ਼ਮੀਰੀ ਸੰਘਰਸ਼ ਦੌਰਾਨ ਉਜਾੜੇ ਦੀ ਮਾਰ ਸਹਿਣੀ ਪਈ, ਪਰ ਸਰਕਾਰ ਨੇ ਉਨ੍ਹਾਂ ਦੀ ਮੁੜ ਵਸੇਬੇ ਲਈ ਸਕੀਮਾਂ ਲਾਗੂ ਕੀਤੀਆਂ। ਜੰਮੂ ਵਿੱਚ ਸਰਕਾਰੀ ਨੌਕਰੀਆਂ, ਸਿੱਖਿਆ ਸੰਸਥਾਨਾਂ ਅਤੇ ਵਿੱਤੀ ਸਹਾਇਤਾ ਵਿੱਚ ਰਾਖਵੀਂ ਸਹੂਲਤਾਂ ਦਿੱਤੀਆਂ ਗਈਆਂ। ਪਰ ਸਿੱਖਾਂ ਨੂੰ ਇਹ ਸਹੂਲਤਾਂ ਨਹੀਂ ਮਿਲੀਆਂ। ਸਰਕਾਰੀ ਨੀਤੀਆਂ ਵਿੱਚ ਸਿੱਖਾਂ ਨੂੰ ਉਜਾੜੇ ਵਜੋਂ ਮਾਨਤਾ ਨਹੀਂ ਦਿੱਤੀ ਗਈ। ਪਾਕਿਸਤਾਨ-ਪ੍ਰਸ਼ਾਸਿਤ ਕਸ਼ਮੀਰ ਦੇ ਹਿੰਦੂ ਸ਼ਰਨਾਰਥੀਆਂ ਵਾਂਗ ਸਿੱਖ ਭਾਈਚਾਰੇ ਨੂੰ ਸੰਸਥਾਗਤ ਸਹਾਰਾ ਨਹੀਂ ਮਿਲਿਆ। ਇਸ ਦੀ ਵਜ੍ਹਾ ਸਿਆਸੀ ਨੁਮਾਇੰਦਗੀ ਦੀ ਕਮੀ, ਸਿੱਖਾਂ ਦੀ ਘੱਟ ਗਿਣਤੀ ਅਤੇ ਸਰਕਾਰ ਦੀ ਬੇਰੁਖੀ ਸੀ।
ਸੁਆਲ ਇਹ ਹੈ ਕਿ ਜੇ ਸਾਰੇ ਕਸ਼ਮੀਰੀ ਸਿੱਖ ਵਾਦੀ ਛੱਡ ਦਿੰਦੇ ਹਨ, , ਤਾਂ ਭਾਰਤ ਦੀ ਸੱਭਿਆਚਾਰਕ ਅਤੇ ਇਤਿਹਾਸਕ ਹੋਂਦ ’ਤੇ ਗੰਭੀਰ ਸਵਾਲ ਖੜ੍ਹੇ ਹੋਣਗੇ। ਕਸ਼ਮੀਰੀ ਮੁਸਲਮਾਨਾਂ ਦੀ ਬਹੁਗਿਣਤੀ, ਜੋ ਅਕਸਰ ਭਾਰਤ ਨਾਲ ਜੁੜਨ ਨੂੰ ਸਵੀਕਾਰ ਨਹੀਂ ਕਰਦੀ, ਦੇ ਸੰਦਰਭ ਵਿੱਚ ਸਿੱਖ ਅਤੇ ਹਿੰਦੂ ਭਾਰਤ ਦੀ ਸਰਕਾਰੀ ਨੀਤੀਆਂ ਅਤੇ ਸੱਭਿਆਚਾਰਕ ਪਛਾਣ ਦਾ ਮਹੱਤਵਪੂਰਨ ਹਿੱਸਾ ਹਨ। ਸਿੱਖਾਂ ਦਾ ਉਥੋਂ ਉਜੜਨਾ ਵਾਦੀ ਵਿੱਚ ਭਾਰਤ ਦੀ ਪਕੜ ਨੂੰ ਕਮਜ਼ੋਰ ਕਰ ਸਕਦਾ ਹੈ, ਕਿਉਂਕਿ ਇਹ ਵਿਭਿੰਨਤਾ ਦੀ ਤਾਕਤ ਨੂੰ ਘਟਾਏਗਾ ਅਤੇ ਸਿਆਸੀ ਅਸਥਿਰਤਾ ਨੂੰ ਹੋਰ ਵਧਾਏਗਾ।