ਕਾਂਵੜ ਯਾਤਰਾ ਨੂੰ ਕੌਣ ਬਦਨਾਮ ਕਰ ਰਿਹਾ, ਹਿੰਸਾ ਕਰਨ ਵਾਲੇ ਕੌਣ?

In ਮੁੱਖ ਲੇਖ
July 25, 2025

ਪ੍ਰੋਫ਼ੈਸਰ ਅਪੂਰਵਾਨੰਦ, ਦਿੱਲੀ ਯੂਨੀਵਰਸਿਟੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਦੋਸ਼ ਲਾਇਆ ਹੈ ਕਿ ਕਾਂਵੜ ਯਾਤਰੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ’ਤੇ ਗੁੱਸਾ ਹੈ ਕਿ ਕਾਂਵੜ ਯਾਤਰੀਆਂ ਨੂੰ ਹਿੰਸਕ ਤੇ ਗੁੰਡਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਵੜ ਯਾਤਰਾ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਹੈ, ਜਿਸ ਵਿੱਚ ਅਮੀਰ-ਗਰੀਬ, ਹਰ ਜਾਤ ਦੇ ਲੋਕ ਇਕੱਠੇ ਪਵਿੱਤਰ ਯਾਤਰਾ ’ਤੇ ਨਿਕਲਦੇ ਹਨ। ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਮੁਸਲਮਾਨਾਂ ਨੂੰ ਕਾਂਵੜ ਯਾਤਰੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਅਨੁਸ਼ਾਸਨ ਵਿੱਚ ਰਹਿ ਕੇ ਸਮੂਹਕ ਧਾਰਮਿਕ ਕੰਮ ਕਿਵੇਂ ਕੀਤਾ ਜਾਂਦਾ ਹੈ?
ਇਹ ਸੁਣ ਕੇ ਸਮਝ ਨਹੀਂ ਆਉਂਦਾ ਕਿ ਹੱਸੀਏ ਜਾਂ ਰੋਈਏ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਮੁੱਖ ਮੰਤਰੀ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ, ਉਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨਾਲ ਜਿਨ੍ਹਾਂ ਵਿੱਚ ਕਾਂਵੜ ਯਾਤਰੀ ਗੱਡੀਆਂ ਤੋੜਦੇ, ਸਕੂਲ ਬੱਸਾਂ ’ਤੇ ਹਮਲਾ ਕਰਦੇ, ਦੁਕਾਨਾਂ ਤਬਾਹ ਕਰਦੇ ਤੇ ਲੋਕਾਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਸਭ ਨੇ ਪੁੱਛਿਆ ਕਿ ਇਸ ਵਿੱਚ ਕਿਹੜਾ ਅਨੁਸ਼ਾਸਨ ਜਾਂ ਸਦਾਚਾਰ ਜਾਂ ਏਕਤਾ ਦਿਖਾਈ ਦਿੰਦੀ ਹੈ? ਇਸ ਸਾਲ ਸਾਵਣ ਦੀ ਯਾਤਰਾ ਸ਼ੁਰੂ ਹੋਣ ਦੇ ਇੱਕ ਹਫ਼ਤੇ ਵਿੱਚ ਹੀ ਗੁੰਡਾਗਰਦੀ ਤੇ ਹਿੰਸਾ ਦੇ 170 ਤੋਂ ਵੱਧ ਮਾਮਲੇ ਕਾਂਵੜ ਯਾਤਰੀਆਂ ’ਤੇ ਦਰਜ ਹੋ ਚੁੱਕੇ ਹਨ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਪੁਲਿਸ ਹਿੰਸਕ ਯਾਤਰੀਆਂ ਨੂੰ ਹੱਥ-ਪੈਰ ਜੋੜ ਕੇ ਸਮਝਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ।
ਅਖੀਰ ਇਹ ਕਿਉਂ ਹੈ ਕਿ ਕਾਂਵੜ ਯਾਤਰੀਆਂ ਦੀ ਹਿੰਸਾ ਨੂੰ ਸਰਕਾਰੀ ਸੁਰੱਖਿਆ ਮਿਲੀ ਹੋਈ ਹੈ? ਇਹ ਉਹੀ ਸਰਕਾਰਾਂ ਹਨ ਜੋ ਸਰਕਾਰ ਵਿਰੋਧੀ ਸ਼ਾਂਤਮਈ ਪ੍ਰਦਰਸ਼ਨਾਂ ਸਮੇਂ ਮੁਕੱਦਮੇ ਦਰਜ ਕਰਕੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾ ਕੇ ਹਰਜਾਨਾ ਵਸੂਲਦੀਆਂ ਹਨ। ਫ਼ਿਰ ਕਾਂਵੜ ਯਾਤਰੀਆਂ ਦੀ ਹਿੰਸਾ ਪ੍ਰਤੀ ਇੰਨੀ ਨਰਮੀ ਕਿਉਂ?
ਕਾਂਵੜ ਯਾਤਰਾ ਦੀ ਹਿੰਸਾ
ਕਾਂਵੜ ਯਾਤਰਾ ਪਵਿੱਤਰ ਹੁੰਦੀ ਹੈ, ਇਸ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ, ਇਹ ਕਹਿ ਕੇ ਕਾਂਵੜ ਯਾਤਰੀਆਂ ਦੀ ਹਿੰਸਾ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਜੇ ਕੋਈ ਕਾਂਵੜਾਂ ਨੂੰ ਛੂਹ ਵੀ ਲਵੇ, ਤਾਂ ਉਹ ਤੇ ਉਸ ਦੇ ਸਾਥੀ ਹਿੰਸਾ ’ਤੇ ਉੱਤਰ ਆਉਂਦੇ ਹਨ।
ਪੁਲਿਸ ਅਧਿਕਾਰੀ ਕਈ ਥਾਂਵਾਂ ’ਤੇ ਕਾਂਵੜ ਯਾਤਰੀਆਂ ਨੂੰ ਪੱਖਾ ਝੱਲਦੇ, ਉਨ੍ਹਾਂ ਦੇ ਪੈਰ ਦਬਾਉਂਦੇ ਤੇ ਫ਼ੁੱਲ ਵਰ੍ਹਾਉਂਦੇ ਨਜ਼ਰ ਆਏ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਯੂ.ਪੀ. ਦੇ ਮੁੱਖ ਮੰਤਰੀ ਨੇ ਹੈਲੀਕਾਪਟਰ ਨਾਲ ਰਸਤਿਆਂ ਦਾ ਨਿਰੀਖਣ ਕੀਤਾ। ਸਰਕਾਰੀ ਚਿਤਾਵਨੀ ਦਿੱਤੀ ਗਈ ਕਿ ਜੇ ਕਿਸੇ ਨੇ ਯਾਤਰਾ ਵਿੱਚ ਰੁਕਾਵਟ ਪਾਈ, ਤਾਂ ਸਖ਼ਤ ਕਾਰਵਾਈ ਹੋਵੇਗੀ। ਪਿਛਲੇ ਸਾਲਾਂ ਦੇ ਤਜਰਬੇ ਮੁਤਾਬਕ ਚਿਤਾਵਨੀ ਇਹ ਹੋਣੀ ਚਾਹੀਦੀ ਸੀ ਕਿ ਕਾਂਵੜ ਯਾਤਰੀ ਹਿੰਸਾ ਤੇ ਭੰਨਤੋੜ ਨਾ ਕਰਨ। ਪਰ ਦਿੱਲੀ ਸਰਕਾਰ ਨੇ ਵੀ ਯੂ.ਪੀ. ਦੀ ਨਕਲ ਕਰਦਿਆਂ ਧਮਕੀ ਦਿੱਤੀ ਕਿ ਯਾਤਰਾ ਵਿੱਚ ਰੁਕਾਵਟ ਪਾਉਣ ਵਾਲਿਆਂ ਨੂੰ ਸਜ਼ਾ ਮਿਲੇਗੀ। ਉਨ੍ਹਾਂ ਨੇ ਯਾਤਰੀਆਂ ਦੇ ਆਰਾਮ ਦਾ ਪ੍ਰਬੰਧ ਕਰਨ ਵਾਲਿਆਂ ਨੂੰ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਹ ਸਾਫ਼ ਹੈ ਕਿ ਕਾਂਵੜ ਯਾਤਰਾ ਨੂੰ ਸਰਕਾਰੀ ਤਿਉਹਾਰ ਦੀ ਸ਼ਕਲ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਯੂ.