ਸੁਰਜੀਤ ਜੱਸਲ
ਪੰਜਾਬੀ ਸਿਨੇਮਾ-2025 ਦੀ ਗੱਲ ਕਰਦਿਆਂ ਕਹਿ ਸਕਦੇ ਹਾਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਹ ਸਾਲ ਕਮਾਈ ਪੱਖੋਂ ਅਤੇ ਮਿਆਰ ਪੱਖੋਂ ਮਾੜਾ ਰਿਹਾ। ਪੰਜਾਬ ਤੇ ਦੇਸ਼ ਵਿੱਚ ਵਾਪਰੀਆਂ ਕੁਝ ਵੱਡੀਆਂ ਘਟਨਾਵਾਂ ਕਰਕੇ ਹੋਰਨਾਂ ਖੇਤਰਾਂ ਦੇ ਨਾਲ ਨਾਲ ਪੰਜਾਬੀ ਸਿਨੇਮਾ ਵੀ ਪ੍ਰਭਾਵਿਤ ਰਿਹਾ। ਇਸ ਸਾਲ ਕੁਝ ਵੱਡੀਆਂ ਫ਼ਿਲਮਾਂ ਭਾਰਤ-ਪਾਕਿ ਵਿਚਾਲੇ ਤਣਾਓ ਅਤੇ ਪੰਜਾਬ ’ਚ ਆਏ ਹੜ੍ਹਾਂ ਦੀ ਮਾਰ ਦਾ ਸ਼ਿਕਾਰ ਹੋਈਆਂ।
ਇਸ ਸਾਲ ਪਿਛਲੇ ਸਾਲ ਦੇ ਕੁਝ ਸਰਗਰਮ ਨਿਰਮਾਤਾ ਆਪਣੀਆਂ ਫ਼ਿਲਮਾਂ ਲੈ ਕੇ ਨਾ ਆਏ। ਜਦਕਿ ਕੁਝ ਨਵੇਂ ਬਣੇ ਨਿਰਮਾਤਾ ਜ਼ਰੂਰ ਆਏ, ਪਰ ਉਹ ਕਾਮਯਾਬ ਨਾ ਹੋ ਸਕੇ। ਇਸ ਸਾਲ ਕੁਲ 57 ਫ਼ਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ’ਚੋਂ ਕੁਝ ਕੁ ਨੇ ਹੀ ਚੰਗੀ ਕਮਾਈ ਕੀਤੀ। ਉਹ ਫ਼ਿਲਮਾਂ ਜਿਨ੍ਹਾਂ ਦਾ ਮਿਆਰ ਕੁਝ ਚੰਗਾ ਸੀ, ਉਹ ਦਰਸ਼ਕਾਂ ਨੂੰ ਹਜ਼ਮ ਨਾ ਆਈਆਂ ਜਦਕਿ ਮਾੜੇ ਵਿਸ਼ੇ ਦੀਆਂ ਕੁਝ ਫ਼ਿਲਮਾਂ ਚੰਗੀ ਕਮਾਈ ਕਰ ਗਈਆਂ।
ਇਸ ਸਾਲ ਕਾਮੇਡੀ ਦੀ ਬਜਾਏ ਐਕਸ਼ਨ ਫ਼ਿਲਮਾਂ ਦਾ ਵਧੇਰੇ ਬੋਲਬਾਲਾ ਰਿਹਾ, ਜਿਨ੍ਹਾਂ ’ਚੋਂ ਸਿਰਫ਼ ਦੋ-ਚਾਰ ਫ਼ਿਲਮਾਂ ਹੀ ਦਰਸ਼ਕਾਂ ਨੂੰ ਚੰਗੀਆਂ ਲੱਗੀਆਂ। ਇਸ ਸਾਲ ਦੋ ਫ਼ਿਲਮਾਂ ‘ਡਾਕੂਆਂ ਦਾ ਮੁੰਡਾ’ ਅਤੇ ‘ਪਿੰਡ ਸਾਰਾ ਜੋਮੀਲੈਂਡ’ ਬਣਿਆ ਇੱਕੋ ਦਿਨ ਰਿਲੀਜ਼ ਹੋਈਆਂ ਜਿਨ੍ਹਾਂ ਵਿੱਚ ਫ਼ਸਵਾਂ ਮੁਕਾਬਲਾ ਹੋਇਆ ਅਤੇ ਦੋਵੇਂ ਹੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਤਾਂ ਰਹੀਆਂ, ਪਰ ਕਮਾਈ ਪੱਖੋਂ ਠੀਕ ਠੀਕ ਸਾਬਤ ਹੋਈਆਂ। ‘ਨਿੱਕਾ ਜ਼ੈਲਦਾਰ 4’ ਅਤੇ ‘ਸੌਕਣ-ਸੌਕਣੇ 2’ ਸੀਕੁਏਲ ਫ਼ਿਲਮਾਂ ਹੋਣ ਕਰਕੇ ਕਾਮਯਾਬ ਰਹੀਆਂ, ਪ੍ਰੰਤੂ ਬਹੁਤੇ ਦਰਸ਼ਕਾਂ ਨੇ ਇਨ੍ਹਾਂ ਨੂੰ ਦਿਲੋਂ ਪਸੰਦ ਨਹੀਂ ਕੀਤਾ। ‘ਨਿੱਕਾ ਜ਼ੈਲਦਾਰ 4’ ਵਿੱਚ ਔਰਤ ਦੇ ਸ਼ਰਾਬ, ਸਿਗਰਟ ਪੀਣ ਜਿਹੇ ਵਿਸ਼ੇ ਨੇ ਥੂ-ਥੂ ਕਰਵਾਈ।
