ਬੂਟਾ ਸਿੰਘ ਵਾਕਫ਼
ਕੱਤਕ ਦਾ ਮਹੀਨਾ। ਤੜਕਸਾਰ ਦਾ ਬੱਸ ਸਫ਼ਰ। ਕਰਮਭੂਮੀ ਵੱਲ ਰਵਾਨਗੀ ਦੀ ਤਾਂਘ। ਬੱਸ ਦੀ ਅੱਧ-ਖੁੱਲ੍ਹੀ ਖਿੜਕੀ ਵਿਚੋਂ ਆਉਂਦੇ ਠੰਡੀ ਹਵਾ ਦੇ ਬੁੱਲ੍ਹੇ। ਆਉਣ ਵਾਲੇ ਸਰਦ ਮੌਸਮ ਦੀ ਦਸਤਕ। ਮੈਂ ਖਿੜਕੀ ਵਿਚੋਂ ਬਾਹਰ ਵੱਲ ਨਜ਼ਰ ਮਾਰੀ। ਚੁਫੇਰਾ ਸ਼ਾਂਤ ਤੇ ਸੁਹਾਵਣਾ। ਮੇਰੀ ਨਜ਼ਰ ਦੂਰ ਖੇਤਾਂ ਤੱਕ ਜਾਂਦੀ। ਝੋਨੇ ਦੀ ਕਟਾਈ ਹੋ ਚੁੱਕੀ ਹੈ। ਬਹੁਤੇ ਖੇਤਾਂ ਵਿੱਚ ਪਰਾਲੀ ਦੀਆਂ ਗੱਠਾਂ ਪਈਆਂ ਹਨ। ਕਈ ਖੇਤ ਬਿਜਾਈ ਲਈ ਤਿਆਰ ਹਨ। ਪੂਰਬਲੇ ਪਾਸਿਓਂ ਦਰੱਖਤਾਂ ਦੇ ਝੁੰਡਾਂ ਪਿੱਛੇ ਲੁਕਣ-ਮੀਟੀ ਖੇਡਦੀ ਸੂਰਜ ਦੀ ਲਾਲ ਟਿੱਕੀ ਉਤਾਂਹ ਹੋ ਰਹੀ ਹੈ। ਅੱਗੇ ਜਾ ਕੇ ਕਾਰਖਾਨਿਆਂ ਦੀਆਂ ਵਿਰਲੀਆਂ ਇਮਾਰਤਾਂ। ਫਿਰ ਟੁੱਟਵੀਆਂ ਢਾਣੀਆਂ। ਦੂਰ ਸ਼ਾਂਤ ਖੜ੍ਹੀ ਭੱਠੇ ਦੀ ਚਿਮਨੀ। ਸੜਕ ਕਿਨਾਰੇ ਅਜੇ ਬੰਦ ਪਈਆਂ ਦੁਕਾਨਾਂ ਦੀ ਕਤਾਰ। ਵਿੱਚ ਵਿਚਾਲੇ ਵਿਰਲੇ-ਟਾਵੇਂ ਘਰ। ਇਹ ਸਾਰੇ ਸੜਕ ਕਿਨਾਰੇ ਵਸੇ ਕਿਸੇ ਕਸਬੇ ਦੀ ਆਮਦ ਦੇ ਸੂਚਕ ਹਨ।
ਬੱਸ ਅਗਲੇਰੇ ਪੜ੍ਹਾਅ ਉਤੇ ਰੁਕਦੀ ਹੈ। ਕੁਝ ਸਵਾਰੀਆਂ ਕਾਹਲੀ ਨਾਲ ਉਤਰਦੀਆਂ-ਚੜ੍ਹਦੀਆਂ ਹਨ। ਅਚਾਨਕ ਬੱਸ ਦੇ ਕੈਬਿਨ ਦਾ ਦਰਵਾਜ਼ਾ ਖੁੱਲ੍ਹਦਾ ਹੈ। ਦੋ-ਤਿੰਨ ਆਦਮੀ ਥੱਲੇ ਉੱਤਰਦੇ ਹਨ। ਮੇਰੀ ਸਰਸਰੀ ਨਜ਼ਰ ਬੱਸ ਦੇ ਡੈਸ਼ ਬੋਰਡ ਉਤੇ ਪੈਂਦੀ ਹੈ। ਨਜ਼ਰ ਕੰਡਕਟਰ ਸੀਟ ਦੇ ਐਨ ਸਾਹਮਣੇ ਡੈਸ਼ ਬੋਰਡ ਉਤੇ ਮੂਧੀ ਪਈ ਕਿਤਾਬ ਉਤੇ ਜਾ ਟਿਕਦੀ ਹੈ।
ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਨਾਲ ਸਬੰਧਿਤ ਹੈ। ਬੱਸ ਵਿੱਚ ਕਿਤਾਬ ਦੀ ਆਮਦ ਮੇਰੇ ਲਈ ਅਚੰਭੇ ਦੀ ਗੱਲ ਹੈ। ਬਹੁਤ ਲੰਮੇ ਅਰਸੇ ਬਾਅਦ ਬੱਸ ਵਿੱਚ ਇਤਿਹਾਸਕ ਸਾਹਿਤ ਨਾਲ ਸਬੰਧਿਤ ਕੋਈ ਕਿਤਾਬ ਦੇਖੀ। ਸਿਲੇਬਸ ਦੀਆਂ ਕਿਤਾਬਾਂ ਤਾਂ ਮੈਂ ਸਫ਼ਰ ਕਰਦੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਅਕਸਰ ਦੇਖਦਾ ਹਾਂ। ਕੰਡਕਟਰ ਤਾਂ ਸਾਰੇ ਰਾਹ ਟਿਕਟਾਂ ਕੱਟਦਾ ਆਇਐ। ਫਿਰ ਇਹ ਕਿਤਾਬ ਕੌਣ ਪੜ੍ਹਦਾ ਆਇਆ? ਸਵਾਲ ਦਾ ਜਵਾਬ ਜਾਨਣ ਦੀ ਉਤਸੁਕਤਾ ਸੀ। ਸੀਟੀ ਵੱਜਦਿਆਂ ਬੱਸ ਫੇਰ ਤੁਰ ਪਈ। ਬੱਸ ਦੇ ਤੁਰਦਿਆਂ-ਤੁਰਦਿਆਂ ਰਤਾ ਕੁ ਭਾਰੀ ਜੁੱਸੇ ਵਾਲਾ ਵਿਅਕਤੀ ਬੱਸ ਵਿਚ ਸਵਾਰ ਹੁੰਦਿਆਂ ਸਾਰ ਕੈਬਿਨ ’ਚ ਜਾ ਵੜਿਆ। ਕੰਡਕਟਰ ਵਾਲੀ ਸੀਟ ਉਤੇ ਜਾ ਬੈਠਾ। ਉਸ ਨੇ ਜੀਨ-ਸ਼ਰਟ ਪਹਿਨੀ ਹੋਈ ਸੀ। ਸਿਰ ਉਤੇ ਫਿੱਕੇ ਨੀਲੇ ਰੰਗ ਦੀ ਦਸਤਾਰ। ਉਸ ਨੇ ਕਾਹਲੀ ਨਾਲ ਐਨਕ ਲਗਾਈ। ਫਿਰ ਡੈਸ਼ ਬੋਰਡ ਉਤੇ ਪਈ ਕਿਤਾਬ ਨੂੰ ਚੁੱਕ ਕੇ ਪੜ੍ਹਨ ਵਿੱਚ ਮਗਨ ਹੋ ਗਿਆ। ਦਿੱਖ ਤੋਂ ਉਹ ਚੰਗਾ ਪੜਿ੍ਹਆ-ਲਿਖਿਆ ਕਿਸੇ ਚੰਗੇ ਅਹੁਦੇ ਉਤੇ ਕੰਮ ਕਰਨ ਵਾਲਾ ਵਿਅਕਤੀ ਲੱਗ ਰਿਹਾ ਸੀ। ਮੈਂ ਟਿਕਟਿਕੀ ਲਾ ਕਦੇ ਕਿਤਾਬ ਵੱਲ ਤੇ ਕਦੇ ਉਸ ਵਿਅਕਤੀ ਦੇ ਚਿਹਰੇ ਵੱਲ ਤੱਕਦਾ ਰਿਹਾ। ਅਗਲੇ ਅੱਡੇ ਕਾਫੀ ਸਵਾਰੀਆਂ ਮੇਰੇ ਅਤੇ ਉਸ ਪੁਸਤਕ ਪ੍ਰੇਮੀ ਵਿਚਕਾਰ ਆ ਖਲੋਈਆਂ। ਹੁਣ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਸੀ। ਮੇਰੇ ਅੰਦਰ ਉਸ ਪਾਠਕ ਨੂੰ ਜਾਨਣ ਦੀ ਇੱਛਾ ਹੋਰ ਪ੍ਰਬਲ ਹੋ ਗਈ। ਟਿਕਟਾਂ ਕੱਟਦਾ ਕੰਡਕਟਰ ਮੇਰੇ ਕੋਲ ਆ ਪਹੁੰਚਿਆ। ‘ਵੀਰ ! ਕੰਡਕਟਰ ਵਾਲੀ ਸੀਟ ’ਤੇ ਬੈਠ ਕੇ ਕਿਤਾਬ ਪੜ੍ਹ ਰਿਹਾ ਵਿਅਕਤੀ ਕੌਣ ਹੈ?’ ਮੈਂ ਆਪਣੀ ਸ਼ੰਕਾ ਕੰਡਕਟਰ ਨਾਲ ਸਾਂਝੀ ਕੀਤੀ। ‘ਇਹ ਸਾਡਾ ਫੋਰਮੈਨ ਆ…। ਵਰਕਸ਼ਾਪ ਵਿੱਚ ਬੱਸਾਂ ਦੀ ਮੁਰੰਮਤ ਕਰਦੈ…।’ ਉਸ ਦਾ ਜਵਾਬ ਸੀ। ‘ਅਸ਼ਕੇ! ਮੈਂ ਸੋਚਿਆ ਸ਼ਾਇਦ ਕਿਤਾਬ ਤੁਹਾਡੀ ਹੈ… ਬੜੇ ਸਮੇਂ ਬਾਅਦ ਵੇਖੀ ਹੈ, ਬੱਸ ਵਿੱਚ ਕਿਸੇ ਸਵਾਰੀ ਹੱਥ ਕਿਤਾਬ…।’ ਮੈਂ ਸਪੱਸ਼ਟ ਕੀਤਾ। ‘ਹਾਂ, ਦਿਲ ਤਾਂ ਮੇਰਾ ਵੀ ਕਰਦੈ ਕਿਤਾਬਾਂ ਪੜ੍ਹਨ ਨੂੰ ਸਾਹਬ…ਪਰ ਸਾਡਾ ਕਿੱਤਾ ਈ ਇਹੋ ਜਿਹੈ… ਸਿਰ ਖੁਰਕਣ ਦੀ ਵਿਹਲ ਨਈਂ…।’
ਅਗਲੇ ਅੱਡੇ ਕਾਫੀ ਸਵਾਰੀਆਂ ਉੱਤਰ ਗਈਆਂ। ਉਹ ਹਾਲੇ ਵੀ ਕਿਤਾਬ ਪੜ੍ਹ ਰਿਹਾ ਸੀ। ਮੈਥੋਂ ਰਿਹਾ ਨਾ ਗਿਆ। ਮੈਂ ਉੱਠ ਕੇ ਉਸ ਕੋਲ ਜਾ ਬੈਠਾ। ਉਸ ਨੇ ਕਿਤਾਬ ਆਪਣੀ ਬੁੱਕਲ ਵਿੱਚ ਮੂਧੀ ਮਾਰ ਲਈ। ਆਪਣੇ ਚਿਹਰੇ ਦੀ ਮੁਸਕੁਰਾਹਟ ਮੇਰੇ ਤੱਕ ਫੈਲਾ ਦਿੱਤੀ। ‘ਵੀਰ ਜੀ ! ਮੈਂ ਵੀ ਕਿਤਾਬਾਂ ਦਾ ਕਦਰਦਾਨ ਹਾਂ… ਪਿਛਲੇ ਕਰੀਬ ਇੱਕ ਘੰਟੇ ਤੋਂ ਤੁਹਾਨੂੰ ਕਿਤਾਬ ਪੜ੍ਹਦੇ ਨੂੰ ਦੇਖਦਾ ਆ ਰਿਹਾ ਹਾਂ।’ ਕਹਿੰਦਿਆਂ ਮੈਂ ਆਪਣੀ ਜਾਣ-ਪਛਾਣ ਕਰਵਾਈ। ਉਸ ਨੇ ਖੁਸ਼ੀ ਮਹਿਸੂਸ ਕਰਦਿਆਂ ਮੇਰਾ ਸ਼ੁਕਰੀਆ ਅਦਾ ਕੀਤਾ। ‘ਤੁਸੀਂ ਕਿੰਨੀ ਪੜ੍ਹਾਈ ਕੀਤੀ ਹੈ ਤੇ ਤੁਹਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਕਿਵੇਂ ਪਿਆ?’ ਮੇਰਾ ਉਸ ਨੂੰ ਦੋਹਰਾ ਸਵਾਲ ਸੀ। ਲੰਬਾ ਸਾਹ ਭਰਦਿਆਂ ਉਹ ਬੋਲਿਆ, ‘ਪਿਆਰੇ ਵੀਰ! ਮੈਂ ਗ੍ਰੈਜੂਏਟ ਹਾਂ… ਕਾਲਜ ਦੇ ਸਮੇਂ ਵਿਦਿਆਰਥੀ ਯੂਨੀਅਨ ਵਿੱਚ ਸਰਗਰਮ ਮੈਂਬਰ ਰਿਹਾ ਹਾਂ…। ਫੋਰਮੈਨ ਦੀ ਨੌਕਰੀ ਮਿਲਣ ਉਪਰੰਤ ਪੀ.ਆਰ.ਟੀ.ਸੀ. ਅਤੇ ਟਰੇਡ ਯੂਨੀਅਨਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ… ਆਪਣੇ ਹੱਕਾਂ ਦੀ ਪ੍ਰਾਪਤੀ ਦਾ ਸੁਵੱਲੜਾ ਰਾਹ ਮੈਨੂੰ ਇਨ੍ਹਾਂ ਕਿਤਾਬਾਂ ਵਿਚੋਂ ਸਪੱਸ਼ਟ ਨਜ਼ਰ ਆਉਂਦੈ…। ‘ਉਸ ਨੇ ਆਪਣਾ ਬੈਗ ਖੋਲ੍ਹ ਕੇ ਸਭਿਆਚਾਰਕ ਇਤਿਹਾਸ ਨਾਲ ਸਬੰਧਤ ਤਿੰਨ-ਚਾਰ ਹੋਰ ਕਿਤਾਬਾਂ ਦਿਖਾਉਂਦਿਆਂ ਕਿਹਾ, ‘ਦੁੱਲੇ, ਭਗਤ, ਸਰਾਭੇ ਵਰਗੇ ਇਨਕਲਾਬੀ ਯੋਧਿਆਂ ਦੇ ਵਿਰਸੇ ਦੀਆਂ ਪੈੜਾਂ ਸਾਨੂੰ ਇਨ੍ਹਾਂ ਕਿਤਾਬਾਂ ਵਿਚੋਂ ਲੱਭਦੀਆਂ ਨੇ ਵੀਰ ਜੀ…।
ਮੈਂ ਆਪਣੀ ਮੰਜ਼ਿਲ ਉਤੇ ਪਹੁੰਚ ਚੁੱਕਾ ਸੀ। ਬੱਸ ਰੁਕੀ। ਉਸ ਦੇ ਜਜ਼ਬੇ ਨੂੰ ਸਲਾਮ ਕਰਦਿਆਂ ਫਿਰ ਮਿਲਣ ਦੇ ਵਾਅਦੇ ਨਾਲ ਬੱਸ ਵਿਚੋਂ ਥੱਲੇ ਉੱਤਰ ਗਿਆ। ਕੁੱਝ ਸਮਾਂ ਪਹਿਲਾਂ ਦਰੱਖਤਾਂ ਓਹਲੇ ਲੁਕਣ-ਮੀਟੀ ਖੇਡਣ ਵਾਲੀ ਸੂਹੇ ਰੰਗ ਦੇ ਸੂਰਜ ਦੀ ਟਿੱਕੀ ਆਕਾਸ਼ ਵਿੱਚ ਰੌਸ਼ਨੀ ਦੀ ਨਵੀਂ ਇਬਾਰਤ ਲਿਖ ਰਹੀ ਸੀ।
![]()