ਪੀ. ਵਿੱਚ ਯਾਤਰਾ ਦੇ ਰਸਤੇ ਵਿੱਚ ਪੈਂਦੇ ਸਾਰੇ ਸਕੂਲ ਦੋ ਹਫ਼ਤਿਆਂ ਲਈ ਬੰਦ ਕਰ ਦਿੱਤੇ ਗਏ। ਕਈ ਸੜਕਾਂ ਵੀ ਆਮ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ। ਅਜਿਹਾ ਮਾਹੌਲ ਬਣਾਇਆ ਜਾ ਰਿਹਾ ਹੈ ਜਿਵੇਂ ਇਹ ਸਾਰੇ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੋਵੇ। ਜਦੋਂ ਸਰਕਾਰ ਵਾਰ-ਵਾਰ ਕਹਿੰਦੀ ਹੈ ਕਿ ਯਾਤਰਾ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰੇਗੀ ਤੇ ਇਸ ਦੇ ਖ਼ਿਲਾਫ਼ ਕੋਈ ਗੜਬੜ ਨਹੀਂ ਸਹੇਗੀ, ਤਾਂ ਇਹ ਸੰਕੇਤ ਦਿੱਤਾ ਜਾਂਦਾ ਹੈ ਕਿ ਇਸ ਦੇ ਖ਼ਿਲਾਫ਼ ਕੋਈ ਸਾਜ਼ਿਸ਼ ਚੱਲ ਰਹੀ ਹੈ। ਅਮਰਨਾਥ ਯਾਤਰਾ ਵਾਂਗ ਕਾਂਵੜ ਯਾਤਰਾ ਦੀ ‘ਸੁਰੱਖਿਆ’ ਦੀ ਗੱਲ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਖਤਰਨਾਕ ਸੰਕੇਤ ਲੁਕਿਆ ਹੈ ਕਿ ਕਾਂਵੜ ਯਾਤਰਾ ’ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇਹ ਹਾਸੋਹੀਣਾ ਹੈ, ਪਰ ਸਰਕਾਰ ਇਸ ’ਤੇ ਗੰਭੀਰਤਾ ਨਾਲ ਕਾਰਵਾਈ ਕਰਦੀ ਹੈ।
ਕਾਂਵੜ ਯਾਤਰੀਆਂ ਨੂੰ ਇਹ ਅਹਿਸਾਸ ਦਿਵਾਇਆ ਗਿਆ ਹੈ ਕਿ ਉਹ ਸਰਕਾਰੀ ਸੁਰੱਖਿਆ ਵਿੱਚ ਹਨ। ਉਨ੍ਹਾਂ ਦੀ ਹਿੰਸਾ ਨੂੰ ਸ਼ਿਵ ਭਗਤਾਂ ਦਾ ਗੁੱਸਾ ਕਹਿ ਕੇ ਬਾਕੀ ਲੋਕਾਂ ਨੂੰ ਇਸ ਨੂੰ ਸਹਿਣ ਲਈ ਕਿਹਾ ਜਾਂਦਾ ਹੈ।
ਕੀ ਇਹ ਹਮੇਸ਼ਾ ਤੋਂ ਇੰਝ ਸੀ?
