ਬੱਸ ਚੜ੍ਹਨ ਹੀ ਲੱਗਾ ਸਾਂ ਕਿ ਬਾਹਰਲੇ ਪਾਸੇ ਲਿਖੀ ਇਬਾਰਤ ਨੂੰ ਪੜ੍ਹ ਕੇ ਚੌਂਕ ਗਿਆ। ਡਿਊਟੀ ’ਤੇ ਜਾਣ ਲਈ ਹਰ ਰੋਜ਼ ਇਸੇ ਬੱਸ ’ਤੇ ਜਾਂਦਾ ਹਾਂ ਇਸੇ ਤੇ ਵਾਪਸ ਆਉਦਾ ਹਾਂ। ਅੱਗੇ ਪਿੱਛੇ ਕਦੇ ਇਨ੍ਹਾਂ ਸ਼ਬਦਾਂ ਵੱਲ ਮੇਰਾ ਧਿਆਨ ਹੀ ਨਹੀਂ ਸੀ ਗਿਆ ਪਰ ਅੱਜ ਇਨ੍ਹਾਂ ਸਾਦੇ ਜਿਹੇ ਪਰ ਅਰਥ ਭਰਪੂਰ ਸ਼ਬਦਾਂ ਨੇ ਮੈਨੂੰ ਮਾਨਸਿਕ ਤੌਰ ’ਤੇ ਹਲੂਣ ਕੇ ਰੱਖ ਦਿੱਤਾ ਹੈ ।ਮਨ ਦੇ ਕਿਸੇ ਖੂੰਜੇ ਵਿਚ ਡੂੰਘੀਆਂ ਪਈਆਂ ਅਤੀਤ ਦੀਆਂ ਯਾਦਾਂ ਨੇ ਤਾਜ਼ੇ ਜ਼ਖ਼ਮਾਂ ਵਾਂਗ ਇਕ ਦਮ ਖਲਬਲੀ ਮਚਾ ਦਿੱਤੀ ਹੈ। ਉਸ ਘਟਨਾ ਨੂੰ ਯਾਦ ਕਰ ਕੇ ਮੈਨੂੰ ਅੱਜ ਵੀ ਅੰਤਾਂ ਦੀ ਨਮੋਸ਼ੀ ਮਹਿਸੂਸ ਹੋ ਰਹੀ ਹੈ।ਮਨ ਆਤਮ ਗਿਲਾਨੀ ਨਾਲ ਧੁਰ ਅੰਦਰ ਤੱਕ ਭਰ ਗਿਆ ਹੈ ਪਰ ਹੁਣ ਤਾਂ ਆਪਣੀ ਉਸ ਮਾੜੀ ਕਰਤੂਤ ’ਤੇ ਸਿਰਫ਼ ਪਛਤਾਵਾ ਹੀ ਕੀਤਾ ਜਾ ਸਕਦਾ ਹੈ। ਪਛਤਾਵੇ ਤੋਂ ਸਿਵਾਏ ਹੋਰ ਹੁਣ ਕੀਤਾ ਵੀ ਕੀ ਜਾ ਸਕਦਾ ਹੈ! ਇਸ ਗੱਲ ਨੂੰ ਸਾਰੇ ਮੰਨਦੇ ਹਨ ਕਿ ਬੀਤਿਆ ਸਮਾਂ ਮੁੜ ਕੇ ਕਦੇ ਵੀ ਹੱਥ ਨਹੀਂ ਆਉਦਾ ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਅਤੀਤ ਦੀਆਂ ਕੌੜੀਆਂ ਮਿੱਠੀਆਂ ਯਾਦਾਂ ਜਿਉਦੇ ਜੀਅ ਬੰਦੇ ਦਾ ਖਹਿੜਾ ਵੀ ਤਾਂ ਨਹੀਂ ਛੱਡਦੀਆਂ। ਕੁਝ ਘਟਨਾਵਾਂ ਤਾਂ ਇਹੋ ਜਿਹੀਆਂ ਵਾਪਰ ਜਾਂਦੀਆਂ ਹਨ ਕਿ ਉਹ ਮਨ ਦੇ ਚੌਖਟੇ ਵਿਚ ਫੈਵੀਕੋਲ ਦੇ ਜੋੜ ਵਾਂਗ ਪੱਕੀਆਂ ਹੀ ਜੁੜ ਜਾਂਦੀਆਂ ਹਨ ਫਿਰ ਉਨ੍ਹਾਂ ਦਾ ਪੱਕਾ ਤੇ ਪੀਡਾ ਜੋੜ ਦਿਲ ਦਿਮਾਗ਼ ਦੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਨਹੀਂ ਟੁੱਟਦਾ।
ਜਦੋਂ ਦੀ ਇਹ ਗੱਲ ਹੈ ਉਦੋਂ ਬੀ. ਏ ਕਰਨ ਤੋਂ ਬਾਅਦ ਮੈਨੂੰ ਐੱਫ. ਸੀ. ਆਈ ਵਿਚ ਨੌਕਰੀ ਕਰਦਿਆਂ ਦਸ ਸਾਲ ਹੋ ਗਏ ਸਨ। ਮੇਰੀ ਉਮਰ ਵਿਆਹ ਮੰਗਣੇ ਵਾਲੀ ਹੋ ਗਈ ਸੀ ਪਰ ਆਪਣਾ ਵਿਆਹ ਕਰਵਾਉਣ ਤੋਂ ਪਹਿਲਾਂ ਮੇਰੇ ਸਾਹਮਣੇ ਕਈ ਹੋਰ ਘਰੇਲੂ ਜ਼ਿੰਮੇਵਾਰੀਆਂ ਮੂੰਹ ਟੱਡੀ ਖੜ੍ਹੀਆਂ ਸਨ। ਘਰ ਮੁਟਿਆਰ ਭੈਣ ਵਿਆਹੁਣ ਵਾਲੀ ਸੀ। ਅਸਲੋਂ ਹੀ ਟੁੱਟਿਆ ਜਿਹਾ ਘਰ ਵੀ ਪੁਰਾਣੇ ਰਿਵਾਜ ਦਾ ਸੀ ਅੱਧਾ ਕੁ ਕੱਚਾ ਅੱਧਾ ਕੁ ਪੱਕਾ ਤੇ ਕਿਸੇ ਢੰਗ ਸਿਰ ਦਾ ਵੀ ਨਹੀਂ ਸੀ। ਜਦੋਂ ਘਰ ਵਿੱਚ ਗ਼ਰੀਬੀ ਹੋਵੇ ਉਦੋਂ ਤਾਂ ਮਜਬੂਰੀ ਵੱਸ ਬੰਦੇ ਨੂੰ ਹਾਲਤਾਂ ਨਾਲ ਸਮਝੌਤਾ ਕਰਨਾ ਹੀ ਪੈਂਦਾ ਹੈ ਪਰ ਹੁਣ ਤਾਂ ਸਾਡੇ ਤੇ ਸੱਚੇ ਪਾਤਸ਼ਾਹ ਦੀਆਂ ਮਿਹਰਾਂ ਸਨ ।ਅਸੀਂ ਤਿੰਨੇ ਜਣੇ ਵਧੀਆ ਕੰਮਾਂ ਕਾਰਾਂ ’ਤੇ ਲੱਗੇ ਹੋਏ ਸਾਂ ਤੇ ਚੰਗੀਆਂ ਤਨਖਾਹਾਂ ਲੈ ਰਹੇ ਸਾਂ। ਮੈਥੋਂ ਛੋਟਾ ਭਰਾ ਪੰਜਾਬ ਪੁਲਿਸ ਵਿਚ ਤਾਇਨਾਤ ਸੀ ।ਪਿਤਾ ਜੀ ਡਾਕ ਮਹਿਕਮੇ ਵਿੱਚ ਸੇਵਾਵਾਂ ਨਿਭਾ ਰਹੇ ਸਨ। ਚਾਰ ਪੈਸੇ ਵੀ ਕੋਲ ਸਨ ।ਸੋ ਸਭ ਤੋਂ ਪਹਿਲਾਂ ਅਸੀਂ ਪੁਰਾਣਾ ਘਰ ਸਾਰਾ ਢਾਹ ਕੇ ਤੇ ਨਾਲ ਲਗਦੀ ਜਗ੍ਹਾ ਖ਼ਰੀਦ ਕੇ ਇਕ ਵਧੀਆ ਆਲੀਸ਼ਾਨ ਕੋਠੀ ਬਣਾਈ ਫਿਰ ਛੋਟੀ ਭੈਣ ਦਾ ਵਿਆਹ ਪੂਰੀ ਸਜ ਧਜ ਨਾਲ ਕੀਤਾ। ਮੈਂ ਵੱਡਾ ਹੋਣ ਕਰਕੇ ਹੁਣ ਵਾਰੀ ਮੇਰੇ ਵਿਆਹ ਦੀ ਸੀ। ਮੈਨੂੰ ਬਥੇਰੇ ਰਿਸ਼ਤੇ ਆਏ ਪਰ ਉਹ ਸਾਰੇ ਮੇਰੇ ਮਨ ਦੀ ਤਮੰਨਾ ਤੋਂ ਅਸਲੋਂ ਹੀ ਊਣੇ ਸਨ।
ਮੇਰਾ ਵਿਚਾਰ ਸੀ ਕਿ ਕੋਈ ਪੜ੍ਹੀ ਲਿਖੀ ਨੌਕਰੀ ’ਤੇ ਲੱਗੀ ਹੋਈ ਸੋਹਣੀ ਸੁਨੱਖੀ ਕੁੜੀ ਮਿਲ ਜਾਵੇ ਤਾਂ ਸ਼ਰੀਕੇ ਕਬੀਲੇ ਵਿਚ ਜਮਾਂ ਈਂ ਬੱਲੇ ਬੱਲੇ ਹੋ ਜੇ। ਅੱਜ ਕੱਲ੍ਹ ਦੀ ਮਹਿੰਗਾਈ ਦੇ ਜ਼ਮਾਨੇ ਵਿਚ ਵਧੀਆ ਗੁਜ਼ਾਰਾ ਚਲਾਉਣ ਲਈ ਜ਼ਰੂਰੀ ਹੈ ਕਿ ਦੋਵੇਂ ਜੀਅ ਕਮਾਉਦੇ ਹੋਣ। ਅਖੀਰ ਮੇਰੇ ਮਨ ਦੀ ਇਹ ਇੱਛਾ ਵੀ ਪੂਰੀ ਹੋ ਹੀ ਗਈ ਤੇ ਮੈਨੂੰ ਇਕ ਐੱਮ. ਏ. ਬੀ ਐੱਡ ਕੁੜੀ ਦਾ ਰਿਸ਼ਤਾ ਆ ਗਿਆ। ਕੁੜੀ ਭਾਵੇਂ ਅਜੇ ਨੌਕਰੀ ’ਤੇ ਤਾਂ ਨਹੀਂ ਸੀ ਲੱਗੀ ਪਰ ਉਨ੍ਹੀਂ ਦਿਨੀਂ ਪੜ੍ਹਿਆਂ ਲਿਖਿਆਂ ਨੂੰ ਨੌਕਰੀ ਮਿਲਣੀ ਅੱਜ ਜਿੰਨੀ ਮੁਸ਼ਕਿਲ ਨਹੀਂ ਸੀ। ਉਸ ਦੇ ਮਾਂ ਬਾਪ ਮੈਨੂੰ ਦੇਖਣ ਆਏ ਆਪਣੀ ਬੇਟੀ ਦੀ ਫੋਟੋ ਵੀ ਨਾਲ ਲੈ ਕੇ ਆਏ ਸਨ। ਸਾਡੇ ਸਾਰੇ ਪਰਿਵਾਰ ਨੂੰ ਤਾਂ ਕੁੜੀ ਫੋਟੋ ਦੇਖ ਕੇ ਹੀ ਪਸੰਦ ਆ ਗਈ ਸੀ ।ਲਗਦੇ ਹੱਥ ਹੀ ਦੇਖ ਦਿਖਾਈ ਦਾ ਦਿਨ ਵੀ ਮਿਥ ਲਿਆ ਗਿਆ ਕਿਉਕਿ ਮੇਰੇ ਵੱਡੇ ਭੈਣ ਭਣੋਈਏ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਹੋਇਆ ਸੀ ਤੇ ਹੋਰ ਥੋੜ੍ਹੇ ਕੁ ਦਿਨਾਂ ਨੂੰ ਉਨ੍ਹਾਂ ਦੋਹਾਂ ਜਣਿਆਂ ਨੇ ਕੈਨੇਡਾ ਚਲੇ ਜਾਣਾ ਸੀ । ਅਸੀਂ ਸੋਚਿਆ ਇਨ੍ਹਾਂ ਦੇ ਇਥੇ ਹੁੰਦਿਆਂ-ਹੁੰਦਿਆਂ ਇਹ ਦੇਖ ਦਿਖਾਈ ਦਾ ਕੰਮ ਵੀ ਨਿਬੇੜ ਹੀ ਲਿਆ ਜਾਵੇ ਤਾਂ ਚੰਗਾ ਰਹੇਗਾ।ਕੁੜੀ ਦੇਖਣ ਗਿਆਂ ਨੇ ਅਸੀਂ ਘਰ ਦੀ ਮਾੜੀ ਹਾਲਤ ਤਾਂ ਪਹਿਲਾਂ ਹੀ ਭਾਂਪ ਲਈ ਸੀ। ਉਹ ਵਿਚਾਰੇ ਗ਼ਰੀਬੜੇ ਜਿਹੇ ਬੰਦੇ ਸਨ । ਘਰ ਦੀ ਹਾਲਤ ਮੂੰਹੋਂ ਬੋਲ ਕੇ ਦੁਹਾਈਆਂ ਦੇ ਰਹੀ ਸੀ ਕਿ ਉਨ੍ਹਾਂ ਕੋਲ ਦੇਣ ਲੈਣ ਨੂੰ ਤਾਂ ਬਸ ਕੁੜੀ ਹੀ ਕੁੜੀ ਹੈ ਪਰ ਮੈਨੂੰ ਮਹਾਂ ਮੂਰਖ ਨੂੰ ਸ਼ੇਖ ਚਿੱਲੀ ਵਾਂਗ ਹਵਾਈ ਕਿਲ੍ਹੇ ਉਸਾਰਨ ਦੀ ਆਦਤ ਸੀ। ਆਪਣੀ ਵਧੀਆ ਕੋਠੀ ਤੇ ਸਰਕਾਰੀ ਨੌਕਰੀ ਦਾ ਮੈਨੂੰ ਹੱਦੋਂ ਵੱਧ ਗਰੂਰ ਸੀ। ਮੈਂ ਇਸ ਗ਼ਲਤਫਹਿਮੀ ਦਾ ਸ਼ਿਕਾਰ ਹੋ ਗਿਆ ਸਾਂ ਕਿ ਉਸ ਦਾ ਇਕ ਭਰਾ ਫ਼ੌਜੀ ਹੈ, ਦੂਜਾ ਭਰਾ ਵੀ ਸਰਕਾਰੀ ਮੁਲਾਜ਼ਮ ਹੈ ਤੇ ਚੰਗੀ ਤਨਖ਼ਾਹ ਲੈ ਰਿਹਾ ਹੈ। ਭਾਵੇਂ ਉਹ ਘਰੋਂ ਅਲੱਗ ਹੈ ਫਿਰ ਵੀ ਭੈਣ ਦੇ ਵਿਆਹ ’ਤੇ ਖ਼ਰਚਾ ਤਾਂ ਉਹ ਵੀ ਕਰੇਗਾ। ਵਿਆਹ ਤਾਂ ਇਹ ਵਧੀਆ ਹੀ ਕਰਨਗੇ, ਚੰਗਾ ਚੋਖਾ ਦਾਜ ਦਹੇਜ ਵੀ ਦੇਣਗੇ, ਇਨ੍ਹਾਂ ਦੇ ਘਰ ਇਕੱਲੀ-ਇਕੱਲੀ ਤਾਂ ਕੁੜੀ ਹੈ, ਇਨ੍ਹਾਂ ਨੇ ਕਿਹੜਾ ਬਹੁਤੀਆਂ ਧੀਆਂ ਦੇ ਵਿਆਹ ਕਰਨੇ ਹਨ। ਮੇਰੀ ਭੈਣ ਕੁੜੀ ਨੂੰ ਸ਼ਗਨ ਦੇਣ ਲੱਗੀ ਤਾਂ ਉਸ ਦੀ ਮਾਂ ਨੇ ਭੈਣ ਨੂੰ ਇਹ ਕਹਿਕੇ ਰੋਕ ਦਿੱਤਾ,‘ਨਹੀਂ ਭਾਈ ਬੀਬਾ! ਜਿੰਨਾ ਚਿਰ ਮੇਰਾ ਫ਼ੌਜੀ ਪੁੱਤ, ਮੁੰਡੇ ਨੂੰ ਤੇ ਥੋਡੇ ਘਰ ਬਾਰ ਨੂੰ ਨਿਗ੍ਹਾ ਥਾਣੀਂ ਨ੍ਹੀਂ ਕੱਢ ਲੈਂਦਾ ਓਨਾ ਚਿਰ ਸਾਡੇ ਵੱਲੋਂ ਰਿਸ਼ਤੇ ਦੀ ਗੱਲ ਪੱਕੀ ਨਾ ਸਮਝੋ, ਸਾਡੀ ਹਾਂ ਨਾਂਹ ਤਾਂ ਉਸ ਦੇ ਛੁੱਟੀ ਆਏ ਤੋਂ ਹੀ ਹੋਵੇਗੀ।’ ਮੇਰੇ ਨਾਲ ਗਈ ਮੇਰੀ ਵੱਡੀ ਭੈਣ ਤੇ ਭਣੋਈਆ ਬੁਸ ਬੁਸ ਕਰਨ ਲੱਗ ਪਏ, ‘ਲਉ ਮਾਸੀ ਜੀ! ਅਸੀਂ ਤਾਂ ਘਰੋਂ ਮਿਥ ਕੇ ਆਏ ਸੀ ਬਈ ਸ਼ਗਨ ਪਾ ਕੇ ਹੀ ਮੁੜਾਂਗੇ, ਹੁਣ ਜੀ! ਤੁਸੀਂ ਇਉ ਨਾ ਕਰੋ, ਤੁਸੀਂ ਬਿਠਾਓ ਕੁੜੀ ਨੂੰ ਆਪਾਂ ਮਾੜਾ ਜਿਹਾ ਰੋਕਾ ਤਾਂ ਕਰ ਲਈਏ।’ ਮੇਰੀ ਭੈਣ ਦੇ ਵਾਰ-ਵਾਰ ਜ਼ੋਰ ਪਾਉਣ ਦੇ ਬਾਵਜੂਦ ਉਸ ਦੀ ਮਾਂ ਨੇ ਕੁੜੀ ਨੂੰ ਸ਼ਗਨ ਤਾਂ ਫੇਰ ਵੀ ਨਹੀਂ ਸੀ ਲੈਣ ਦਿੱਤਾ ਪਰ ਸਾਨੂੰ ਯਕੀਨ ਦਿਵਾਉਣ ਖ਼ਾਤਰ ਮੈਨੂੰ ਸ਼ਗਨ ਦੇ ਦਿੱਤਾ ਤੇ ਉਸੇ ਦਸ ਰੁਪਏ ਦੇ ਨੋਟ ਨੂੰ ਅਸੀਂ ਰੋਕਾ ਸਮਝ ਲਿਆ ਸੀ। ਮੈਂ ਤਾਂ ਹੁੱਬੇ ਹੋਏ ਨੇ ਆਪਣੇ ਸਾਰੇ ਦੋਸਤਾਂ ਮਿੱਤਰਾਂ ਨੂੰ ਵੀ ਦੱਸ ਦਿੱਤਾ ਸੀ ਕਿ ਮੇਰਾ ਰਿਸ਼ਤਾ ਲੁਧਿਆਣੇ ਸ਼ਹਿਰ ਵਿੱਚ ਹੋ ਗਿਆ ਹੈ। ਉਨ੍ਹਾਂ ਦੇ ਘਰੋਂ ਹੀ ਸਾਨੂੰ ਪਤਾ ਲੱਗਿਆ ਸੀ ਕਿ ਉਸ ਦਾ ਵੱਡਾ ਭਰਾ ਪਟਿਆਲੇ ਵਿਆਹਿਆ ਹੋਇਆ ਹੈ ਤੇ ਉਸ ਦੀ ਪਤਨੀ ਪੇਕੀਂ ਜਣੇਪਾ ਕੱਟਣ ਗਈ ਹੋਈ ਹੈ? ਬੜੀ ਚੁਸਤੀ ਨਾਲ ਮੈਂ ਉਨ੍ਹਾਂ ਤੋਂ ਪਟਿਆਲੇ ਵਾਲਿਆਂ ਦੇ ਘਰ ਦਾ ਐਡਰੈੱਸ ਵੀ ਪਤਾ ਕਰ ਲਿਆ ਸੀ। ਮੈਨੂੰ ਅੱਚਵੀ ਲੱਗੀ ਹੋਈ ਸੀ ਕਿ ਕਿਹੜਾ ਵੇਲਾ ਹੋਵੇ ਜਦੋਂ ਮੈਂ ਫ਼ੌਜੀ ਦੇ ਸਹੁਰੀਂ ਜਾ ਕੇ ਉਸ ਦੀ ਪਤਨੀ ਨੂੰ ਆਪਣੀ ਛੋਟੀ ਜਿਹੀ ਡੀਮਾਂਡ ਦੱਸ ਕੇ ਆਵਾਂ, ਆਪਣੀ ਹੋਛੀ ਤੇ ਲਾਲਚੀ ਸੋਚ ਪ੍ਰਗਟ ਕਰਨੋਂ ਮੈਂ ਨਾ ਹੀ ਰਹਿ ਸਕਿਆ। ਘਰ ਦਿਆਂ ਤੋਂ ਚੋਰੀਓਂ ਮੈਂ ਉਨ੍ਹਾਂ ਦੀ ਨੂੰਹ ਦੇ ਪੇਕੇ ਘਰ ਜਾ ਪਹੁੰਚਿਆ ਤੇ ‘ਸੂਤ ਨਾ ਪਤਾਣ, ਜੁਲਾਹੇ ਨਾਲ ਡਾਂਗੋਂ ਡਾਂਗੀ’ ਵਾਲੀ ਗੱਲ ਕਰ ਆਇਆ।
ਮੈਂ ਬਹੁਤੇ ਕਾਹਲੇ ਨੇ ਪੈਂਦੀ ਸੱਟੇ ਹੀ ਉਸਨੂੰ ਆਪਣੀ ਮੰਗ ਸਪਸ਼ਟ ਤੌਰ ’ਤੇ ਦੱਸ ਦਿੱਤੀ , ‘ਮੇਰੀ ਡੀਮਾਂਡ ਤਾਂ ਭੈਣ ਜੀ! ਮੋਟਰਸਾਈਕਲ ਦੀ ਹੈ, ਤੁਹਾਨੂੰ ਪਤਾ ਈ ਐ ਏਨੀ ਕੁ ਉਮੀਦ ਤਾਂ ਪੜ੍ਹਿਆ ਲਿਖਿਆ ਪੱਕੀ ਨੌਕਰੀ ’ਤੇ ਲੱਗਿਆ ਹਰੇਕ ਮੁੰਡਾ ਰੱਖਦਾ ਹੀ ਹੈ।’ ਮੈਂ ਉਸ ਤੇ ਆਪਣੀ ਸਰਕਾਰੀ ਨੌਕਰੀ ਦਾ ਰੋਅਬ ਪਾਉਣ ਲਈ ਦਲੀਲ ਦਿੱਤੀ।
