
ਪੰਜਾਬ ਕਾਂਗਰਸ ਵਿੱਚ ਧੜੇਬੰਦੀ ਅਤੇ ਅਨੁਸ਼ਾਸਨਹੀਣਤਾ ਨੂੰ ਖ਼ਤਮ ਕਰਨ ਲਈ ਹਾਈਕਮਾਂਡ ਵੱਲੋਂ ਕਈ ਯਤਨ ਕੀਤੇ ਜਾ ਰਹੇ ਨੇ। ਹਾਲ ਹੀ ਵਿੱਚ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਵੇਣੂ ਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੰਜਾਬ ਤੋਂ ਸੱਦੇ ਗਏ ਕਰੀਬ ਦੋ ਦਰਜਨ ਆਗੂਆਂ ਨੂੰ ਸਪੱਸ਼ਟ ਕਿਹਾ ਕਿ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਪਾਰਟੀ ਨੂੰ ਕਮਜ਼ੋਰ ਕਰਨ ਵਾਲੀ ਕਿਸੇ ਵੀ ਕਾਰਵਾਈ ਵਿਰੁੱਧ ਸਖ਼ਤ ਕਦਮ ਚੁੱਕੇ ਜਾਣਗੇ। ਇਸ ਮੀਟਿੰਗ ਵਿੱਚ ਆਗੂਆਂ ਨੂੰ ਇਕੱਠੇ ਹੋ ਕੇ ਚੱਲਣ ਅਤੇ 2027 ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਲਈ ਕਿਹਾ ਗਿਆ। ਪਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ ਹੈ ਅਤੇ ਅਨੁਸ਼ਾਸਨਹੀਣਤਾ ਵਿਰੁੱਧ ਕਾਰਵਾਈ ਹੋਵੇਗੀ।
ਹਾਈਕਮਾਂਡ ਨੇ ਪੰਜਾਬ ਕਾਂਗਰਸ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਨਿਰਦੇਸ਼ ਦਿੱਤੇ ਨੇ ਅਤੇ ਘਰ-ਘਰ ਜਾ ਕੇ ਕੈਂਪੇਨ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਟਵੀਟ ਕਰ ਕੇ ਕਿਹਾ ਕਿ ਮੀਟਿੰਗ ਵਿੱਚ ਮਿਸ਼ਨ 2027 ਦੀ ਰਣਨੀਤੀ ਤੇ ਵਿਚਾਰ ਕੀਤਾ ਗਿਆ ਅਤੇ ਪਾਰਟੀ ਨੂੰ ਇਕਜੁੱਟ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਪਾਰਟੀ ਨੇ ਨਵੇਂ ਚਿਹਰੇ ਲਿਆਉਣ ਦੀ ਗੱਲ ਵੀ ਕੀਤੀ ਹੈ, ਜਿਵੇਂ ਕਿ 2027 ਚੋਣਾਂ ਲਈ 60-70 ਨਵੇਂ ਉਮੀਦਵਾਰਾਂ ਨੂੰ ਮੌਕਾ ਦੇਣ ਦੀ ਯੋਜਨਾ ਹੈ।
ਹਾਈਕਮਾਂਡ ਨੇ ਪਹਿਲਾਂ ਵੀ ਅਜਿਹੇ ਯਤਨ ਕੀਤੇ ਨੇ, ਜਿਵੇਂ ਕਿ ਭੁਪੇਸ਼ ਬਘੇਲ ਨੇ ਕਿਹਾ ਕਿ ਪਾਰਟੀ ਵਿੱਚ ਧੜੇਬੰਦੀ ਲਈ ਕੋਈ ਥਾਂ ਨਹੀਂ ਅਤੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਨਾਲ ਪੰਜਾਬ ਵਿੱਚ ਪਾਰਟੀ ਨੂੰ ਇਕੱਠਾ ਕਰਨ ਅਤੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਮਜ਼ਬੂਤ ਵਿਰੋਧੀ ਮੁਹਿੰਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਈਕਮਾਂਡ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਮੌਜੂਦਾ ਸਰਕਾਰ ਨੇ ਲੋਕਾਂ ਦਾ ਭਰੋਸਾ ਗੁਆ ਲਿਆ ਹੈ ਅਤੇ ਲੋਕ ਕਾਂਗਰਸ ਵੱਲ ਵੇਖ ਰਹੇ ਨੇ, ਪਰ ਧੜੇਬੰਦੀ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਹਾਈਕਮਾਂਡ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਧੜੇਬੰਦੀ ਕਾਰਨ ਪਾਰਟੀ ਨੂੰ ਨੁਕਸਾਨ ਹੋਇਆ ਅਤੇ ਪੰਜਾਬ ਵਿੱਚ ਵੀ ਅਜਿਹਾ ਨਹੀਂ ਹੋਣਾ ਚਾਹੀਦਾ।
ਇਸ ਮੀਟਿੰਗ ਵਿੱਚ ਕਈ ਆਗੂਆਂ ਪ੍ਰਤਾਪ ਸਿੰਘ ਬਾਜਵਾ, ਭਾਰਤ ਭੂਸ਼ਨ ਆਸ਼ੂ, ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਬੀਬੀ ਰਜਿੰਦਰ ਕੌਰ ਭੱਠਲ, ਸੁਖਪਾਲ ਸਿੰਘ ਖਹਿਰਾ ਅਤੇ ਪਰਗਟ ਸਿੰਘ ਅਤੇ ਹੋਰਾਂ ਨੇ ਇਤਰਾਜ਼ ਉਠਾਏ ਕਿ ਪਾਰਟੀ ਪ੍ਰੋਗਰਾਮਾਂ ਬਾਰੇ ਉਨ੍ਹਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ।
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਹਾਰ ਤੋਂ ਬਾਅਦ ਆਸ਼ੂ ਨੇ ਅੰਦਰੂਨੀ ਧੜੇਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਵੜਿੰਗ ਨੂੰ ਨਿਸ਼ਾਨੇ ’ਤੇ ਰੱਖਿਆ ਸੀ।
ਸੀਨੀਅਰ ਆਗੂਆਂ ਵਲੋਂ ਵੜਿੰਗ ਉੱਪਰ ਧੜੇਬੰਦੀ ਵਧਾਉਣ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਚੋਣ ਵਿੱਚ ਉਤਾਰਨ ਨੂੰ ਵੀ ਨਿੱਜੀ ਹਿੱਤ ਵਜੋਂ ਵੇਖਿਆ ਜਾਂਦਾ ਹੈ।
ਵੜਿੰਗ ਨੇ ਧੜੇਬੰਦੀ ਨੂੰ ਨਕਾਰਿਆ ਹੈ ਪਰ ਸੀਨੀਅਰ ਆਗੂ ਉਨ੍ਹਾਂ ਨੂੰ ਬਦਲਣ ਦੀ ਮੰਗ ਕਰ ਰਹੇ ਨੇ। ਵੜਿੰਗ ਨੂੰ ਰਾਹੁਲ ਗਾਂਧੀ ਨਾਲ ਨੇੜਤਾ ਕਾਰਨ ਹਾਈਕਮਾਂਡ ਦਾ ਸਮਰਥਨ ਮਿਲ ਰਿਹਾ ਹੈ ਪਰ ਸੀਨੀਅਰ ਆਗੂ ਉਨ੍ਹਾਂ ਨੂੰ ਅਨੁਭਵਹੀਣ ਮੰਨਦੇ ਨੇ ਅਤੇ ਕਹਿੰਦੇ ਨੇ ਕਿ ਉਹ ਪੰਜਾਬੀ ਤੇ ਸਿੱਖ ਮਾਮਲਿਆਂ ਨੂੰ ਸਮਝ ਨਹੀਂ ਰਹੇ। ਉਨ੍ਹਾਂ ਨੇ ਕਈ ਵਿਵਾਦੀ ਬਿਆਨ ਦਿੱਤੇ ਨੇ, ਜਿਵੇਂ ਕਿ ਅਕਾਲ ਤਖ਼ਤ ਸਾਹਿਬ ਬਾਰੇ ਟਿੱਪਣੀ, ਜੋ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਸੀ। ਬੇਅੰਤ ਸਿੰਘ ਮੁੱਖ ਮੰਤਰੀ ਦੀ ਤਾਰੀਫ ਆਮ ਸਿੱਖਾਂ ਨੂੰ ਹਜਮ ਨਹੀਂ ਹੋ ਰਹੀ। ਇਸ ਨਾਲ ਪਾਰਟੀ ਵਿੱਚ ਅੰਦਰੂਨੀ ਫੁਟ ਵਧ ਰਹੀ ਹੈ ਅਤੇ ਚੋਣਾਂ ਵਿੱਚ ਨੁਕਸਾਨ ਹੋ ਰਿਹਾ ਹੈ।
ਵੜਿੰਗ ਨੇ ਹਾਈਕਮਾਂਡ ਨਾਲ ਮੀਟਿੰਗ ਵਿਚ ਭਰੋਸਾ ਦਿਵਾਇਆ ਸੀ ਕਿ ਭਵਿੱਖ ਵਿੱਚ ਸਭ ਨੂੰ ਸੂਚਨਾ ਮਿਲੇਗੀ। ਹਾਈਕਮਾਂਡ ਨੇ ਆਗੂਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਅਤੇ ਧੜੇਬੰਦੀ ਤੋਂ ਉੱਪਰ ਉੱਠਣ ਲਈ ਕਿਹਾ ਹੈ। ਹਾਈਕਮਾਂਡ ਨੇ ਪੰਜਾਬ ਵਿੱਚ ਆਪ ਸਰਕਾਰ ਨੂੰ ਨਿਸ਼ਾਨੇ ਤੇ ਰੱਖ ਕੇ ਯੂਨਿਟ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਵੇਂ ਕਿ ਡਰੱਗ ਮਾਫੀਆ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਲਈ ਕਿਹਾ ਗਿਆ ਹੈ।
ਹਾਈਕਮਾਂਡ ਵੜਿੰਗ ਨੂੰ ਨਹੀਂ ਬਦਲ ਰਹੀ, ਕਿਉਂਕਿ ਉਹ ਰਾਹੁਲ ਗਾਂਧੀ ਨਾਲ ਨੇੜੇ ਨੇ ਅਤੇ ਨੌਜਵਾਨ ਚਿਹਰੇ ਵਜੋਂ ਵੇਖੇ ਜਾਂਦੇ ਨੇ। ਭੁਪੇਸ਼ ਬਘੇਲ ਨੇ ਸਪੱਸ਼ਟ ਕੀਤਾ ਕਿ ਵੜਿੰਗ ਨੂੰ ਬਦਲਣ ਦੀ ਕੋਈ ਗੱਲ ਨਹੀਂ ਅਤੇ ਪਾਰਟੀ ਏਕਤਾ ਨਾਲ ਚੱਲ ਰਹੀ ਹੈ।ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਧੜੇਬੰਦੀ ਜਾਰੀ ਰਹੀ ਤਾਂ ਬਦਲਾਅ ਹੋ ਸਕਦਾ ਹੈ। ਸੀਨੀਅਰ ਆਗੂ ਸੋਚਦੇ ਨੇ ਕਿ ਪਾਰਟੀ ਨੂੰ ਇਕੱਠਾ ਕਰਨ ਲਈ ਨਵਾਂ ਲੀਡਰ ਚਾਹੀਦਾ ਹੈ ।