2014 ਤੋਂ ਪਹਿਲਾਂ ਕਾਂਵੜ ਯਾਤਰਾ ਦਾ ਇਹ ਰੂਪ ਨਹੀਂ ਸੀ। 2015 ਵਿੱਚ ਪਹਿਲੀ ਵਾਰ ਕਾਂਵੜ ਯਾਤਰਾ ਵਿੱਚ ਤਿਰੰਗੇ ਝੰਡੇ ਦਿਖੇ। ਇਹ ਯੂ.ਪੀ., ਬਿਹਾਰ ਤੇ ਉੱਤਰਾਖੰਡ ਵਿੱਚ ਵੇਖਿਆ ਗਿਆ। ਸਪੱਸ਼ਟ ਸੀ ਕਿ ਇਸ ਧਾਰਮਿਕ ਮੌਕੇ ਉੱਪਰ ਰਾਸ਼ਟਰਵਾਦ ਦੀ ਘੁਸਪੈਠ ਕਰਵਾਈ ਜਾ ਰਹੀ ਸੀ। ਇਹ ਆਪਣੇ-ਆਪ ਨਹੀਂ ਸੀ। ਤਿਰੰਗੇ ਤੇ ਭਗਵਂੇ ਨੂੰ ਨਾਲ ਲੈ ਕੇ ਚੱਲਣ ਵਾਲੇ ਕਾਂਵੜ ਯਾਤਰੀ ਦੋ ਤਰ੍ਹਾਂ ਦੀ ਸੁਰੱਖਿਆ ਨਾਲ ਲੈਸ ਸਨ: ਧਰਮ ਤੇ ਰਾਸ਼ਟਰਵਾਦ। ਉਹ ਧਰਮ ਤੇ ਰਾਸ਼ਟਰ ਦੇ ਰਾਖੇ ਸਨ। ਬਾਕੀ ਸਾਰਿਆਂ ਦਾ ਕੰਮ ਉਨ੍ਹਾਂ ਦੀ ਸੇਵਾ ਕਰਨਾ ਸੀ।
ਇਸੇ ਸਮੇਂ ਤੋਂ ਇਹ ਚਰਚਾ ਸ਼ੁਰੂ ਹੋਈ ਕਿ ਕਾਂਵੜ ਯਾਤਰੀ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਖਾਂਦੇ ਹਨ, ਇਸ ਲਈ ਰਸਤੇ ਵਿੱਚ ਮਾਸ-ਮੱਛੀ ਦੀਆਂ ਦੁਕਾਨਾਂ ਨਹੀਂ ਖੁੱਲ੍ਹਣੀਆਂ ਚਾਹੀਦੀਆਂ। ਇਹ ਸਿੱਧਾ ਮੁਸਲਮਾਨਾਂ ਦੇ ਕਾਰੋਬਾਰ ’ਤੇ ਹਮਲਾ ਸੀ। ਇੱਕ ਮਹੀਨੇ ਲਈ ਮਾਸ ਦੀਆਂ ਦੁਕਾਨਾਂ ਬੰਦ ਕਰਨ ਦਾ ਸਰਕਾਰੀ ਤੇ ਗੈਰ-ਸਰਕਾਰੀ ਮੁਹਿੰਮ ਚੱਲਣ ਲੱਗੀ। ਕਿਸੇ ਨੇ ਨਾ ਪੁੱਛਿਆ ਕਿ ਮਾਸ ਦੀਆਂ ਦੁਕਾਨਾਂ ਕੀ ਕਾਂਵੜ ਯਾਤਰੀਆਂ ਨੂੰ ਮਾਸ ਖਾਣ ਲਈ ਉਕਸਾਉਂਦੀਆਂ ਹਨ? ਜੇ ਉਹ ਪਵਿੱਤਰ ਮਕਸਦ ਨਾਲ ਤਪੱਸਿਆ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਇਨ੍ਹਾਂ ਦੁਕਾਨਾਂ ਵੱਲ ਦੇਖਣ ਦੀ ਲੋੜ ਹੀ ਕੀ ਹੈ?
2024 ਵਿੱਚ ਯੂ.ਪੀ. ਸਰਕਾਰ ਨੇ ਇਸ ਸ਼ਾਕਾਹਾਰੀ ਭੋਜਨ ਦੇ ਮਸਲੇ ਨੂੰ ਹੋਰ ਅੱਗੇ ਵਧਾਇਆ। ਕਿਹਾ ਗਿਆ ਕਿ ਹਰ ਦੁਕਾਨਦਾਰ, ਹੋਟਲ ਜਾਂ ਢਾਬੇ ਵਾਲੇ ਨੂੰ ਆਪਣਾ ਤੇ ਆਪਣੇ ਕਰਮਚਾਰੀਆਂ ਦਾ ਨਾਂ ਵੱਡੇ-ਵੱਡੇ ਅੱਖਰਾਂ ਵਿੱਚ ਲਿਖਣਾ ਹੋਵੇਗਾ, ਤਾਂ ਜੋ ਪਤਾ ਲੱਗ ਸਕੇ ਕਿ ਉਹ ਕਿਸ ਧਰਮ ਦੇ ਹਨ। ਇਹ ਇਸ ਲਈ ਕਿ ਕਾਂਵੜ ਯਾਤਰੀ ਫ਼ੈਸਲਾ ਕਰ ਸਕਣ ਕਿ ਉਹ ਕਿਸ ਦੀ ਦੁਕਾਨ ਤੋਂ ਸਮਾਨ ਲੈਣਗੇ ਤੇ ਕਿਸ ਹੋਟਲ ਵਿੱਚ ਖਾਣਗੇ।
ਇਸ ਹੁਕਮ ਵਿੱਚ ਸਾਫ਼ ਨਹੀਂ ਲਿਖਿਆ ਸੀ, ਪਰ ਇਸ਼ਾਰਾ ਸਾਫ਼ ਸੀ ਕਿ ਮੁਸਲਮਾਨਾਂ ਦੀਆਂ ਦੁਕਾਨਾਂ ਤੋਂ ਸਮਾਨ ਨਾ ਲਿਆ ਜਾਵੇ। ਇਹ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਅਸਿੱਧਾ ਤਰੀਕਾ ਸੀ। ਸੁਪਰੀਮ ਕੋਰਟ ਵਿੱਚ ਇਸ ਦੇ ਖ਼ਿਲਾਫ਼ ਅਰਜ਼ੀ ਲਾਈ ਗਈ ਤੇ ਅਦਾਲਤ ਨੇ ਇਸ ਹੁਕਮ ਨੂੰ ਰੋਕ ਦਿੱਤਾ। ਪਰ ਇਸ ਸਾਲ ਇਹ ਹੁਕਮ ਨਵੀਂ ਸ਼ਕਲ ਵਿੱਚ ਫ਼ਿਰ ਜਾਰੀ ਹੋਇਆ। ਇਸ ਵਾਰ ਕਿਹਾ ਗਿਆ ਕਿ ਸਾਰੇ ਦੁਕਾਨਦਾਰਾਂ ਨੂੰ ਕਿਊਆਰ ਕੋਡ ਲਾਉਣਾ ਹੋਵੇਗਾ, ਜਿਸ ਨਾਲ ਮਾਲਕ ਦਾ ਨਾਂ ਪਤਾ ਲੱਗੇ। ਇਸ ਦੇ ਖ਼ਿਲਾਫ਼ ਵੀ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਬੀ.ਬੀ.ਸੀ. ਦੀ ਰਿਪੋਰਟ ਮੁਤਾਬਕ, ਯਾਤਰਾ ਦੇ ਰਸਤੇ ਵਿੱਚ ਪੈਂਦੇ ਢਾਬਿਆਂ ਤੇ ਦੁਕਾਨਾਂ ਦੀ ਹਾਲਤ ਇਹ ਹੈ ਕਿ ਮੁਸਲਮਾਨ ਜ਼ਿਆਦਾਤਰ ਆਪਣੀਆਂ ਦੁਕਾਨਾਂ ਬੰਦ ਕਰ ਦਿੰਦੇ ਹਨ ਤੇ ਮੁਸਲਮਾਨ ਕਾਮਿਆਂ ਨੂੰ ਮਹੀਨੇ ਭਰ ਲਈ ਕੰਮ ਛੱਡਣਾ ਪੈਂਦਾ ਹੈ। ਹਿੰਦੂਤਵਵਾਦੀ ਜਥੇਬੰਦੀਆਂ ‘ਮੈਂ ਹਿੰਦੂ ਹਾਂ’ ਲਿਖੀਆਂ ਝੰਡੀਆਂ ਠੇਲਿਆਂ, ਦੁਕਾਨਾਂ ’ਤੇ ਲਾ ਰਹੀਆਂ ਹਨ। ਇਸ ਨਾਲ ਸਪੱਸ਼ਟ ਵੰਡ ਦਿਖਾਈ ਦਿੰਦੀ ਹੈ। ਇਸ਼ਾਰਾ ਹੈ ਕਿ ਜਿਨ੍ਹਾਂ ਦੁਕਾਨਾਂ ’ਤੇ ਇਹ ਝੰਡੀ ਨਹੀਂ, ਉੱਥੋਂ ਕੁਝ ਨਾ ਖਰੀਦੋ।
