
ਪਿਛਲੇ ਦਿਨੀਂ ਅਸਲ ਕੰਟਰੋਲ ਰੇਖਾ ਨੇੜੇ ਕ੍ਰਿਸ਼ਨਾ ਵਾਦੀ ਦੇ ਮੂਹਰਲੇ ਇਲਾਕੇ ’ਚ ਬਾਰੂਦੀ ਸੁਰੰਗ ਧਮਾਕਾ ਹੋਇਆ। ਚੌਕਸ ਭਾਰਤੀ ਫ਼ੌਜ ਨੇ ਪਾਕਿਸਤਾਨੀ ਫ਼ੌਜ ਵੱਲੋਂ ਕਰਵਾਈ ਜਾ ਰਹੀ ਘੁਸਪੈਠ ਨਾਕਾਮ ਕੀਤੀ। ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੋਈ। ਪਾਕਿਸਤਾਨੀ ਫ਼ੌਜ ਨੇ ਪੁਣਛ ’ਚ ਗੋਲ਼ੀਬੰਦੀ ਦੀ ਉਲੰਘਣਾ ਕੀਤੀ। ਯਾਦ ਰਹੇ ਕਿ 21 ਫਰਵਰੀ ਨੂੰ ਦੋਵਾਂ ਫ਼ੌਜਾਂ ਦੇ ਉੱਚ ਅਧਿਕਾਰੀਆਂ ਨੇ ਫਲੈਗ ਮੀਟਿੰਗ ਵਿੱਚ ਗੋਲ਼ੀਬੰਦੀ ਸਵੀਕਾਰ ਕੀਤੀ ਸੀ। ਕਠੂਆ ’ਚ ਅੱਤਵਾਦੀਆਂ ਖ਼ਿਲਾਫ਼ ਕਾਰਵਾਈ ਹੋਈ। ਰਾਮਬਾਗ ਦੇ ਸੰਘਣੇ ਜੰਗਲ ਵਿੱਚ ਦਹਿਸ਼ਤਗਰਦਾਂ ਨਾਲ ਪਿੱਛੇ ਜਿਹੇ ਸਵੇਰੇ ਹੋਏ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ ਹੋਏ ਸਨ। ਜਦਕਿ ਇੱਕ ਡੀ.ਐੱਸ.ਪੀ. ਸਮੇਤ ਪੰਜ ਜਵਾਨ ਜ਼ਖ਼ਮੀ ਹੋ ਗਏ ਸਨ।
ਜੈਸ਼-ਏ-ਮੁਹੰਮਦ ਦੇ ਤਿੰਨ ਪਾਕਿਸਤਾਨੀ ਘੁਸਪੈਠੀਏ ਵੀ ਮਾਰ ਮੁਕਾਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਘੁਸਪੈਠ ਕਰ ਰਹੇ ਤਕਰੀਬਨ ਪੰਜ ਅੱਤਵਾਦੀਆਂ ਦੇ ਗਰੁੱਪ ਦੇ ਖ਼ਾਤਮੇ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਸੀ। ਅਗਲੇ ਦਿਨ ਕਠੂਆ ਦੇ ਸੰਘਣੇ ਜੰਗਲ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਾਲੀ ਥਾਂ ’ਤੇ ਇੱਕ ਹੋਰ ਲਾਪਤਾ ਸੁਰੱਖਿਆ ਕਰਮੀ ਹੈੱਡ ਕਾਂਸਟੇਬਲ ਜਗਬੀਰ ਸਿੰਘ ਦੀ ਦੇਹ ਡ੍ਰੋਨ ਰਾਹੀਂ ਦਿਖਾਈ ਦੇਣ ਕਾਰਨ ਸ਼ਹੀਦ ਜਵਾਨਾਂ ਦੀ ਗਿਣਤੀ ਚਾਰ ਹੋ ਗਈ ਸੀ।