ਇਸ ਸਾਲ ਦਲਜੀਤ ਦੁਸਾਂਝ ਆਪਣੀ ਫ਼ਿਲਮ ‘ਸਰਦਾਰ ਜੀ 3’ ਨਾਲ ਖ਼ੂਬ ਚਰਚਾ ਵਿੱਚ ਰਿਹਾ। ਇਹ ਫ਼ਿਲਮ ਭਾਰਤ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਜਿੱਥੇ ਉਸ ਨੇ ਰਿਕਾਰਡ ਤੋੜ ਕਮਾਈ ਕੀਤੀ। ਭਾਰਤ-ਪਾਕਿ ਦਰਮਿਆਨ ਜੰਗ ਦੇ ਹਾਲਾਤ ਅਤੇ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਕਤਲੇਆਮ ਦੇ ਰੋਸ ਵਜੋਂ ਇਸ ’ਚ ਪਾਕਿਸਤਾਨੀ ਨਾਇਕਾਂ ਹੋਣ ਕਰਕੇ ਇਸ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ। ਇਸ ਦੇ ਬਾਵਜੂਦ ਇਹ ਸੁਪਰ-ਡੁਪਰ ਹਿੱਟ ਸਾਬਤ ਹੋਈ। ਇਸ ਤੋਂ ਬਾਅਦ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ 4’ ਵੀ ਭਾਰਤ ਵਿੱਚ ਰਿਲੀਜ਼ ਨਾ ਹੋ ਸਕੀ, ਪਰ ਵਿਦੇਸ਼ਾਂ ਵਿੱਚ ਇਸ ਨੇ ਚੰਗੀ ਕਮਾਈ ਕੀਤੀ। ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਹੋਣ ਕਰਕੇ ਇਹ ਵੀ ਵਿਵਾਦਾਂ ਵਿੱਚ ਰਹੀ।
ਫ਼ਿਲਮ ‘ਤੁਣਕਾ ਤੁਣਕਾ’, ‘ਬੈਚ 13’ ਵਰਗੀਆਂ ਸਮਾਜਿਕ ਵਿਸ਼ੇ ਦੀਆਂ ਫ਼ਿਲਮਾਂ ਦੇਣ ਵਾਲੇ ਅਦਾਕਾਰ ਨਿਰਮਾਤਾ ਹਰਦੀਪ ਗਰੇਵਾਲ ਇਸ ਸਾਲ ‘ਸਿਕਸ ਈਚ’ ਨਾਂ ਦੀ ਕਰਾਈਮ ਵਿਸ਼ੇ ਦੀ ਫ਼ਿਲਮ ਲੈ ਕੇ ਆਏ। ਵਿਦੇਸ਼ ਜਾਣ ਲਈ ਕੀਤੇ ਜਾਂਦੇ ਫ਼ਰਜ਼ੀ ਵਿਆਹ ਅਤੇ ਧੋਖਾਧੜੀ ਦੇ ਵਿਸ਼ੇ ’ਤੇ ਆਧਾਰਿਤ ਇਹ ਫ਼ਿਲਮ ਸਮਾਜ ਦੇ ਭੱਖਦੇ ਮੁੱਦਿਆਂ ਕਾਰਨ ਚੰਗੀ ਕਮਾਈ ਕਰ ਗਈ।
ਨਿਰਦੇਸ਼ਕ ਬਿਕਰਮ ਗਰੋਵਰ ਦੀ ਫ਼ਿਲਮ ‘ਫ਼ਰਲੋ’ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਜੋ ਕਿ ਕਮੇਡੀ ਪੱਖੋਂ ਸਫ਼ਲ ਮੰਨੀ ਜਾਣ ਵਾਲੀ ਫ਼ਿਲਮ ਰਹੀ। ਫ਼ਿਲਮ ਦਾ ਵਿਸ਼ਾ ਮਨੋਰੰਜਨ ਭਰਪੂਰ ਸੀ ਜਿਸ ਨੂੰ ਗੁਰਪ੍ਰੀਤ ਘੁੱਗੀ ਨੇ ਬਹੁਤ ਵਧੀਆ ਢੰਗ ਨਾਲ ਨਿਭਾਇਆ। ਉਸ ਦੀ ਆਪਣੇ ਕਿਰਦਾਰ ’ਤੇ ਇੰਨੀ ਪਕੜ ਸੀ ਕਿ ਉਸ ਨੇ ਦਰਸ਼ਕਾਂ ਨੂੰ ਆਪਣੇ ਨਾਲੋਂ ਅਲੱਗ ਨਹੀਂ ਹੋਣ ਦਿੱਤਾ।
‘ਮਿੱਠੜੇ’ ਰਾਹੀਂ ਲੇਖਕ ਤੇ ਨਿਰਦੇਸ਼ਕ ਅੰਬਰਦੀਪ ਆਪਣੇ ਬੇਟੇ ਲੁਬਿਸ ਦੁਲਹੇ ਨੂੰ ਬਤੌਰ ਹੀਰੋ ਪਰਦੇ ’ਤੇ ਲਿਆਇਆ। ਪਿਆਰ ਮੁਹੱਬਤਾਂ ਦੀ ਚਾਸ਼ਨੀ ’ਚ ਡੁੱਬੀ ਇਸ ਲਵ ਸਟੋਰੀ ਨੂੰ ਉਸ ਨੇ ਇੱਕ ਵੱਖਰੇ ਐਂਗਲ ਤੋਂ ਪੇਸ਼ ਕੀਤਾ ਜੋ ਦਰਸ਼ਕਾਂ ਦੀ ਬਹੁਤੀ ਪਸੰਦ ਨਾ ਬਣ ਸਕੀ। ਲੁਬਿਸ ਦੀ ਅਦਾਕਾਰੀ ਕੋਈ ਬਹੁਤਾ ਕਮਾਲ ਨਾ ਕਰ ਸਕੀ।
ਨਾਟਕਕਾਰ ਪਾਲੀ ਭੁਪਿੰਦਰ ਦੀ ਫ਼ਿਲਮ ‘ਗੁਰਮੁਖ’ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਇਸ ਸਾਲ ਦੇ ਪਹਿਲੇ ਮਹੀਨੇ ਰਿਲੀਜ਼ ਹੋਈ, ਪਰ ਦਰਸ਼ਕਾਂ ਦਾ ਓਨਾ ਪਿਆਰ ਨਹੀਂ ਮਿਲਿਆ ਜੋ ਮਿਲਣਾ ਚਾਹੀਦਾ ਸੀ। ਵਿਸ਼ੇ ਤੇ ਤਕਨੀਕ ਪੱਖੋਂ ਇਹ ਚੰਗੀ ਫ਼ਿਲਮ ਸੀ। ਹੰਬਲ ਮੋਸ਼ਨ ਪਿਕਚਰਜ਼ ਹਰ ਸਾਲ ਮਨੋਰੰਜਨ ਦੇ ਨਾਲ ਨਾਲ ਇੱਕ ਧਾਰਮਿਕ ਵਿਸ਼ੇ ਦੀ ਫ਼ਿਲਮ ਵੀ ਰਿਲੀਜ਼ ਕਰਦਾ ਹੈ। ਇਸ ਸਾਲ ਗਿੱਪੀ ਗਰੇਵਾਲ ਨੇ ਬੌਲੀਵੁੱਡ ਨਿਰਮਾਤਾ ਕਰਨ ਜੌਹਰ ਨਾਲ ਮਿਲ ਕੇ ਫ਼ਿਲਮ ‘ਅਕਾਲ’ ਰਿਲੀਜ਼ ਕੀਤੀ ਜੋ ਸਿੱਖ ਕੌਮ ਲਈ ਲੜਨ ਵਾਲੇ ਯੋਧਿਆਂ, ਸੂਰਵੀਰਾਂ ਦੀ ਜ਼ਿੰਦਗੀ ਤੇ ਖ਼ਾਲਸੇ ਦੀ ਫ਼ੌਜ ਦੇ ਜੌਹਰ ਪੇਸ਼ ਕਰਦੀ ਸੀ। ਇਹ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਰਹੀ। ਵੱਡੇ ਬਜਟ ਦੀ ਲਾਗਤ ਨਾਲ ਬਣੀ ਇਹ ਫ਼ਿਲਮ ਕਮਾਈ ਪੱਖੋਂ ਤਾਂ ਔਸਤ ਹੀ ਰਹੀ।
‘ਮਸਤਾਨੇ’ ਫ਼ਿਲਮ ਦੀ ਸਫ਼ਲਤਾ ਤੋਂ ਬਾਅਦ ਤਰਸੇਮ ਜੱਸੜ ਅਤੇ ਸ਼ਰਨ ਆਰਟ ਵੱਲੋਂ ਬਣਾਈ ਵੱਡੀ ਕਾਸਟ ਵਾਲੀ ਫ਼ਿਲਮ ‘ਗੁਰੂ ਨਾਨਕ ਜਹਾਜ਼’ ਗਿਆਨੀ ਗੁਰਦਿੱਤ ਸਿੰਘ ਕੌਮਾਗਾਟਾ ਮਾਰੂ ਦੀ ਸੱਚੀ ਕਹਾਣੀ ’ਤੇ ਆਧਾਰਿਤ ਸੀ ਜੋ ਤਕਨੀਕ ਅਤੇ ਵਿਸ਼ੇ ਪੱਖੋਂ ਬਹੁਤ ਵਧੀਆ ਸੀ। ਇਹ ਇੱਕ ਚੰਗੀ ਫ਼ਿਲਮ ਸੀ, ਪਰ ਦੇਸ਼ ਵਿੱਚ ਜੰਗ ਦੇ ਹਾਲਾਤ ਬਣੇ ਹੋਣ ਕਰਕੇ ਇਸ ਨੂੰ ਬਹੁਤੇ ਦਰਸ਼ਕ ਨਹੀਂ ਮਿਲੇ।
‘ਕੁੜੀਆਂ ਜਵਾਨ ਬਾਪੂ ਪਰੇਸ਼ਾਨ 2’ ਨਿਰਮਾਤਾ ਰੰਜੀਵ ਸਿੰਗਲਾ ਅਤੇ ਨਿਰਦੇਸ਼ਕ ਅਵਤਾਰ ਸਿੰਘ ਵੱਲੋਂ ਧੀਆਂ ਪ੍ਰਤੀ ਸੋਚ ਬਦਲਣ ਦਾ ਹੋਕਾ ਦਿੰਦੀ ਇਹ ਫ਼ਿਲਮ ਇਸੇ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਜਿਸ ਨੂੰ ਦਰਸ਼ਕਾਂ ਦਾ ਰਲਿਆ ਮਿਲਿਆ ਹੁੰਗਾਰਾ ਮਿਲਿਆ। ‘ਮਿਸਟਰ ਐਂਡ ਮਿਸਿਜ਼ 420’ ਲੜੀ ਦੀ ਤੀਸਰੀ ਫ਼ਿਲਮ ਇਸੇ ਸਾਲ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਨੂੰ ਪਹਿਲੀ 420 ਵਾਲਾ ਉਹ ਪਿਆਰ ਨਹੀਂ ਮਿਲਿਆ, ਪਰ ਉਹਦੇ ਨਾਂ ’ਤੇ ਇਹ ਦਰਸ਼ਕ ਇਕੱਠੇ ਕਰਨ ਵਿੱਚ ਕਾਮਯਾਬ ਰਹੀ। ਦੇਵ ਖਰੌੜ ਦੇ ਡਬਲ ਰੋਲ ਵਾਲੀ ਫ਼ਿਲਮ ‘ਮਝੈਲ’ ਇਸ ਸਾਲ ਦੀ ਪਹਿਲੀ ਐਕਸ਼ਨ ਫ਼ਿਲਮ ਸੀ। ਨਸ਼ਿਆਂ ਦੇ ਮਾੜੇ ਰੁਝਾਨ ਅਤੇ ਆਪਣੇ ਬੇਗਾਨਿਆਂ ਪ੍ਰਤੀ ਨਫ਼ਰਤ ਅਤੇ ਬਦਲੇ ਦੀ ਭਾਵਨਾ ’ਤੇ ਆਧਾਰਿਤ ਚੰਗੀ ਕਹਾਣੀ ਸੀ ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ।
ਚਰਚਿਤ ਫ਼ਿਲਮਾਂ ‘ਸ਼ਾਇਰ, ‘ਕਲੀ ਜੋਟਾ’ ਅਤੇ ‘ਇਕੋ ਮਿੱਕੇ’ ਨਾਲ ਵੱਖਰੇ ਸਿਨੇਮਾ ਦੀ ਨੀਂਹ ਰੱਖਣ ਵਾਲੇ ਗਾਇਕ ਅਦਾਕਾਰ ਸਤਿੰਦਰ ਸਰਤਾਜ ਦੀ ਇਸ ਸਾਲ ਰਿਲੀਜ਼ ਹੋਈ ਫ਼ਿਲਮ ‘ਹੁਸ਼ਿਆਰ ਸਿੰਘ’ ਪਹਿਲੀਆਂ ਫ਼ਿਲਮਾਂ ਦੇ ਮੁਕਾਬਲੇ ਫ਼ਿੱਕੀ ਰਹੀ। ਅਦਾਕਾਰ ਤੋਂ ਨਿਰਮਾਤਾ ਬਣੇ ਜਗਜੀਤ ਸੰਧੂ ਦੀ ਇਸ ਸਾਲ ਆਈ ‘ਇੱਲਤੀ’ ਵਿਅੰਗਮਈ ਫ਼ਿਲਮ ਸੀ ਜਿਸ ਨੂੰ ਦਰਸ਼ਕਾਂ ਦਾ ਕੋਈ ਖਾਸ ਹੁੰਗਾਰਾ ਨਾ ਮਿਲ ਸਕਿਆ। ਐਕਸ਼ਨ ਫ਼ਿਲਮ ‘ਗੈਂਗਲੈਂਡ’ ਜ਼ੁਲਮ ਦੇ ਇੱਕ ਸ਼ਹਿਰ ਦੀ ਗਾਥਾ ਪੇਸ਼ ਕਰਦੀ ਹੈ ਜਿਸ ਨੂੰ ਸੈਵੀ ਸੰਧੂ ਨੇ ਲਿਖਿਆ ਅਤੇ ਡਾਇਰੈਕਟ ਕੀਤਾ।
ਗਾਇਕ ਅਦਾਕਾਰ ਬੱਬੂ ਮਾਨ ਦੀ ਫ਼ਿਲਮ ‘ਸ਼ੌਂਕੀ ਸਰਦਾਰ’ ਵੀ ਇਸੇ ਸਾਲ ਰਿਲੀਜ਼ ਹੋਈ ਜਿਸ ਨੂੰ ਉਸ ਦੇ ਚਹੇਤਿਆਂ ਨੇ ਖੂਬ ਪਸੰਦ ਕੀਤਾ। ਕਿਸਾਨੀ ਸਮੱਸਿਆਵਾਂ ’ਤੇ ਆਧਾਰਿਤ ਲੋਕਾਂ ਨੂੰ ਜਾਗਰੂਕ ਕਰਦੀ ਫ਼ਿਲਮ ‘ਜਾਗੋ ਆਈ ਆ’ ਚੰਗੇ ਵਿਸ਼ੇ ਦੀ ਫ਼ਿਲਮ ਹੋਣ ਦੇ ਬਾਵਜੂਦ ‘ਆਈ-ਗਈ’ ਹੋ ਗਈ। ਇਸ ਫ਼ਿਲਮ ਦੀ ਕਹਾਣੀ ਉਪਜਾਊ ਜ਼ਮੀਨਾਂ ’ਤੇ ਉਦਯੋਗਿਕ ਇਕਾਈਆਂ ਵਿਕਸਤ ਹੋਣ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ’ਤੇ ਆਧਾਰਿਤ ਸੀ।
ਐਕਸ਼ਨ ਹੀਰੋ ਦੇਵ ਖਰੌੜ ਇਸ ਸਾਲ ‘ਡਾਕੂਆਂ ਦਾ ਮੁੰਡਾ 3’ ਲੈ ਕੇ ਆਇਆ। ਇਸ ਫ਼ਿਲਮ ਦੀ ਕਹਾਣੀ ਇੱਕ ਵੱਖਰੇ ਰੂਪ ਦੀ ਸੀ, ਜਿਸ ਵਿੱਚ ਬਾਕਸਰ ਬਣਨ ਵਾਲੇ ਇੱਕ ਨੌਜਵਾਨ ਨੂੰ ਮਾੜੇ ਸਿਸਟਮ ਦੀ ਭੇਟ ਚੜ੍ਹਦਿਆਂ ਆਪਣੀ ਮੰਜ਼ਿਲ ਤੋਂ ਭਟਕਿਆ ਵਿਖਾਇਆ ਗਿਆ। ‘ਪਿੰਡ ਪਿਆ ਸਾਰਾ ਜੋਮੀਲੈਂਡ ਬਣਿਆ’
ਪਹਿਲੀ ਵਾਰ ਪੰਜਾਬੀ ਸਿਨੇਮਾ ’ਚ ਇੱਕ ਨਵੇਂ ਨਿਰਦੇਸ਼ਕ ਨੇ ਜੋਖਮ ਉਠਾਉਂਦਿਆਂ ਇੱਕ ਨਵੇਂ ਵਿਸ਼ੇ ਦੀ ਫ਼ਿਲਮ ਦਾ ਨਿਰਮਾਣ ਕੀਤਾ ਜੋ ਆਮ ਕਾਮੇਡੀ ਫ਼ਿਲਮਾਂ ਤੋਂ ਬਹੁਤ ਵੱਖਰੀ ਸੀ। ਨਿਰਦੇਸ਼ਕ ਥਾਪਰ ਨੇ ਇਸ ਫ਼ਿਲਮ ਰਾਹੀਂ ਹੌਲੀਵੁੱਡ ਦੇ ਵਿਸ਼ੇ ਨੂੰ ਪੰਜਾਬੀ ਹਾਵ-ਭਾਵ ’ਚ ਢਾਲ ਕੇ ਕਾਮੇਡੀ ਦੀ ਨਵੀਂ ਰੰਗਤ ਦਿੰਦਿਆਂ ਥਰਿੱਲ ਭਰਪੂਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਹ ਫ਼ਿਲਮ ਪਹਿਲੀ ਵਾਰ ਪੰਜਾਬੀ ਸਿਨੇਮਾ ’ਚ ਨਿਵੇਕਲੇ ਵਿਸ਼ੇ ਨਾਲ ਬਣੀ ਅਤੇ ਲੋਕਾਂ ਨੂੰ ਜਾਗਰੂਕ ਵੀ ਕਰਦੀ ਹੈ। ਫ਼ਿਲਮ ਦਾ ਪ੍ਰੋਡਕਸ਼ਨ ਡਿਜ਼ਾਇਨ ਅਤੇ ਸਿਨੇਮੈਟੋਗਰਾਫ਼ੀ ਹੋਰਨਾਂ ਫ਼ਿਲਮਾਂ ਨੂੰ ਆਪਣਾ ਪੱਧਰ ਉੱਚਾ ਕਰਨ ਲਈ ਮਜਬੂਰ ਕਰਦੀ ਹੈ।
ਨਵ ਬਾਜਵਾ ਬੜੇ ਚਿਰਾਂ ਤੋਂ ਪੰਜਾਬੀ ਸਿਨੇਮਾ ਨਾਲ ਜੁੜਿਆ ਹੋਇਆ ਸੰਘਰਸ਼ੀ ਕਲਾਕਾਰ ਹੈ ਜਿਸ ਨੇ ਕਿ ਪੰਜਾਬੀ ਸਿਨੇਮਾ ਨੂੰ ਕਈ ਫ਼ਿਲਮਾਂ ਦਿੱਤੀਆਂ, ਬੇਸ਼ੱਕ ਉਹ ਉਸ ਦੀ ਪਛਾਣ ਬਣਾਉਣ ਵਿੱਚ ਨਾਕਾਮਯਾਬ ਰਹੀਆਂ, ਪਰ ਉਸ ਨੇ ਹਿੰਮਤ ਨਹੀਂ ਛੱਡੀ। ਉਹ ਇਸ ਸਾਲ ਇੱਕ ਹੋਰ ਫ਼ਿਲਮ ‘ਮਧਾਣੀਆਂ’ ਲੈ ਕੇ ਆਇਆ, ਜਿਸ ਵਿੱਚ ਉਹ ਨੀਰੂ ਬਾਜਵਾ ਤੇ ਦੇਵ ਖਰੌੜ ਦੀ ਜੋੜੀ ਨੂੰ ਲੈ ਕੇ ਆਇਆ। ਵੱਡੀ ਕਾਸਟ ਹੋਣ ਦੇ ਬਾਵਜੂਦ ਫ਼ਿਲਮ ਦੀ ਕਹਾਣੀ ਦਾ ਫ਼ਿਲਮ ਦੇ ਟਾਈਟਲ ਨਾਲ ਕੋਈ ਮੇਲ ਨਹੀਂ ਦਿਸਿਆ ਤੇ ਅਖੀਰ ’ਚ ਇਹੀ ਕਹਾਂਗੇ ਕਿ ਮਧਾਣੀਆਂ ਦੇ ਰਿੜਕੇ ਦਾ ਸਵਾਦ ਲੈਣ ਕੋਈ ਵੀ ਦਰਸ਼ਕ ਨਹੀਂ ਆਇਆ।
ਨਿਰਦੇਸ਼ਕ ਮਨੀਸ਼ ਭੱਟ ਅਤੇ ਜੈ ਰੰਧਾਵਾ ਦੀ ਜੋੜੀ ਦਾ ਵੱਖਰਾ ਦਰਸ਼ਕ ਵਰਗ ਹੈ ਜੋ ਇਸ ਦੀਆਂ ਫ਼ਿਲਮਾਂ ਦੀ ਉਡੀਕ ਰੱਖਦਾ ਹੈ। ਇਸ ਸਾਲ ਇਹ ਜੋੜੀ ਬੌਲੀਵੁੱਡ ਦੇ ਵੱਡੇ ਬੈਨਰਾਂ ਹੇਠ ਫ਼ਿਲਮ ‘ਬਦਨਾਮ’ ਲੈ ਕੇ ਆਈ। ਇਹ ਐਕਸ਼ਨ ਭਰਪੂਰ ਫ਼ਿਲਮ ਸੀ ਅਤੇ ਇਸ ਨੇ ਕਮਾਈ ਵੀ ਕੀਤੀ ।
ਗੀਤਕਾਰੀ ਤੋਂ ਅਦਾਕਾਰੀ ਵੱਲ ਆਇਆ ਬੰਟੀ ਬੈਂਸ ਬਤੌਰ ਹੀਰੋ ਫ਼ਿਲਮ ‘ਮੈਂ ਤੇਰੇ ਕੁਰਬਾਨ’ ਵਿੱਚ ਸਾਵਨ ਰੂਪੋਵਾਲੀ ਨਾਲ ਰੁਮਾਂਟਿਕ ਕਿਰਦਾਰ ਵਿੱਚ ਨਜ਼ਰ ਆਇਆ। ਭਾਵੇਂ ਇਸ ਫ਼ਿਲਮ ਨੂੰ ਕੋਈ ਬਹੁਤੀ ਸਫ਼ਲਤਾ ਨਹੀਂ ਮਿਲੀ, ਪਰ ਅਦਾਕਾਰੀ ਪੱਖੋਂ ਇਹ ਫ਼ਿਲਮ ਉਸ ਦੇ ਫ਼ਿਲਮੀ ਖੇਤਰ ਨੂੰ ਅੱਗੇ ਤੋਰਨ ਵਿੱਚ ਸਹਾਈ ਹੋਈ।
ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿੱਜ ਦੀ ਚਰਚਿਤ ਫ਼ਿਲਮ ‘ਮਾਂ ਜਾਏ’ ਦੋ ਭਰਾਵਾਂ ਦੀ ਕਹਾਣੀ ਹੈ। ਦੋਵੇਂ ਭਰਾ ਇੱਕ ਦੂਜੇ ਦੀਆਂ ਬਾਹਾਂ ਹਨ। ਦਿਲ ਨੂੰ ਛੂਹ ਲੈਣ ਵਾਲੀ ਇਸ ਫ਼ਿਲਮ ਦੀ ਕਹਾਣੀ ਵਿੱਚ ਅਨੇਕਾਂ ਮੋੜ ਆਉਂਦੇ ਹਨ ਜੋ 1947, 1984 ਅਤੇ ਅਮਰੀਕਾ ’ਚ ਹੋਏ 9/11 ਦੇ ਹਾਦਸੇ ਦਾ ਪਰਛਾਵਾਂ ਵੀ ਦਰਸਾਉਂਦੇ ਹਨ। ਇਹ ਇੱਕ ਚੰਗੀ ਫ਼ਿਲਮ ਸੀ, ਜਿਸ ਨੂੰ ਦਰਸ਼ਕਾਂ ਦਾ ਰਲਿਆ-ਮਿਲਿਆ ਹੁੰਗਾਰਾ ਮਿਲਿਆ।
ਲੇਖਕ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਫ਼ਿਲਮ ‘ਮਿਹਰ’ ’ਤੇ ਵੀ ਦਰਸ਼ਕਾਂ ਦੇ ਪਿਆਰ ਦੀ ਮਿਹਰ ਨਾ ਹੋ ਸਕੀ। ਹੱਦੋਂ ਵੱਧ ਪ੍ਰਚਾਰ ਦੇ ਬਾਵਜੂਦ ‘ਮਿਹਰ’ ਨੂੰ ਦਰਸ਼ਕ ਨਹੀਂ ਮਿਲ ਸਕੇ। ਅਦਾਕਾਰਾ ਸ਼ਹਿਨਾਜ ਗਿੱਲ ਨੇ ਇਸ ਸਾਲ ਆਪਣੀ ਫ਼ਿਲਮ ‘ਇੱਕ ਕੁੜੀ’ ਦਾ ਨਿਰਮਾਣ ਕੀਤਾ ਜੋ ਤਕਨੀਕ ਅਤੇ ਵਿਸ਼ੇ ਪੱਖੋਂ ਕਾਮਯਾਬ ਫ਼ਿਲਮ ਸੀ। ਇਹ ਫ਼ਿਲਮ ਦੋ ਪੀੜ੍ਹੀਆਂ ਤੋਂ ਪ੍ਰੇਰਿਤ ਇੱਕ ਅਜਿਹੀ ਕੁੜੀ ਦੀ ਕਹਾਣੀ ਸੀ ਜੋ ਵਿਆਹ ਤੋਂ ਪਹਿਲਾਂ ਆਪਣੇ ਹਮਸਫ਼ਰ ਨੂੰ, ਉਸ ਦੇ ਖਾਨਦਾਨ ਨੂੰ, ਉਸ ਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਨਾ ਚਾਹੁੰਦੀ ਹੈ ਤਾਂ ਕਿ ਉਸ ਨੂੰ ਵਿਆਹ ਤੋਂ ਬਾਅਦ ਜ਼ਿੰਦਗੀ ਭਰ ਪਛਤਾਉਣਾ ਨਾ ਪਵੇ। ਮਨੋਰੰਜਨ ਭਰਪੂਰ ਇਸ ਗਾਥਾ ਨੂੰ ਬਿਆਨਦੀ ਇਸ ਫ਼ਿਲਮ ਵਿੱਚ ਸ਼ਹਿਨਾਜ਼ ਗਿੱਲ ਨੇ ਮੁੱਖ ਭੂਮਿਕਾ ਨਿਭਾਈ।
ਨਸ਼ਿਆ ਦੇ ਮਾੜੇ ਰੁਝਾਨ ਦੀ ਪੇਸ਼ਕਾਰੀ ਕਰਦੀ ਫ਼ਿਲਮ ‘ਮੁੱਕ ਗਈ ਫ਼ੀਮ ਡੱਬੀ ’ਚੋਂ ਯਾਰੋ’ ਦੀ ਕਹਾਣੀ ਬੜੀ ਦਿਲਚਸਪ ਹੈ। ਆਮ ਫ਼ਿਲਮਾਂ ਤੋਂ ਬਹੁਤ ਹਟ ਕੇ ਬਣੀ ਫ਼ਿਲਮ ਦਾ ਕਾਮੇਡੀ ਪੱਖ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਵਿੱਚ ਸਫ਼ਲ ਹੁੰਦਾ ਹੈ। ਪੰਜਾਬ ਵਿੱਚ ਹੜ੍ਹਾਂ ਦੀ ਮਾਰ ਪੈਣ ਕਰਕੇ ਇਹ ਫ਼ਿਲਮ ਦਰਸ਼ਕਾਂ ਦਾ ਬਹੁਤਾ ਧਿਆਨ ਨਾ ਖਿੱਚ ਸਕੀ। ਪ੍ਰਭ ਗਿੱਲ ਅਤੇ ਕਮਲ ਖੂੰਗੜਾ ਦੀ ਜੋੜੀ ਵਾਲੀ ਰੁਮਾਂਟਿਕ ਅਤੇ ਭਾਵਨਾਵਾਂ ਭਰਪੂਰ ਫ਼ਿਲਮ ‘ਇੱਕ ਤੇਰੇ ਕਰਕੇ’ ਵੀ ਦਰਸ਼ਕਾਂ ਦੀ ਪਸੰਦ ਨਾ ਬਣ ਸਕੀ, ਇਹੋ ਹਾਲ ਫ਼ਿਲਮ ‘ਤੇਰਾ ਬੜਾ ਕਰਾਰਾ ਪੂਦਨਾ’ ਦਾ ਰਿਹਾ। ਜਿਸ ਦਾ ਕਰਾਰਾਪਣ ਚੱਖਣ ਲਈ ਕੋਈ ਵੀ ਦਰਸ਼ਕ ਸਿਨੇਮਾ ਘਰ ’ਚ ਨਹੀਂ ਆਇਆ।
ਕਾਮੇਡੀ ਅਤੇ ਮਨੋਰੰਜਨ ਭਰਪੂਰ ਸਿਨੇਮਾ ਵਿੱਚ ਧਾਰਮਿਕ ਫ਼ਿਲਮਾਂ ਪ੍ਰਤੀ ਦਰਸ਼ਕਾਂ ਵਿੱਚ ਕੋਈ ਬਹੁਤੀ ਖਿੱਚ ਨਹੀਂ ਰਹੀ। ਇਸ ਸਾਲ ਦੋ ਧਾਰਮਿਕ ਫ਼ਿਲਮਾਂ ‘ਚਲੋ ਬੁਲਾਵਾ ਆਇਆ ਹੈ’ ਅਤੇ ‘ਫ਼ੜ ਲੈ ਵਾਹਿਗੁਰੂ ਦਾ ਪੱਲਾ’ ਦੀ ਸਥਿਤੀ ਵੀ ਨਿਰਾਸ਼ਾਜਨਕ ਹੀ ਰਹੀ।
ਕਮੇਡੀ ਕਲਾਕਾਰ ਹਰਬੀ ਸੰਘਾ ਨੂੰ ਹੀਰੋ ਬਣਾ ਕੇ ਪੇਸ਼ ਕਰਦੀ ਫ਼ਿਲਮ ‘ਤੈਨੂੰ ਘੋੜੀ ਕੀਹਨੇ ਚੜ੍ਹਾਇਆ’ ਬੇਹੁਦਾ ਫ਼ਿਲਮ ਸੀ ਜੋ ਦਰਸ਼ਕਾਂ ਨੂੰ ਹੱਸਣ ਦੀ ਬਜਾਏ ਰੋਣ ਲਈ ਮਜਬੂਰ ਕਰਦੀ ਸੀ। ‘ਪੰਜਾਬੀ ਆ ਗਏ ਓਏ’ ਵੀ ਬੇਹੁਦਾ ਫ਼ਿਲਮ ਸੀ। ਇਸ ਨੇ ਵੀ ਦਰਸ਼ਕਾਂ ਨੂੰ ਨਿਰਾਸ਼ ਹੀ ਕੀਤਾ। ਲੇਖਕ ਤੋਂ ਹੀਰੋ ਬਣ ਕੇ ਨਰੇਸ਼ ਕਥੂਰੀਆ ‘ਹੈਪੀ ਖੁਸ਼ ਹੋ ਗਿਆ’ ਰਾਹੀਂ ਆਪ ਤਾਂ ਖੁਸ਼ ਹੋ ਗਿਆ, ਪਰ ਫ਼ਿਲਮ ਵੇਖ ਕੇ ਥੀਏਟਰ ਹਾਲ ’ਚੋਂ ਨਿਕਲੇ ਦਰਸ਼ਕ ਖੁਸ਼ ਨਾ ਹੋ ਸਕੇ। ਨਵੇਂ ਕਲਾਕਾਰਾਂ ਦੀ ਖੂਬਸੂਰਤ ਅਦਾਕਾਰੀ ਨਾਲ ਬਣੀ ਫ਼ਿਲਮ ‘ਮਿੱਠੀਏ’ ਆਮ ਫ਼ਿਲਮਾਂ ਤੋਂ ਹਟ ਕੇ ਪਿਆਰ ਮੁਹੱਬਤ ਤੇ ਸਮਾਜਿਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਸੀ ਜੋ ਦਰਸ਼ਕਾਂ ਨੂੰ ਖਿੱਚ ਨਾ ਸਕੀ।
