ਕਹਾਣੀ : ‘ਪੁੱਤ ਵੰਡਾਉਣ ਜ਼ਮੀਨਾਂ, ਧੀਆਂ…’

ਉਸ ਦੇ ਦੋ ਧੀਆਂ ਸਨ। ਦੋਨੋਂ ਹੀ ਉਸ ਦੇ ਸਾਹੀਂ ਜਿਉਂਦੀਆਂ। ਪਤਨੀ ਭਾਵੇਂ ਕਦੇ-ਕਦੇ ਘਰ ਪੁੱਤਰ ਨਾ ਹੋਣ ਕਾਰਨ ਝੋਰਾ ਕਰਦੀ। ਰੱਬ ਅੱਗੇ ਪੁੱਤਰ ਦੀ ਦਾਤ ਲਈ ਅਰਦਾਸਾਂ ਵੀ ਕਰਦੀ। ਪਰ ਉਹ ਪਤਨੀ ਦੀ ਚਿੰਤਾਂ ਨੂੰ ਹਾਸੇ ’ਚ ਟਾਲਦਿਆਂ ਕਹਿੰਦਾ ‘ਆਪਣੇ ਲਈ ਧੀਆਂ ਹੀ ਪੁੱਤਰਾਂ ਤੋਂ ਘੱਟ ਨਹੀਂ। ਤੂੰ ਵੇਖਦੀ ਨਹੀਂ ਪੁੱਤਾਂ ਵਾਲਿਆਂ ਦੇ ਹਾਲ ਨੂੰ। ਮਾਂ-ਬਾਪ ਦੇ ਗਲ ਗੂਠਾ ਦੇਣ ਤਕ ਜਾਂਦੇ ਨੇ। ਕਿਸੇ ਭਾਗਾਂ ਵਾਲਿਆਂ ਦਾ ਪੁੱਤ ਹੀ ਸੁਲੱਗ ਨਿਕਲਦੈ। ਰੋਜ਼ ਸੁਣਦੇ ਹਾਂ ਪੁੱਤਾਂ ਵਾਲਿਆਂ ਦੇ ਦੁੱਖ। ਹੁਣ ਤਾਂ ਸਰਵਣ ਪੁੱਤਾਂ ਦੀਆਂ ਬਹਿੰਗੀਆਂ ਵੀ ਉਦਾਸ ਨੇ। ਅੱਜਕੱਲ੍ਹ ਦੇ ਮੁੰਡੇ-ਖੁੰਡੇ ਮਾਂ-ਬਾਪ ਦੇ ਪੈਰੀਂ ਹੱਥ ਨਹੀਂ ਲਾਉਂਦੇ, ਸਗੋਂ ਗਰਦਨਾਂ ’ਚ ਹੱਥ ਪਾਉਂਦੇ ਨੇ। ਬਿਰਧ ਆਸ਼ਰਮ ਔਲਾਦਾਂ ਦੀ ਬੇਰੁਖੀ, ਨਿਰਾਦਰ ਅਤੇ ਤੰਗ ਪ੍ਰੇਸ਼ਾਨ ਹੋਏ ਬਜ਼ੁਰਗਾਂ ਨੂੰ ਸਾਂਭਣ ਲਈ ਹੀ ਤਾਂ ਥਾਂ-ਥਾਂ ਖੁੱਲ੍ਹ ਰਹੇ ਨੇ।’ ‘ਨਹੀਂ ਜੀ, ਦਰਅਸਲ ਔਰਤ ਉਨ੍ਹੀ ਦੇਰ ਆਪਣੇ-ਆਪ ਨੂੰ ਸੰਪੂਰਨ ਨਹੀਂ ਸਮਝਦੀ ਜਦੋਂ ਤਕ ਉਸ ਦੀ ਕੁੱਖੋਂ ਪੁੱਤਰ ਨਾ ਜੰਮੇ। ਧੀਆਂ ਤਾਂ ਬੇਗਾਨਾ ਧੰਨ ਨੇ। ਦਿਨਾਂ ’ਚ ਮੁਟਿਆਰ ਹੋ ਕੇ ਬਿਗਾਨੇ ਘਰ ਜਾ ਵਸਦੀਆਂ ਨੇ। ਐਵੇਂ ਤਾਂ ਨਹੀਂ ਧੀਆਂ ਨੂੰ ਬਿਗਾਨਾ ਧਨ ਕਿਹਾ ਜਾਂਦਾ।’ ਉਸ ਨੇ ਵਿਹੜੇ ਵਿੱਚ ਖੇਡਦੀਆਂ ਧੀਆਂ ਵੱਲ ਵਿਹੰਦਿਆਂ ਹੌਕਾ ਭਰ ਕੇ ਗੱਲ ਨੂੰ ਅਗਾਂਹ ਤੋਰਿਆ ‘ਨਾਲੇ ਜੀ, ਧੀਆਂ ਪਾਲਣੀਆਂ ਔਖੀਆਂ ਨਹੀਂ, ਸੰਭਾਲਣੀਆਂ ਔਖੀਆਂ ਨੇ।’ ਉਸ ਨੇ ਉਸ ਦੀ ਗੱਲ ਕਟਦਿਆਂ ਕਿਹਾ ‘ਹੁਣ ਜ਼ਮਾਨਾ ਬਦਲ ਗਿਆ ਹੈ। ਮਾਪੇ ਮੁੰਡਿਆਂ ਦੀ ਤਰ੍ਹਾਂ ਧੀਆਂ ਦੀ ਲੋਹੜੀ ਮੰਨਾਉਂਦੇ ਨੇ। ਧੀਆਂ ਤਾਂ ਲੱਛਮੀ ਦਾ ਰੂਪ ਹੁੰਦੀਆਂ ਨੇ। ਮਾਪਿਆਂ ਦੀ ਜਿੰਨ੍ਹੀ ਸੇਵਾ ਕਰਦੀਆਂ ਨੇ, ਪੁੱਤ ਤਾਂ ਉਸ ਦੇ ਪਾਸਕੂ ਵੀ ਨਹੀਂ।’ ਫਿਰ ਵੀ ਜੀ, ਧੀਆਂ ਵਾਲੇ ਘਰ ਤਾਂ ਹਰ ਵੇਲੇ ਡਰ ਦਾ ਪਰਛਾਵਾਂ ਰਹਿੰਦੈ। ਦਰਿੰਦਿਆਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਾ ਕੇ ਰੱਖਣਾ ਬੜਾ ਮੁਸ਼ਕਿਲ ਹੈ। ਭਾਵੇਂ ਹਾਲਾਂ ਨਿਆਣੀਆਂ ਨੇ ਪਰ ਮੈਂ ਤਾਂ ਇਨ੍ਹਾਂ ਦਾ ਭੋਰਾ ਵਿਸਾਹ ਨਹੀਂ ਖਾਂਦੀ। ਇਕੱਲਿਆਂ ਇਨ੍ਹਾਂ ਨੂੰ ਘਰ ਛੱਡ ਕੇ ਕਿਤੇ ਜਾਣ ਨੂੰ ਵੀ ਰੂਹ ਨਹੀਂ ਕਰਦੀ। ਬਾਪ ਨੇ ਧੀਆਂ ਦਾ ਡਟ ਕੇ ਪੱਖ ਲੈਂਦਿਆਂ ਫਿਰ ਗੱਲਾਂ ਦੀ ਲੜੀ ਨੂੰ ਅਗਾਂਹ ਤੋਰਿਆ। ‘ਬਾਹਰੋਂ ਕੰਮ ਤੋਂ ਥੱਕਿਆ ਹਾਰਿਆ ਜਦੋਂ ਘਰ ਪਰਤਦਾਂ ਤਾਂ ਸੱਚ ਮੰਨੀ, ਜਦੋਂ ਇਹ ਦੋਨੋਂ ਭੱਜ ਕੇ ਮੈਨੂੰ ਲਿਪਟ ਜਾਂਦੀਆਂ ਨੇ ਤਾਂ ਮੇਰਾ ਸਾਰਾ ਥਕੇਵਾਂ ਲਹਿ ਜਾਦੈਂ। ਇਉਂ ਲੱਗਦੈ ਜਿਵੇਂ ਦੁਨੀਆ ਦੀ ਸਾਰੀ ਦੌਲਤ ਮੇਰੀ ਝੋਲੀ ’ਚ ਪੈ ਗਈ ਹੋਵੇ। ਹਾਲਾਂ ਇਨ੍ਹਾਂ ਦੀ ਉਮਰ ਹੀ ਕੀ ਹੈ? ਛੋਟੀ ਰੇਸ਼ਮਾ ਛੇ ਸਾਲ ਦੀ ਅਤੇ ਪ੍ਰੀਤਮਾ ਅੱਠ ਸਾਲ ਦੀ। ਦੋਨੋਂ ਧੀਆਂ ਬੜੀਆਂ ਸੁਲੱਗ ਨੇ। ਕੱਲ ਮੈਂ ਸਕੂਲ ਗਿਆ ਸੀ। ਮਾਸਟਰ ਜੀ ਦੋਨਾਂ ਦੀਆਂ ਤਾਰੀਫਾਂ ਕਰਦੇ ਨਹੀਂ ਸੀ ਥੱਕਦੇ। ਸੱਚੀਂ ਬੜਾ ਮਨ ਖੁਸ਼ ਹੋਇਆ।’ ‘ਫਿਰ ਵੀ ਜੀ, ਜੇ ਰੱਬ ਧੀਆਂ ਦੀ ਪਿੱਠ ਢੱਕਣ ਲਈ ਪੁੱਤ ਦੇ ਦੇਵੇ।’ ਮਾਂ ਵਾਰ-ਵਾਰ ਪੁੱਤਰ ਪ੍ਰਾਪਤੀ ਲਈ ਤਰਲਾ ਲੈ ਰਹੀ ਸੀ। ‘ਲੈ ਫਿਰ ਸੁਣ, ਜਦੋਂ ਆਪਣੇ ਦੂਜੀ ਕੁੜੀ ਹੋਈ ਸੀ ਨਾ। ਮੈਂ ਮਾਯੂਸ ਜਿਹਾ ਹਸਪਤਾਲ ਦੇ ਬਾਹਰ ਖੜਾ ਸੀ। ਤੇਰੇ ਉਦਾਸ ਚਿਹਰੇ ਦਾ ਅਸਰ ਮੇਰੇ ’ਤੇ ਵੀ ਹੋ ਗਿਆ ਸੀ। ਮੈਨੂੰ ਨਿਢਾਲ ਜਿਹਾ ਵੇਖ ਕੇ ਪਰਲੇ ਵਿਹੜੇ ਦਾ ਉਜਾਗਰ ਮੇਰੇ ਕੋਲ ਆ ਗਿਆ। ਮੇਰੀ ਉਦਾਸੀ ਦਾ ਸਬੰਧ ਪੁੱਛਣ ’ਤੇ ਉਸ ਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਕਿਹਾ ‘ਮੇਰਾ ਪਲਿਆ-ਪਲਾਇਆ 16 ਸਾਲਾਂ ਦਾ ਮੁੰਡਾ ਤੇਰੀ ਝੋਲੀ ਪਾਉਣ ਨੂੰ ਤਿਆਰ ਹਾਂ। ਨਾਲ ਪੰਜਾਹ ਹਜ਼ਾਰ ਰੁਪਿਆ ਵੀ ਦੇ ਦੂੰ। ਸਾਲੇ ਨੇ ਸਾਡੀ ਤਾਂ ਜੂਨ ਔਖੀ ਕਰ ਰੱਖੀ ਐ। ਨਿੱਤ ਕੋਈ ਨਾ ਕੋਈ ਉਧਮੂਲ ਖੜਾ ਰੱਖਦੈ। ਰੋਜ਼ ਦੋ-ਤਿੰਨ ਉਲਾਂਭੇ ਆ ਜਾਂਦੇ ਨੇ। ਮੇਰੇ ਅਤੇ ਤੇਰੀ ਭਰਜਾਈ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਹੁਣ ਤੋਂ ਹੀ ਨਸ਼ਿਆਂ ਵੱਲ ਵੀ ਮੂੰਹ ਮਾਰਨ ਲੱਗ ਗਿਆ। ਪੋਟਾ-ਪੋਟਾ ਦੁਖੀ ਹਾਂ ਅਸੀਂ।’ ‘ਅਜਿਹੀ ਔਲਾਦ ਨਾਲੋਂ ਤਾਂ ਊਂਈ ਚੰਗਾ। ਇਹੋ ਜਿਹੀ ਔਲਾਦ ਕੀ ਰਗੜ ਕੇ ਫੋੜੇ ਤੇ ਲਾਉਂਣੀ ਐ।’ ਇਹ ਕਹਿੰਦਿਆਂ ਉਹ ਪਰਨੇ ਦੇ ਨਾਲ-ਨਾਲ ਆਪਣੇ ਅੱਥਰੂ ਪੂੰਝਣ ਲੱਗ ਪਿਆ। ਮੇਰੇ ਦੋਨੋਂ ਹੱਥ ਦਿਲਾਸੇ ਲਈ ਉਸ ਦੇ ਮੋਢੇ ਤੇ ਚਲੇ ਗਏ।’ ਫਿਰ ਉਸ ਨੇ ਗਲਾ ਸਾਫ਼ ਕਰਦਿਆਂ ਗੱਲ ਨੂੰ ਅਗਾਂਹ ਤੋਰਿਆ। ‘ਅੱਜ ਕੱਲ ਇਕੱਲੇ-ਇਕੱਲੇ ਪੁੱਤ ਨੇ। ਚਾਰ ਖੁੱਡਾਂ ਵੇਚ ਕੇ ਉਨ੍ਹਾਂ ਨੇ ਵਿਦੇਸ਼ਾਂ ਨੂੰ ਜਾਣ ਦਾ ਰਾਹ ਫੜਿਆ ਹੋਇਐ। ਪਿੱਛੇ ਰਹਿ ਜਾਂਦੇ ਨੇ ਇਕੱਲੇ ਮਾਂ-ਬਾਪ। ਕਈ ਵਾਰੀਂ ਤਾਂ ਉਹ ਮਾਂ-ਬਾਪ ਦੇ ਗੁਜ਼ਰ ਜਾਣ ’ਤੇ ਮੋਢਾ ਦੇਣ ਲਈ ਵੀ ਨਹੀਂ ਆਉਂਦੇ। ਕਹਿ ਦਿੰਦੇ ਨੇ ਜੌਬ ਤੋਂ ਛੁੱਟੀ ਨਹੀਂ ਮਿਲਦੀ। ਫਿਰ ਕਿਸੇ ਰਿਸ਼ਤੇਦਾਰ ਨੂੰ ਸੁਨੇਹਾ ਦਿੰਦੇ ਨੇ। ਭੋਗ ਪਾ ਦਿਉ, ਖਰਚਾ ਮੈਂ ਭੇਜ ਦਿਆਂਗਾ।’ ਇਹ ਕਹਿੰਦਿਆਂ ਉਹ ਉਦਾਸ ਹੋ ਗਿਆ। ਉਦਾਸੀ ਦਾ ਬੁੱਲਾਂ ਉਸ ਦੀ ਪਤਨੀ ਵੱਲ ਵੀ ਚਲਾ ਗਿਆ ਸੀ। ਦੋਨੋਂ ਧੀਆਂ ਹਾਲਾਂ ਸਕੂਲੋਂ ਨਹੀਂ ਸੀ ਪਰਤੀਆਂ। ਉਸ ਨੇ ਮੰਨ ਲਿਆ ਸੀ ਕਿ ਆਪਣੀ ਪਤਨੀ ਦੇ ਮਨ ਅੰਦਰ ਪੁੱਤਰ ਪ੍ਰਾਪਤੀ ਦੇ ਝੋਰੇ ਨੂੰ ਉਹ ਅੱਜ ਦੂਰ ਕਰ ਕੇ ਰਹੇਗਾ। ਉਸ ਨੇ ਗੰਭੀਰ ਹੋ ਕੇ ਪਤਨੀ ਵੱਲ ਵਿਹੰਦਿਆਂ ਕਿਹਾ ‘ਹਾਲਾਂ ਕੁਝ ਦਿਨ ਪਹਿਲਾਂ ਹੀ ਇਕਲੌਤਾ ਪੁੱਤ ਆਪਣੀ ਮਾਂ ਦੀਆਂ ਹੱਡੀਆਂ ਪਸਲੀਆਂ ਤੋੜ ਕੇ ਉਸ ਨੂੰ ਗੱਠੜੀ ’ਚ ਬੰਨ ਕੇ ਨਹਿਰ ਵਿੱਚ ਸੁੱਟਣ ਜਾ ਰਿਹਾ ਸੀ। ਪੰਚਾਇਤ ਮੈਂਬਰ ਨੂੰ ਪਤਾ ਲੱਗ ਗਿਆ। ਉਸ ਨੇ ਥਾਣੇ ਇਤਲਾਹ ਦਿੱਤੀ। ਪੁਲਿਸ ਨੇ ਉਸ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ। ਬਜ਼ੁਰਗ ਮਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਹੈ ਅਤੇ ਉਹ ਜ਼ਿੰਦਗੀ ਮੌਤ ਦੀ ਜੰਗ ਲੜ ਰਹੀ ਹੈ।’ ‘ਡੁੱਬ ਜਾਣੇ ਨੇ ਜਨਮ ਦਾਤੀ ਨਾਲ ਅਜਿਹਾ ਜੁਲਮ ਕਿਉਂ ਕੀਤਾ?’ ‘ਇਸ ਲਈ ਕਿ ਉਹ ਉਸ ਨੂੰ ਨਸ਼ੇ ਕਰਨ ਤੋਂ ਵਰਜਦੀ ਸੀ ਅਤੇ ਪੁੱਤ ਰੋਜ਼ ਦੀ ਟੋਕਾ-ਟਾਕੀ ਤੋਂ ਤੰਗ ਆ ਗਿਆ ਸੀ।’ ‘ਵਾਹਿਗੁਰੂ , ਵਾਹਿਗੁਰੂ ਕਹਿੰਦਿਆਂ ਉਸ ਦੀ ਪਤਨੀ ਨੇ ਉੱਪਰ ਵੱਲ ਹੱਥ ਜੋੜ ਦਿੱਤੇ।’ ‘ਹੁਣ ਤਾਂ ਜ਼ਮਾਨੇ ਨੂੰ ਊਂਈ ਅੱਗ ਲੱਗੀ ਪਈ ਐ। ਬਾਪ ਦਵਾਈ ਲਈ ਡੁਚਕਦੈ। ਪੁੱਤ ਨੂੰ ਤਰਲੇ ਨਾਲ ਦਵਾਈ ਲਿਆਉਣ ਲਈ ਕਹਿੰਦੈ। ਪਰ ਭਲਾ ਉਸ ਦੇ ਕੋਲ ਵਿਹਲ ਕਿੱਥੇ। ਹਾਂ, ਪਿੱਛੋਂ ਬੁੜ੍ਹੇ ਦੇ ਭੋਗ ’ਤੇ ਆਪਣੀ ਬੱਲ੍ਹੇ-ਬੱਲ੍ਹੇ ਕਰਵਾਉਣ ਲਈ ਹਜ਼ਾਰਾਂ ਰੁਪਏ ਖਰਚ ਕਰ ਦੇਵੇਗਾ। ਸ਼ਰਧਾਂਜਲੀਆਂ ਸਮੇਂ ਬੁਲਾਰੇ ਗੁਜ਼ਰਨ ਵਾਲੇ ਬਜ਼ੁਰਗ ਦਾ ਮਾੜਾ-ਮੋਟਾ ਅਫ਼ਸੋਸ ਕਰ ਕੇ ਪੁੱਤ ਦਾ ਗੁਣਗਾਣ ਕਰਦਿਆਂ ਉਸ ਨੂੰ ਸਰਵਨ ਪੁੱਤ ਕਹਿਣ ’ਚ ਕੋਈ ਕਸਰ ਨਹੀਂ ਛੱਡਦੇ।’ ਕੁਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਉਸ ਨੇ ਪਤਨੀ ਨੂੰ ਮੁਖਾਤਿਬ ਹੁੰਦਿਆਂ ਰਾਮ ਕਹਾਣੀ ਨੂੰ ਅਗਾਂਹ ਤੋਰਦਿਆਂ ਕਿਹਾ ‘ਰਾਇਮੰਡ ਕੱਪੜੇ ਦਾ ਵੱਡਾ ਵਪਾਰੀ ਜਿਸ ਨੇ ਇੱਕ ਥਾਂ ਤੋਂ ਦੂਜੀ ਥਾਂ ਜਾਣ ਲਈ ਆਪਣਾ ਹਵਾਈ ਜਹਾਜ਼ ਰੱਖਿਆ ਹੋਇਆ ਸੀ। ਇਸ ਵੇਲੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਹੈ। ਉਸ ਦੇ ਪੁੱਤ ਨੇ ਸਾਰੀ ਜਾਇਦਾਦ ’ਤੇ ਕਬਜ਼ਾ ਕਰ ਕੇ ਬਾਪ ਨੂੰ ਘਰੋਂ ਕੱਢ ਦਿੱਤਾ ਹੈ। ਇਸ ਤਰ੍ਹਾਂ ਹੀ ਹਾਈ ਕੋਰਟ ਦੇ ਰਿਟਾਇਰਡ ਚੀਫ਼ ਜਸਟਿਸ ਨੇ ਆਪਣੇ ਇਕਲੌਤੇ ਪੁੱਤ ਦੀਆਂ ਕਮੀਨੀਆਂ ਹਰਕਤਾਂ ਤੋਂ ਦੁਖੀ ਹੋ ਕੇ ਹਾਈ ਕੋਰਟ ’ਚ ਆਪਣੀ ਅਤੇ ਪਤਨੀ ਦੀ ਰੱਖਿਆ ਲਈ ਅਪੀਲ ਕੀਤੀ ਸੀ। ਇਹੋ ਜਿਹੇ ਵਿਅਕਤੀ ਤਾਂ ਦੁਹਾਈ ਪਾ ਕੇ ਕਹਿੰਦੇ ਨੇ ਕਿ ਅਸੀਂ ਅਜਿਹੀ ਔਲਾਦ ਨਾਲੋਂ ਔਤ ਹੀ ਚੰਗੇ ਸੀ।’ ਹੁਣ ਉਸ ਦੀ ਪਤਨੀ ਚੁੱਪ ਕਰ ਗਈ ਸੀ। ਉਸ ਨੇ ਇਹ ਦ੍ਰਿੜ ਸੰਕਲਪ ਕਰ ਲਿਆ ਕਿ ਉਹ ਮੁੜ ਕੇ ਪੁੱਤਰ ਪ੍ਰਾਪਤੀ ਵਾਲਾ ਜ਼ਿਕਰ ਨਹੀਂ ਕਰੇਗੀ। ਦੋਨੋਂ ਲੜਕੀਆਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਮੋਹਰੀ ਭੂਮਿਕਾ ਨਿਭਾਉਾਂਦੀਆਂਸਨ। ਪੌੜੀ-ਦਰ-ਪੌੜੀ ਚੜਦਿਆਂ ਉਨ੍ਹਾਂ ਦੋਨਾਂ ਨੇ ਅੱਗੜ-ਪਿੱਛੜ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ। ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਕਾਲਜ ਦਾਖਲ ਕਰਵਾ ਦਿੱਤਾ। ਪੜਾਈ ’ਚ ਹੁਸ਼ਿਆਰ ਹੋਣ ਕਾਰਨ ਦੋਨੋਂ ਭੈਣਾਂ ਬੀ.ਐਡ ਕਰਨ ਉਪਰੰਤ ਵੱਖ-ਵੱਖ ਸਰਕਾਰੀ ਸਕੂਲਾਂ ’ਚ ਅਧਿਆਪਕ ਲੱਗ ਗਈਆਂ। ਘਰ ਦੀਆਂ ਜਿੰਮੇਵਾਰੀਆਂ, ਮਾਪਿਆਂ ਦੀ ਸੰਭਾਲ ਅਤੇ ਪਰਿਵਾਰ ਦੀ ਇੱਜ਼ਤ ਨੂੰ ਬਚਾਈ ਰੱਖਣ ’ਚ ਵੀ ਉਹ ਕੋਈ ਕਸਰ ਨਹੀਂ ਸੀ ਰੱਖਦੀਆਂ। ਹੁਣ ਤਾਂ ਮਾਂ ਵੀ ਕਹਿਣ ਲੱਗ ਪਈ ਸੀ ਕਿ ਮੇਰੀਆਂ ਧੀਆਂ ਤਾਂ ਪੁੱਤਾਂ ਨਾਲੋਂ ਵੀ ਦੋ ਕਦਮ ਅੱਗੇ ਨੇ। ਯੋਗ ਸਮਾਂ ਆਉਣ ’ਤੇ ਦੋਨਾਂ ਧੀਆਂ ਦਾ ਚੰਗੇ ਵਰ੍ਹ ਲੱਭ ਕੇ ਵਿਆਹ ਵੀ ਕਰ ਦਿੱਤਾ। ਡੋਲੀ ਚੜ੍ਹਣ ਵੇਲੇ ਭੁੱਬੀਂ ਰੋਂਦਿਆਂ ਉਨ੍ਹਾਂ ਨੇ ਮਾਂ-ਬਾਪ ਦੇ ਗਲ ਲੱਗਦਿਆਂ ਗੱਚ ਭਰ ਕੇ ਕਿਹਾ ‘ਕਦੇ ਆਪਣੇ-ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨਾ। ਤੁਹਾਡੇ ਲੱਗਿਆ ਕੰਡਾ ਵੀ ਸਾਨੂੰ ਪੀੜ ਦੇਵੇਗਾ। ਤੁਹਾਡੀ ਦਿੱਤੀ ਸਿੱਖਿਆ ਤੇ ਪੂਰੀ ਤਰ੍ਹਾਂ ਅਮਲ ਕਰਨਾ ਸਾਡਾ ਫਰਜ਼ ਹੈ। ਜਦੋਂ ਵੀ ਲੋੜ ਪਈ, ਤੁਹਾਡੇ ਅੱਧੇ ਬੋਲ ਤੇ ਭੱਜੀਆਂ ਆਵਾਂਗੀਆਂ।’ ਦੋਨੋਂ ਭੈਣਾਂ ਆਪਣੇ-ਆਪਣੇ ਸਹੁਰੇ ਘਰ ਰੰਗੀ ਵਸਦੀਆਂ ਸਨ। ਇੱਕ ਦਿਨ ਦੋਨਾਂ ਧੀਆਂ ਨੂੰ ਉਨ੍ਹਾਂ ਦੀ ਮਾਂ ਦਾ ਸੁਨੇਹਾ ਮਿਲਿਆ ‘ਥੋਡਾ ਡੈਡੀ ਖਾਸਾ ਢਿੱਲੈ। ਖਾਧਾ-ਪੀਤਾ ਹਜ਼ਮ ਵੀ ਨਹੀਂ ਹੁੰਦਾ। ਚੱਜ ਨਾਲ ਰੋਟੀ ਵੀ ਨਹੀਂ ਖਾਂਦੈ। ਦੋਨੋਂ ਧੀਆਂ ਸੁਣਕੇ ਭੱਜੀਆਂ ਆਈਆਂ। ਡਾਕਟਰਾਂ ਨੂੰ ਚੈੱਕਅੱਪ ਕਰਵਾਇਆ। ਦੱਸੇ ਟੈਸਟ ਕਰਵਾਏ। ਉਦੋਂ ਉਹ ਅੰਤਾਂ ਦੀਆਂ ਮਾਯੂਸ ਹੋ ਗਈਆਂ ਜਦੋ ਡਾਕਟਰ ਨੇ ਦੱਸਿਆ ਕਿ ਇਨ੍ਹਾਂ ਦੀਆਂ ਦੋਨੋਂ ਕਿਡਨੀਆਂ ਖ਼ਰਾਬ ਹੋ ਗਈਆਂ ਨੇ। ਇੱਕ ਕਿਡਨੀ ਬਦਲਣ ਲਈ ਕਿਸੇ ਹੋਰ ਦੀ ਕਿਡਨੀ ਲਾਉਣੀ ਪਵੇਗੀ। ਭਾਰੀ ਖਰਚ ਸਬੰਧੀ ਵੀ ਦੱਸ ਦਿੱਤਾ। ਦੋਨੋਂ ਭੈਣਾਂ ਆਪਣੇ ਬਾਬਲ ਦੀ ਜ਼ਿੰਦਗੀ ਦੇ ਖ਼ਤਰੇ ਨੂੰ ਭਾਂਪਦਿਆਂ ਇੱਕ ਵਾਰ ਤਾਂ ਸੁੰਨ੍ਹ ਹੋ ਗਈਆਂ। ਅੱਥਰੂਆਂ ਭਿੱਜੀ ਆਵਾਜ਼ ’ਚ ਧੀਆਂ ਨੇ ਆਪਣੇ ਪਤੀਆਂ ਅਤੇ ਸਹੁਰੇ ਪਰਿਵਾਰਾਂ ਨੂੰ ਦੱਸਿਆ। ਦੋਨਾਂ ਦੇ ਪਤੀ ਵੀ ਹਸਪਤਾਲ ਪੁੱਜ ਗਏ। ਦੋਨਾਂ ਨੇ ਆਪਣੇ-ਆਪਣੇ ਪਤੀਆਂ ਨੂੰ ਖੂਨ ਦੇ ਅੱਥਰੂ ਕੇਰਦਿਆਂ ਕਿਹਾ ‘ਸਾਡਾ ਬਾਬਲ ਸਾਡਾ ਜੀਵਨ ਹੈ। ਸਾਡੇ ਲਈ ਆਪਣੀ ਜ਼ਿੰਦਗੀ ਵਾਰ ਕੇ ਵੀ ਇਨ੍ਹਾਂ ਨੂੰ ਬਚਾਉਣਾ ਸ਼ੁਭ ਕਰਮ ਹੋਵੇਗਾ। ਅਸੀਂ ਇਨ੍ਹਾਂ ਬਿਨਾਂ...।’ ਦੋਨਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਹੌਂਸਲਾ ਦਿੰਦਿਆਂ ਕਿਹਾ ‘ਇਸ ਦੁੱਖ ਦੀ ਘੜੀ ’ਚ ਅਸੀਂ ਤੁਹਾਡੇ ਨਾਲ ਚਟਾਨ ਵਾਂਗ ਖੜ੍ਹੇ ਹਾਂ।’ ਅਤੇ ਫਿਰ ਧੀਆਂ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ ‘ਸਾਡੇ ’ਚੋਂ ਇੱਕ ਆਪਣੀ ਕਿਡਨੀ ਦਾਨ ਕਰੇਗੀ ਅਤੇ ਦੂਜੀ ਇਲਾਜ ਦਾ ਸਾਰਾ ਖਰਚਾ ਆਪਣੇ ਸਿਰ ਲਵੇਗੀ।’ ਵੱਡੀ ਧੀ ਨੇ ਛੋਟੀ ਭੈਣ ਦਾ ਹੱਥ ਘੁੱਟ ਕੇ ਫੜਦਿਆਂ ਕਿਹਾ ‘ਮੈਂ ਤੈਥੋਂ ਵੱਡੀ ਹਾਂ। ਬਾਬਲ ਨੂੰ ਕਿਡਨੀ ਦਾਨ ਦੇਣੀ ਮੇਰਾ ਫਰਜ਼ ਹੈ।’ ਇਸ ਫੈਸਲੇ ਤੇ ਸਹੁਰੇ ਪਰਿਵਾਰ ਅਤੇ ਪਤੀਆਂ ਦੀ ਮੋਹਰ ਲੱਗ ਗਈ। ਮਾਂ ਨੂੰ ਪਤਾ ਲੱਗਣ ਤੇ ਉਸ ਨੇ ਡਾਢੇ ਹੀ ਮੋਹ ਨਾਲ ਆਪਣੀਆਂ ਧੀਆਂ ਵੱਲ ਵੇਖਿਆ। ਇਲਾਜ ਸ਼ੁਰੂ ਹੋ ਗਿਆ। ਦੋਨਾਂ ਦੇ ਲੋੜੀਂਦੇ ਸਾਰੇ ਟੈਸਟ ਕੀਤੇ ਗਏ। ਸਾਰੇ ਟੈਸਟਾਂ ਤੋਂ ਬਾਅਦ ਲੜਕੀ ਕਿਡਨੀ ਦੇਣ ਦੇ ਯੋਗ ਪਾਈ ਗਈ। ਨਿਸ਼ਚਿਤ ਦਿਨ ਅਪਰੇਸ਼ਨ ਹੋਇਆ। ਅਪਰੇਸ਼ਨ ਥੀਏਟਰ ਤੋਂ ਬਾਹਰ ਮਾਂ, ਧੀ, ਜਵਾਈ ਅਤੇ ਹੋਰ ਰਿਸ਼ਤੇਦਾਰ ਕਾਲਜੇ ਤੇ ਹੱਥ ਧਰ ਕੇ ਅਪਰੇਸ਼ਨ ਕਾਮਯਾਬ ਹੋਣ ਦੀ ਦੁਆ ਕਰ ਰਹੇ ਸਨ। ਕਈ ਘੰਟਿਆਂ ਦੇ ਅਪਰੇਸ਼ਨ ਤੋਂ ਬਾਅਦ ਡਾਕਟਰਾਂ ਵੱਲੋਂ ਅਪਰੇਸ਼ਨ ਕਾਮਯਾਬ ਦਾ ਸੁਨੇਹਾ ਮਿਲਣ ’ਤੇ ਸਾਰਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਅਠਖੇਲੀਆਂ ਕਰ ਰਹੀ ਸੀ। ਤਿੰਨ ਕੁ ਮਹੀਨੇ ਉਹ ਹਸਪਤਾਲ ’ਚ ਰਹੇ। ਫਿਰ ਇਕ ਦਿਨ ਮਾਂ ਨੇ ਘਰ ਦੇ ਮੈਂਬਰਾਂ ਕੋਲ ਪ੍ਰਗਟਾਵਾ ਕੀਤਾ ਕਿ ਨਾਲ ਵਾਲੇ ਕਮਰੇ ’ਚ ਚੰਗੇ ਖਾਂਦੇ-ਪੀਂਦੇ ਘਰ ਦਾ 60 ਕੁ ਵਰਿ੍ਹਆਂ ਦਾ ਵਿਅਕਤੀ ਦੋਨੋਂ ਕਿਡਨੀਆਂ ਖਰਾਬ ਹੋਣ ਕਾਰਨ ਦਾਖਲ ਹੈ। ਦੋ ਪੁੱਤਾਂ ਦਾ ਬਾਪ ਹੈ ਉਹ। ਉਨ੍ਹਾਂ ’ਚੋਂ ਇੱਕ ਵਿਆਹਿਆ ਹੋਇਆ ਹੈ। ਡਾਕਟਰ ਨੇ ਦੋਨਾਂ ਪੁੱਤਾਂ ਨੂੰ ਆਪਣੇ ਬਾਪ ਲਈ ਕਿਡਨੀ ਦਾ ਪ੍ਰਬੰਧ ਕਰਨ ਲਈ ਕਿਹਾ। ਦੋਨੋਂ ਭਰਾ ਜਦੋਂ ਆਪਸ ’ਚ ਇਸ ਸਬੰਧੀ ਸਲਾਹ-ਮਸ਼ਵਰਾ ਕਰਨ ਲੱਗੇ ਤਾਂ ਵੱਡੇ ਦੀ ਘਰ ਵਾਲੀ ਨੇ ਕੁਰੱਖਤ ਜਿਹੀ ਭਾਸ਼ਾ ’ਚ ਆਪਣੇ ਦਿਉਰ ਨੂੰ ਕਿਹਾ ‘ਮੇਰਾ ਘਰ ਵਾਲਾ ਤਾਂ ਕਿਡਨੀ ਕਢਵਾਉਂਦਾ ਨਹੀਂ। ਜੇ ਅਪਰੇਸ਼ਨ ਸਮੇਂ ਇਸ ਨੂੰ ਕੁਝ ਹੋ ਗਿਆ ਤਾਂ ਮੈਂ ਸਾਰੀ ਉਮਰ ਰੰਡੇਪਾ ਕਿਵੇਂ ਕੱਟੂੰ? ਛੋਟਿਆ, ਤੂੰ ਹਾਲੇ ਕੁਆਰਾ ਹੈਂ। ਇਹ ਕੰਮ ਤੂੰ ਕਰ।’ ਅੱਗਿਉਂ ਛੋਟਾ ਬਿਫਰ ਕੇ ਬੋਲਿਆ। ਸਾਰਾ ਪੈਸਾ ਟਕਾ ਤਾਂ ਤੁਸੀਂ ਸਾਂਭਦੇ ਰਹੇ ਹੋਂ। ਹੁਣ ਲੋੜ ਵੇਲੇ ਮੋਕ ਮਾਰਨ ਲੱਗ ਗਏ। ਜੇ ਕਿਡਨੀ ਦੇਣ ਨਾਲ ਵੱਡੇ ਨੂੰ ਕੁਝ ਹੋ ਸਕਦੈ ਤਾਂ ਮੈਨੂੰ ਕਿਉਂ ਨਹੀਂ। ਜੇ ਅਪਰੇਸ਼ਨ ਠੀਕ ਵੀ ਹੋ ਗਿਆ ਫਿਰ ਇੱਕ ਕਿਡਨੀ ਕਰ ਕੇ ਮੈਨੂੰ ਤਾਂ ਸਾਕ ਵੀ ਨਹੀਂ ਹੋਣਾ। ਮੇਰਾ ਕੋਰਾ ਜਵਾਬ ਐ। ਇੰਝ ਦੋਨਾਂ ਨੇ ਹੀ ਕਿਡਨੀ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਉਨ੍ਹਾਂ ਦਾ ਬਾਪ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।’ ਫਿਰ ਜਿਸ ਦਿਨ ਧੀਆਂ ਦੇ ਬਾਬਲ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਹਸਪਤਾਲ ’ਚੋਂ ਛੁੱਟੀ ਮਿਲੀ, ਉਸੇ ਦਿਨ ਦੋਨਾਂ ਪੁੱਤਾਂ ਦਾ ਬਾਪ ਪੁੱਤਾਂ ਦੀ ਖੁਦਗਰਜ਼ੀ, ਅਕ੍ਰਿਤਘਣਤਾ ਅਤੇ ਪਾਣੀਉਂ ਪਤਲੇ ਰਿਸ਼ਤੇ ਦੀ ਮਾਰ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ। ਹਸਪਤਾਲ ਦੇ ਇੱਕ ਗੇਟ ਰਾਹੀਂ ਧੀਆਂ ਆਪਣੇ ਤੰਦਰੁਸਤ ਹੋਏ ਬਾਬਲ ਨੂੰ ‘ਜ਼ਿੰਦਗੀ ਜਿੰਦਾਬਾਦ’ ਕਹਿੰਦਿਆਂ ਘਰ ਲੈ ਕੇ ਜਾ ਰਹੀਆਂ ਸਨ। ਸੁਹਾਗਣ ਮਾਂ ਡਾਢੇ ਹੀ ਮੋਹ ਨਾਲ ਆਪਣੀਆਂ ਪੁੱਤਾਂ ਨਾਲੋਂ ਪਿਆਰੀਆਂ ਧੀਆਂ ਵੱਲ ਵੇਖ ਰਹੀ ਸੀ। ਦੂਜੇ ਗੇਟ ਰਾਹੀਂ ਦੋ ਪੁੱਤਾਂ ਦੇ ਬਾਪ ਦੀ ਅਰਥੀ ਦੇ ਨਾਲ ਰਿਸ਼ਤਿਆਂ ਦਾ ਜਨਾਜ਼ਾ ਵੀ ਨਿਕਲ ਰਿਹਾ ਸੀ । ੍ਹ ਮੋਹਨ ਸ਼ਰਮਾ

Loading