‘ਕੋਈ ਨਾ ਵੀਰ ਜੀ! ਉਹ ਅੱਜ ਭਲਕ ਛੁੱਟੀ ਆਉਣ ਹੀ ਵਾਲੇ ਹਨ, ਮੈਂ ਉਨ੍ਹਾਂ ਨੂੰ ਦੱਸ ਦੇਵਾਂਗੀ ਸਾਰੀ ਗੱਲ।’
ਮੈਂ ਅਕਲ ਦੇ ਅੰਨ੍ਹੇ ਨੇ ਤਾਂ ਇਹ ਵੀ ਨਾ ਸੋਚਿਆ ਕਿ ਮੋਟਰਸਾਈਕਲ ਦੇਣ ਦੀ ਉਨ੍ਹਾਂ ਵਿਚ ਕਿੱਥੇ ਗੁਜਾਇਸ਼ ਹੈ! ਨਾਲੇ ਮੋਟਰਸਾਈਕਲ ਦੀ ਮੰਗ ਕਰਨ ਵਾਲਾ ਮੈਂ ਕਿਹੜਾ ਕਿਸੇ ਸ਼ਾਹੂਕਾਰ ਦਾ ਪੁੱਤ ਸੀ, ਨੌਕਰੀ ਤੋਂ ਸਿਵਾਏ ਹੋਰ ਮੇਰੇ ਕੋਲ ਸੀ ਵੀ ਕੀ? ਜੇ ਕੋਠੀ ਪਾ ਲਈ ਸੀ ਉਹ ਤਾਂ ਸਾਡੀ ਸਾਰੇ ਭਰਾਵਾਂ ਦੀ ਸਾਂਝੀ ਸੀ, ਇਹ ਕਿੱਡੀ ਕੁ ਵੱਡੀ ਗੱਲ ਸੀ! ਪਰ ਉਦੋਂ ਮੱਤ ਹੀ ਏਨੀ ਕੁ ਸੀ ।ਕੀ ਕਰਦਾ! ਜਿੰਨੀ ਕੁ ਅਕਲ ਸੀ ਝੱਲ ਖਿਲਾਰ ਕੇ ਮੁੜ ਆਇਆ ਸਾਂ ਤੇ ਹੁਣ ਮੰਗ ਦੇ ਨਤੀਜੇ ਦੀ ਉਡੀਕ ਵਿਚ ਸਾਂ। ਜਦੋਂ ਫ਼ੌਜੀ ਭਾਈ ਛੁੱਟੀ ਆਇਆ ਤਾਂ ਉਸ ਦੀ ਪਤਨੀ ਨੇ ਮੇਰੇ ਵੱਲੋਂ ਰੱਖੀ ਗਈ ਡੀਮਾਂਡ ਉਸ ਨੂੰ ਦੱਸਣੀ ਹੀ ਸੀ। ਉਹ ਗੁੱਸੇ ਨਾਲ ਭਰਿਆ ਪੀਤਾ ਤੁਰੰਤ ਸਾਡੇ ਪਿੰਡ ਪਹੁੰਚ ਗਿਆ ਤੇ ਸਾਰੇ ਟੱਬਰ ਵਿਚ ਬਿਠਾਲ ਕੇ ਮੇਰੀ ਲਾਹ ਪਾਹ ਕਰਦੇ ਹੋਏ ਨੇ ਉਸੇ ਵੇਲੇ ਹੀ ਸਾਨੂੰ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਮੇਰੀ ਵੱਡੀ ਭੈਣ ਜਿਹੜੀ ਮੇਰੇ ਨਾਲ ਕੁੜੀ ਦੇਖਣ ਗਈ ਸੀ, ਉਸ ਦੇ ਸਾਹਮਣੇ ਹੀ ਮੇਰੇ ਨਾਲ ਛਿੱਤਰ ਪਤਾਣ ਹੋ ਗਈ, ‘ਨਾ ਤੂੰ ਕੀਹਤੋਂ ਪੁੱਛ ਕੇ ਗਿਆ ਸੀ ਉਨ੍ਹਾਂ ਦੇ ਘਰੇ? ਸ਼ਰਮ ਨਾ ਆਈ ਤੈਨੂੰ ਇਹੋ ਜਿਹੀ ਕਰਤੂਤ ਖਿਲਾਰਦੇ ਨੂੰ? ਕੀ ਹੋ ਗਿਐ ਜੇ ਅੱਜ ਆਪਾਂ ਮਾੜੀ ਮੋਟੀ ਰੋਟੀ ਖਾਣ ਲੱਗ ਪਏ ਆਂ ਤਾਂ, ਤੂੰ ਅੱਠਾਂ ਕੁ ਦਿਨਾਂ ਦਾ ਰੱਜਿਆ ਹੋਇਆ ਐਡੀ ਛੇਤੀ ਪੈਰ ਛੱਡ ਗਿਆ?’
