ਤਰਸੇਮ ਸਿੰਘ ਭੰਗੂ
‘‘ਜਣਦਿਆਂ ਨੂੰ ਖਾਣਿਆ, ਉੱਠੇਂਗਾ ਵੀ ਕਿ ਏਸੇ ਦੇ ਗਲ ਲੱਗਿਆ ਬੈਠਾ ਰਹੇਂਗਾ? ਚੱਤੋ-ਪਹਿਰ ਇਹਨੂੰ ਬਸ ਹੁੱਕਾ ਦੇਈ ਰੱਖੇ ਕੋਈ।’’ ਵਿਹੜੇ ਵਾਲੀ ਕੇਸੋ ਨੇ ਆਪਣੀ ਕੁਝ ਕੁ ਦਿਨਾਂ ਦੀ ਧੀ ਨੂੰ ਸੌਂ ਗਈ ਸਮਝ ਗੋਦੀਓਂ ਲਾਹ, ਮੁੰਜ ਦੀ ਲਾਣੀ ਮੰਜੀ ’ਤੇ ਪਾ ਕੇ ਥਾਪੜਦਿਆਂ ਆਪਣੇ ਘਰਵਾਲੇ ਨੰਜੀ ਨੂੰ ਕੜਕਵੀਂ ਆਵਾਜ਼ ਵਿੱਚ ਕਿਹਾ। ਨੰਜੀ ਢੱਠੀ ਖੁਰਲੀ ’ਤੇ ਬੈਠਾ ਹੁੱਕੀ ਮੂੰਹ ਨਾਲ ਲਾਈ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਗਵਾਚਿਆ ਹੋਇਆ ਸੀ। ਕੇਸੋ ਦੀ ਆਵਾਜ਼ ਤਾਂ ਜਿਵੇਂ ਉਸ ਨੂੰ ਸੁਣੀ ਹੀ ਨਹੀਂ ਸੀ, ਪਰ ਬੱਚੀ ਜ਼ਰੂਰ ਜਾਗ ਗਈ ਸੀ। ਉਸ ਨੂੰ ਰੋਂਦੀ ਵੇਖ ਕੇਸੋ ਬੋਲੀ, ‘‘ਇੱਕ ਤਾਂ ਇਨ੍ਹਾਂ ਚੜੇਲਾਂ ਨੇ ਮੈਨੂੰ ਖਾ ਲਿਆ, ਹੋਰ ਪਤਾ ਨ੍ਹੀਂ ਕਿੰਨੀਆਂ ਕੁ ਆਉਣੀਐਂ।’’
ਕੇਸੋ ਦੇ ਇਨ੍ਹਾਂ ਸ਼ਬਦਾਂ ’ਚ ਪੁੱਤ ਦੀ ਅਣਹੋਂਦ ਰੜਕਦੀ ਸੀ, ਜਿਸ ਨੂੰ ਉਡੀਕਦੀ ਉਡੀਕਦੀ ਉਹ ਪੰਜਵੀਂ ਧੀ ਨੂੰ ਜਨਮ ਦੇ ਬੈਠੀ ਸੀ। ਕੇਸੋ ਨੇ ਲਾਲ ਗੁਮਾਨੀ ਵਾਲੇ ਪੀਰ ਦੇ ਡੇਰੇ ਬਥੇਰੇ ਦੀਵੇ ਜਗਾਏ, ਹਰ ਵੀਰਵਾਰ ਸ਼ਾਹ ਦਰਵੇਸ਼ੇ ਵੀ ਉਹ ਤੇਲ ਪਾਉਣਾ ਨਾ ਭੁੱਲੀ ਤੇ ਹਰ ਮੰਗਲਵਾਰ ਨੂੰ ਦਿੱਤਾ ਮਿੱਠੇ ਰੋਟ ਦਾ ਪ੍ਰਸ਼ਾਦ ਵੀ ਉਹਦੀ ਪੁੱਤਰ ਦੀ ਸਿੱਕ ਪੂਰੀ ਨਹੀਂ ਸੀ ਕਰ ਸਕਿਆ। ਹੁਣ ਤਾਂ ਕੋਈ ਜਵਾਕ ਵੀ ਉਹਦੇ ਕੋਲੋਂ ਮਿੱਠੇ ਰੋਟ ਦਾ ਪ੍ਰਸ਼ਾਦ ਨਹੀਂ ਲੈਂਦਾ ਸੀ। ‘‘ਤੈਨੂੰ ਆ ਜਾਏ ਕਿਸੇ ਦੀ ਆਈ, ਜਾਹ ਕਿਤੇ ਕੋਈ ਆਹਰ ਕਰ! ਦੁਪਹਿਰਾ ਆਉਣ ਲੱਗਿਐ ਉੱਪਰੋਂ।’’ ਕੇਸੋ ਫਿਰ ਧੀ ਨੂੰ ਚੁੱਪ ਕਰਾਉਂਦੀ ਹੋਈ ਬੁੜ੍ਹਕ ਪਈ ਸੀ, ਜੋ ਸ਼ਾਇਦ ਦੁੱਧ ਨਾ ਆਉਣ ਕਰਕੇ ਮੁੜ ਰੋ ਪਈ ਸੀ।