ਇਸੇ ਸਾਲ 10 ਫਰਵਰੀ ਨੂੰ ਜੰਮੂ ਨੇੜੇ ਅਖਨੂਰ ਸੈਕਟਰ ਵਿੱਚ ਅਸਲ ਕੰਟਰੋਲ ਰੇਖਾ ਦੇ ਨੇੜੇ ਬਾਰੂਦੀ ਸੁਰੰਗ ਫਟਣ ਕਾਰਨ ਫ਼ੌਜ ਦੇ ਕੈਪਟਨ ਕਰਮਜੀਤ ਸਿੰਘ ਬਖਸ਼ੀ ਅਤੇ ਨਾਇਕ ਮੁਕੇਸ਼ ਸ਼ਹੀਦ ਹੋ ਗਏ ਸਨ। ਜੰਮੂ-ਕਸ਼ਮੀਰ ਵਿੱਚ ਅੱਤਵਾਦ ਦੇ ਖ਼ਾਤਮੇ ਲਈ ਦੇਸ਼ ਅਤੇ ਇਸ ਦੇ ਸਮੁੱਚੇ ਤੰਤਰ ਦੀ ਜਿੰਨੀ ਊਰਜਾ ਲੱਗੀ ਹੈ, ਇਸ ਬਾਰੇ ਸਾਰੇ ਭਲੀਭਾਂਤ ਜਾਣਦੇ ਹਨ। ਤ੍ਰਾਸਦੀ ਇਹ ਹੈ ਕਿ ਕਈ ਦਹਾਕੇ ਪਹਿਲਾਂ ਤੋਂ ਜਾਰੀ ਇਸ ਮਸਲੇ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਵੱਲੋਂ ਦਾਅਵੇ ਅਤੇ ਵਕਤ ਦੇ ਨਾਲ-ਨਾਲ ਨਵੇਂ ਉਪਾਅ ਵੀ ਕੀਤੇ ਗਏ ਪ੍ਰੰਤੂ ਅੱਜ ਵੀ ਉੱਥੇ ਜਿਸ ਪੱਧਰ ਦੀਆਂ ਦਹਿਸ਼ਤੀ ਗਤੀਵਿਧੀਆਂ ਚੱਲ ਰਹੀਆਂ ਹਨ, ਉਹ ਦੇਸ਼ ਸਾਹਮਣੇ ਨਿਰਸੰਦੇਹ ਇੱਕ ਵੱਡੀ ਚੁਣੌਤੀ ਹੈ। ਗ਼ੌਰਤਲਬ ਹੈ ਕਿ ਹਾਲ ਹੀ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਕਠੂਆ ਦੇ ਜੰਗਲਾਂ ਵਿੱਚ ਪਾਕਿਸਤਾਨੀ ਜੈਸ਼-ਏ-ਮੁਹੰਮਦ ਨਾਲ ਸਬੰਧਤ ਘੁਸਪੈਠੀਏੇ ਸੰਘਣੇ ਜੰਗਲ ਵਿੱਚ ਲੁਕੇ ਹੋਏ ਹਨ। ਉਨ੍ਹਾਂ ਦਹਿਸ਼ਤਗਰਦਾਂ ਦੀ ਤਲਾਸ਼ ਵਿੱਚ ਜੰਮੂ-ਕਸ਼ਮੀਰ ਦੀ ਪੁਲਿਸ ਦੀ ਅਗਵਾਈ ਹੇਠ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਸਵੇਰੇ ਹੀ ਪੁਲਿਸ ਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਇੱਕ ਸਮੂਹ ਨੂੰ ਘੇਰ ਲਿਆ। ਦੋਹਾਂ ਪਾਸਿਆਂ ਤੋਂ ਗੋਲ਼ੀਬਾਰੀ ਸ਼ੁਰੂ ਹੋ ਗਈ।
ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਮਹੀਨੇ ਕਠੂਆ ’ਚ ਪੁਲਿਸ ਤਸ਼ੱਦਦ ਤੋਂ ਤੰਗ ਆ ਕੇ ਗੁੱਜਰ ਪਰਿਵਾਰ ਦੇ ਮਾਖਨ ਦੀਨ (25) ਨੇ ਖ਼ੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾਂ ਬਾਰਾਮੁਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਫ਼ੌਜ ਨੇ ਟਰੱਕ ਡਰਾਈਵਰ ਵਸੀਮ ਮਸੀਜ ਮੀਰ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ ਸੀ। ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਤੇ ਉਨ੍ਹਾਂ ਦੀ ਬੇਟੀ ਇਲਤਿਜ਼ਾ ਨੂੰ ਉਨ੍ਹਾਂ ਦੇ ਸ੍ਰੀਨਗਰ ਸਥਿਤ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤਾਂ ਕਿ ਉਹ ਕਠੂਆ ਤੇ ਸੋਪੋਰ ਨਾ ਜਾ ਸਕਣ।
ਜੰਮੂ-ਕਸ਼ਮੀਰ ਵਿੱਚ ਰਾਸ਼ਟਰਪਤੀ ਰਾਜ ਖ਼ਤਮ ਹੋਣ ਤੋਂ ਬਾਅਦ ਜਦ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੇ ਕਾਰਜਭਾਰ ਸੰਭਾਲ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਦ ਤਵੱਕੋ ਸੀ ਕਿ ਹੁਣ ਉੱਥੇ ਨਵੇਂ ਸਿਰੇ ਤੋਂ ਅੱਤਵਾਦ ਦੇ ਖ਼ਿਲਾਫ਼ ਲੜਾਈ ਸ਼ੁਰੂ ਹੋਵੇਗੀ। ਪਰ ਅੱਜ ਵੀ ਉੱਥੇ ਸਰਕਾਰ ਦੀ ਕਾਰਗੁਜ਼ਾਰੀ ਦਾ ਕੋਈ ਠੋਸ ਅਸਰ ਸਾਹਮਣੇ ਨਹੀਂ ਆਇਆ। ਜਿਸ ਸਦਕਾ ਦਹਿਸ਼ਤਗਰਦਾਂ ਦੇ ਹੌਸਲੇ ਪਸਤ ਹੋਏ ਹੋਣ। ਦਰਅਸਲ, ਮੁੱਖ ਮੰਤਰੀ ਉਮਰ ਅਬਦੁੱਲਾ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਦੀ ਸਰਕਾਰ, ਕੇਂਦਰ ਸ਼ਾਸਿਤ ਰਾਜ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਵਿਹਾਰ ਵੱਲ ਵੇਖ ਰਹੀ ਹੈ ਕਿ ਉਹ ਕਿਸੇ ਸਰਕਾਰੀ ਬਿੱਲ ’ਤੇ ਦਸਤਖ਼ਤ ਕਰਨਗੇ ਜਾਂ ਨਹੀਂ। ਕੀ ਉਪ ਰਾਜਪਾਲ ਦਿੱਲੀ ਦੇ ਐੱਲ.ਜੀ. ਵਾਂਗ ਅੜਿੱਕਾ ਬਣਨਗੇ?
