ਕਹਾਣੀ ‘ਬੇਗ਼ੈਰਤ ਪੁੱਤ ਦਾ ਹਲਫ਼ੀਆ ਬਿਆਨ’

ਆਪਣੇ ਮਾਪਿਆਂ ਦੇ ਜਿਊਂਦੇ ਜੀਅ ਮੈਂ ਕਿਉਂ ਨਹੀਂ ਸਾਂ ਬਣ ਸਕਿਆ ਉਨ੍ਹਾਂ ਦਾ ਸਾਊ ਪੁੱਤ। ਕਦੇ ਉਨ੍ਹਾਂ ਦੇ ਜਾਣ ਮਗਰੋਂ ਜਦੋਂ ਕਦੇ ਵੀ ਜ਼ਿੰਦਗੀ ਦੀ ਫਲੈਸ਼-ਬੈਕ ਅੱਖਾਂ ਸਾਹਵੇਂ ਚਲਦੀ ਤਾਂ ਸਹਿਜੇ ਹੀ ਆਪਣਾ-ਆਪਾ ਆਪਣੀਆਂ ਹੀ ਨਜ਼ਰਾਂ ’ਚ ਖੁਰਦਾ ਲੱਗਦਾ। ਬਾਪੂ ਹੁਣ ਕਦੇ ਸੁਪਨਿਆਂ ’ਚ ਨਹੀਂ ਸੀ ਆਇਆ। ਸਾਈਕਲ ਦੇ ਪੈਡਲ ਮਾਰਦਾ ਘਰ ਨੂੰ ਵਾਪਸ ਆਉਂਦਾ ਬਾਪੂ। ਉਹ ਵੀ ਤ੍ਰਿਕਾਲ ਸੰਧਿਆ ਸਮੇਂ ਹੈਂਡਲ ਨਾਲ ਬੱਚਿਆਂ ਵਾਸਤੇ ਨਿੱਕ-ਸੁੱਕ ਲਿਆਉਂਦਾ ਸਾਧਾਰਨ ਜਿਹਾ ‘ਭਾਈ ਲਾਲੋ ਵਰਗਾ ਸੱਚਾ-ਸੁੱਚਾ ਕਿਰਤੀ ਦਰਵੇਸ਼ ਤੇ ਅੱਜ ਚੱਲ ਘਰ ਨੂੰ ਚੱਲਦੇ। ਯਾਰਾ ਨੀਂਦ ਨਹੀਂ ਆਉਂਦੀ। ਬੜੇ ਚਿਰ ਬਾਅਦ ਸੁਪਨੇ ’ਚ ਆਏ ਲੋਹੇ ਨਾਲ ਘੁਲਦਿਆਂ ਪਸੀਨੇ ਨਾਲ ਤਰ-ਬ-ਤਰ ਭਿੱਜੇ ਬਾਪੂ ਦੇ ਬੋਲ ਸਨ ‘ਬੀਬੀ ਤਾਂ ਤੈਨੂੰ ਲੈਣ ਆਈ ਤਾਂ ਹੈ ਨਹੀਂ’। ਸੁੱਤੇ ਪਿਆਂ ਵੀ ਚੇਤਨ ਮਨ ਇਸ ਦੀ ਦੀ ਗਵਾਹੀ ਦੇ ਰਿਹਾ ਸੀ ਪਰ ਅਵਚੇਤਨ ਮਨ ਪਤਾ ਨਹੀਂ ਕਿੱਥੇ ਪਹੁੰਚ ਗਿਆ ਸੀ। ‘ਓਏ ਜਲਦੀ ਘਰ ਆ ਜਾਇਆ ਕਰ। ਤੇਰੀ ਮਾਂ ਡੀਕਦੀ ਰਹਿੰਦੀ ਤੈਨੂੰ।’ ਬਾਪੂ ਦੇ ਬੋਲ ਕੰਨੀ ਪਏ। ‘ਫਿਰ ਮੈਂ ਕੀ ਕਰਾਂ? ਪਤਾ ਨਹੀਂ ਕਿਸ ਲਾਪ੍ਰਵਾਹੀ ’ਚ ਇਹ ਕਹਿ ਗਿਆ ਸਾਂ ਮੈਂ!’ ‘ਠੀਕ ਏ ਫਿਰ। ਜਦੋਂ ਅਸੀਂ ਦੋਵੇਂ ਚਲੇ ਗਏ ਤੇ ਫਿਰ ਲੱਭੇਗਾ ਤਾਂ ਨਹੀਂ ਨਾਂ?’ ਬਾਪੂ ਆਖਿਆ। ‘ਚੱਲ ਠੀਕ ਏ। ਨਹੀਂ ਲੱਭਦਾ।’ ਪਤਾ ਨਹੀਂ ਇਕ ਦਮ ਕਿਸ ਤਰ੍ਹਾਂ ਕਹਿ ਦਿੱਤਾ ਸੀ ਮੈਂ। ‘ਲੈ ਕਿਸ ਤਰ੍ਹਾਂ ਛੱਡ ਕੇ ਜਾ ਸਕਦੀ ਮੈਨੂੰ? ਮੇਰਾ ਯਕੀਨ ਸੁੱਤੇ ਪਿਆ ਵੀ ਪੂਰਾ ਸੀ। ਤੇ ਫਿਰ ਬੀਬੀ ਸਾਹਮਣੇ ਖਲੋਤੀ ਸੀ। ‘ਰੱਬ ਜੀ ਤੋਂ ਵੀ ਸੋਹਣੀ। ਰੱਬ ਹੁੰਦਾ ਤਾਂ ਵੀ ਮੇਰੀ ਬੀਬੀ ਵਰਗਾ ਨਾ ਹੁੰਦਾ।’ ‘ਚੱਲ ਆਪਣੇ ਪਿਉ ਦਾ ਧਿਆਨ ਰੱਖੀਂ।’ ਬੀਬੀ ਦੇ ਬੋਲ ਸਹਿਜ ਮੇਰੇ ਕੰਨੀ ਪਏ। ਬੀਬੀ ਪਤਾ ਨਹੀਂ ਕਿੱਥੇ ਜਾਣ ਨੂੰ ਤਿਆਰ ਸੀ ਤੇ ਬਾਪੂ ਪਤਾ ਨਹੀਂ ਕਿਹੜੇ ਰੰਗਾਂ ’ਚ ਰੰਗਿਆ ਲੱਗਾ। ‘ਚੱਲ ਚੱਲਦੀ ਮੈਂ ਹੁਣ। ਤੂੰ ਵੀ ਖੁਸ਼ ਤੇ ਤੇਰਾ ਪਿਉ ਵੀ।’ ‘ਬੀਬੀ, ਗੱਲ ਸੁਣ।’ ਪਰ ਨਾਲ ਪਏ ਛੋਟੇ ਪੁੱਤ ਦਾ? ਬੋਲ ‘ਪਾਪਾ, ਪਿਆਸ ਲੱਗੀ’ ਨੇ ਪਤਾ ਨਹੀਂ ਕਿਸ ਤਰ੍ਹਾਂ ਉਸ ਸਵਾਂਤੀ ਬੂੰਦ ਤੋਂ ਵਾਂਝਿਆਂ ਕਰ ਦਿੱਤਾ ਸੀ। ਜਦੋਂ ਦੋਵਾਂ ਦੇ ਆਖ਼ਰੀ ਸਫ਼ਰ ਦੇ ਸੁਪਨੇ ਨੇ ਸਹਿਜੇ ਹੀ ਮੇਰੀ ਭਟਕਣਾ ਨੂੰ ਵਿਰਾਮ ਦੇ ਦੇਣਾ ਸੀ। ਬੇਟੇ ਨੂੰ ਪਾਣੀ ਪਿਆ ਕੇ ਮੈਂ ਉੱਠ ਕੇ ਬੈਠ ਗਿਆ ਸੀ। ਬੜੇ ਚਿਰਾਂ ਬਾਅਦ ਦੋਵੇਂ ਸੁਪਨੇ ’ਚ ਆਏ ਸਨ। ਪੱਚੀ ਸਾਲ ਹੋ ਗਏ ਸਨ ਉਨ੍ਹਾਂ ਤੋਂ ਵਿਛੜਿਆ ਹੋਇਆ। ਰਾਤ ਦੇ ਇਸ ਘੁੱਪ ਹਨੇਰੇ ’ਚ ਯਾਦਾਂ ਦਾ ਪੰਛੀ ਪਤਾ ਨਹੀਂ ਕਿਸ ਤਰ੍ਹਾਂ ਪੱਚੀ ਸਾਲ ਪੁਰਾਣੇ ਚੇਤਿਆਂ ਦੇ ਟਾਹਣ ’ਤੇ ਜਾ ਬੈਠਾ ਸੀ। ਸਭ ਕੁਝ ਆਪਣੇ ਹਿਸਾਬ ਨਾਲ ਚਲ ਰਿਹਾ ਸੀ। ਅਚਾਨਕ ਕਮਰੇ ਅੰਦਰੋਂ ਅਲਮਾਰੀ ਨੂੰ ਠੀਕ ਕਰਦੇ ਬਾਪੂ ਦੀ ਆਵਾਜ਼ ਆਈ ‘ਓਏ ਇੱਕ ਮਿੰਟ ਆਈ।’ ਮੈਂ ਗਿਆ ਤਾਂ ਉਹ ਬੈਡ ’ਤੇ ਲੰਮੇ ਪਏ ਸਨ। ਸਰੀਰ ਤ੍ਰੇਲੀਓ ਤ੍ਰੇਲੀ ਹੋਇਆ ਪਿਆ ਸੀ। ‘ਯਾਰ ਲੱਗਦਾ। ਬੀਪੀ ਘੱਟ ਗਿਆ ਲੱਗਦਾ।’ ਬਾਪੂ ਨੇ ਸਹਿਜੇ ਆਖਿਆ। ‘ਕੋਈ ਨਹੀਂ, ਦੁੱਧ ਦਿੰਦਾ ਗਰਮ ਕਰਕੇ।’ ਮੈਂ ਕਿਹਾ। ਪਰ ਪਤਾ ਨਹੀ ਕਿਉਂ? ਮੈਂ ਕੰਬ ਜਿਹਾ ਗਿਆ ਸਾਂ। ਮਨ ਨੂੰ ਥੋੜਾ ਤਕੜਾ ਕਰ ਬੇਟੇ ਨੂੰ ਗੁਆਢੋਂ ਡਾਕਟਰ ਸੱਦਣ ਭੇਜ ਦਿੱਤਾ ਸੀ। ‘ਭਾਜੀ ਕਲਸੀ ਕੋਲ ਲੈ ਜਾਉ। ਟੀਕਾ ਲਾ ਦਊ ਆਰਾਮ ਆ ਜਾਊ। ਡਾਕਟਰ ਬੀਪੀ ਚੈੱਕ ਕਰਨ ਮਗਰੋਂ ਸਹਿਜੇ ਹੀ ਆਖ ਕੋਈ ਫੀਸ ਲਏ ਬਿਨਾਂ ਤੁਰ ਗਿਆ। ਮੈਨੂੰ ਉਦੋਂ ਕਿਸੇ ਅਣਹੋਣੀ ਦੀ ਕਿਆਸ ਨਹੀਂ ਸੀ ਪਰ ਲੱਠ ਵਰਗਾ ਬੰਦਾ ਪਲਾਂ ’ਚ ਹੀ ਸਿਮਟਦਾ ਜਾ ਰਿਹਾ ਸੀ। ਹਾਲਾਤ ਵੇਖ ਆਪਣੇ ਮਿੱਤਰ ਦੀ ਗੱਡੀ ’ਚ ਪਾ ਕਲਸੀ ਡਾਕਟਰ ਕੋਲ ਚਲੇ ਗਏ। ਪਰ ਉਹ ਅੱਜ ਨਹੀਂ ਸੀ ਆਇਆ। ‘ਏਨਾਂ ਨੂੰ ਦਿਲ ਦਾ ਵੱਡਾ ਦੌਰਾ ਪਿਆ ਏ, ਵੱਡਾ। ‘ਪੰਜ ਪਰਸੈਂਟ ਆਸ ਏ। ਅਸਕਾਰਟ ਲੈ ਜਾਉ।’ ਨਿੱਜੀ ਹਸਪਤਾਲ ਦੇ ਡਾਕਟਰ ਨੇ ਗੱਡੀ ਵਿੱਚ ਪਏ ਬਾਪੂ ਦੀ ਹਾਲਾਤ ਨੂੰ ਵੇਖ ਕੇ ਕਿਹਾ। ‘ਹੈਂਅ, ਇਹ ਕਿੱਦਾਂ ਹੋ ਸਕਦਾ?’ ਮੇਰੇ ਮੂੰਹੋਂ ਸਹਿਜ ਸੁਭਾਅ ਨਿਕਲਿਆ। ਪਿਛਲੀ ਸੀਟ ’ਤੇ ਬਾਪੂ ਬੇਸੁਧ ਪਿਆ ਸੀ। ‘ਦੋ ਪਰਸੈਂਟ ਚਾਂਸ ਹੈ?’ ਨਾਲ ਆਏ ਮਿੱਤਰ ਦਾ ਸਿੱਧਾ ਸਵਾਲ ਸੀ ਡਾਕਟਰ ਨੂੰ। ‘ਹਾਂ ਵੇਖ ਲੈਂਦੇ।’ ਡਾਕਟਰ ਨੇ ਕਿਹਾ। ‘ਕਰੋ ਫਿਰ’ ਮਿੱਤਰ ਨੇ ਉਸ ਸਮੇਂ ਆਪਣਾ ਉਹ ਧਰਮ ਨਿਭਾਇਆ ਸੀ ਜਿਸ ਬਾਰੇ ਕਹਾਣੀਆਂ ’ਚ ਪੜਦੇ ਆਏ ਸੀ। ਮੈਂ ਰਿਸ਼ਤਿਆਂ ਦੀ ਭੀੜ ’ਚ ਉਸ ਸਮੇਂ ਪੂਰੀ ਤਰਾਂ ਇਕੱਲਾ ਸਾਂ। ਭੈਣਾਂ ਆਪੋ-ਆਪਣੇ ਘਰੀਂ। ਪਤਨੀ ਆਪਣੀ ਡਿਊਟੀ ’ਤੇ ਦੂਰ ਦੂਸਰੇ ਸ਼ਹਿਰ। ਮੈਂ ਇਕੱਲਾ ਆਈ.ਸੀ.ਯੂ. ਦੇ ਬਾਹਰ ਬੈਠਾ ਬਚਪਨ ਤੋਂ ਲੈ ਕੇ ਹੁਣ ਤੱਕ ਦੇ ਉਸ ਬੰਦੇ ਦੀਆਂ ਗੱਲਾਂ ਨੂੰ ਯਾਦ ਕਰ ਰਿਹਾ ਸਾਂ ਜਿਸ ਨੇ ਸਾਰੀ ਉਮਰ ਕਿਸੇ ਅੱਗੇ ਹੱਥ ਨਹੀਂ ਸੀ ਫੈਲਾਇਆ। ਲੋਹੇ ਨਾਲ ਘੁਲਦਿਆਂ ਚਾਰ ਧੀਆਂ ਆਪੋ-ਆਪਣੇ ਘਰੀਂ ਤੋਰੀਆ ਸਨ। ਮੈਨੂੰ ਜ਼ਿੰਦਗੀ ਦੇ ਹਾਣ ਬਣਾ ਆਪਣੇ ਸਾਰੇ ਫਰਜ਼ ਨਿਭਾਏ ਸਨ। ‘ਮੈਂ ਹਾਂ ਨਾਂ ਤੇਰੇ ਨਾਲ। ਐਵੇਂ ਨਾ ਘਬਰਾਇਆ ਕਰ। ਕਰ ਜੋ ਕਰਨਾ।’ ਬਾਪੂ ਦੇ ਅਕਸਰ ਇਹਨਾਂ ਬੋਲਾਂ ਸਦਕਾ ਮੈਂ ਕਦੇ ਡੋਲਿਆ ਨਹੀਂ ਸਾਂ। ਜੀਵਨ ਦੇ ਰਣਤੱਤੇ ਅੰਦਰ ਉਸ ਦੇ ਇਹ ਬੋਲ ਸਦਾ ਮੈਨੂੰ ਹਿੰਮਤ ਬਖਸ਼ਦੇ। ‘ਏਥੇ ਸਾਈਨ ਕਰ ਦਿਉ।’ ਨਰਸ ਦੇ ਇਨ੍ਹਾਂ ਬੋਲਾਂ ਨੇ ਮੇਰੀ ਬਿਰਤੀ ਨੂੰ ਤੋੜਦਿਆਂ ਮੁੜ ਆਈ.ਸੀ.ਯੂ. ਦੇ ਬਾਹਰ ਲੈ ਆਂਦਾ। ‘ਕੀ ਹੈ ਇਹ?’ ਮੈਂ ਪੁੱਛਿਆ। ‘ਯਸਟ ਰੁਟੀਨ ਕਿ ਤੁਹਾਡੇ ਮਰੀਜ਼ ਨੂੰ ਅਗਰ ਕੁਝ ਇਲਾਜ ਦੌਰਾਨ ਹੋ ਜਾਵੇ ਤਾਂ ਤੁਸੀਂ ਕੋਈ ਕਲੇਮ ਜਾਂ ਕਾਰਵਾਈ’...ਨਰਸ ਨੇ ਲਾਪਰਵਾਹੀ ਨਾਲ ਆਖਿਆ। ‘ਹੈਂਅ, ਮਰੀਜ਼? ਲੋਹੇ ਵਰਗਾ ਬੰਦਾ। ਸਰੀਰੋਂ ਵੀ ਤੇ ਮਨੋਂ ਵੀ।’ ਜਿਸ ਨੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਵੀ ਆਪਣੀ ਹੱਢ ਤੋੜਵੀ ਮਿਹਨਤ ਦੇ ਨਾਮ ਕੀਤੇ ਸਨ ਅੱਜ ਆਈ.ਸੀ.ਯੂ. ’ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਮਰੀਜ਼, ਜਿਸ ਨੇ ਪਿਤਰ ਧਰਮ ਨਿਭਾਉਂਦੇ ਔਲਾਦ ਵਾਸਤੇ ਹਰ ਕਰਮ ਕੀਤਾ ਸੀ। ਸਾਰਾ ਜੀਵਨ ਸਾਦੇ ਕੱਪੜਿਆਂ ’ਚ ਹੰਢਾ ਪਰਿਵਾਰ ਦੀ ਸਦਾ ਸੁੱਖ ਮੰਗੀ ਸੀ। ਕਦੇ ਕਿਸੇ ਗੱਲ ’ਤੇ ਵਾਹਿਗੁਰੂ ਦੇ ਭਾਣੇ ਨੂੰ ਗਲਤ ਨਹੀਂ ਸੀ ਕਿਹਾ। ਹਰ ਸੁੱਖ-ਦੁੱਖ ਨੂੰ ਖਿੜੇ ਮੱਥੇ ਸਵੀਕਾਰ ਕੀਤਾ ਸੀ। ਪਲਾਂ ’ਚ ਹੀ ਇਕ ਅਜਿਹੇ ਸਫਰ ਦੀ ਤਿਆਰੀ ਤੇ ਸੀ ਜਿਥੋਂ ਉਸ ਕਦੇ ਵਾਪਸ ਨਹੀਂ ਸੀ ਪਰਤਣਾ। ਮੈਂ ਇਕੱਲਾ ਬਾਹਰ ਬੈਠਾ ਉਸ ਪ੍ਰਤੀ ਨਿਭਾਏ ਆਪਣੇ ਫ਼ਰਜ਼ਾਂ ਨੂੰ ਯਾਦ ਕਰ ਰਿਹਾ ਸੀ ਜੋ ਕਦੇ ਵੀ ਮੈਨੂੰ ਚੰਗਾ ਪੁੱਤ ਸਾਬਤ ਕਰਨ ਤੋਂ ਮੁਨਕਰ ਸਨ। ਸੋਚਦਾ ਸਾਂ ਬੱਸ ਇੱਕ ਵਾਰ ਇਹ ਮੇਰੇ ਨਾਲ ਘਰ ਨੂੰ ਚੱਲ ਪਏ। ਮੈਂ ਸਰਵਣ ਪੁੱਤ ਬਣ ਸੇਵਾ ਕਰੂ। ‘ਜੋ ਕਹੋ, ਚੁੱਪ ਚਾਪ ਕਹੋ। ਬੱਸ ਇੱਕ ਵਾਰ ਕਹਿ ਦੇ ਕਿ ਕਿਉ ਰੋਂਦਾ? ਮੈਂ ਹਾਂ ਨਾਂ ਤੇਰੇ ਕੋਲ, ਚੱਲ ਘਰ ਚੱਲਦੇ। ਬੱਚੇ ਉਡੀਕਦੇ ਹੋਣ। ਚੱਲ ਮੇਰਾ ਸ਼ੇਰ ਪੁੱਤ।’ ਪਰ ਉਸ ਦਿਨ ਤੋਂ ਮਗਰੋਂ ਬਾਪੂ ਕਦੇ ਨਹੀਂ ਸੀ ਉੱਠਿਆ। ਹੁਣ ਇੱਕ ਅਜਿਹਾ ਆਈ.ਸੀ.ਯੂ. ਮੇਰੇ ਅੰਦਰ ਹੈ ਜਿੱਥੇ ਸਦਾ ਮੈਨੂੰ ਹਰ ਪਲ ਆਪਣੇ ਬਾਪ ਦੇ ਸਾਹਵਾਂ ਦੀ ਆਵਾਜ਼ ਤੇ ਧੜਕਣ ਤਾਂ ਸੁਣਾਈ ਦਿੰਦੀ ਹੈ,ਆਪਣੀ ਨਹੀਂ। ਉਸ ਦੇ ਬੋਲ ਅਕਸਰ ਸੁਣਾਈ ਦਿੰਦੇ ਹਨ ਪਰ ਆਪਣੀ ਮਰ ਚੁੱਕੀ ਆਤਮਾ ਦੀ ਨਹੀਂ। ਉਹ ਆਤਮਾ ਜੋ ਸਦਾ ਕਰਜ਼ਾਈ ਹੈ ਆਪਣੇ ਮੁਹੱਬਤੀ ਬਾਪ ਦੀ। ਉਸ ਦੇ ਮੋਹ ਦੀ, ਉਸ ਦੀ ਮਿਹਨਤ ਦੀ। ੍ਹ ਪ੍ਰੋ. ਮਨਜੀਤ ਅਣਖੀ

Loading