‘‘ਜੇ ਆਪਣੀ ਜਬਾਨ ਵੱਸ ’ਚ ਰੱਖੇਂ, ਕਾਹਨੂੰ ਮੈਥੋਂ ਹੱਡ ਤੁੜਾਵੇਂ! ਕਿਤੇ ਅੱਜ ਵੀ ਤੇਰਾ ਕੋਈ ਹੱਡ ਤਾਂ ਨਹੀਂ ਜਰਕਰਾਉਾਂਦਾ?’’ਐਤਕੀਂ ਨੰਜੀ ਤੋਂ ਵੀ ਨਹੀਂ ਰਿਹਾ ਗਿਆ ਸੀ ਜਿਵੇਂ ਉਹਨੇ ਵੀ ਜ਼ਨਾਨੀ ਦੇ ਦਬਕੇ ਨੂੰ ਆਪਣੇ ਮਰਦਊਪੁਣੇ ਲਈ ਵੰਗਾਰ ਸਮਝਿਆ ਹੋਵੇ। ਆਰਥਿਕ ਮੰਦਹਾਲੀ ਅਤੇ ਪੁੱਤਰ ਦੀ ਭਾਲ ਵਿੱਚ ਵਧ ਰਹੇ ਪਰਿਵਾਰ ਤੋਂ ਦੁਖੀ ਇਹ ਦੰਪਤੀ ਅੱਜ ਇਸ ਮੰਜ਼ਰ ’ਤੇ ਆ ਖੜ੍ਹੀ ਸੀ। ਉਨ੍ਹਾਂ ਵਿਚਾਲੇ ਡਾਂਗ ਸੋਟਾ ਵੀ ਚੱਲਦਾ ਤੇ ਦੋਵੇਂ ਸਾਵੇਂ ਵੀ ਝੱਟ ਹੀ ਹੋ ਜਾਂਦੇ।
ਨੰਜੀ ਕਾਮਾ ਬੰਦਾ ਸੀ, ਜੋ ਸਾਰੀ ਦਿਹਾੜੀ ਕੰਮ ਕਰਦਾ ਸੀ। ਉਸ ਨੂੰ ਨਾ ਸੂਰਜ ਚੜ੍ਹਦੇ ਦਾ ਪਤਾ ਲੱਗਦਾ ਤੇ ਨਾ ਡੁੱਬਦੇ ਦਾ। ਉਮਰ ਦੇ ਤਿੰਨ ਦਹਾਕੇ ਹੰਢਾ ਚੁੱਕੇ ਨੰਜੀ ਨੇ ਨਾ ਅੱਜ ਤੱਕ ਕਦੇ ਆਪਣੀ ਪਸੰਦ ਦਾ ਖਾ ਕੇ ਵੇਖਿਆ ਸੀ ਤੇ ਨਾ ਪਹਿਨ ਕੇ। ਉਹਦੇ ਸੇਪੀ ਸਰਦਾਰ ਨਿੱਤ ਨਵਾਂ ਸੂਟ ਪਾ ਕੇ ਆਉਂਦੇ। ਉਹਨੇ ਜਿਉਂ ਹੀ ਗੱਭਰੂ ਹੋ ਕੇ ਸਰਦਾਰਾਂ ਦੀ ਪਰਾਣੀ ਫੜੀ ਸੀ, ਬਸ ਸਰਦਾਰਾਂ ਦਾ ਹੀ ਹੋ ਕੇ ਰਹਿ ਗਿਆ। ਉਹ ਕਈ ਵਾਰ ਸੋਚਦਾ, ‘ਰੱਬਾ, ਜੇ ਅਸੀਂ ਸਾਰੀ ਉਮਰ ਸਰਦਾਰਾਂ ਦੇ ਘਰੀਂ ਹੀ ਕੰਮ ਕਰਨਾ ਸੀ ਤਾਂ ਸਾਨੂੰ ਉੱਧਰ ਹੀ ਪੈਦਾ ਕਰ ਛੱਡਦੋਂ!’ ਅੰਦਰੋਂ ਨੰਜੀ ਰੱਬ ’ਤੇ ਬਹੁਤ ਔਖਾ ਸੀ। ਕਈ ਵਾਰ ਗੁੱਸੇ ’ਚ ਬੁੜਬੁੜਾਉਂਦਾ,‘‘ਕੇਰਾਂ ਟੱਕਰ ਗਿਆ ’ਕੱਲੇ ਨੂੰ, ਐਂ ਤਾਂ ਜਾਚ ਦੱਸਦੂੰ ਮੇਰੇ ਪਤਿਆਹੁਰੇ ਨੂੰ ਕਿ ਕਿਮੇਂ ਅਨਸਾਫ ਕਰੀਦੈ।’’ ਫਿਰ ਆਪੇ ਹੀ ਢਿੱਲਾ ਪੈ ਜਾਂਦਾ, ‘‘ਰੱਬ ਵੀ … ਤਕੜੇ ਲੋਕਾਂ ਦਾ ਈ ਐ।’’
ਸਰਦਾਰਾਂ ਨਾਲ ਲੱਗਣ ਤੋਂ ਬਾਅਦ ਨੰਜੀ ਨੇ ਆਪਣੇ ਬਾਪੂ ਨੂੰ ਕਿਹਾ ਸੀ, ‘‘ਐਵੇਂ ਨਾ ਫ਼ਿਕਰ ਕਰਿਆ ਕਰ, ਚਿੱਤ ਨੂੰ ਝੋਰਾ ਲਾਈ ਰੱਖਦੈਂ। ਐਤਕੀਂ ਤਾਂ ਸਵੇਂ ਮੇਰੀ ਸੇਪ ਰਲਜੂ! ਫਿਰ ਘੋਨੀ ਦਾ ਵਿਆਹ ਕਰਕੇ ਆਪਾਂ ਨੂੰ ਕਿਹੜਾ ਖਰਚੈ?’’ ਨੰਜੀ ਦਾ ਪਿਓ ਤਾਰੂ ਤਾਂ ਹਾਲੇ ਤੱਕ ਸਰਦਾਰਾਂ ਤੋਂ ਆਪਣੇ ਵਿਆਹ ’ਤੇ ਲਿਆ ਹੋਇਆ ਕਰਜ਼ਾ ਵੀ ਨਹੀਂ ਸੀ ਲਾਹ ਸਕਿਆ। ਹੁਣ ਉਸ ਦੇ ਧੀਆਂ-ਪੁੱਤਰ ਵੀ ਵਿਆਹੁਣ ਜੋਗੇ ਹੋ ਗਏ ਸਨ। ਉਸ ਦੀ ਸਾਰੀ ਉਮਰ ਹੀ ਸਰਦਾਰਾਂ ਦੇ ਘਰ ਕੰਮ ਕਰਦੇ ਦੀ ਨਿਕਲ ਚੱਲੀ ਸੀ। ਸਰਦਾਰ ਇੱਕੀਆਂ ਦੇ ਇਕੱਤੀ ਤੇ ਇਕੱਤੀਆਂ ਦੇ ਇੱਕ ਸੌ ਇਕੱਤੀ ਬਣਾ ਦਿੰਦੇ ਤੇ ਆਖਦੇ, ‘‘ਲੈ ਭਾਈ ਅੰਦਰ ਵੜ ਕੇ ਲੈ ਜਾਨੈਂ, ਅੰਦਰ ਵੜ ਕੇ ਈ ਦੇ ਜਾਈਂ।’’ ਅਖੀਰ ਹਾੜ੍ਹੀ-ਸਾਉਣੀ ਕੱਟ-ਕਟਾ ਕੇ ਛਿੱਕਾ ਛੀਕ ਛਿਆਨਵੇਂ, ਚਾਰ ਵਿਆਜ਼ ਦੇ ਸੌ ਵਾਲੀ ਗੱਲ ਹੋ ਜਾਂਦੀ ਤੇ ਤਾਰੂ ਹਰ ਸਾਲ ਹੀ ਨਵੇਂ ਸਿਰਿਓਂ ਰਕਮ ਨਵੀਂ ਕਰਕੇ ਖਾਲੀ ਹੱਥ ਘਰ ਆ ਜਾਂਦਾ। ਹੁਣ ਉਸ ਨੂੰ ਪੁੱਤ ਜਵਾਨ ਹੋਇਆ ਵੇਖ ਕੇ ਆਸ ਦੀ ਕਿਰਨ ਫੁੱਟਦੀ ਨਜ਼ਰ ਆ ਰਹੀ ਸੀ ਕਿ ਸ਼ਾਇਦ ਕਰਜ਼ੇ ਤੋਂ ਛੁਟਕਾਰਾ ਮਿਲ ਜਾਵੇ। ਕਈ ਵਾਰ ਉਸ ਨੂੰ ਨੰਜੀ ਦਾ ਹਾਲ ਵੀ ਆਪਣੇ ਵਰਗਾ ਹੋਣ ਦਾ ਖ਼ਿਆਲ ਆਉਂਦਾ ਤਾਂ ਉਹ ਧੁਰ ਅੰਦਰ ਤਾਈਂ ਕੰਬ ਜਾਂਦਾ। ਉਹ ਸੋਚਦਾ ਕਿ ਨੰਜੀ ਨੂੰ ਸਰਦਾਰਾਂ ਨਾਲ ਕੰਮ ਨਹੀਂ ਲਾਵੇਗਾ। ਜੇ ਨੰਜੀ ਸ਼ਹਿਰ ਚਲਾ ਜਾਵੇ ਤਾਂ ਜੂਨ ਸੁਧਰ ਜਾਵੇ। ਆਪਣੀ ਦਿਨੋ-ਦਿਨ ਕਿਰਦੀ ਦੇਹ ਤੇ ਘਰ ਵਿੱਚ ਜਵਾਨ ਧੀ ਦੇ ਖ਼ਿਆਲ ਨਾਲ ਮੁੰਡੇ ਨੂੰ ਬਾਹਰ ਵੀ ਨਹੀਂ ਭੇਜਣਾ ਚਾਹੁੰਦਾ ਸੀ। ਕੀ ਪਤਾ, ਮੁੰਡਾ ਬਾਹਰ ਗਿਆ ਕਿਹੋ ਜਿਹੀ ਬਹਿਣੀ ਬਹਿ ਜਾਵੇ? ਸੋ ਲੰਮੀ ਸੋਚ-ਵਿਚਾਰ ਕਰਕੇ ਉਹਨੇ ਪੁੱਤਰ ਨੂੰ ਵੀ ਆਪਣੇ ਬਰਾਬਰ ਪਰਾਣੀ ਫੜਾ ਦਿੱਤੀ ਸੀ।
ਇਸ ਵਾਰ ਸਰਦਾਰਾਂ ਨੇ ਕੁੜੀ ਦੇ ਵਿਆਹ ਲਈ ਪੈਸੇ ਦੇਣੋਂ ਇੱਕ ਵਾਰ ਵੀ ਨਾਂਹ-ਨੁੱਕਰ ਨਹੀਂ ਕੀਤੀ ਸੀ, ਬੇਸ਼ੱਕ ਤਾਰੂ ਵੱਲ ਪੈਸੇ ਅਗਾਊਂ ਚੱਲ ਰਹੇ ਸਨ। ਸਰਦਾਰ ਸਮਝਦੇ ਸਨ ਕਿ ਇੰਨੇ ਪੈਸਿਆਂ ਵਿੱਚ ਗੱਭਰੂ ਮੁੰਡਾ ਘਾਟੇ ਦਾ ਸੌਦਾ ਨਹੀਂ। ਤਾਰੂ ਨੇ ਜਿਵੇਂ-ਕਿਵੇਂ ਕੁੜੀ ਦਾ ਵਿਆਹ ਨੇਪਰੇ ਚਾੜਿ੍ਹਆ। ਕੁੜੀ ਦੇ ਵਿਆਹ ਵਿੱਚ ਆਇਆ ਇੱਕ ਸੱਜਣ ਨੰਜੀ ਦੀ ਝੋਲੀ ਵੀ ਰੁਪਈਆ ਧਰ ਗਿਆ ਸੀ। ਮੁੰਡੇ ਦਾ ਗੱਠਿਆ ਸਰੀਰ ਦੱਸਦਾ ਸੀ ਕਿ ਅਜੇ ਤੱਕ ਐਬ ਕੋਈ ਨਹੀਂ ਲੱਗਾ। ਵੇਖਣ ਵਾਲੇ ਦੀ ਨਜ਼ਰ ਦੀ ਤੱਕੜੀ ਨੇ ਮੁੰਡੇ ਨੂੰ ਖਰਾ ਸੋਨਾ ਜਾਣ ਲਿਆ ਸੀ। ਤਾਰੂ ਵੀ ਆਪਣੇ ਜਿਉਂਦੇ ਜੀਅ ਨੰਜੀ ਦਾ ਵਿਆਹ ਕਰਕੇ ਸੁਰਖਰੂ ਹੋਣਾ ਚਾਹੁੰਦਾ ਸੀ। ਇਸ ਲਈ ਉਹ ਹੋਰ ਪੈਸੇ ਚੁੱਕਣ ਨੂੰ ਵੀ ਤਿਆਰ ਸੀ ਪਰ ਨੰਜੀ ਹੋਰ ਕਰਜ਼ਾ ਲੈਣ ਲਈ ਨਹੀਂ ਮੰਨਿਆ। ਨਵਾਂ ਖ਼ੂਨ ਨਹੀਂ ਸੀ ਚਾਹੁੰਦਾ ਕਿ ਸਾਰੀ ਉਮਰ ਮਿੱਟੀ ਨਾਲ ਮਿੱਟੀ ਹੋਣ ਜੋਗਾ ਰਹਿ ਜਾਵੇ। ਆਪਣੇ ਪਿਓ ਦੀ ਹਾਲਤ ਨੰਜੀ ਸਾਹਮਣੇ ਪ੍ਰਤੱਖ ਸੀ।
ਇੱਕ ਦਿਨ ਦੁਪਹਿਰੇ ਹੁੱਕਾ ਪੀਂਦਿਆਂ ਤਾਰੂ ਨੂੰ ਅਜਿਹਾ ਗੋਤਾ ਲੱਗਾ ਕਿ ਦੁਬਾਰਾ ਸਾਹ ਹੀ ਨਹੀਂ ਮੁੜਿਆ ਤੇ ਕੁਝ ਪਲਾਂ ਵਿੱਚ ਹੀ ਸਰੀਰ ਮਿੱਟੀ ਹੋ ਗਿਆ। ਨੰਜੀ ਦੀ ਮਾਂ ਤਾਂ ਛੋਟੇ ਹੁੰਦਿਆਂ ਹੀ ਮਰ ਗਈ ਸੀ, ਹੁਣ ਪਿਓ ਦਾ ਆਸਰਾ ਵੀ ਜਾਂਦਾ ਰਿਹਾ। ਨੰਜੀ ਨੇ ਆਪਣੇ-ਆਪ ਨੂੰ ਅੱਜ ਤੱਕ ਇਕੱਲਾ ਨਹੀਂ ਸੀ ਸਮਝਿਆ, ਪਰ ਹੁਣ ਉਸ ਨੂੰ ਜਿਵੇਂ ਧਰਤੀ ਘੁੰਮਦੀ ਪ੍ਰਤੀਤ ਹੋਈ। ਸੁੰਨਾ ਘਰ ਵੱਢ ਖਾਣ ਨੂੰ ਆਉਣ ਲੱਗਾ। ਫੋਕੀ ਹਮਦਰਦੀ ਤੋਂ ਬਗੈਰ ਉਸ ਨੂੰ ਸਾਰੇ ਵਿਹੜੇ ’ਚੋਂ ਕੁਝ ਨਾ ਮਿਲਿਆ ਤੇ ਹੌਲੀ ਹੌਲੀ ਹਰ ਕੋਈ ਉਸ ਨੂੰ ਇਕੱਲਿਆਂ ਛੱਡ ਗਿਆ। ਨਾਲੇ ਕਿਸੇ ਦਾ ਦੁੱਖ ਕੋਈ ਕਿੰਨਾ ਕੁ ਚਿਰ ਵੰਡਾਵੇ? ਕਰਜ਼ਾ ਤਾਂ ਸਰਦਾਰਾਂ ਦਾ ਪਹਿਲਾਂ ਹੀ ਗਲ-ਗਲ ਸੀ, ਉੱਪਰੋਂ ਪਿਓ ਦੀ ਸਤਾਰ੍ਹਵੀਂ ’ਤੇ ਹੋਰ ਚੁੱਕਣਾ ਪੈ ਗਿਆ।
‘‘ਪੁੱਤਰਾ, ਮੋਇਆਂ ਨਾਲ ਮੋਇਆ ਨਹੀਂ ਜਾਂਦਾ, ਤਕੜਾ ਹੋ ਤੇ ਧੰਦੇ ਲੱਗ, ਮਨ ਹੋਰ ਪਾਸੇ ਪਊ। ਨਾਲੇ ਮਾਪੇ ਸਦਾ ਨਾਲ ਥੋੜ੍ਹਾ ਨਿਭਦੇ ਐ!’’ ਸਤਾਰ੍ਹਵੀਂ ’ਤੇ ਆਏ ਸਰਦਾਰ ਦਾ ਨੰਜੀ ਨੂੰ ਹਮਦਰਦੀ ਦੇ ਨਾਲ-ਨਾਲ ਪਿੱਛੇ ਪੈ ਰਹੇ ਕੰਮ ਵੱਲ ਵੀ ਇਸ਼ਾਰਾ ਸੀ। ਉਦਾਸ ਹੋਇਆ ਨੰਜੀ ਕਦੇ-ਕਦੇ ਆਪਣੇ ਬਾਪੂ ਦੀ ਕਬਰ ’ਤੇ ਜਾ ਕੇ ਵੀ ਬੈਠਾ ਰਹਿੰਦਾ।
ਮੁੰਡਾ ਕਮਾਊ ਤੇ ਸਾਊ ਹੋਣ ਕਰਕੇ ਰਿਸ਼ਤੇ ਵਾਲੇ ਨੰਜੀ ਨੂੰ ਵਿਆਹ ਲਈ ਜ਼ੋਰ ਦੇਣ ਲੱਗ ਪਏ। ਨੰਜੀ ਆਪਣਾ ਵਿਆਹ ਪਿਛਲਾ ਕਰਜ਼ਾ ਉਤਾਰ ਕੇ ਕਰਨਾ ਚਾਹੁੰਦਾ ਸੀ, ਪਰ ਸਰਦਾਰ ਦੀ ਦਿੱਤੀ ਰਾਇ ਅੱਗੇ ਨੰਜੀ ਕੁਝ ਨਾ ਬੋਲ ਸਕਿਆ, ‘‘ਝੱਲਿਆ ਤੀਮੀਂ ਤਾਂ ਅੱਧਾ ਦੁੱਖ ਵੰਡ ਲੈਂਦੀ ਐ।’’ ਸੋ ਆਪਣੇ ਵਿਆਹ ਤੱਕ ਨੰਜੀ ਦਾ ਵਾਲ-ਵਾਲ ਸਰਦਾਰਾਂ ਦੇ ਕਰਜ਼ੇ ਨਾਲ ਵਿੰਨਿ੍ਹਆ ਗਿਆ। ਸਰਦਾਰਾਂ ਦੀ ਲੰਮੀ ਸੋਚ ਨੇ ਨੰਜੀ ਨੂੰ ਸਦਾ ਵਾਸਤੇ ਆਪਣੇ ਜੋਗਾ ਕਰ ਲਿਆ ਸੀ।