ਪਹਿਲੀ ਫ਼ਿਲਮ ‘ਗੋਡੇ ਗੋਡੇ ਚਾਅ’ ਵਿੱਚ ਔਰਤਾਂ ਆਪਣੇ ਹੱਕਾਂ ਲਈ ਮਰਦਾਂ ਦੀ ਵਿਰੋਧਤਾ ਦਾ ਸ਼ਿਕਾਰ ਹੁੰਦੀਆਂ ਵਿਖਾਈਆਂ ਸਨ, ਜੋ ਵਿਆਹ ਸਮੇਂ ਬਰਾਤ ਜਾਣ ਦੀ ਜਿੱਤ ਪਗਾਉਣ ਲਈ ਅਨੇਕਾਂ ਸਕੀਮਾਂ ਖੇਡਦੀਆਂ ਹਨ। ਜਦਕਿ ‘ਗੋਡੇ ਗੋਡੇ ਚਾਹ 2’ ’ਚ ਪਹਿਲੀ ਰੀਤ ਤੋਂ ਬਿਲਕੁਲ ਉਲਟ ਮਰਦਾਂ ’ਤੇ ਔਰਤਾਂ ਭਾਰੂ ਵਿਖਾਈਆਂ ਗਈਆਂ। ਕਹਾਣੀ ਪਹਿਲੀ ਨਾਲ ਰਲਦੀ ਮਿਲਦੀ ਸੀ, ਪ੍ਰੰਤੂ ਮਨੋਰੰਜਨ ਭਰਪੂਰ ਮਸਾਲਾ ਸੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਵੀ ਕੀਤਾ। ਕੁਲ ਮਿਲਾ ਕੇ, ਇਹ ਚੰਗੀ ਫ਼ਿਲਮ ਸੀ ਜੋ ਦਰਸ਼ਕਾਂ ਨੂੰ ਪਹਿਲੀ ਫ਼ਿਲਮ ਵਾਂਗ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ।
‘ਨਿੱਕਾ ਜ਼ੈਲਦਾਰ 4’ ਪਹਿਲੀਆਂ ਤਿੰਨ ਫ਼ਿਲਮਾਂ ਤੋਂ ਬਹੁਤ ਵੱਖਰੇ ਵਿਸ਼ੇ ਦੀ ਸੀ ਜਿਸ ਵਿੱਚ ਸੋਨਮ ਬਾਜਵਾ ਨੂੰ ਇੱਕ ਸ਼ਰਾਬਣ ਦੇ ਤੌਰ ’ਤੇ ਪੇਸ਼ ਕਰਕੇ ਸਮਾਜ ਵਿਰੋਧੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ। ਇਹ ਫ਼ਿਲਮ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਅਜਿਹਾ ਕੁਝ ਵੀ ਪਰੋਸਦੀ ਨਜ਼ਰ ਆਈ ਜਿਸ ਨੂੰ ਸਾਡਾ ਸਮਾਜ ਮਾਨਤਾ ਨਹੀਂ ਦਿੰਦਾ। ਫ਼ਿਲਮ ਵੇਖਦਿਆਂ ਇਉਂ ਲੱਗ ਰਿਹਾ ਸੀ ਜਿਵੇਂ ‘ਨਿੱਕਾ ਜ਼ੈਲਦਾਰ’ ਲੜੀ ਨੂੰ ਅੱਗੇ ਤੋਰਨ ਲਈ ਹੁਣ ਇਸ ਟੀਮ ਕੋਲ ਕੋਈ ਵਧੀਆ ਕਹਾਣੀ ਨਹੀਂ ਰਹੀ।
ਪੁਰਾਣੇ ਵਿਆਹ ਸੱਭਿਆਚਾਰ ਦੀ ਪੇਸ਼ਕਾਰੀ ਕਰਦੀ ਗਿੱਪੀ ਗਰੇਵਾਲ ਅਤੇ ਐਮੀ ਵਿਰਕ ਦੀ ਜੋੜੀ ਵਾਲੀ ਫ਼ਿਲਮ ‘ਸਰਵਾਲਾ ਜੀ’ ਪੁਰਾਤਨ ਰੀਤੀ ਰਿਵਾਜਾਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਸੀ। ‘ਅੰਗਰੇਜ਼’ ਫ਼ਿਲਮ ਵਰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰਦੀ ਇਸ ਫ਼ਿਲਮ ਦੀ ਕਹਾਣੀ ਇੰਦਰਜੀਤ ਮੋਗਾ ਨੇ ਲਿਖੀ ਜਿਸ ਨੂੰ ਮਨਦੀਪ ਕੁਮਾਰ ਨੇ ਡਾਇਰੈਕਟ ਕੀਤਾ। ਇਹ ਫ਼ਿਲਮ ਚੰਗਾ ਮਨੋਰੰਜਨ ਕਰਨ ਦੇ ਕਾਬਿਲ ਸੀ।
