ਕਾਇਮ ਰੱਖੀ ਜਾਵੇ ਪੰਜ ਦਰਿਆਵਾਂ ਦੀ ਤਹਿਜੀਬ

In ਸੰਪਾਦਕੀ
March 27, 2025
ਗੁਰੂ ਸਾਹਿਬਾਨ, ਪੀਰਾਂ-ਫ਼ਕੀਰਾਂ ਦੀ ਧਰਤੀ ਪੰਜਾਬ ਅਤੇ ਕੁਦਰਤੀ ਸੁੰਦਰਤਾ ਨਾਲ ਭਰਪੂਰ ਤੇ ਦੇਵ ਭੂਮੀ ਕਹੇ ਜਾਂਦੇ ਹਿਮਾਚਲ ਪ੍ਰਦੇਸ਼ ਵਿਚਾਲੇ ਇਸ ਸਮੇਂ ਕੁਝ ਤਨਾਓ ਪੈਦਾ ਹੋ ਗਿਆ ਹੈ। ਭਾਵੇਂ ਕਿ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਆਪਸ ਵਿੱਚ ਗੱਲਬਾਤ ਕਰਕੇ ਇਹ ਤਨਾਓ ਘੱਟ ਕਰਨ ਦਾ ਯਤਨ ਕੀਤਾ ਹੈ ਅਤੇ ਦੋਵਾਂ ਸੂਬਿਆਂ ਦੀਆਂ ਮੁੱਖ ਸਰਕਾਰੀ ਏਜੰਸੀਆਂ ਵੀ ਇੱਕ ਦੂਜੇ ਦੇ ਸੰਪਰਕ ਵਿੱਚ ਹਨ ਪਰ ਫੇਰ ਵੀ ਦੋਵਾਂ ਸੂਬਿਆਂ ਦੇ ਕੁਝ ਲੋਕਾਂ ਵਿੱਚ ਇੱਕ ਦੂਜੇ ਪ੍ਰਤੀ ਸ਼ੱਕ ਦੀ ਭਾਵਨਾ ਪਾਈ ਜਾ ਰਹੀ ਹੈ। ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਇਸ ਸਮੇਂ ਪੰਜਾਬ ਵਿੱਚ ਦੋ ਮੁੱਖ ਦਰਿਆ ਸਤਲੁਜ ਅਤੇ ਬਿਆਸ ਵਹਿੰਦੇ ਹਨ, ਜੋ ਕਿ ਹਿਮਾਚਲ ਪ੍ਰਦੇਸ਼ ਵਿਚੋਂ ਹੀ ਪੰਜਾਬ ਵਿੱਚ ਆਉਂਦੇ ਹਨ। ਇਸ ਕਰਕੇ ਇਹ ਦਰਿਆ ਜਿੰਨੇ ਪੰਜਾਬ ਲਈ ਪਵਿੱਤਰ ਹਨ, ਉਨੇ ਹੀ ਇਹ ਹਿਮਾਚਲ ਪ੍ਰਦੇਸ਼ ਲਈ ਵੀ। ਇਹਨਾਂ ਦਰਿਆਵਾਂ ਦੀ ਆਪਣੀ ਮਰਿਆਦਾ ਅਤੇ ਤਹਿਜੀਬ ਹੈ। ਇਹ ਦਰਿਆ ਸਭ ਦਾ ਭਲਾ ਲੋਚਦੇ ਹਨ। ਇਸੇ ਕਾਰਨ ਇਹਨਾਂ ਦਰਿਆਵਾਂ ਦੇ ਆਲ਼ੇ ਦੁਆਲ਼ੇ ਵਸੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਤੋਂ ਵੀ ਇਸੇ ਤਹਿਜੀਬ ਦੀ ਆਸ ਕੀਤੀ ਜਾਂਦੀ ਹੈ। ਪ੍ਰੰਤੂ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਕਾਰਨ ਦੋਵਾਂ ਸੂਬਿਆਂ ਦੇ ਲੋਕਾਂ ਵਿਚਾਲੇ ਤਨਾਓ ਪੈਦਾ ਹੋ ਗਿਆ ਹੈ। ਇਸ ਤਨਾਓ ਦੀ ਸ਼ੁਰੂਆਤ ਹਿਮਾਚਲ ਦੀ ਮਨੀਕਰਨ ਘਾਟੀ ਤੋਂ ਹੋਈ ਦਸੀ ਜਾਂਦੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੁੱਲੂ ਦੇ ਇੱਕ ਹੋਟਲ ਮਾਲਕ ਵੱਲੋਂ ਪੰਜਾਬ ਤੋਂ ਮਨੀਕਰਨ ਸਾਹਿਬ ਗਏ ਸਿੱਖ ਅਤੇ ਪੰਜਾਬੀ ਨੌਜਵਾਨਾਂ ਦੇ ਮੋਟਰ ਸਾਈਕਲਾਂ ’ਤੇ ਲੱਗੇ ਹੋਏ ਸੰਤ ਭਿੰਡਰਾਂਵਾਲਾ ਦੀ ਤਸਵੀਰ ਵਾਲੇ ਝੰਡੇ ਉਤਾਰ ਕੇ ਪੈਰਾਂ ਹੇਠ ਮਧੋਲੇ ਗਏ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਮੂਕ ਦਰਸ਼ਕ ਬਣੀ ਰਹੀ। ਇੱਥੋਂ ਹੀ ਇਸ ਤਨਾਓ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਤੋਂ ਗਏ ਸਿੱਖਾਂ ਅਤੇ ਪੰਜਾਬੀਆਂ ਨਾਲ ਧੱਕੇਸ਼ਾਹੀ ਹੋਈ ਹੈ ਸਗੋਂ ਹਰ ਸਾਲ ਹੀ ਅਜਿਹੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਸ ਦੇ ਪੰਜਾਬ ਵਿੱਚ ਵੀ ਪ੍ਰਤੀਕਰਮ ਹੁੰਦੇ ਹਨ, ਜਿਵੇਂ ਕਿ ਹਿਮਾਚਲ ਦੇ ਕੁੱਲੂ ਵਿੱਚ ਸਿੱਖ ਨੌਜਵਾਨਾਂ ਨਾਲ ਵਾਪਰੀ ਘਟਨਾ ਦਾ ਪ੍ਰਤੀਕਰਮ ਪੰਜਾਬ ਵਿੱਚ ਹੋਇਆ ਹੈ ਅਤੇ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ’ਤੇ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਅਤੇ ਅੰਮ੍ਰਿਤਸਰ ਵਿੱਚ ਹਿਮਾਚਲ ਪ੍ਰਦੇਸ਼ ਦੀਆਂ ਕੁੱਝ ਬੱਸਾਂ ਦੀ ਭੰਨਤੋੜ ਕਰਕੇ ਭੜਕਾਊ ਨਾਅਰੇ ਵੀ ਲਿਖ ਦਿੱਤੇ ਗਏ, ਜਿਸ ਤੋਂ ਬਾਅਦ ਦੋਵਾਂ ਸੂਬਿਆਂ ਵਿਚਾਲੇ ਸਰਕਾਰੀ ਬੱਸ ਸੇਵਾ ਬੰਦ ਹੋ ਗਈ, ਜਿਸ ਕਾਰਨ ਸਿਰਫ਼ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ, ਜਦੋਂ ਕਿ ਪ੍ਰਾਈਵੇਟ ਬੱਸਾਂ ਵਾਲੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਸਫ਼ਰ ਕਰਨ ਵਾਲੇ ਲੋਕਾਂ ਤੋਂ ਮਨ ਮਰਜ਼ੀ ਦਾ ਕਿਰਾਇਆ ਵਸੂਲ ਰਹੇ ਹਨ। ਇਸ ਕਰਕੇ ਇਹ ਤਨਾਓ ਘੱਟ ਹੋਣ ਦੀ ਥਾਂ ਵੱਧ ਰਿਹਾ ਹੈ। ਪੰਜਾਬ ਦੇ ਵੱਡੀ ਗਿਣਤੀ ਸਿੱਖ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਅਕਸਰ ਜਾਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਪੰਜਾਬੀ ਘੁੰਮਣ ਲਈ ਵੀ ਹਿਮਾਚਲ ਪ੍ਰਦੇਸ਼ ਜਾਂਦੇ ਰਹਿੰਦੇ ਹਨ, ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ ਅਤੇ ਉਥੋਂ ਦੇ ਮੂਲ ਵਸਨੀਕਾਂ ਦਾ ਰੁਜ਼ਗਾਰ ਤੇ ਵਪਾਰ ਵਧੀਆ ਚਲਦਾ ਹੈ ਪਰ ਇਸ ਦੇ ਬਾਵਜੂਦ ਪਿਛਲੇ ਕੁਝ ਸਮੇਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਮੰਦਭਾਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਸਿੱਖਾਂ ਵਿੱਚ ਰੋਸ ਫੈਲਣਾ ਸੁਭਾਵਿਕ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਭਾਰਤ ਇੱਕ ਬਹੁਧਰਮੀ ਅਤੇ ਬਹੁਭਾਸ਼ੀ ਦੇਸ਼ ਹੈ, ਜਿਸ ਵਿੱਚ ਹਰ ਇੱਕ ਨੂੰ ਧਾਰਮਿਕ ਅਜ਼ਾਦੀ ਹੈ। ਉਨ੍ਹਾਂ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ ਹਨ, ਜਿਨ੍ਹਾਂ ਨੂੰ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਿਆ ਹੋਇਆ ਹੈ। ਉਨ੍ਹਾਂ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਹਨ, ਪਰ ਸ਼ਰਧਾਲੂਆਂ ਨੂੰ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਤੋਂ ਨਿਸ਼ਾਨ ਸਾਹਿਬ ਅਤੇ ਸਿੱਖ ਸ਼ਹੀਦਾਂ ਦੀਆਂ ਤਸਵੀਰਾਂ ਜਬਰੀ ਲੁਹਾਈਆਂ ਜਾ ਰਹੀਆਂ ਹਨ। ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ’ਤੇ ਪੁਲਿਸ ਪ੍ਰਸ਼ਾਸਨ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ ਬਲਕਿ ਸਿੱਖਾਂ ਖ਼ਿਲਾਫ਼ ਸਿਰਜੇ ਜਾ ਰਹੇ ਨਫ਼ਰਤੀ ਮਾਹੌਲ ਨੂੰ ਹਵਾ ਦੇ ਰਿਹਾ ਹੈ। ਸਾਂਸਦ ਹਰਸਿਮਰਤ ਕੌਰ ਬਾਦਲ ਨੇ ਲੋਕ ਸਭਾ ਵਿੱਚ ਮੁੱਦਾ ਉਠਾਇਆ ਹੈ ਕਿ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਹੈ, ਤਾਂ ਉਸ ਨੂੰ ਪੰਜਾਬ ਵਿੱਚ ਛੱਡ ਦਿੱਤਾ ਜਾਂਦਾ ਹੈ, ਜਿਸ ਕਾਰਨ ਹੜ੍ਹ ਆਉਣ ਕਰਕੇ ਪੰਜਾਬ ਡੁੱਬ ਜਾਂਦਾ ਹੈ ਅਤੇ ਇਹ ਪਾਣੀ ਲੈਣ ਤੋਂ ਹਰਿਆਣਾ ਵੱਲੋਂ ਸਪਸ਼ਟ ਇਨਕਾਰ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਪਾਣੀ ਘੱਟ ਹੁੰਦਾ ਹੈ ਤਾਂ ਹਰਿਆਣਾ ਵੱਲੋਂ ਐਸ.ਵਾਈ.ਐਲ. ਨਹਿਰ ਦਾ ਮੁੱਦਾ ਉਠਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹਨਾਂ ਦੋਵਾਂ ਸੂਬਿਆਂ ਵੱਲੋਂ ਪੰਜਾਬ ਨਾਲ ਹੀ ਧੱਕਾ ਕੀਤਾ ਜਾ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਕੀਤੀਆਂ ਜਾਣ ਅਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੀ ਧਰਤੀ ਦੀ ਤਹਿਜੀਬ ਨੂੰ ਜਿਉਂਦਾ ਰੱਖਿਆ ਜਾਵੇ। ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਆਉਂਦੇ ਪੰਜਾਬ ਦੇ ਸਿੱਖਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੀ ਸੁਰੱਖਿਆ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਸਿੱਖ ਤੀਰਥ ਸਥਾਨਾਂ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਾਂ ਦੀ ਸੁਰੱਖਿਆ ਲਈ ਆਪਣੇ ਪੱਧਰ ’ਤੇ ਪ੍ਰਸ਼ਾਸਨ ਅਤੇ ਸਰਕਾਰ ਨਾਲ ਗੱਲਬਾਤ ਕਰਨ ਤਾਂ ਕਿ ਇਹ ਤਨਾਓ ਸਮਾਪਤ ਕੀਤਾ ਜਾ ਸਕੇ।

Loading