ਵਿਆਹ ਵੇਲੇ ਕੇਸੋ ’ਤੇ ਚੜਿ੍ਹਆ ਲੋਹੜੇ ਦਾ ਜੋਬਨ ਨੰਜੀ ਅੱਜ ਤੱਕ ਨਹੀਂ ਭੁੱਲ ਸਕਿਆ ਸੀ। ਕੇਸੋ ਨੇ ਆਉਂਦਿਆਂ ਹੀ ਹੱਲਾਸ਼ੇਰੀ ਦਿੱਤੀ ਸੀ, ‘‘ਤੂੰ ਜੀ ਫ਼ਿਕਰ ਕਾਹਤੋਂ ਕਰਦੈਂ? ਅਸੀਂ ਦੋਵੇਂ ਰਲ ਕੇ ਹਰ ਹੋਣੀ ਦਾ ਮੂੰਹ ਮੋੜ ਦਿਆਂਗੇ, ਤੂੰ ਡਟ ਕੇ ਕੰਮ ਕਰ, ਮੈਂ ਚਹੁੰ ਘਰਾਂ ਦਾ ਕੰਮ ਸੰਭਾਲਦੀ ਆਂ, ਕਿਵੇਂ ਨਾ ਉਤਰੂ ਕਰਜਾ?’’ ਨੰਜੀ ਨੂੰ ਵਿਆਹ ਤੋਂ ਪਹਿਲਾਂ ਕਹੇ ਸਰਦਾਰ ਦੇ ਬੋਲ ਕਿਸੇ ਹੱਦ ਤੱਕ ਠੀਕ ਲੱਗੇ। ਕੇਸੋ ਨੇ ਕੁਝ ਘਰਾਂ ਦਾ ਗੋਹਾ-ਕੂੜਾ ਸੰਭਾਲ ਲਿਆ ਸੀ। ਉਹ ਭੁੱਲ ਹੀ ਗਈ ਸੀ ਕਿ ਉਹ ਇਸ ਪਿੰਡ ਵਿੱਚ ਨਵੀਂ ਵਿਆਹੀ ਆਈ ਹੈ।
ਸਾਥ ਮਨੁੱਖ ਨੂੰ ਇੱਕ ਵਾਰ ਡਿੱਗੇ ਨੂੰ ਤੁਰਦਾ ਕਰ ਦੇਂਦਾ ਹੈ। ਨੰਜੀ ਨੂੰ ਮਹਿਸੂਸ ਹੋਇਆ ਕਿ ਉਹ ਹੁਣ ਇਕੱਲਾ ਨਹੀਂ। ਕੇਸੋ ਨੂੰ ਵੇਖ ਕੇ ਕਈ ਵੱਡੇ ਘਰਾਂ ਦੇ ਬੰਦਿਆਂ ਨੇ ਮੁੱਛਾਂ ਉਤਾਂਹ ਕੀਤੀਆਂ, ਪਰ ਉਸ ਦਾ ਹੌਸਲਾ ਵੇਖ ਕੇ ਕਿਸੇ ਦਾ ਹੀਆ ਨਾ ਪਿਆ। ਹਾਂ, ਉਸ ਦੇ ਲੰਘ ਜਾਣ ਤੋਂ ਬਾਅਦ ਗੱਲਾਂ ਕਰਦੇ।
ਇਸ ਵਾਰ ਸਰਦਾਰਾਂ ਨਾਲ ਹਿਸਾਬ-ਕਿਤਾਬ ਕਰਕੇ ਨੰਜੀ ਨੂੰ ਕੁਝ ਵੀ ਨਹੀਂ ਬਚਿਆ ਸੀ। ਕੱਟ-ਕਟਾ ਕੇ ਕਰਜ਼ਾ ਉੱਥੇ ਦਾ ਉੱਥੇ ਸੀ। ਖਾਣ ਪੀਣ ਨੂੰ ਕੇਸੋ ਦੀ ਮਿਹਨਤ ਜ਼ਰੂਰ ਕੰਮ ਆ ਗਈ ਸੀ। ਬਾਕੀ ਖਰਚ-ਪੱਠਾ ਤੇ ਲੀੜੇ-ਲੱਤੇ ਵਾਸਤੇ ਨੰਜੀ ਸਰਦਾਰਾਂ ਤੋਂ ਅਗਾਊਂ ਰਕਮ ਲੈ ਆਇਆ ਸੀ।
ਇਸ ਤਰ੍ਹਾਂ ਹੀ ਅੱਠ-ਨੌਂ ਸਾਲ ਗੁਜ਼ਰ ਗਏ। ਨੰਜੀ ਦੀ ਚੰਨਣ ਵਰਗੀ ਦੇਹ ਦਿਨੋਂ-ਦਿਨ ਖੁਰਦੀ ਗਈ ਤੇ ਉਹ ਉਮਰੋਂ ਪਹਿਲਾਂ ਹੀ ਬੁੱਢਾ ਦਿਸਣ ਲੱਗ ਪਿਆ। ਕੇਸੋ ਉਪਰੋ-ਥਲੀ ਪੰਜ ਕੁੜੀਆਂ ਦੀ ਮਾਂ ਬਣ ਗਈ। ਹਸਮੁੱਖ ਤੇ ਚੜ੍ਹਦੀ ਕਲਾ ਵਾਲੇ ਸੁਭਾਅ ਤੋਂ ਚਿੜਚਿੜੀ ਤੇ ਗਾਲ੍ਹਾਂ ਤੱਕ ਉਤਰ ਆਈ ਸੀ। ਨੰਜੀ ਇੱਕ ਤਰ੍ਹਾਂ ਕੇਸੋ ਦਾ ਦੇਣਦਾਰ ਸੀ ਕਿਉਂਕਿ ਘਰ ਦਾ ਤਕਰੀਬਨ ਅੱਧਾ ਖਰਚਾ ਉਹ ਹੀ ਦਵੱਲੀ ਫਿਰਦੀ ਸੀ। ਉਦੋਂ ਤਾਂ ਨੰਜੀ ਦੇ ਸਾਰੇ ਗਿਲੇ-ਸ਼ਿਕਵੇ ਦੂਰ ਹੋ ਜਾਂਦੇ, ਜਦੋਂ ਕਦੀ-ਕਦੀ ਨਿਆਣਿਆਂ ਦੇ ਸੌਣ ਤੋਂ ਬਾਅਦ ਕੇਸੋ ਮਲਕ ਦੇਣੇ ਨੰਜੀ ਦੀ ਮੰਜੀ ’ਤੇ ਆ ਬੈਠਦੀ ਤੇ ਹੌਲ਼ੀ ਜਿਹੀ ਆਖਦੀ, ‘‘ਜੀ ਸੌਂ ਗਿਐਂ? ਵੇਖ ਤਾਂ ਕਿਵੇਂ ਹੱਡ ਨਿਕਲ ਆਏ ਐ।’’ ਨੰਜੀ ਦੀਆਂ ਮੜੱਤਣ ਨਾਲ ਨਿਕਲੀਆਂ ਪੱਸਲੀਆਂ ’ਤੇ ਹੱਥ ਫੇਰਦੀ ਤੇ ਹੌਲੀ-ਹੌਲੀ ਦੋਵੇਂ ਪਿਆਰ ਦੀਆਂ ਗੱਲਾਂ ਕਰਦੇ ਕਿਵੇਂ ਨਾ ਕਿਵੇਂ ਕਰਜ਼ੇ ਤੋਂ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਬੰਨ੍ਹਦੇ ਤੇ ਇਸ ਵਾਰ ਥੋੜ੍ਹਾ ਘੱਟ ਜਾਊ, ਸੋਚ ਕੇ ਮਨ ਨੂੰ ਧਰਵਾਸ ਦਿੰਦੇ। ਆਰਥਿਕ ਮਜਬੂਰੀਆਂ ਦੇ ਬੋਝ ਥੱਲੇ ਦਬਦੀ ਜਾ ਰਹੀ ਜ਼ਿੰਦਗੀ ਨੂੰ ਕਈ ਵਾਰ ਪਿਆਰ ਦੇ ਦੋ ਬੋਲ ਠੁੰਮ੍ਹਣਾ ਦੇ ਕੇ ਤੁਰਦਾ ਕਰ ਦਿੰਦੇ ਹਨ।
‘‘ਮੈਂ ਤਾਂ ਕਹਿਨੀ ਆਂ ਕਿ ਤੂੰ ਉਨ੍ਹਾਂ ਦਾ ਕੰਮ ਈ ਛੱਡ ਦੇ ਤੇ ਦਿਹਾੜੀ-ਦੱਪਾ ਕਰ ਲਿਆ ਕਰ।’’ ਕੇਸੋ ਆਪਣੀ ਥਾਂ ਸੱਚੀ ਸੀ।
‘‘ਭਲੀਏ ਲੋਕੇ ਜਿਹੜਾ ਦੇਣੈ, ਉਹ ਕਿਵੇਂ ਲੱਥੂ?’’ ਨੰਜੀ ਲੰਮਾ ਹਾਉਕਾ ਲੈ ਕੇ ਆਖਦਾ।
‘‘ਲੈ, ਐਨਾ ਚਿਰ ਹੋ ਗਿਆ ਚੰਦਰਿਆਂ ਦੇ ਖੇਤਾਂ ਵਿੱਚ ਜਵਾਨੀ ਗਾਲਦਿਆਂ, ਹਾਲੇ ਬਾਕੀ ਐ?’’ ਕੇਸੋ ਥੋੜ੍ਹਾ ਗੁੱਸੇ ਨਾਲ ਆਖਦੀ।
ਨੰਜੀ ਕਈ ਵਾਰ ਸੋਚਦਾ ਕਿ ਕੇਸੋ ਠੀਕ ਆਖਦੀ ਹੈ। ਜਵਾਨੀ ਠੀਕ ਹੀ ਸਰਦਾਰਾਂ ਦੇ ਖੇਤਾਂ ਵਿੱਚ ਗੁਜ਼ਰ ਚੱਲੀ ਏ, ਉਨ੍ਹਾਂ ਤਾਂ ਸਾਈਕਲਾਂ ਤੋਂ ਬਾਅਦ ਮੋਟਰਸਾਈਕਲ ਤੇ ਕਾਰਾਂ-ਜੀਪਾਂ ਅਤੇ ਬਲਦਾਂ ਤੋਂ ਮਗਰੋਂ ਟਰੈਕਟਰ ਲੈ ਲਏ ਤੇ ਮੈਂ ਉੱਥੇ ਦਾ ਉੱਥੇ, ਮੇਰਾ ਕਰਜ਼ਾ ਉੱਥੇ ਦਾ ਉੱਥੇ। ਇਹੀ ਸੋਚਾਂ ਸੋਚਦਾ ਇੱਕ ਦਿਨ ਨੰਜੀ ਸਰਦਾਰਾਂ ਨੂੰ ਜੁਆਬ ਦੇ ਆਇਆ, ਜਿਸ ਬਦਲੇ ਉਸ ਨੂੰ ਅੱਜ ਪੰਚਾਇਤ ਵਿੱਚ ਬੁਲਾਇਆ ਗਿਆ ਸੀ। ਸਵੇਰ ਦਾ ਨੰਜੀ ਖੁਰਲੀ ’ਤੇ ਬੈਠਾ ਸੋਚੀਂ ਪਿਆ ਹੋਇਆ ਸੀ ਕਿ ਸੱਥ ਵਿੱਚ ਕੀ ਜੁਆਬ ਦੇਵੇਗਾ! ਉਸ ਨੂੰ ਬੈਠਿਆਂ ਹੀ ਦਿਨ ਸਿਰ ’ਤੇ ਆ ਗਿਆ ਸੀ। ਕੇਸੋ ਜਲਦੀ-ਜਲਦੀ ਸਾਰੇ ਘਰਾਂ ਦਾ ਕੰਮ ਸਮੇਟ ਕੇ ਵਾਪਸ ਆ ਗਈ ਸੀ ਤੇ ਸਿੱਟਿਆਂ ਵਾਲੀ ਝਲੂੰਗੀ ਲੱਭਦੀ ਫਿਰ ਭੜਕ ਪਈ, ‘‘ਨਖਸਮਿਆਂ, ਤੈਨੂੰ ਹੈਥੇ ਈ ਕਿੱਲ ਲੱਗ ਗਏ ਨੇ?’’