ਗਾਇਕ ਤੋਂ ਅਦਾਕਾਰ ਬਣੇ ਨਿਰਵੈਰ ਪੰਨੂ ਦੀ ਪਲੇਠੀ ਫ਼ਿਲਮ ‘ਸੂਹੇ ਵੇ ਚੀਰੇ ਵਾਲਿਆ’ ਨੂੰ ਬੀਰ ਸਿੰਘ ਨੇ ਲਿਖਿਆ ਅਤੇ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ। ਇਸ ਫ਼ਿਲਮ ਦੀ ਕਹਾਣੀ ਸਰਹੱਦੀ ਇਲਾਕੇ ਦੀ ਹੈ ਜਿੱਥੇ ਚੜ੍ਹਦੇ-ਲਹਿੰਦੇ ਪੰਜਾਬ ’ਚ ਧੜਕਦੇ ਦੋ ਜਵਾਨ ਦਿਲ ਰੇਡੀਓ ਦੀਆਂ ਤਰੰਗਾਂ ਰਾਹੀਂ ਇੱਕ ਦੂਜੇ ਦੇ ਹੋ ਜਾਂਦੇ ਹਨ। ਇਹ ਵਧੀਆ ਰੁਮਾਂਟਿਕ ਡਰਾਮਾ ਹੈ। ਵਿਸ਼ੇ ਅਤੇ ਤਕਨੀਕ ਪੱਖੋਂ ਇਹ ਫ਼ਿਲਮ ਚੰਗੀ ਰਹੀ ਅਤੇ ਦਰਸ਼ਕਾਂ ਦਾ ਰਲਿਆ ਮਿਲਿਆ ਹੁੰਗਾਰਾ ਮਿਲਿਆ।
ਮਾਂ-ਬਾਪ ਦੇ ਆਪਣੇ ਬੱਚਿਆਂ ਪ੍ਰਤੀ ਪਿਆਰ, ਵਿਸ਼ਵਾਸ ਅਤੇ ਚੰਗੇ ਭਵਿੱਖ ਲਈ ਸੰਘਰਸ਼ ਨੂੰ ਬੜੀ ਗੰਭੀਰਤਾ ਨਾਲ ਪੇਸ਼ ਕਰਦੀ ਫ਼ਿਲਮ ‘ਰਾਵੀ ਦੇ ਕੰਢੇ’ ਆਮ ਫ਼ਿਲਮਾਂ ਤੋਂ ਹਟ ਕੇ, ਦਿਲਾਂ ਨੂੰ ਛੂਹ ਲੈਣ ਵਾਲੀ ਕਹਾਣੀ ਸੀ। ਹੈਰੀ ਭੱਟੀ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ’ਚ ਹਿੰਦੀ ਸਿਨੇਮਾ ਦਾ ਅਦਾਕਾਰ ਪੰਕਜ ਕਪੂਰ ਮੁੱਖ ਕਿਰਦਾਰ ’ਚ ਨਜ਼ਰ ਆਇਆ। ਇਹ ਇੱਕ ਚੰਗੀ ਫ਼ਿਲਮ ਸੀ, ਪਰ ਬਹੁਤੇ ਦਰਸ਼ਕ ਨਾ ਮਿਲ ਸਕੇ।
ਜੱਸ ਗਰੇਵਾਲ ਦੀ ਲਿਖੀ ਅਤੇ ਡਾਇਰੈਕਟ ਕੀਤੀ ਫ਼ਿਲਮ ‘ਰੌਣਕ’ ਪਰਿਵਾਰਕ ਉਲਝਣਾਂ ਵਿੱਚ ਘਿਰੀ ਜ਼ਿੰਦਗੀ ਨਾਲ ਜੂਝਦੇ ਲੋਕਾਂ ਦੀ ਕਹਾਣੀ ਸੀ ਜੋ ਬਹੁਤ ਭਾਵੁਕ ਅਤੇ ਦਿਲਾਂ ਨੂੰ ਛੂਹ ਲੈਣ ਵਾਲੀ ਸੀ। ਇਹ ਪਰਿਵਾਰਕ ਵਿਸ਼ੇ ਦੀ ਚੰਗੀ ਫ਼ਿਲਮ ਸੀ, ਪਰ ਇਹ ਚਰਚਾ ਵਿੱਚ ਨਾ ਆ ਸਕੀ।
ਪੰਜਾਬੀ ਜ਼ੁਬਾਨ ਦੇ ਠੇਠ ਪੇਂਡੂ ਸ਼ਬਦ ‘ਫ਼ਫ਼ੇ ਕੁੱਟਣੀਆਂ’ ਨੂੰ ਟਾਈਟਲ ਬਣਾ ਕੇ ਬਣਾਈ ਗਈ ਇਹ ਫ਼ਿਲਮ ਅਜੋਕੇ ਸਮੇਂ ’ਚ ਭੋਲੇ ਭਾਲੇ ਲੋਕਾਂ ਨਾਲ ਹੁੰਦੇ ਧੋਖੇ ਦੀਆਂ ਵੱਖ-ਵੱਖ ਕਹਾਣੀਆਂ ਨੂੰ ਸਾਂਝਾ ਕਰਦੀ ਹੋਈ ਦੋ ਚਲਾਕ ਤੇਜ਼-ਤਰਾਰ ਔਰਤਾਂ ਦੀ ਜੁੰਡਲੀ ਦੀ ਕਹਾਣੀ ਹੈ। ਕਹਾਣੀ ਦਿਲਚਸਪ ਤੇ ਮਨੋਰੰਜਨ ਭਰਪੂਰ ਹੋਣ ਕਰਕੇ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਣ ਦੇ ਸਮਰੱਥ ਹੈ। ਇਸ ਫ਼ਿਲਮ ਨੇ ਵੀ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ।
ਦਾਦੀ-ਪੋਤੇ ਦੇ ਪਿਆਰ ਦੀ ਕਹਾਣੀ ਦਰਸਾਉਂਦੀ ‘ਮੇਰੀ ਪਿਆਰੀ ਦਾਦੀ’ ਫ਼ਿਲਮ ਪਰਿਵਾਰਕ ਰਿਸ਼ਤਿਆਂ ਦਾ ਪਿਆਰ, ਮੋਹ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦੀ ਹੈ। ਇਹ ਇੱਕ ਚੰਗੀ ਫ਼ਿਲਮ ਸੀ। ਜਿਸ ਨੇ ਵੀ ਇਹ ਵੇਖੀ, ਉਸ ਨੇ ਪਸੰਦ ਕੀਤੀ।
![]()