ਇਸ ਕਦਮ ਨੂੰ ਜਾਇਜ਼ ਠਹਿਰਾਉਣ ਲਈ ਕਿਹਾ ਜਾ ਰਿਹਾ ਹੈ ਕਿ ਮੁਸਲਮਾਨ ਵੀ ਹਲਾਲ ਸਰਟੀਫ਼ਿਕੇਟ ਦੇਖ ਕੇ ਸਮਾਨ ਖ਼ਰੀਦਦੇ ਹਨ। ਪਰ ਇਹ ਭੁੱਲ ਜਾਂਦੇ ਹਨ ਕਿ ਮੁਸਲਮਾਨ ਇਹ ਨਹੀਂ ਦੇਖਦੇ ਕਿ ਦੁਕਾਨ ਹਿੰਦੂ ਦੀ ਹੈ ਜਾਂ ਇਸਾਈ ਦੀ। ਉਹ ਸਿਰਫ਼ ਹਲਾਲ ਸਰਟੀਫ਼ਿਕੇਟ ਦੇਖਦੇ ਹਨ। ਪਰ ਅਸਲ ਮਕਸਦ ਸ਼ਾਕਾਹਾਰੀ ਭੋਜਨ ਨਹੀਂ, ਮੁਸਲਮਾਨਾਂ ਦਾ ਆਰਥਿਕ ਬਾਈਕਾਟ ਹੈ।
ਇਸ ਤਰ੍ਹਾਂ ਕਾਂਵੜ ਯਾਤਰਾ ਦਾ ਮਕਸਦ ਹੀ ਬਦਲ ਦਿੱਤਾ ਗਿਆ। ਹੁਣ ਇਸ ਦਾ ਮਕਸਦ ਸ਼ਿਵ ਦਾ ਅਸ਼ੀਰਵਾਦ ਲੈਣਾ ਨਹੀਂ, ਮੁਸਲਮਾਨਾਂ ਨੂੰ ਪਰੇਸ਼ਾਨ ਕਰਨਾ ਹੈ। ਇਸ ਬਹਾਨੇ ਹਿੰਦੂਆਂ ਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੜਕਾਂ ਉਨ੍ਹਾਂ ਦੀਆਂ ਹਨ, ਜਨਤਕ ਥਾਂਵਾਂ ’ਤੇ ਉਨ੍ਹਾਂ ਦਾ ਕਬਜ਼ਾ ਹੈ, ਤੇ ਉਹ ਜਿਵੇਂ ਚਾਹੁਣ, ਵਿਹਾਰ ਕਰ ਸਕਦੇ ਹਨ।
ਕਾਂਵੜ ਯਾਤਰੀਆਂ ਨੂੰ ਪੂਰੀ ਛੂਟ ਦੇ ਨਾਲ ਮੁਸਲਮਾਨਾਂ ’ਤੇ ਵਧਦੀਆਂ ਪਾਬੰਦੀਆਂ ਨੂੰ ਜੋੜ ਕੇ ਵੇਖੋ। ਮੁਸਲਮਾਨ ਸੜਕ ’ਤੇ ਨਮਾਜ਼ ਨਹੀਂ ਪੜ੍ਹ ਸਕਦੇ, ਬਿਨਾਂ ਕਾਰਨ ਕਿਸੇ ਮੁਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਮੁਸਲਮਾਨ ਆਪਣੀ ਛੱਤ ’ਤੇ ਵੀ ਸਮੂਹਕ ਨਮਾਜ਼ ਨਹੀਂ ਪੜ੍ਹ ਸਕਦੇ। ਸਰਕਾਰ ਸਾਫ਼ ਕਹਿ ਰਹੀ ਹੈ ਕਿ ਜਨਤਕ ਥਾਂਵਾਂ ’ਤੇ ਹਿੰਦੂਆਂ ਦਾ ਪੂਰਾ ਅਧਿਕਾਰ ਹੈ, ਮੁਸਲਮਾਨਾਂ ਨੂੰ ਆਪਣੀ ਹੱਦ ਵਿੱਚ ਰਹਿਣਾ ਹੋਵੇਗਾ।
ਇਹ ਸਭ ਉੱਤਰ ਪ੍ਰਦੇਸ਼, ਉੱਤਰਾਖੰਡ ਤੇ ਦਿੱਲੀ ਵਿੱਚ ਹੋ ਰਿਹਾ ਹੈ। ਪਰ ਬਿਹਾਰ ਤੇ ਝਾਰਖੰਡ ਵਿੱਚ ਸੁਲਤਾਨਗੰਜ ਤੋਂ ਬੈਦਯਨਾਥ ਧਾਮ ਤੱਕ ਦੀ ਕਾਂਵੜ ਯਾਤਰਾ ਵਿੱਚ ਉਹ ਗੁੰਡਾਗਰਦੀ, ਹਿੰਸਾ ਨਹੀਂ ਵੇਖੀ ਜਾਂਦੀ ਜੋ ਯੂ.ਪੀ., ਉੱਤਰਾਖੰਡ ਜਾਂ ਦਿੱਲੀ ਵਿਚ ਹੈ। ਇੱਥੇ ਮਾਸ ਨੂੰ ਲੈ ਕੇ ਕੋਈ ਬੇਚੈਨੀ ਨਹੀਂ। ਹਾਲ ਹੀ ਵਿੱਚ ਜਨਤਾ ਦਲ (ਯੂ) ਦੇ ਆਗੂ ਲਲਨ ਸਿੰਘ ਨੇ ਭੋਜ ਕਰਵਾਇਆ, ਜਿਸ ’ਚ ਮਾਸ ਵੀ ਪਰੋਸਿਆ ਗਿਆ। ਉਨ੍ਹਾਂ ਕਿਹਾ ਕਿ ਸਾਵਣ ਮੰਨਣ ਵਾਲਿਆਂ ਲਈ ਵੱਖਰਾ ਭੋਜਨ ਸੀ, ਨਾ ਮੰਨਣ ਵਾਲਿਆਂ ਲਈ ਵੱਖਰਾ। ਜ਼ਿਆਦਾਤਰ ਹਿੰਦੂ ਹੀ ਸਨ, ਕਿਸੇ ਨੇ ਇਤਰਾਜ਼ ਨਾ ਕੀਤਾ।
ਇਸ ਦਾ ਮਤਲਬ ਸਾਫ਼ ਹੈ: ਆਮ ਹਿੰਦੂਆਂ ਦਾ ਸੁਭਾਅ ਹਿੰਦੂਤਵਵਾਦੀ ਸ਼ਾਕਾਹਾਰ ਤੇ ਸ਼ਾਕਾਹਾਰੀ ਨਾਲ ਵਿਗੜਿਆ ਨਹੀਂ। ਬੀ.ਜੇ.ਪੀ. ਨੇ ਕੋਸ਼ਿਸ਼ ਨਾ ਕੀਤੀ ਹੋਵੇ, ਅਜਿਹਾ ਨਹੀਂ, ਪਰ ਬਿਹਾਰ ਤੇ ਝਾਰਖੰਡ ਵਿੱਚ ਸਰਕਾਰਾਂ ਨੇ ਇਸ ਮੌਕੇ ਨੂੰ ਸਿਆਸੀ ਨਹੀਂ ਬਣਨ ਦਿੱਤਾ। ਇਸੇ ਕਰਕੇ ਇਨ੍ਹਾਂ ਸੂਬਿਆਂ ਵਿੱਚ ਕਾਂਵੜ ਯਾਤਰਾ ’ਤੇ ਹਿੰਦੂਤਵ ਦਾ ਰੰਗ ਨਹੀਂ ਚੜਿ੍ਹਆ।
ਇਹ ਨਾ ਸੋਚੋ ਕਿ ਬਿਹਾਰ, ਝਾਰਖੰਡ ਜਾਂ ਪੰਢਰਪੁਰ ਦੀ ਵਾਰੀ ਯਾਤਰਾ ਇੰਝ ਹੀ ਬਚੀ ਰਹੇਗੀ। ਹਿੰਦੂਆਂ ਦੇ ਹਰ ਧਾਰਮਿਕ ਮੌਕੇ ਨੂੰ ਹਿੰਦੂਤਵਵਾਦੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਸਰਕਾਰ ਵੀ ਇਸ ਵਿੱਚ ਸ਼ਾਮਲ ਹੋ ਗਈ ਹੈ। ਕੀ ਹਿੰਦੂ ਕਦੇ ਸਮਝ ਪਾਉਣਗੇ ਕਿ ਉਹ ਹੁਣ ਹਿੰਦੂਤਵਵਾਦੀ ਪ੍ਰੋਜੈਕਟ ਦੇ ਹਥਿਆਰ ਬਣ ਕੇ ਰਹਿ ਗਏ ਹਨ?

Loading