‘‘ਓ ਚੰਦਰੀਏ, ਕਦੀ ਨਰਮ ਵੀ ਹੋ ਜਾਇਆ ਕਰ, ਮੈਂ ਤਾਂ ਸੋਚ ਰਿਹੈਂ, ਪਈ ਸੱਥ ਵਿੱਚ ਅੱਜ ਕੀ ਜੁਆਬ ਦਿਆਂਗਾ?’’ ਨੰਜੀ ਬਿਲਕੁਲ ਸ਼ਾਂਤ ਸੀ।
‘‘ਨਾ ਕੀ ਬੁਝਾਰਤਾਂ ਜਿਹੀਆਂ ਪਾਈ ਜਾਨੈਂ?’’ ਕੇਸੋ ਹੈਰਾਨ ਹੋਈ।
‘‘ਮੈਂ ਕੱਲ੍ਹ ਦਾ ਸਰਦਾਰਾਂ ਕਿਆਂ ਨੂੰ ਜੁਆਬ ਦੇ ਆਇਆਂ। ਉਹਨਾਂ ਪੰਚੈਤ ਵਿੱਚ ਸੱਦਿਐ ਅੱਜ।’’
‘‘ਮੈਨੂੰ ਐਂ ਲੱਗਦੈ, ਜਿਵੇਂ ਤੂੰ ਆਪਣੀ ਜ਼ਿੰਦਗੀ ਵਿੱਚ ਅੱਜ ਪਹਿਲੀ ਵਾਰ ਬੰਦਿਆਂ ਵਾਲੀ ਗੱਲ ਕੀਤੀ ਹੋਵੇ, ਤੂੰ ਤਕੜਾ ਹੋ। ਤੈਂ ਜੁਆਬ ਕੀ ਦੇਣੈ? ਮੈਂ ਦੇਊਂ, ਮੈਂ! ਨਾਲੇ ਗਿਣ ਕੇ ਨੋਟ ਦੇਊਂ ਮੇਰੇ… ਨੂੰ।’’ ਕੇਸੋ ਝਲੂੰਗੀ ਦਾ ਖਿਆਲ ਹੀ ਭੁੱਲ ਗਈ।
ਦੋਵੇਂ ਜੀਅ ਅੱਗੇ-ਪਿੱਛੇ ਸੱਥ ਵਿੱਚ ਆ ਗਏ। ਪਿੰਡ ਦੇ ਸਰਪੰਚ ਨੇ ਹੀ ਗੱਲ ਤੋਰੀ, ‘‘ਬਈ ਨਰੰਜਣ ਸਿੰਹਾਂ, ਤੇਰੇ ਖ਼ਿਲਾਫ਼ ਪ੍ਰਿਤਪਾਲ ਕਿਆਂ ਪੰਚਾਇਤ ਵਿੱਚ ਦਾਅਵਾ ਪਾਇਆ ਹੈ ਕਿ ਜਾਂ ਤਾਂ ਨੰਜੀ ਪੈਸੇ ਮੋੜੇ ਜਾਂ ਕੰਮ ’ਤੇ ਆਵੇ। ਕਿਵੇਂ ਕਰਨੈ? ਚਾਰ ਭਰਾ ਜੁੜੇ ਬੈਠੇ ਐ, ਫ਼ੈਸਲਾ ਨਿੱਬੜਦਾ ਕਰੋ ਭਾਈ।’’ ਸਰਪੰਚ ਇੱਕ ਤਰ੍ਹਾਂ ਨੰਜੀ ਦਾ ਜੁਆਬ ਸੁਣਨ ਲਈ ਨਿੱਠ ਕੇ ਬੈਠ ਗਿਆ।
‘‘ਜੀ ਇਹਨੇ ਜੁਆਬ ਕੀ ਦੇਣੈ? ਮੈਂ ਦਿੰਦੀ ਹਾਂ ਜੁਆਬ।’’ ਸਿਰ ਦਾ ਪਾਟਿਆ ਲੀੜਾ ਸੰਭਾਲਦੀ ਕੇਸੋ ਨੇ ਪੂਰੀ ਪੰਚਾਇਤ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਨੰਗੇ ਮੂੰਹ ਪੰਚਾਇਤ ਵਿੱਚ ਬੋਲਦੀ ਤੀਵੀਂ, ਉਹ ਵੀ ਕੰਮੀ, ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਕਈ ਤਾਂ ਅੰਦਰੋਂ ਪ੍ਰਿਤਪਾਲ ਕਿਆਂ ’ਤੇ ਔਖੇ ਸਨ, ਜਿਨ੍ਹਾਂ ਕਈ ਸਾਲਾਂ ਤੋਂ ਨੰਜੀ ਨੂੰ ਉਨ੍ਹਾਂ ਕੋਲ ਹੀ ਕੰਮ ਕਰਦਿਆਂ ਵੇਖਿਆ ਸੀ। ਜਿਹਦੀ ਡਾਂਗ ਉਹਦੀ ਮੱਝ ਵਾਲੀ ਗੱਲ ਸੀ, ਪਰ ਬੋਲੇ ਕਿਹੜਾ?