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਸੰਚਾਲਨ ਦੀਆਂ ਚੁਣੌਤੀਆਂ ਤੋਂ ਭਲੀਭਾਂਤ ਜਾਣੂ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਨੈਸ਼ਨਲ ਕਾਨਫਰੰਸ ਕੇਂਦਰ ਤੋਂ ਸੰਤੁਸ਼ਟ ਨਹੀਂ। ਉਹ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਪਹਿਲ ਦਿੰਦੀ ਆ ਰਹੀ ਹੈ। ਨੈਸ਼ਨਲ ਕਾਨਫਰੰਸ ਦਾ ਕਹਿਣਾ ਹੈ ਕਿ ਜਦੋਂ ਅਗਸਤ 2019 ਵਿਚ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਸੰਵਿਧਾਨਕ ਅਧਿਕਾਰ ਦੇਣ ਵਾਲੀ ਧਾਰਾ 370 ਨੂੰ ਰੱਦ ਕਰ ਕੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤਬਦੀਲ ਕਰ ਦਿੱਤਾ ਸੀ, ਉਸ ਵੇਲੇ ਕਸ਼ਮੀਰੀਆਂ ਨੇ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਦੇ ਅਧਿਕਾਰਾਂ ’ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਬਦੁੱਲਾ ਦੀਆਂ ਕਈ ਮੀਟਿੰਗਾਂ ਸੁਖਾਵੇਂ ਮਾਹੌਲ ’ਚ ਹੋਈਆਂ ਸਨ। ਉਨ੍ਹਾਂ ਨੇ ਸਦਨ ਵਿੱਚ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਹੈ ਪਰ ਇਸ ਨਾਲ ਸ਼ਰਤ ਵੀ ਹੈ ਕਿ,‘ਰਾਜ ਦਾ ਦਰਜਾ ਤਦ ਬਹਾਲ ਹੋਵੇਗਾ ਜਦ ਹਾਲਾਤ ਦਰੁਸਤ ਹੋਣਗੇ’। ਕੁਝ ਦਿਨ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਬਿਆਨ ਆਇਆ ਕਿ ਪ੍ਰਧਾਨ ਮੰਤਰੀ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਕਿ ‘ਤੁਸੀਂ ਸ਼ਾਂਤੀਪੂਰਨ ਚੋਣ ਅਮਲ ਪੂਰਾ ਕਰੋ, ਅਸੀਂ ਰਾਜ ਦਾ ਦਰਜਾ ਬਹਾਲ ਕਰ ਦਿਆਂਗੇ’ ਨੂੰ ਪੂਰਾ ਕਰ ਦਿੱਤਾ ਜਾਵੇਗਾ। ਸ਼ਾਹ ਨੇ ਕਿਹਾ ਕਿ 40 ਸਾਲ ਬਾਅਦ ਇਹ ਪਹਿਲੀ ਚੋਣ ਸੀ ਜਦੋਂ ਕਿਸੇ ਪੋਲਿੰਗ ਬੂਥ ’ਤੇ ਦੁਬਾਰਾ ਮਤਦਾਨ ਨਹੀਂ ਹੋਇਆ। ਵੋਟਾਂ ਦੌਰਾਨ ਕਿਧਰੇ ਗੋਲ਼ੀ ਨਹੀਂ ਸੀ ਚੱਲੀ, ਹੰਝੂ ਗੈਸ ਦੀ ਵਰਤੋਂ ਨਹੀਂ ਸੀ ਹੋਈ। ਤਕਰੀਬਨ 60% ਵੋਟਾਂ ਪਈਆਂ ਸਨ। ਇਸ ਜਮਹੂਰੀ ਚੋਣ ਅਮਲ ਦੀ ਕਾਮਯਾਬੀ ਦਾ ਸਿਹਰਾ ਕਸ਼ਮੀਰੀਆਂ ਸਿਰ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੰਮੂ-ਕਸ਼ਮੀਰ ’ਚ ਸੁਰੱਖਿਆ ਬਲਾਂ ਅਤੇ ਰਾਜ ਦੀ ਪੁਲਿਸ ਨੇ ਅੱਤਵਾਦ ਨਾਲ ਨਜਿੱਠਣ ਦੇ ਮਾਮਲੇ ਵਿੱਚ ਹਮੇਸ਼ਾ ਮੁਸਤੈਦੀ ਵਰਤੀ ਹੈ ਪਰ ਇਹ ਵੀ ਕੌੜੀ ਸੱਚਾਈ ਹੈ ਕਿ ਅੱਜ ਵੀ ਉੱਥੇ ਦਹਿਸ਼ਤੀ ਤਨਜ਼ੀਮਾਂ ਨੇ ਆਪਣੀ ਮੌਜੂਦਗੀ ਬਣਾਈ ਹੋਈ ਹੈ। ਅੱਤਵਾਦੀ ਅੱਜ ਵੀ ਸੁਰੱਖਿਆ ਬਲਾਂ ਦੇ ਕੈਂਪਾਂ ਤੇ ਗਸ਼ਤੀ ਵਾਹਨਾਂ ਉੱਤੇ ਘਾਤ ਲਗਾ ਕੇ ਹਮਲੇ ਕਰਨ ਦੇ ਸਮਰੱਥ ਹਨ ਭਾਵੇਂ ਕਈ ਵਾਰ ਉਹ ਮਾਰੇ ਵੀ ਜਾਂਦੇ ਹਨ। ਪੁਲਿਸ ਕਰਮੀਆਂ ਦੀ ਸ਼ਹਾਦਤ ਇਹ ਸਪੱਸ਼ਟ ਕਰਦੀ ਹੈ ਕਿ ਦਹਿਸ਼ਤਗਰਦਾਂ ਨਾਲ ਨਿਪਟਣ ਦੀ ਰਣਨੀਤੀ ਵਿਚ ਤਬਦੀਲੀ ਦੀ ਜ਼ਰੂਰਤ ਹੈ। ਸੁਰੱਖਿਆ ਬਲਾਂ ਵੱਲੋਂ ਅਕਸਰ ਅੱਤਵਾਦੀਆਂ ਨੂੰ ਮੁਕਾਬਲਿਆਂ ਵਿਚ ਮਾਰਿਆ ਜਾਂਦਾ ਹੈ। ਇਸ ਦੇ ਬਾਵਜੂਦ ਇਹ ਸਮਝਣਾ ਮੁਸ਼ਕਲ ਹੈ ਕਿ ਅੱਜ ਵੀ ਉਨ੍ਹਾਂ ਦੇ ਹੌਸਲੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਆਈ ਹੈ।
ਕੇਂਦਰ ਸਰਕਾਰ ਇਹ ਦਾਅਵਾ ਜ਼ਰੂਰ ਕਰਦੀ ਹੈ ਕਿ ਪਿਛਲੇ ਕੁਝ ਸਮੇਂ ’ਚ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਘਟਨਾਵਾਂ ’ਚ ਕਮੀ ਆਈ ਹੈ ਅਤੇ ਉੱਥੇ ਹਾਲਾਤ ਸੁਧਰੇ ਹਨ ਪਰ ਅਕਸਰ ਸਰਹੱਦ ਪਾਰ ਤੋਂ ਅੱਤਵਾਦੀਆਂ ਦੀ ਘੁਸਪੈਠ, ਉਨ੍ਹਾਂ ਨਾਲ ਸੁਰੱਖਿਆ ਬਲਾਂ ਦੇ ਮੁਕਾਬਲੇ ਵਿੱਚ ਕੁਝ ਦਹਿਸ਼ਤਗਰਦਾਂ ਦਾ ਮਾਰਿਆ ਜਾਣਾ ਅਤੇ ਇਸ ਦੇ ਨਾਲ ਹੀ ਫ਼ੌਜ ਤੇ ਪੁਲਿਸ ਦੇ ਜਵਾਨਾਂ ਦੀ ਸ਼ਹਾਦਤ ਤੋਂ ਪਤਾ ਲੱਗਦਾ ਹੈ ਕਿ ਉੱਥੇ ਇਸ ਸਮੱਸਿਆ ਦੀਆਂ ਜੜ੍ਹਾਂ ਕਾਇਮ ਹਨ। ਕੁਝ ਸਾਲਾਂ ਤੋਂ ਅੱਤਵਾਦੀਆਂ ਨੇ ਮਿੱਥ ਕੇ ਪਰਵਾਸੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਕਈ ਮਜ਼ਦੂਰਾਂ ਦੀ ਜਾਨ ਵੀ ਲਈ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਹਾਲਾਤ ਹੋਰ ਵੀ ਜਟਿਲ ਬਣਾ ਦਿੱਤੇ ਹਨ।
ਕੀ ਉਨ੍ਹਾਂ ਦੇ ਦਹਿਸ਼ਤੀ ਖ਼ੁਫ਼ੀਆ-ਤੰਤਰ ਦੀ ਇਹ ਮਜ਼ਬੂਤੀ ਸਰਹੱਦ ਪਾਰ ਤੋਂ ਮਿਲ ਰਹੇ ਮਾਲੀ ਸਹਿਯੋਗ, ਅਸਲਾ ਅਤੇ ਘੁਸਪੈਠੀਆਂ ਨੂੰ ਦਿੱਤੇ ਜਾ ਰਹੇ ਪਾਕਿ ਫ਼ੌਜ ਦੇ ਸਹਿਯੋਗ ਦੀ ਬਦੌਲਤ ਹੈ? ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਸਰਗਰਮ ਅੱਤਵਾਦੀ ਤੇ ਵੱਖਵਾਦੀ/ਘੁਸਪੈਠੀਆਂ ਨੂੰ ਸਥਾਨਕ ਲੋਕਾਂ ਵੱਲੋਂ ਸ਼ਰਨ, ਸੂਚਨਾਵਾਂ ਤੇ ਸਹਿਯੋਗ ਬਾਕਾਇਦਾ ਮਿਲ ਰਿਹਾ ਹੈ। ਸੁਰੱਖਿਆ ਬਲਾਂ ਦੇ ਨਾਕਿਆਂ ’ਤੇ ਕੀਤੀ ਜਾਂਦੀ ਸਖ਼ਤੀ, ਬੇਹੁਰਮਤੀ, ਗ੍ਰਿਫ਼ਤਾਰ ਕਰ ਕੇ ਜਾਂ ਹਿਰਾਸਤ ’ਚ ਲੈ ਕੇ ਤਸ਼ੱਦਦ ਕਰਨਾ ਆਦਿ ਕਸ਼ਮੀਰੀ ਅਵਾਮ ਨੂੰ ਬੁਰੀ ਤਰ੍ਹਾਂ ਤੋੜ ਦਿੰਦਾ ਹੈ। ਉਨ੍ਹਾਂ ਵਿਚ ਨਾਰਾਜ਼ਗੀ ਘਰ ਕਰ ਜਾਂਦੀ ਹੈ। ਇਸੇ ਤਰ੍ਹਾਂ ਸਥਾਨਕ ਬੇਰੁਜ਼ਗਾਰ ਨੌਜਵਾਨ ਵੀ ਛੇਤੀ ਹੀ ਲਾਲਚ ਕਾਰਨ ਉਨ੍ਹਾਂ ਦੇ ਬਹਿਕਾਵੇ ਵਿਚ ਆ ਜਾਂਦੇ ਹਨ ਅਤੇ ਦਹਿਸ਼ਤੀ ਸਫ਼ਾਂ ਵਿੱਚ ਸ਼ਾਮਲ ਹੋ ਜਾਂਦੇ ਹਨ। ਸਰਕਾਰ ਦੇ ਅਜਿਹੇ ਵਤੀਰੇ ਕਾਰਨ ਕੁਝ ਦੇਸ਼ ਵਿਰੋਧੀ ਕਸ਼ਮੀਰੀ ਅਵਾਮ ਵਿੱਚ ਬੇਭਰੋਸਗੀ ਅਤੇ ਬੇਗਾਨਗੀ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਭਾਰੂ ਹੋ ਜਾਂਦਾ ਹੈ ਜਿਹੜਾ ਕਸ਼ਮੀਰ ਵਿਚ ਅਮਨ-ਸ਼ਾਂਤੀ ਤੇ ਖ਼ੁਸ਼ਹਾਲੀ ਦੇ ਰਾਹ ਵਿੱਚ ਅੜਿੱਕਾ ਬਣਦਾ ਹੈ। ਕੇਂਦਰ ਸਰਕਾਰ ਤੇ ਗ੍ਰਹਿ ਮੰਤਰਾਲਾ ਦਾਅਵਾ ਕਰਦੇ ਹਨ ਕਿ ਜੰਮੂ-ਕਸ਼ਮੀਰ ਵਿਚ ਹਾਲਾਤ ਸੁਧਰੇ ਹਨ ਪਰ ਇਸ ਦੇ ਬਾਵਜੂਦ ਹਿੰਸਕ ਘਟਨਾਵਾਂ ਵਿੱਚ ਕਮੀ ਨਹੀਂ ਆਈ।
-ਮੁਖ਼ਤਾਰ ਗਿੱਲ