ਫਿਰ ਉਹ ਆਪਣੇ ਘਰ ਵਾਲੇ ਵੱਲ ਹੱਥ ਕਰ ਕੇ ਕਹਿਣ ਲੱਗੀ, ‘ਇਹ ਨੂੰ ਵਿਚਾਰੇ ਨੂੰ ਤਾਂ ਆਪਣੇ ਘਰੋਂ ਅੱਧ ਮੁੱਲ ਦਾ ਪੁਰਾਣਾ ਸਾਈਕਲ ਵੀ ਨਹੀਂ ਸੀ ਜੁੜਿਆ, ਜੇ ਇਹ ਵੀ ਉਦੋਂ ਮੋਟਰਸਾਈਕਲ ਦੀ ਮੰਗ ਰੱਖ ਦਿੰਦਾ ਫੇਰ...?’ ਸਾਰਾ ਟੱਬਰ ਗੁੱਸੇ ਵਿੱਚ ਮੇਰੇ ’ਤੇ ਕਚੀਚੀਆਂ ਵੱਟ ਰਿਹਾ ਸੀ ਤੇ ਮੈਂ ਸ਼ਰਮ ਨਾਲ ਪਾਣੀ ਪਾਣੀ ਹੋਇਆ ਨੀਵੀਂ ਨਹੀਂ ਸਾਂ ਚੁੱਕ ਰਿਹਾ। ਜਵਾਬ ਹੋ ਚੁੱਕੇ ਰਿਸ਼ਤੇ ਨੂੰ ਦੁਬਾਰਾ ਜੋੜਨ ਲਈ ਸਾਡੇ ਘਰ ਦੇ ’ਕੱਲੇ-’ਕੱਲੇ ਜੀਅ ਨੇ ਉਨ੍ਹਾਂ ਦੇ ਮਿੰਨਤਾਂ ਤਰਲੇ ਕੀਤੇ ਪਰ ਮੇਰੇ ਵੱਲੋਂ ਕੀਤੀ ਗਈ ਨਾ ਮਾਫ਼ ਕਰਨ ਯੋਗ ਗੁਸਤਾਖੀ ਕਾਰਨ ਉਹ ਸਾਕ ਸਿਰੇ ਨਾ ਚੜ੍ਹ ਸਕਿਆ।
ਇਕ ਦਿਨ ਇਕ ਦੋਸਤ ਨੇ ਮੈਨੂੰ ਰਾਹ ਵਿੱਚ ਰੋਕ ਕੇ ਪੁੱਛਿਆ, ‘ਨਾ ਯਾਰ! ਹੁਣ ਤੂੰ ਸਾਨੂੰ ਵਿਆਹ ਵੂਹ ਕਦੋਂ ਕੁ ਦਿਖਾਉਣੈਂ? ਅਸੀਂ ਵੀ ਫੇਰ ਖਿੱਚੀਏ ਤਿਆਰੀਆਂ ਬਾਰਾਤੀ ਬਣਨ ਦੀਆਂ, ਹੁਣ ਤਾਂ ਵਾਹਵਾ ਚਿਰ ਹੋ ਗਿਐ ਮੰਗਣੀ ਹੋਈ ਨੂੰ।’ ਉਹ ਲਗਾਤਾਰ ਪੁੱਛੀ ਜਾ ਰਿਹਾ ਸੀ, ਮੇਰੇ ਵੱਲੋਂ ਨਾ ਹੂੰ ਨਾ ਹਾਂ, ਹੁਣ ਉਹ ਕਿਹੜਾ ਨਿਆਣਾ ਸੀ, ਝੱਟ ਸਮਝ ਗਿਆ ਕਿ ਜ਼ਰੂਰ ਦਾਲ ’ਚ ਕੁਝ ਕਾਲਾ ਹੈ। ਉਸ ਦੇ ਵਾਰ-ਵਾਰ ਪੁੱਛਣ ’ਤੇ ਮੈਨੂੰ ਸੱਚੀ ਗੱਲ ਦੱਸਣੀ ਹੀ ਪਈ। ਸਾਰੀ ਗੱਲ ਸੁਣਨ ਤੋਂ ਬਾਅਦ ਉਹ ਬੋਲਿਆ, ‘ਉਏ! ਅਮਰਜੀਤ!! ਫਿੱਟੇ ਮੂੰਹ ਤੇਰੇ! ਮੈਂ ਕਹਿੰਨਾ ਲੱਖ ਲਾਹਨਤ ਤੇਰੀ ਇਹੋ ਜਿਹੀ ਘਟੀਆ ਸੋਚ ਦੇ! ਸਿਰਫ਼ ਏਨੀ ਕੁ ਗੱਲ ਪਿੱਛੇ ਐਡਾ ਵਧੀਆ ਰਿਸ਼ਤਾ ਹੱਥੋਂ ਗਵਾ ਲਿਐ? ਉਏ ਕਮਲਿਆ! ਹੋਰ ਚਹੁੰਂ ਦਿਨਾਂ ਨੂੰ ਉਹ ਨੇ ਨੌਕਰੀ ’ਤੇ ਲੱਗ ਜਾਣਾ ਸੀ ਫੇਰ ਭਾਵੇਂ ਤੂੰ ਆਏ ਸਾਲ ਨਵਾਂ ਮੋਟਰਸਾਈਕਲ ਖ਼ਰੀਦ ਲਿਆ ਕਰਦਾ, ਨਾਲੇ ਸੁਦਾਈਆਂ! ਜੀਹਨੇ ਸੋਨੇ ਵਰਗੀ ਧੀ ਪੜ੍ਹਾ ਲਿਖਾ ਕੇ ਤੇਰੇ ਮਗਰ ਲਾਉਣੀ ਸੀ ਹੋਰ ਉਹਨੇ ਪਿੱਛੇ ਕੀ ਰੱਖ ਲੈਣਾ ਸੀ! ਕੀ ਤੂੰ ਦੱਸ ਸਕਦਾ ਹੈਂ ਕਿ ਜਿਗਰ ਦੇ ਟੁਕੜੇ ਤੋਂ ਮਹਿੰਗੀ ਚੀਜ਼ ਦੁਨੀਆ ਵਿੱਚ ਹੋਰ ਕਿਹੜੀ ਹੁੰਦੀ ਐ? ਤੂੰ ਯਾਰ! ਕੁਸ਼ ਤਾਂ ਸੋਚਦਾ, ਕਦੇ ਬੱਸਾਂ ਦੇ ਪਿੱਛੇ ਲਿਖਿਆ ਨ੍ਹੀਂ ਤੂੰ ਪੜ੍ਹਿਆ,‘ਦੁਲਹਨ ਹੀ ਦਹੇਜ ਹੈ।’। ਸੁਰਤ ਤਾਂ ਮੇਰੀ ਉਸ ਦੀਆਂ ਗੱਲਾਂ ਨੇ ਹੀ ਟਿਕਾਣੇ ਲਿਆ ਦਿੱਤੀ ਸੀ ਪਰ ਅੱਜ ਕਿੰਨੇ ਹੀ ਸਾਲਾਂ ਬਾਅਦ ਬੱਸ ਦੇ ਪਿਛਲੇ ਪਾਸੇ ਉਹੀ ਇਬਾਰਤ ਲਿਖੀ ਦੇਖ ਕੇ ਭੁੱਲੀ ਵਿਸਰੀ ਯਾਦ ਮੁੜ ਤੋਂ ਤਾਜ਼ਾ ਹੋ ਗਈ ਸੀ ਨਾਲ ਹੀ ਖਿਆਲ ਆਇਆ, ‘ਜਦੋਂ ਹੋਕਾ ਦੇ ਕੇ ਚਿੜੀਆਂ ਨੂੰ ਖੇਤ ਚੁਗਣ ਦਾ ਆਪ ਸੱਦਾ ਦਿੱਤਾ ਹੋਵੇ ਫਿਰ ਬਾਅਦ ਵਿੱਚ ਪਛਤਾਵੇ ਤੋਂ ਸਿਵਾਏ ਹੋਰ ਹੱਥ ਪੱਲੇ ਆਉਣ ਨੂੰ ਬਚਦਾ ਵੀ ਕੀ ਹੈ!’
- ਜਗਦੀਸ਼ ਕੌਰ ਮਾਨ