ਪੰਚਾਇਤ ਬਿਟਰ-ਬਿਟਰ ਝਾਕਦੀ ਵੇਖ ਕੇਸੋ ਨੇ ਫਿਰ ਕਿਹਾ, ‘‘ਜੀ, ਇਹਦਾ ਪਿਓ ਮਰ ਗਿਆ ਸਾਰੀ ਉਮਰ ਇਨ੍ਹਾਂ ਦੇ ਖੇਤਾਂ ਵਿੱਚ ਕੰਮ ਕਰਦਾ। ਇਹਨੇ ਆਪ ਜਵਾਨੀ ਗਾਲ ਲਈ ਉੱਥੇ ਈ। ਜਦੋਂ ਮੈਂ ਵਿਆਹੀ ਆਈ ਕਰਜ਼ਾ ਤਦ ਵੀ ਏਨਾ ਈ ਸੀ, ਜਿੰਨਾ ਹੁਣ ਐ। ਸਾਡੇ ਤਾਂ ਪਿਓ ਦਾ ਕਰਜ਼ਾ ਉਤਾਰਨ ਵਾਲਾ ਵੀ ਨਹੀਂ ਜੰਮਿਆ।’’ ਆਖਦੀ ਕੇਸੋ ਦਾ ਗੱਚ ਭਰ ਆਇਆ। ਥੋੜ੍ਹਾ ਸੰਭਲ ਕੇ ਫਿਰ ਬੋਲੀ, ‘‘ਮੈਂ ਤਾਂ ਸਾਰੇ ਸਾਊਆਂ ਨੂੰ ਸੌ ਦੀ ਇੱਕੋ ਈ ਕਹਿਨੀ ਆਂ, ਸਰਦਾਰਾਂ ਦੇ ਪੈਸੇ ਮੁੜਾਉਣ ਤਾਂ ਆ ਗਏ ਓ, ਕੋਈ ਸਾਡੀ ਗੁਜ਼ਰ ਚੁੱਕੀ ਜਵਾਨੀ ਵੀ ਮੁੜਵਾਏਗਾ? ਇਹ ਸਾਡੀ ਜਵਾਨੀ ਮੋੜ ਦੇਣ, ਅਸੀ ਹੱਸ ਕੇ ਇੱਕ ਉਮਰ ਹੋਰ ਇਨ੍ਹਾਂ ਦੇ ਖੇਤਾਂ ਵਿੱਚ ਗੁਜ਼ਾਰ ਦਿਆਂਗੇ।’’
ਕਿਸੇ ਨੂੰ ਉਮੀਦ ਹੀ ਨਹੀਂ ਸੀ ਕਿ ਇੱਕ ਔਰਤ ਪੂਰੀ ਪੰਚਾਇਤ ਨੂੰ ਨਿਰਉੱਤਰ ਕਰ ਦੇਵੇਗੀ। ਸਾਰੇ ਇੱਕ-ਦੂਜੇ ਵੱਲ ਬਿੱਟ-ਬਿੱਟ ਝਾਕ ਰਹੇ ਸਨ। ਸਿਆਣੇ ਸਰਪੰਚ ਕੋਲ ਵੀ ਇਸ ਦਾ ਕੋਈ ਜੁਆਬ ਨਹੀਂ ਸੀ। ਸਾਰਿਆਂ ਦੀ ਚੁੱਪ ਨੂੰ ਤੋੜਨ ਦੀ ਕੋਸ਼ਿਸ਼ ਕਰਦਿਆਂ ਕੇਸੋ ਨੇ ਚੁੱਪ ਬੈਠੇ ਆਪਣੇ ਪਤੀ ਨੰਜੀ ਨੂੰ ਗੁੱਟੋਂ ਫੜ ਕੇ ਜੇਤੂ ਅੰਦਾਜ਼ ਵਿੱਚ ਸੱਥ ’ਚੋਂ ਤੁਰਦਿਆਂ ਕਿਹਾ, ‘‘ਸਰਦਾਰ ਜੀ, ਜੁਆਬ ਤਾਂ ਦੇਣਾ ਹੀ ਪੈਣਾ।’’
![]()
