ਕਸ਼ਮੀਰ ਵਿੱਚ ਸੀਤ ਲਹਿਰ ਨੇ ਠੰਢ ਵਧਾਈ

In ਮੁੱਖ ਖ਼ਬਰਾਂ
December 18, 2024
ਸ੍ਰੀਨਗਰ, 18 ਦਸੰਬਰ: ਕਸ਼ਮੀਰ ’ਚ ਸੀਤ ਲਹਿਰ ਵਗਣ ਕਾਰਨ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਵਾਦੀ ’ਚ ਘੱਟੋ-ਘੱਟ ਤਾਪਮਾਨ ਮਨਫੀ ਤੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ ਹੈ। ਇਸ ਦੌਰਾਨ ਡਲ ਝੀਲ ਸਮੇਤ ਹੋਰ ਨਦੀਆਂ ਅਤੇ ਝੀਲਾਂ ਦੇ ਕੰਢਿਆਂ ’ਤੇ ਬਰਫ਼ ਜੰਮ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ਸ਼ਹਿਰ ’ਚ ਘੱਟੋ-ਘੱਟ ਤਾਪਮਾਨ ਮਨਫੀ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਤੋਂ 3.4 ਡਿਗਰੀ ਸੈਲਸੀਅਸ ਹੇਠਾਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਠੰਢ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਅਤੇ ਵਾਦੀ ਦੇ ਹੋਰ ਸਥਾਨਾਂ ਨੂੰ ਪਾਣੀ ਸਪਲਾਈ ਕਰਨ ਵਾਲੀਆਂ ਪਾਈਪ ਲਾਈਨਾਂ ਜਾਮ ਹੋ ਗਈਆਂ ਹਨ। ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਬੀਤੀ ਰਾਤ ਦੇ ਬਰਾਬਰ ਸੀ। ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਨਫੀ ਤੋਂ 6.8 ਡਿਗਰੀ ਸੈਲਸੀਅਸ ਹੇਠਾਂ ਰਿਹਾ। ਪੰਪੋਰ ਸ਼ਹਿਰ ਦੇ ਬਾਹਰਵਾਰ ਕੋਨੀਬਲ ਵਾਦੀ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਪਾਰਾ ਜ਼ੀਰੋ ਤੋਂ 8.5 ਡਿਗਰੀ ਸੈਲਸੀਅਸ ਹੇਠਾਂ ਆ ਗਿਆ ਹੈ। ਕਸ਼ਮੀਰ ਦੇ ਪ੍ਰਵੇਸ਼ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਛੇ, ਉੱਤਰੀ ਕਸ਼ਮੀਰ ਦੇ ਕੁਪਵਾੜਾ ਵਿੱਚ ਮਨਫੀ 5.6 ਅਤੇ ਦੱਖਣੀ ਕਸ਼ਮੀਰ ਦੇ ਕੋਕਰਨਾਗ ਵਿੱਚ ਮਨਫੀ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 26 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਅਤੇ 21-22 ਦਸੰਬਰ ਦੀ ਰਾਤ ਨੂੰ ਵਾਦੀ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਵਾਦੀ ਵਿੱਚ ਅਗਲੇ ਦਿਨੀਂ ਘੱਟੋ-ਘੱਟ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ।

Loading