ਕਹਾਣੀ ‘ਬੇਨਾਮੀ ਰਿਸ਼ਤਾ’

ਿਤੰਨ ਕੁ ਸਾਲਾਂ ਬਾਅਦ ਗੁਰਲੀਨ ਦੇ ਜੇਠ ਦਾ ਫੋਨ ਆਇਆ। ਤਾਇਆ ਜੀ ਦੇ ਪੋਤਰੇ ਦਾ ਵਿਆਹ ਹੈ। ਉਨ੍ਹਾਂ ਨੇ ਤੁਹਾਨੂੰ ਵਿਆਹ ਵਿਚ ਪਹੁੰਚਣ ਲਈ ਸੱਦਾ ਪੱਤਰ ਪਾ ਦਿੱਤਾ ਹੈ ਅਤੇ ਫੋਨ ਵੀ ਕਰਨਗੇ। ਉਨ੍ਹਾਂ ਨੇ ਪੂਰੇ ਪਰਿਵਾਰ ਨੂੰ ਗੁਰਜੀਤ ਸਿੰਘ ਦੇ ਵਿਆਹ ’ਚ ਪਹੁੰਚਣ ਦੀ ਬੇਨਤੀ ਕੀਤੀ ਹੈ। ਪਰਿਵਾਰ ਦਾ ਪਹਿਲਾ ਵਿਆਹ ਹੈ ਬੜੀ ਧੂਮ-ਧਾਮ ਨਾਲ ਕਰਨਾ ਚਾਹੁੰਦੇ ਹਨ। ਗੁਰਲੀਨ ਨੇ ਜਦੋਂ ਕਾਰਡ ਪੜ੍ਹਿਆ ਤਾਂ ਉਹ ਕੁਝ ਸਮੇਂ ਲਈ ਸਸੋਪੰਜ ਵਿਚ ਪੈ ਗਈ। ਕਿਉਂਕਿ ਬਰਾਤ ਸ਼ਾਹਕੋਟ ਕਿਸੇ ਪੈਲਸ ਵਿਚ ਜਾਣੀ ਸੀ। ਅੱਜ ਤੋਂ 25-26 ਸਾਲ ਪਹਿਲਾਂ ਵਾਪਰੇ ਉਹ ਹਾਲਾਤ ਜੋ ਉਹ ਆਪਣੇ ਮਨ ਵਿੱਚੋਂ ਭੁਲਾ ਚੁੱਕੀ ਸੀ ਸ਼ਾਹਕੋਟ ਦਾ ਨਾਂ ਪੜ੍ਹ ਕੇ ਫਿਰ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗ ਪਏ। ਇਨ੍ਹਾਂ ਸੋਚਾਂ ਵਿਚ ਗੁਆਚੀ ਹੋਈ ਉਹ ਆਪਣੀ ਪਿਛਲੀ ਜ਼ਿੰਦਗੀ ਵੱਲ ਮੁੜ ਗਈ। ਗੁਰਲੀਨ ਮਾਂ ਪਿਉ ਦੀ ਲਾਡਲੀ ਤੇ ਦੋ ਭਰਾਵਾਂ ਦੀ ਬੇਹੱਦ ਪਿਆਰੀ ਭੈਣ ਪਿੰਡ ਵਿਚ ਚੰਗੇ ਅਸਰ ਰਸੂਖ ਵਾਲੇ ਪਰਿਵਾਰ ਵਿੱਚੋਂ ਸੀ। ਵੱਡੇ ਭਰਾ ਨੇ ਪੜ੍ਹ ਲਿਖ ਕੇ ਖੇਤੀ ਦੇ ਧੰਦੇ ਨੂੰ ਹੀ ਆਪਣਾ ਲਿਆ ਸੀ। ਗੁਰਲੀਨ ਤੋਂ ਛੋਟਾ ਭਰਾ ਪੜ੍ਹ ਰਿਹਾ ਸੀ। ਜੁਆਨ ਹੁੰਦੀ ਧੀ ਦੇ ਵਿਆਹ ਦਾ ਫ਼ਿਕਰ ਹਰੇਕ ਮਾਂ ਬਾਪ ਨੂੰ ਹੁੰਦਾ ਹੈ। ਘਰ ਵਿਚ ਜਦੋਂ ਵੱਡੇ ਮੁੰਡੇ ਦੇ ਵਿਆਹ ਦੀ ਗੱਲ ਚੱਲਦੀ ਤਾਂ ਉਹ ਕਹਿੰਦਾ ਕਿ ਪਹਿਲਾਂ ਭੈਣ ਦਾ ਵਿਆਹ ਕਰਨਾ ਹੈ ਫਿਰ ਮੈਂ ਕਰਾਊਂਗਾ। ਮਾਂ-ਪਿਓ ਨੇ ਲੜਕੀ ਵਾਸਤੇ ਚੰਗੇ ਘਰ ਦੀ ਤਲਾਸ਼ ਕਰਨੀ ਸ਼ੁਰੂ ਕੀਤੀ। ਜ਼ਿਮੀਦਾਰ ਹੋਣ ਕਰਕੇ ਚੰਗੀ ਪੈਲੀ ਵਾਲੇ ਪਰਿਵਾਰ ਦੇਖੇ। 20-22 ਕੁ ਸਾਲ ਦੀ ਹੋਣ ਤੱਕ, ਸ਼ਾਹਕੋਟ ਕੋਲ ਇਕ ਇਕੱਲੇ ਮੁੰਡੇ ਦੀ ਦੱਸ ਪਈ। ਪਰਿਵਾਰ ਵਿਚ ਭੈਣ ਭਰਾ ਤੇ ਮਾਤਾ-ਪਿਤਾ ਸਨ। ਸ਼ਹਿਰੀ ਜਾਇਦਾਦ 10 ਕਿੱਲੇ ਜ਼ਮੀਨ ਸੀ। ਮੁੰਡਾ ਸੋਹਣਾ ਸਨੁੱਖਾ 23-24 ਸਾਲ ਦੀ ਉਮਰ ਦਾ ਸੀ ਤੇ ਛੋਟੀ ਭੈਣ ਪੜ੍ਹਦੀ ਸੀ। ਗੁਰਲੀਨ ਦੇ ਭਰਾਵਾਂ ਨੇ ਸਾਰੀ ਤਫ਼ਤੀਸ਼ ਕਰਨ ਤੋਂ ਬਾਅਦ ਰੋਕਾ ਕਰ ਦਿੱਤਾ। ਕੁਝ ਹੀ ਦਿਨਾਂ ਬਾਅਦ ਵਿਆਹ ਦਾ ਦਿਨ ਮਿੱਥ ਦਿੱਤਾ ਅਤੇ ਪੂਰੀ ਸ਼ਾਨੋਸ਼ੌਕਤ ਨਾਲ ਵਿਆਹ ਕੀਤਾ। ਕੁੜਮਾਚਾਰੀ ਦੀ ਵਿਆਹ ਵਿਚ ਪੂਰੀ ਆਓ ਭਗਤ ਕੀਤੀ ਗਈ। ਦਾਜ-ਦਹੇਜ ਨਾਲ ਗੁਰਲੀਨ ਦੇ ਸੁਹਰਿਆਂ ਦਾ ਘਰ ਭਰ ਦਿੱਤਾ। ਗੁਰਲੀਨ ਦੀ ਡੋਲੀ ਵਾਲੀ ਕਾਰ ਨੂੰ (ਜੋ ਉਨ੍ਹਾਂ ਦਹੇਜ ਵਿਚ ਦਿੱਤੀ) ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕੀਤਾ। ਗੁਰਲੀਨ ਦੇ ਸਹੁਰੇ ਪਰਿਵਾਰ ਵਲੋਂ ਵੀ ਸ਼ਹਿਰ ਵਿਚ ਬਣੀ ਸ਼ਾਨਦਾਰ ਕੋਠੀ ਵਿਚ ਗੁਰਲੀਨ ਦਾ ਸੁਆਗਤ ਕੀਤਾ ਗਿਆ। ਸੱਸ ਸਹੁਰੇ ਵੱਲੋਂ ਵੀ ਆਪਣੇ ਮੁੰਡੇ ਦੇ ਵਿਆਹ ’ਤੇ ਖ਼ੂਬ ਰੌਣਕਾਂ ਲਾਈਆਂ ਗਈਆਂ। ਵਿਆਹ ਦੇ ਰਸਮੋ ਰਿਵਾਜ ਤੋਂ ਬਾਅਦ ਰਿਸ਼ਤੇਦਾਰਾਂ ਦੇ ਜਾਣ ਪਿੱਛੋਂ ਘਰ ਵਿਚ ਸੱਸ, ਸਹੁਰਾ, ਨਣਾਨ ਤੇ ਪਤੀ ਤੋਂ ਇਲਾਵਾ ਇਕ ਨੌਕਰ ਸੀ। ਗੁਰਲੀਨ ਨੇ ਆਪਂਣੇ ਨਿੱਘੇ ਸੁਭਾਅ ਤੇ ਮਾਤਾ ਪਿਤਾ ਦੇ ਦਿੱਤੇ ਚੰਗੇ ਸੰਸਕਾਰਾਂ ਕਰਕੇ ਸਹੁਰੇ ਪਰਿਵਾਰ ਦੇ ਸਾਰੇ ਜੀਆਂ ਦਾ ਮਨ ਮੋਹ ਲਿਆ ਸੀ। ਨਣਾਣ-ਭਰਜਾਈ ਦੀ ਆਪਸ ਵਿੱਚ ਬਹੁਤ ਬਣਦੀ ਸੀ। ਹਰ ਦਿਨ ਉਨ੍ਹਾਂ ਦਾ ਹਾਸੇ ਮਜ਼ਾਕ ਵਿਚ ਲੰਘਦਾ ਸੀ। ਸਹੁਰੇ ਪਰਿਵਾਰ ਦੇ ਅਥਾਹ ਪਿਆਰ ਨੇ ਗੁਰਲੀਨ ਨੂੰ ਕਦੇ ਵੀ ਆਪਣੇ ਪੇਕੇ ਪਿੰਡ ਦੀ ਯਾਦ ਨਹੀਂ ਆਉਣ ਦਿੱਤੀ। ਇਸ ਤਰ੍ਹਾਂ ਜ਼ਿੰਦਗੀ ਆਪਣੀ ਤੋਰੇ ਬਹੁਤ ਹੀ ਖ਼ੁਸ਼ੀਆਂ ਨਾਲ ਤੁਰ ਰਹੀ ਸੀ। ਸਮਾਂ ਲੰਘਦਿਆਂ ਗੁਰਲੀਨ ਦੀ ਖ਼ੁਸ਼ੀ ਵਿਚ ਇਕ ਖ਼ੁਸ਼ੀ ਹੋਰ ਜੁੜ ਗਈ ਜਦੋਂ ਡਾਕਟਰੀ ਚੈਕ ਅੱਪ ਤੋਂ ਬਾਅਦ ਪਤਾ ਲੱਗਾ ਕਿ ਗੁਰਲੀਨ ਮਾਂ ਬਣਨ ਵਾਲੀ ਹੈ। ਦੋਹਾਂ ਹੀ ਪਰਿਵਾਰਾਂ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਪਰਮਾਤਮਾ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਕੁੱਝ ਸਮੇਂ ਬਾਅਦ ਗੁਰਲੀਨ ਦਾ ਭਰਾ ਉਸ ਨੂੰ ਆਪਣੇ ਪਿੰਡ ਲੈ ਆਇਆ ਕਿਉਂਕਿ ਕਈ ਇਲਾਕਿਆਂ ਵਿਚ ਇਹ ਵਿਚਾਰ ਆਮ ਪ੍ਰਚੱਿਲਤ ਹੈ ਕਿ ਪਹਿਲਾ ਬੱਚਾ ਪੇਕੇ ਪਿੰਡ ਹੋਣਾ ਚਾਹੀਦਾ ਹੈ। ਸਹੁਰੇ ਪਰਿਵਾਰ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕੀਤਾ। ਨਣਾਨ-ਭਰਜਾਈ ਨੂੰ ਖ਼ੁਸ਼ੀ ਦੇ ਨਾਲ ਕੁਝ ਸਮੇਂ ਲਈ ਵਿਛੋੜੇ ਦਾ ਦੁੱਖ ਵੀ ਸੀ। ਪਰ ਘਰ ਵਾਲੇ ਫੋਨ ਦੀ ਸਹੂਲਤ ਹੋਣ ਕਰਕੇ ਉਹ ਹਰ ਰੋਜ਼ ਹੀ ਗੱਲਾਂਬਾਤਾਂ ਕਰ ਲੈਂਦੀਆਂ ਸਨ। ਗੁਰਵੀਨ ਦਾ ਪਤੀ ਹਫ਼ਤੇ ਪੰਦਰਾਂ ਦਿਨਾਂ ਬਾਅਦ ਖ਼ੁਦ ਜਾ ਕੇ ਸੁੱਖਸਾਂਦ ਪੁੱਛ ਆਉਂਦਾ। ਇਸ ਤਰ੍ਹਾਂ ਦੋਨੋਂ ਪਰਿਵਾਰ ਖ਼ੁਸ਼ਖਬਰੀ ਦੀ ਉਡੀਕ ਕਰਨ ਲੱਗੇ। ਪਰ ਜ਼ਿੰਦਗੀ ਦੇ ਇਸ ਮੋੜ ’ਤੇ ਆ ਕੇ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਦੋਹਾਂ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ। ਕੁਦਰਤ ਦੀ ਇਸ ਹੋਣੀ ਨੇ ਦੋਹਾਂ ਪਰਿਵਾਰਾਂ ਕੋਲੋਂ ਖ਼ੁਸ਼ੀਆਂ ਨੂੰ ਸਦਾ ਲਈ ਖੋਹ ਲਿਆ। ਗੁਰਲੀਨ ਦੇ ਪਤੀ ਦੀ ਸਹੁਿਰਆਂ ਘਰੋਂ ਮੁੜਦੇ ਸਮੇਂ ਇਕ ਸੜਕ ਦੁਰਘਟਨਾ ਵਿਚ ਮੌਤ ਹੋ ਗਈ। ਦੋਨੋਂ ਹੀ ਪਰਿਵਾਰਾਂ ਲਈ ਇਹ ਨਾ ਸਹਿਣਯੋਗ ਘਟਨਾ ਸੀ। ਡਾਕਟਰੀ ਸਹਾਇਤਾ ਦੇ ਕੇ ਸਸਕਾਰ ਤੋਂ ਪਹਿਲਾਂ ਗੁਰਲੀਨ ਨੂੰ ਆਪਣੇ ਪਤੀ ਦਾ ਮੂੰਹ ਦਿਖਾਉਣ ਲਈ ਅੈਂਬੂਲੈਂਸ ਵਿਚ ਲੈ ਕੇ ਆਂਦਾ। ਸੁਧ-ਬੁਧ ਖੋਹ ਚੁੱਕੀ ਗੁਰਲੀਨ ਦੀ ਦੁਨੀਆ ਵਿਰਾਨ ਹੋ ਚੁੱਕੀ ਸੀ। ਵਾਪਸ ਪੇਕੇ ਪਿੰਡ ਆ ਕੇ ਕੁਝ ਦਿਨਾਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸ ਨੇ ਇਕ ਨੰਨ੍ਹੀ ਪਰੀ ਨੂੰ ਜਨਮ ਦਿੱਤਾ। ਚਾਹੁੰਿਦਆਂ ਹੋਇਆਂ ਵੀ ਉਹ ਪਤੀ ਦੀ ਅੰਤਮ ਅਰਦਾਸ ਵਿਚ ਸ਼ਾਮਲ ਨਾ ਹੋ ਸਕੀ। ਕਿਉਂਕਿ ਡਾਕਟਰੀ ਹਦਾਇਤਾਂ ਮੁਤਾਬਕ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਕਿਸੇ ਹੋਰ ਅਣਹੋਣੀ ਦੇ ਡਰੋਂ ਉਸ ਨੂੰ ਹਸਪਤਾਲ ਵਿਚ ਹੀ ਰੱਖਣਾ ਪੈ ਗਿਆ ਸੀ। ਸਮਾਂ ਆਪਣੀ ਤੋਰੇ ਤੁਰਦਾ ਗਿਆ। 2 ਕੁ ਮਹੀਨੇ ਬਾਅਦ ਸਹੁਰਾ ਪਰਿਵਾਰ ਗੁਰਲੀਨ ਨੂੰ ਸੋਗੀ ਹਾਲਤ ਵਿਚ ਆਪਣੇ ਕੋਲ ਲੈ ਆਇਆ। ਉਨ੍ਹਾਂ ਕੋਲੋਂ ਵੀ ਆਪਣੇ ਇਕਲੌਤੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲਿਆ ਨਹੀਂ ਜਾਂਦਾ ਸੀ ਉਧਰੋਂ ਭਰ-ਜੁਆਨ ਵਿਧਵਾ ਨੂੰਹ ਦਾ ਚਿਹਰਾ ਵੀ ਦੇਖਿਆ ਨਹੀਂ ਸੀ ਜਾਂਦਾ। ਕੁਝ ਹੀ ਸਮੇਂ ਬਾਅਦ ਦੋਹਾਂ ਪਰਿਵਾਰਾਂ ਨੇ ਸਹਿਮਤੀ ਨਾਲ ਗੁਰਲੀਨ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਉਸ ਦੇ ਪੇਕੇ ਪਿੰਡ ਨੂੰ ਤੋਰਿਆ ਤੇ ਆਪਣੀ ਪੋਤਰੀ ਨੂੰ ਆਪਣੇ ਪੁੱਤਰ ਦੀ ਆਖਰੀ ਨਿਸ਼ਾਨੀ ਸਮਝ ਕੇ ਆਪ ਹੀ ਪਾਲਣ ਪੋਸ਼ਣ ਦਾ ਫ਼ੈਸਲਾ ਲਿਆ ਇਸ ਤਰ੍ਹਾਂ ਨਾਲ ਉਹ ਬੱਚੀ ਵਿੱਚੋਂ ਆਪਣੇ ਪੁਤਰ ਨੂੰ ਵੀ ਦੇਖ ਲਿਆ ਕਰਨਗੇ। ਸਹੁਰੇ ਪਰਿਵਾਰ ਕੋਲੇ ਗੁਰਲੀਨ ਦੇ ਵਿਛੋੜੇ ਦਾ ਦੁੱਖ ਅਤੇ ਆਪਣੇ ਪੁੱਤਰ ਦੇ ਵਿਛੋੜੇ ਦਾ ਦੁੱਖ ਦੋਨੋਂ ਹੀ ਇਕ ਬਰਾਬਰ ਸਨ ਪਰ ਉਨ੍ਹਾਂ ਨੇ ਪਰਮਾਤਮਾ ਦਾ ਭਾਣਾ ਮੰਨ ਕੇ ਇਸ ਨੂੰ ਸਹਿਣ ਦਾ ਤਹੱਈਆ ਕੀਤਾ ਤੇ ਹਰ ਟਾਈਮ ਪੋਤੀ ਦੇ ਚਾਅ-ਮਲਾਰ ਵਿਚ ਲੱਗੇ ਰਹਿੰਦੇ। ਉੱਧਰ ਗੁਰਲੀਨ ਨੂੰ ਪੇਕੇ ਘਰ ਆ ਕੇ ਵੀ ਆਪਣੀ ਪੁੱਤਰੀ ਤੇ ਪਤੀ ਦੀ ਯਾਦ ਸਤਾਉਦੀ ਰਹਿੰਦੀ ਸੀ। ਹਸੂੰ- -ਹਸੂੰ ਕਰਦੇ ਚਿਹਰੇ ’ਤੇ ਹਮੇਸ਼ਾ ਉਦਾਸੀ ਛਾਈ ਰਹਿਣੀ। ਭਰ ਜੁਆਨ ਧੀ ਦੇ ਵਿਧਵਾ ਹੋ ਜਾਣ ਦਾ ਦੁੱਖ ਮਾਂ ਤੋਂ ਵੱਧ ਹੋਰ ਕੌਣ ਜਾਣ ਸਕਦਾ ਸੀ। ਹਰ ਟਾਇਮ ਗੁੰਮ-ਸੁਮ ਰਹਿਣ ਦਾ ਦੁੱਖ ਮਾਂ ਤੋ ਦੇਖਿਆਂ ਨਾ ਜਾਂਦਾ। ਉਹ ਧੀ ਅਤੇ ਪਰਿਵਾਰ ਤੋਂ ਚੋਰੀ ਚੋਰੀ ਕਈ ਵਾਰੀ ਰੋਦੀ ਪਰ ਧੀ ਨੂੰ ਮਹਿਸੂਸ ਨਾ ਹੋਂਣ ਦਿੰਦੀ। ਮਾਂ ਜਾਣ ਬੁਝ ਕੇ ਉਸ ਨੂੰ ਇਧਰ ਉਧਰ ਦੀਆਂ ਗੱਲਾਂ ਵਿਚ ਲਗਾਉਂਦੀ, ਗੁਰੂ-ਘਰ ਦੀ ਸਾਖੀਆਂ ਵਗੈਰਾ ਸੁਣਾਉਂਦੀ ਤਾਂ ਜੋ ਧੀ ਦਾ ਮਨ ਦੂਜੇ ਪਾਸੇ ਲੱਗੇ। ਪਰ ਗੁਰਲੀਨ ਸਿਰਫ਼ ਹੂੰ-ਹਾਂ ਦਾ ਹੀ ਹੁੰਗਾਰਾ ਭਰਦੀ ਸੀ। ਮਾਂ ਤੋਂ ਧੀ ਦੀ ਇਹ ਤਰਸਯੋਗ ਹਾਲਤ ਹਰ ਸਮੇਂ ਦੇਖੀ ਨਹੀਂ ਸੀ ਜਾਂਦੀ। ਕਿਤੇ ਚੰਗਾ ਘਰ ਦੇਖ ਕੇ ਵਿਆਹੁਣ ਦੀ ਗੱਲ ਕੀਤੀ। ਤਾਂ ਜੋ ਕੁੜੀ ਦੇ ਮਨ ਤੋਂ ਬੋਝ ਲੱਥੇ। 6 ਕੁ ਮਹੀਿਨਆਂ ਬਾਅਦ ਘਰਦਿਆਂ ਨੇ ਮੋਗੇ ਕੋਲੇ ਇਕ ਪਿੰਡ ਵਿਚ ਇਕ ਚੰਗੇ ਘਰ ਰਿਸ਼ਤਾ ਕਰ ਦਿੱਤਾ। ਪਰਿਵਾਰ ਨੇ ਪਹਿਲਾਂ ਦੀ ਤਰ੍ਹਾਂ ਵਧੀਆ ਵਿਆਹ ਕੀਤਾ ਤੇ ਗੁਰਲੀਨ ਆਪਣੇ ਨਵੇਂ ਸਹੁਰੇ ਪਰਿਵਾਰ ਵਿਚ ਵਧੀਆ ਤੇ ਸੁਖੀ ਜ਼ਿੰਦਗੀ ਬਤੀਤ ਕਰ ਰਹੀ ਸੀ। ਸਹੁਰੇ ਪਰਿਵਾਰ ਵਿਚ ਜੇਠ ਤੇ ਜਿਠਾਣੀ ਅੱਡ ਰਹਿੰਦੇ ਸਨ। ਗੁਰਲੀਨ ਤੇ ਉਸਦਾ ਪਤੀ ਮਾਤਾ ਪਿਤਾ ਨਾਲ ਰਹਿੰਦੇ ਸਨ। ਸਮੇਂ ਦੀ ਤੋਰੇ ਤੁਰਦਿਆਂ ਪਰਮਾਤਮਾ ਨੇ ਉਸ ਦੇ ਘਰ ਨੂੰ ਇਕ ਵਾਰ ਫਿਰ ਖ਼ੁਸ਼ੀਆਂ ਨਾਲ ਭਰ ਦਿੱਤਾ। 2 ਕੁ ਸਾਲਾਂ ਬਾਅਦ ਉਸ ਨੇ ਜੁੜਵੇ ਬੱਚਿਆਂ (ਕੁੜੀ-ਮੁੰਡਾ) ਨੂੰ ਜਨਮ ਦਿੱਤਾ। ਸਹੁਰੇ ਪਰਿਵਾਰ ਵਲੋਂ ਖ਼ੁਸ਼ੀ ਦੇ ਇਸ ਮੌਕੇ ’ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਤੇਰਵੇ ’ਤੇ ਘਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਗੁਰਲੀਨ ਦੇ ਮਾਤਾ-ਪਿਤਾ, ਭਰਾ ਭਰਜਾਈ ਵੀ ਇਸ ਰਸਮ ਵਿਚ ਸ਼ਾਮਲ ਹੋਏ ਤੇ ਰੀਤੀ ਰਿਵਾਜ ਮੁਤਾਬਕ ਗਹਿਣੇ ਤੇ ਕੱਪੜੇ ਆਦਿ ਦਿੱਤੇ। ਦੋਹਾਂ ਹੀ ਪਰਿਵਾਰਾਂ ਵਿਚ ਬਹੁਤ ਖ਼ੁਸ਼ੀ ਦਾ ਮਾਹੌਲ ਸੀ। ਸਮੇਂ ਦੇ ਨਾਲ-ਨਾਲ ਬੱਚੇ ਵੱਡੇ ਹੁੰਦੇ ਗਏ, ਦੋਨੋਂ ਬੱਚੇ ਪੜ੍ਹਨ ਵਿਚ ਬਹੁਤ ਹੁਸ਼ਿਆਰ ਸਨ। ਗੁਰਲੀਨ ਖ਼ੁਦ ਆਪ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖ਼ਿਆਲ ਰੱਖਦੀ ਸੀ। 10+2 ਵਿੱਚੋਂ ਬੱਚਿਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ ਤਾਂ ਪਰਿਵਾਰ ਨੇ ਫ਼ੈਸਲਾ ਕੀਤਾ ਕਿ ਬੱਚਿਆਂ ਨੂੰ ਆਇਲੈਟਸ ਕਰਵਾ ਕੇ ਪੜ੍ਹਨ ਲਈ ਕੈਨੇਡਾ ਭੇਜਿਆ ਜਾਵੇ। ਸੋ ਬੱਚਿਆਂ ਨੇ ਆਇਲੈਟਸ ਵਿੱਚੋਂ ਵੀ ਪਹਿਲੀ ਵਾਰੀ ਹੀ ਚੰਗੇ ਨੰਬਰ ਲੈ ਲਏ। ਉਚੇਰੀ ਸਿੱਖਿਆ ਲਈ ਕੈਨੇਡਾ ਦਾ ਵੀਜ਼ਾ ਵੀ ਹਾਸਲ ਕਰ ਲਿਆ। ਦੋਨੋਂ ਹੀ ਬੱਚਿਆਂ ਨੂੰ ਪੜ੍ਹਨ ਲਈ ਕੈਨੇਡਾ ਭੇਜ ਕੇ ਗੁਰਲੀਨ ਆਪਣੇ ਪਤੀ ਨਾਲ ਖੇਤੀ ਵਿਚ ਹੱਥ ਵਟਾਉਂਦੀ ਤੇ ਸੱਸ ਸਹੁਰੇ ਦੀ ਸੇਵਾ ਵਿਚ ਲੱਗੀ ਰਹਿੰਦੀ। ਜਦ ਕਦੇ ਘਰ ਵਿਚ ਇਕੱਲੀ ਹੁੰਦੀ ਤਾਂ ਆਪਣੀ ਢਿੱਡੋਂ ਜੰਮੀਂ ਪਹਿਲੀ ਧੀ ਨੂੰ ਯਾਦ ਕਰਕੇ ਹੌਕਾ ਜ਼ਰੂਰ ਭਰਦੀ ਪਰ ਕਿਸੇ ਨੂੰ ਮਹਿਸੂਸ ਨਹੀਂ ਸੀ ਹੋਣ ਦਿੰਦੀ। ਗੁਰਲੀਨ ਦੇ ਪਤੀ ਨੇ ਵੀ ਕਦੇ ਉਸ ਨੂੰ ਉਸਦੀ ਬੀਤੀ ਜ਼ਿੰਦਗੀ ਬਾਰੇ ਨਹੀਂ ਸੀ ਪੁੱਛਿਆ। ਕੈਨੇਡਾ ਗਏ ਮੁੰਡੇ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਤਾਂ ਉਹ ਜਲਦੀ ਹੀ ਪੀਆਰ ਹੋ ਗਿਆ। ਪਹਿਲਾਂ ਵੀ ਪਤੀ-ਪਤਨੀ ਵਾਰੋ-ਵਾਰੀ ਕੈਨੇਡਾ ਦਾ ਚੱਕਰ ਲਾ ਆਏ ਸਨ। ਪਰ ਹੁਣ ਦੋਨੋਂ ਜੀਆਂ ਨੇ ਪੱਕੇ ਤੌਰ ’ਤੇ ਕੈਨੇਡਾ ਜਾਣਾ ਸੀ। ਸੱਸ ਸਹੁਰੇ ਨੂੰ ਜੇਠ-ਜੇਠਾਣੀ ਕੋਲ ਛੱਡ ਕੇ ਕੋਠੀ ਨੂੰ ਜੰਦਰਾ ਮਾਰ ਕੇ ਦੋਨੋਂ ਬੱਚਿਆਂ ਕੋਲ ਕੈਨੇਡਾ ਚਲੇ ਗਏ। ਉਨ੍ਹਾਂ ਦੇ ਪਹੁੰਚਣ ਦੀ ਦੋਹਾਂ ਭੈਣ-ਭਰਾਵਾਂ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾਂਦੀ। 3-4 ਸਾਲ ਬਾਅਦ ਮੁੜਨ ਦਾ ਪ੍ਰੋਗਰਾਮ ਬਣਾ ਕੇ ਗਏ ਪਤੀ-ਪਤਨੀ 2 ਕੁ ਮਹੀਨਿਆਂ ਬਾਅਦ ਕੰਮ ਉੱਪਰ ਲੱਗ ਗਏ। ਡਾਲਰਾਂ ਦੀ ਚਕਾਚੌਂਧ ਤੇ ਬੱਚਿਆਂ ਨਾਲ ਰਹਿੰਦਿਆਂ ਨੂੰ ਟਾਇਮ ਦੇ ਲੰਘਂਣ ਦਾ ਪਤਾ ਹੀ ਨਹੀਂ ਸੀ ਲੱਗਦਾ। ਜ਼ਿੰਦਗੀ ਦੀ ਹਰ ਖ਼ੁਸ਼ੀ ਦਾ, ਪੂਰਾ ਪਰਿਵਾਰ ਅਨੰਦ ਮਾਣ ਰਿਹਾ ਸੀ। ਪਤੀ-ਪਤਨੀ ਜੇ ਬੱਚਿਆਂ ਨਾਲ ਵਿਆਹ ਦੀ ਗੱਲਬਾਤ ਕਰਦੇ ਤਾਂ ਲੜਕੀ ਮੈਡੀਕਲ ਦੀ ਪੜ੍ਹਾਈ ਕਰਕੇ ਗੱਲ ਟਾਲ ਦਿੰਦੀ ਤੇ ਲੜਕਾ ਪਹਿਲਾਂ ਘਰ ਲੈ ਕੇ ਵਿਆਹ ਕਰਨ ਦੀ ਸ਼ਰਤ ਰੱਖ ਦਿੰਦਾ। ਵੈਸੇ ਵੀ ਯੂਰਪੀ ਰੰਗ ਵਿਚ ਰੰਗੇ ਬੱਚੇ ਅਜੇ ਵਿਆਹ ਬਾਰੇ ਸੋਚ-ਵਿਚਾਰ ਤੋਂ ਦੂਰ ਹੀ ਸਨ। ਪਰ ਮਾਂ-ਪਿਉ ਦੇ ਜ਼ੋਰ ਪਾਉਣ ’ਤੇ ਲੜਕੇ ਨੇ ਉਨ੍ਹਾਂ ਦੀ ਮਰਜ਼ੀ ਨਾਲ ਵਿਆਹ ਕਰਨ ਦੀ ਹਾਮੀ ਭਰ ਦਿੱਤੀ ਸੀ। ਗੁਰਲੀਨ ਨੇ ਆਪਣੀ ਜੇਠ-ਜੇਠਾਣੀ ਨਾਲ ਤੇ ਪੇਕਿਆਂ ਨਾਲ ਮੁੰਡੇ ਵਾਸਤੇ ਕਿਸੇ ਚੰਗੇ ਘਰ ਦੀ ਲੜਕੀ ਲਈ ਗੱਲ ਤੋਰੀ ਤਾਂ ਜੋ ਐਤਕੀਂ ਆਉਣ ’ਤੇ ਮੁੰਡੇ ਦਾ ਵਿਆਹ ਕੀਤਾ ਜਾਵੇ। ਉਧਰ ਦਾਦਾ-ਦਾਦੀ ਕੋਲ ਪਲ ਕੇ ਜੁਆਨ ਹੋ ਰਹੀ ਪੋਤੀ ਨੀਨਾ ਪੜ੍ਹਾਈ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਦੀ ਸੀ। ਨੀਨਾ ਆਪਣੀ ਭੂਆ ਜੀ ਦੇ ਵਿਆਹ ਪਿੱਛੋਂ ਦਾਦਾ-ਦਾਦੀ ਦਾ ਵੀ ਪੂਰਾ ਖਿਆਲ ਰੱਖਦੀ ਸੀ। ਦਾਦੀ ਹਰ ਸਮੇਂ ਆਪਣੀ ਪੋਤੀ ਦਾ ਧੀਆਂ ਵਾਂਗ ਖਿਆਲ ਰੱਖਦੀ ਤੇ ਹਰ ਦੁੱਖ-ਸੁੱਖ ਉਸ ਨਾਲ ਸਾਂਝਾ ਕਰਦੀ। ਉਹ ਦੋਨੋਂ ਹੀ ਪੋਤਰੀ ਵਿੱਚੋੋਂ ਆਪਣੇ ਪੁੱਤਰ ਨੂੰ ਦੇਖਦੇ ਸਨ। ਉਨ੍ਹਾਂ ਨੇ ਕਦੇ ਵੀ ਆਪਣੇ ਪੁੱਤਰ ਦੇ ਵਿਛੋੜੇ ਦਾ ਦੁੱਖ ਤੇ ਨੀਨਾ ਦੀ ਮਾਂ ਦੇ ਮਜਬੂਰੀਵੱਸ ਆਪਣੇ ਪੇਕੇ ਜਾਣ ਦਾ ਜ਼ਿਕਰ ਉਸ ਕੋਲ ਨਹੀਂ ਸੀ ਕੀਤਾ। ਨੀਨਾ ਨੇ ਐਮ-ਏ ਕਰਨ ਤੋਂ ਬਾਅਦ ਬੀ-ਐੱਡ ਕਰ ਲਈ ਸੀ। ਕੁਝ ਸਮੇਂ ਲਈ ਪ੍ਰਾਈਵੇਟ ਸਕੂਲ ਵਿਚ ਟੀਚਰ ਦੀ ਨੌਕਰੀ ਕਰਨ ਲੱਗ ਗਈ। ਦਾਦਾ-ਦਾਦੀ ਨੇ ਨੀਨਾ ਨਾਲ ਸਲਾਹ ਕਰ ਕੇ ਕਿਸੇ ਚੰਗੇ ਘਰ ਦਾ ਰਿਸ਼ਤਾ ਭਾਲਣਾ ਸ਼ੁਰੂ ਕਰ ਦਿੱਤਾ। ਉਹ ਚਾਹੁੰਦੇ ਸਨ ਕਿ ਆਪਣੇ ਬੈਠੇ ਬੈਠੇ ਇਸ ਦਾ ਵਿਆਹ ਕਰ ਦੇਈਏ। ਅਖੀਰ ਨੂੰ ਮੋਗੇ ਕੋਲ ਇਕ ਪਿੰਡ ਵਿਚ ਚੰਗੇ ਘਰ ਦੀ ਦੱਸ ਪਈ। ਮੁੰਡਾ ਇੰਜੀਨੀਅਰਿੰਗ ਦੀ ਪੜ੍ਹ੍ਾਈ ਕਰ ਕੇ ਇਕ ਚੰਗੀ ਕੰਪਨੀ ਵਿਚ ਨੌਕਰੀ ਲੱਗਾ ਸੀ। ਗੱਲਬਾਤ ਤੋਰੀ ਤਾਂ ਦੇਖ ਿਦਖਾਈ ਤੋਂ ਬਾਅਦ ਦੋਨਾਂ ਹੀ ਪਰਿਵਾਰਾਂ ਵੱਲੋਂ ਰਿਸ਼ਤੇ ਦੀ ਗੱਲਬਾਤ ਪੱਕੀ ਹੋ ਗਈ। ਇਕ ਮਹੀਨੇ ਵਿਚ ਹੀ ਵਿਆਹ ਦਾ ਦਿਨ ਮਿੱਥ ਕੇ ਬੜੀ ਧੂਮ-ਧਾਮ ਨਾਲ ਨਾਲ ਵਿਆਹ ਕੀਤਾ ਗਿਆ। ਨੀਨਾ ਦੇ ਸਹੁਰੇ ਪਰਿਵਾਰ ਨੇ ਵੀ ਸਾਰੇ ਰਸਮੋ ਰਿਵਾਜ ਖ਼ੁਸ਼ੀ-ਖ਼ੁਸ਼ੀ ਕੀਤੇ। ਤੇ ਨੀਨਾ ਆਪਣੇ ਜੀਵਨ ਸਾਥੀ ਕੁਲਜੀਤ ਨਾਲ ਨਵੀਂ ਜ਼ਿੰਦਗੀ ਦੇ ਸਫ਼ਰ ਲਈ ਰਵਾਨਾ ਹੋ ਗਈ। ਨੀਨਾ ਨੂੰ ਖ਼ੁਸ਼ ਤੇ ਸੁੱਖੀ ਸਾਂਦੀ ਵੱਸਦੀ ਨੂੰ ਦੇਖ ਦਾਦੇ-ਦਾਦੀ ਤੋਂ ਚਾਅ ਝੱਲਿਆ ਨਹੀਂ ਸੀ ਜਾਂਦਾ। ਉਹ ਨੀਨਾ ਨੂੰ ਸੁਖੀ ਵੱਸਦੀ ਵੇਖ ਬੁਢਾਪੇ ’ਚ ਵੀ ਸਿਹਤ ਪੱਖੋਂ ਵਧੀਆ ਤੇ ਤੰਦਰੁਸਤ ਰਹਿਣ ਲੱਗ ਪਏ। ਇੱਧਰ ਨੀਨਾ ਆਪਣੇ ਸਹੁਰੇ ਪਰਿਵਾਰ ਵਿਚ ਬਹੁਤ ਖ਼ੁਸ਼ੀ-ਖ਼ੁਸ਼ੀ ਰਹਿ ਰਹੀ ਸੀ। ਗੁਰਲੀਨ ਤੇ ਉਸ ਦਾ ਪਤੀ ਮਜਬੂਰੀ ਵੱਸ ਇਸ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇ ਕਿਉਕਿ ਉਨ੍ਹਾਂ ਦਾ ਪਹਿਲਾਂ ਹੀ ਪ੍ਰੋਗਰਾਮ ਅਗਲੇ ਸਾਲ ਪਿੰਡ ਜਾਣ ਦਾ ਬਣਿਆ ਰੋਇਆਂ ਸੀ। ਬਾਕੀ ਜਿੱਥੇ ਕੰਮ ਕਰਦੇ ਸਨ ਉੱਥੇ ਵੀ ਉਨ੍ਹਾਂ ਨੇ ਉਸੇ ਹਿਸਾਬ ਨਾਲ ਛੁੱਟੀ ਦਾ ਅਪਲਾਈ ਕੀਤਾ ਹੋਇਆਂ ਸੀ। ਪਿੰਡੋਂ ਪਤਾ ਲੱਗਿਆ ਕਿ ਤਾਇਆ ਜੀ ਹੋਰਾਂ ਨੇ ਵਿਆਹ ਬਹੁਤ ਵਧੀਆ ਕੀਤਾ ਹੈ। ਉੱਧਰ ਕੁਲਜੀਤ ਦੇ ਸੁਹਰਿਆਂ ਨੇ ਵੀ ਸ਼ਾਹਕੋਟ ਬਹੁਤ ਵੱਡੇ ਪੈਲਸ ਵਿਚ ਵਿਆਹ ਕੀਤਾ ਹੈ। ਕੁੜੀ ’ਕੱਲੀ ’ਕੱਲੀ, ਚੰਗੀ ਪੜ੍ਹੀ ਲਿਖੀ ਤੇ ਸੋਹਣੀ ਸੁਨੱਖੀ ਹੈ। ਗੁਰਲੀਨ ਨੂੰ ਪਤਾ ਸੀ ਕਿ ਬਰਾਤ ਸ਼ਾਹਕੋਟ ਗਈ ਹੈ ਤਾਂ ਉਸ ਦੇ ਮਨ ਵਿਚ ਇਕ ਡਰ ਉਸ ਨੂੰ ਵਾਰ-ਵਾਰ ਸਤਾਉਣ ਲੱਗਾ। ਗੁਰਲੀਨ ਬੇਸ਼ੱਕ ਕੈਨੇਡਾ ਵਿਚ ਆਪਣੇ ਬੱਚਿਆਂ ਕੋਲ ਖ਼ੁਸ਼ੀ-ਖ਼ੁਸ਼ੀ ਰਹਿ ਰਹੀ ਸੀ ਪਰ ਕਦੇ ਨਾ ਕਦੇ ਉਸ ਨੂੰ ਆਪਣੀ ਪਹਿਲੀ ਧੀ ਦੀ ਯਾਦ ਜ਼ਰੂਰ ਆ ਜਾਂਦੀ ਸੀ। ਸਮੇਂ ਬੀਤਣ ਦੇ ਨਾਲ ਨਾਲ ਉਹ ਦਿਨ ਵੀ ਆ ਗਿਆ ਜਦੋਂ ਗੁਰਲੀਨ ਇਕੱਲੀ ਆਪਣੇ ਪਿੰਡ ਨੂੰ ਆਉਣ ਲਈ ਜਹਾਜ਼ ਵਿਚ ਖ਼ੁਸ਼ੀ-ਖ਼ੁਸ਼ੀ ਬੈਠੀ। ਪਤੀ ਤੇ ਦੋਹਾਂ ਬੱਚਿਆਂ ਨੇ ਇਕ ਮਹੀਨੇ ਬਾਅਦ ਆਉਣਾ ਸੀ। ਸੋ ਪਹਿਲਾਂ ਬਣੇ ਪ੍ਰੋਗਰਾਮ ਮੁਤਾਬਕ ਉਸ ਨੇ ਪਿੰਡ ਜਾ ਕੇ ਘਰ ਬਾਰ ਦੀ ਤਿਆਰੀ ਕਰਾਉਣੀ ਸੀ। ਪਿੰਡ ਜੇਠ-ਜੇਠਾਣੀ, ਸੱਸ ਸਹੁਰੇ ਨੂੰ ਮਿਲ ਕੇ ਪੇਕੇ ਪਰਿਵਾਰ ਦੇ ਭਰਾਵਾਂ-ਭਰਜਾਈਆਂ ਤੇ ਬੱਚਿਆਂ ਨੂੰ ਮਿਲ ਕੇ ਸਾਰਿਆਂ ਨਾਲ ਦੁੱਖ-ਸੁੱਖ ਸਾਂਝੇ ਕੀਤੇ। ਕੋਠੀ ਦੀ ਸਾਫ਼-ਸਫ਼ਾਈ ਕਰ ਕੇ ਰੰਗ ਰੋਗਨ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਿਕ ਪਰਿਵਾਰ ਦੇ ਬਾਕੀ ਜੀਆਂ ਦੇ ਆਉਣ ਤੋਂ ਪਹਿਲਾਂ ਸਾਰਾ ਕੰਮ ਖ਼ਤਮ ਕੀਤਾ ਜਾਵੇ। ਇਕ ਦਿਨ ਟਾਇਮ ਕੱਢ ਕੇ ਗੁਰਲੀਨ ਆਪਣੀ ਭਤੀਜ ਨੂੰਹ ਨੂੰ ਮਿਲਣ ਲਈ ਆਪਣੇ ਤਾਇਆ ਜੀ ਦੇ ਘਰ ਗਈ। ਐਤਵਾਰ ਹੋਣ ਕਰਕੇ ਜੇਠ ਤੇ ਜਠਾਣੀ ਜੀ ਕਿਤੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ। ਘਰ ਵਿਚ ਕੁਲਜੀਤ ਤੇ ਉਸ ਦੀ ਵਹੁਟੀ ਹੀ ਸਨ। ਕੋਠੀ ਵਿਚ ਵੜਨ ਸਾਰ ਬਾਹਰ ਵਿਹੜੇ ਵਿਚ ਖੜ੍ਹੀ ਨੂੰਹ ਨੂੰ ਜਦੋਂ ਉਸ ਨੇ ਦੇਖਿਆ ਤਾਂ ਉਸ ਦੇ ਹੋਸ਼ ਹਵਾਸ ਉੱਡ ਗਏ। ਬਿਲਕੁਲ ਉਹੀ ਸ਼ਕਲ ਸੂਰਤ ਤੇ ਆਪਣੇ ਪਿਤਾ ਵਰਗੇ ਨੈਣ ਨਕਸ਼ ਸਭ ਤੋਂ ਵੱਡੀ ਗੱਲ ਇਹ ਿਕ 25-26 ਸਾਲ ਪਹਿਲਾਂ ਢਿੱਡੋਂ ਜੰਮੀ ਨੂੰ ਉਹ ਕਿਵੇਂ ਭੁੱਲ ਸਕਦੀ ਸੀ। ਪਰ ਫਿਰ ਵੀ ਉਹ ਸੰਭਲੀ ਤੇ ਆਪਣੀ ਸੋਚ ਨੂੰ ਮੋੜਦਿਆਂ ਆਪਣੀ ਭਤੀਜ ਨੂੰਹ ਨੂੰ ਘੁੱਟ ਕੇ ਮਿਲੀ। ਨੂੰਹ ਨੇ ਪੈਰੀਂ ਹੱਥ ਲਾਏ। ਕੁਲਜੀਤ ਨੇ ਨੀਨਾ ਦੀ ਆਪਣੀ ਚਾਚੀ ਜੀ ਨਾਲ ਜਾਣ ਪਛਾਣ ਕਰਾਈ ਅਤੇ ਦੱਸਿਆ ਕਿ ਇਹ ਸਾਰਾ ਪਰਿਵਾਰ ਕੈਨੇਡਾ ਵਿਚ ਰਹਿੰਦਾ ਹੈ। ਆਪਣੀ ਵਹੁੱਟੀ ਨੂੰ ਚਾਚੀ ਕੋਲ ਬਿਠਾ ਕੇ ਕੁਲਜੀਤ ਕੋਕ ਵਗੈਰਾ ਲੈਣ ਰਸੋਈ ਵਿਚ ਚਲਾ ਗਿਆ। ਨੀਨਾ ਨੂੰ ਚਾਚੀ ਨੇ ਆਪਣੀ ਬੁੱਕਲ ਵਿਚ ਬਿਠਾਇਆ ਤੇ ਉਹ ਉਸ ਦੇ ਿਚਹਰੇ ਨੂੰ ਪੂਰੀ ਨੀਝ ਨਾਲ ਨਿਹਾਰਦੀ ਰਹੀ। ਕੋਕ ਵਗੈਰਾ ਪੀਣ ਦੇ ਨਾਲ-ਨਾਲ ਉਹ ਵਿਆਹ ਦੀ ਐਲਬਮ ਵੀ ਵੇਖਣ ਿਵਖਾਉਣ ਲੱਗ ਪਏ ਤੇ ਨਾਲੇ ਵਿਆਹ ਦੀਆਂ ਗੱਲਾਂ-ਬਾਤਾਂ ਕਰਨ ਲੱਗ ਪਏ। ਕੁਲਜੀਤ ਕੈਨੇਡਾ ਵਿਚ ਆਪਣੇ ਭੈਣ-ਭਰਾ ਤੇ ਚਾਚਾ ਜੀ ਬਾਰੇ ਵੀ ਚਾਚੀ ਕੋਲੋਂ ਹਾਲ ਚਾਲ ਪੁੱਛ ਰਿਹਾ ਸੀ। ਐਲਬਮ ਦੇਖਦਿਆਂ ਅਚਾਨਕ ਅਖੀਰਲੇ ਪੇਜ ’ਤੇ ਫੁੱਲਾਂ ਨਾਲ ਸਜੀ ਫੋਟੋ ਨੂੰ ਦੇਖ ਕੇ ਗੁਰਲੀਨ ਇਕ ਦਮ ਚੌਂਕ ਗਈ। ਇਹ ਫੋਟੋ ਨੀਨਾ ਦੇ ਪਿਤਾ ਜੀ (ਗੁਰਲੀਨ ਦੇ ਪਹਿਲੇ ਪਤੀ) ਦੀ ਸੀ। ਗੁਰਲੀਨ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਡਿੱਗਣ ਲੱਗ ਪਏ। ਇਹ ਵੇਖ ਕੁਲਜੀਤ ਫਟਾ ਫੱਟ ਪਾਣੀ ਦਾ ਗਲਾਸ ਲਿਆਇਆ ਤੇ ਉਸ ਨੂੰ ਪੀਂਦਿਆਂ ਗੁਰਲੀਨ ਸੁਰਤਸਿਧ ਹੋਈ ਤਾਂ ਉਹ ਆਪਣੇ ਜੀਵਨ ਵਿਚ 25-26 ਸਾਲ ਪਹਿਲਾਂ ਵਾਪਰੀਆਂ ਤਲਖ਼ ਘਟਨਾਵਾਂ ਦੀ ਉਦੇੜ-ਬੁਣ ਵਿਚ ਉਲਝ ਰਹੀ ਸੀ। ਉਹ ਤਲਖ਼ ਹਕੀਕਤਾਂ ਜਿਸ ਨੂੰ ਉਸਨੇ ਆਪਣੀ ਜ਼ਿੰਦਗੀ ਵਿੱਚੋਂ ਮਨਫੀ ਕਰ ਦਿਤਾ ਸੀ ਅੱਜ ਫਿਰ ਉਸ ਦੇ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਸਨ। ਇਸ ਨਵੇਂ ਬਣੇ ਰਿਸ਼ਤੇ ਨੂੰ ਹੁਣ ਉਹ ਕੀ ਨਾਮ ਦੇਵੇਗੀ? ਇਸੇ ਉਲਝਣ ਵਿਚ ਬੈਠੀ ਸੋਚਦੀ ਸੋਚਦੀ ਦੇ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗ ਪਏ। ਹੰਝੂ ਪੂੰਝਦੀ ਹੋਈ ਨੂੰ ਦੇਖ ਕੇ ਕੁਲਜੀਤ ਨੇ ਕੈਨੇਡਾ ਰਹਿੰਦੀ ਭੈਣ ਦੀ ਯਾਦ ਸਮਝ ਕੇ ਚਾਚੀ ਜੀ ਨੂੰ ਚੁੱਪ ਕਰਾਇਆ ਤੇ ਨੀਨਾ ਵੀ ਉਸ ਨੂੰ ਚੁੱਪ ਕਰਾਉਣ ਲੱਗੀ। ਨੀਨਾ ਚਾਹ ਬਣਾਉਣ ਲਈ ਰਸੋਈ ਵੱਲ ਜਾਣ ਲਗੀ ਤਾਂ ਕੁਲਜੀਤ ਨੇ ਉਸ ਨੂੰ ਜ਼ਬਰਦਸਤੀ ਰੋਕ ਲਿਆ ਤੇ ਕੋਲ ਬਿਠਾ ਲਿਆ ਪਰ ਹੁਣ ਉਸ ਲਈ ਉੱਥੇ ਇਕ ਪੱਲ ਵੀ ਬੈਠਣਾ ਭਾਰੀ ਪੈ ਰਿਹਾ ਸੀ। ਉਸ ਨੇ ਫਿਰ ਆਉਣ ਦਾ ਬਹਾਨਾ ਬਣਾ ਕੇ ਨੀਨਾ ਨੂੰ ਸ਼ਗਨ ਦਿੱਤਾ। ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਤੇ ਘੁੱਟ ਕੇ ਜੱਫੀ ਪਾਈ ਵਿਦਾ ਲੈ ਕੇ ਵਾਹੋ ਦਾਹੀ ਆਪਣੇ ਘਰ ਨੂੰ ਚੱਲ ਪਈ। ਇਕ ਚਾਚੀ ਵਲੋਂ ਮਾਂ ਵਰਗੇ ਪਿਆਰ ਤੋਂ ਅਣਜਾਣ ਨੀਨਾ ਉਸ ਨੂੰ ਗੇਟ ਤੱਕ ਛੱਡਣ ਆਈ ਤਾਂ ਗੁਰਲੀਨ ਦੀਆਂ ਅੱਖਾਂ ਵਿੱਚ ਅਜੇ ਵੀ ਹੰਝੂ ਭਰੇ ਹੋਏ ਸਨ। ਨੀਨਾ ਬੜੀ ਹਸਰਤ ਭਰੀਆਂ ਅੱਖਾਂ ਨਾਲ ਉਸ ਵੱਲ ਦੇਖਦੀ ਰਹੀ ਜਦ ਤਕ ਿਕ ਚਾਚੀ ਗਲੀ ਦਾ ਮੋੜ ਨਹੀ ਸੀ ਮੁੜ ਗਈ। ਘਰੇ ਪਹੁੰਚ ਕੇ ਉਹ ਬੈੱਡ ਉੱਪਰ ਪੈ ਕੇ ਕਾਫੀ ਦੇਰ ਤੱਕ ਰੋਂਦੀ ਰਹੀ ਤੇ ਕੁਦਰਤ ਦੇ ਨਵੇਂ ਬਣਾਏ ਰਿਸ਼ਤੇ ਨੂੰ ਉਹ ਕੀ ਨਾਂ ਦੇਵੇ ਬਾਰੇ ਸੋਚਦੀ ਰਹੀ। ਸੋਚਾਂ ਦੀ ਇਸ ਉਲਝੀ ਤਾਣੀ ਵਿਚ ਵਿਚਰਦਿਆਂ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਹਨੇਰਾ ਪਸਰ ਗਿਆ ਸੀ। ਅਜੇ ਪਤਾ ਨਹੀਂ ਉਹ ਕਦੋਂ ਤਕ ਉਲਝੀ ਰਹਿੰਦੀ ਜੇ ਜੇਠ ਦੀ ਲੜਕੀ ਆ ਕੇ ਲਾਈਟ ਨਾ ਜਗਾਉਂਦੀ। • ਸੋਮ ਸਿੰਘ ਰਾਠੌਰ

Loading