ਕੇਵਲ ਸਿੰਘ ਕਾਲਝਰਾਣੀ :
ਰਮੇਸ਼ ਅਤੇ ਉਸ ਦੀ ਪਤਨੀ ਸੀਤਾ ਮਿਹਨਤ ਮਜ਼ਦੂਰੀ ਕਰਨ ਵਾਲੇ ਗ਼ਰੀਬ ਲੋਕ ਹਨ। ਪਰ ਅੱਜ ਰਮੇਸ਼ ਅਤੇ ਸੀਤਾ ਬਹੁਤ ਹੀ ਨਿਰਾਸ਼ ਅਤੇ ਦੁਖੀ ਸਨ ਕਿਉਂਕਿ ਲੰਮੇ ਸਮੇਂ ਤੋਂ ਹੋ ਰਹੇ ਛਾਤੀ ਦੇ ਦਰਦ ਦੀ ਜਾਂਚ ਲਈ ਅੱਜ ਸੀਤਾ ਨੂੰ ਰਮੇਸ਼ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਲੈ ਗਿਆ। ਡਾਕਟਰ ਨੇ ਉਨ੍ਹਾਂ ਨੂੰ ਆਖ਼ਰੀ ਸਟੇਜ ਦਾ ਕੈਂਸਰ ਦੱਸਿਆ।
ਹੁਣ ਰਮੇਸ਼ ਦੀ ਮਜ਼ਦੂਰੀ ਉਸ ਦੇ ਘਰ ਅਤੇ ਪਤਨੀ ਦੀ ਦਵਾਈ ਦੇ ਖ਼ਰਚੇ ਚੁੱਕਣ ਵਿੱਚ ਲਾਚਾਰ ਸੀ। ਉਸ ਨੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੱਦਦ ਦੀ ਗੁਹਾਰ ਲਗਾਈ, ਪਰ ਸਭ ਨੇ ਉਸ ਨਾਲੋਂ ਨਾਤੇ ਤੋੜ ਲਏ। ਅੰਤ ਨੂੰ ਰਮੇਸ਼ ਆਪਣੇ ਪੁਰਾਣੇ ਜਿਗਰੀ ਯਾਰ ਕਮਲ ਕੋਲ ਗਿਆ ਜੋ ਬੈਂਕ ਵਿੱਚ ਚਪੜਾਸੀ ਦੀ ਨੌਕਰੀ ਕਰਦਾ ਸੀ ਪਰ ਉਸ ਨੇ ਵੀ ਆਪਣੀਆਂ ਮਜਬੂਰੀਆਂ ਦਾ ਪੁਲੰਦਾ ਰਮੇਸ਼ ਸਾਹਮਣੇ ਖੋਲ੍ਹ ਦਿੱਤਾ। ਕਮਲ ਇੱਕ ਚੰਗਾ ਇਨਸਾਨ ਸੀ ਤੇ ਉਹ ਰਮੇਸ਼ ਦੀ ਮੱਦਦ ਕਰਨਾ ਵੀ ਚਾਹੁੰਦਾ ਸੀ ਪਰ ਹਾਲਾਤ ਤੋਂ ਮਜਬੂਰ ਸੀ। ਰਮੇਸ਼ ਨੇ ਬੈਂਕ ਦੀ ਦਹਿਲੀਜ਼ ਤੋਂ ਪੈਰ ਥੱਲੇ ਲਾਹਿਆ ਹੀ ਸੀ ਕਿ ਕਮਲ ਨੇ ਆਵਾਜ਼ ਮਾਰੀ, ‘‘ਰਮੇਸ਼, ਵਾਪਸ ਆਓ। ਮੈਂ ਤੁਹਾਡੇ ਬਾਰੇ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਹੈ। ਉਹ ਤੁਹਾਨੂੰ ਆਟੋ ਰਿਕਸ਼ਾ ਖਰੀਦਣ ਲਈ ਕਰਜ਼ ਦੇਣ ਲਈ ਤਿਆਰ ਹੋ ਜਾਣਗੇ, ਪਰ ਤੁਹਾਨੂੰ ਕਿਸੇ ਜਾਇਦਾਦ ਦੇ ਕਾਗ਼ਜ਼ ਦੇਣੇ ਪੈਣਗੇ ਤੇ ਗਵਾਹ ਵਜੋਂ ਦਸਤਖ਼ਤ ਮੈਂ ਆਪ ਕਰ ਦਿਆਂਗਾ।’’ ਇੱਕ ਵਾਰ ਤਾਂ ਗੱਲ ਸੁਣ ਕੇ ਰਮੇਸ਼ ਦੇ ਚਿਹਰੇ ’ਤੇ ਰੌਣਕ ਆ ਗਈ। ‘‘…ਪਰ ਮੇਰੇ ਕੋਲ ਤਾਂ ਕੋਈ ਜਾਇਦਾਦ ਹੈ ਹੀ ਨਹੀਂ,’’ ਪਲ ਭਰ ਮਗਰੋਂ ਰਮੇਸ਼ ਨੇ ਕਿਹਾ। ਕਮਲ ਬੋਲਿਆ, ‘‘ਕੋਈ ਗੱਲ ਨਹੀਂ। ਤੇਰੇ ਕੋਲ ਤੇਰਾ ਘਰ ਤਾਂ ਹੈ।’’
ਕਮਲ ਨੇ ਰਮੇਸ਼ ਨੂੰ ਉਸ ਦਾ ਘਰ ਬੈਂਕ ਕੋਲ ਗਹਿਣੇ ਰੱਖ ਕੇ ਆਟੋ ਰਿਕਸ਼ਾ ਦਿਵਾ ਦਿੱਤਾ। ਹੁਣ ਉਹ ਆਪਣੀ ਰੋਜ਼ਾਨਾ ਦੀ ਮਜ਼ਦੂਰੀ ਤੋਂ ਕਿਤੇ ਜ਼ਿਆਦਾ ਪੈਸੇ ਕਮਾ ਸਕਦਾ ਸੀ। ਭਾਵੇਂ ਬੈਂਕ ਦੀ ਕਿਸ਼ਤ ਅਤੇ ਸੀਤਾ ਦੀ ਦਵਾਈ ਸਹੀ ਚੱਲ ਰਹੇ ਸਨ, ਪਰ ਰੋਟੀ ਰੋਜ਼ਾਨਾ ਦੋਵੇਂ ਸਮੇਂ ਕਦੇ ਕਦਾਈਂ ਹੀ ਮਿਲਦੀ ਸੀ। ਫਿਰ ਵੀ ਦੋਵੇਂ ਜੀਅ ਖ਼ੁਸ਼ ਸਨ।
ਇੱਕ ਦਿਨ ਰਮੇਸ਼ ਰੋਜ਼ਾਨਾ ਵਾਂਗ ਰੇਲਵੇ ਸਟੇਸ਼ਨ ’ਤੇ ਆਪਣੇ ਸਟੈਂਡ ਉੱਤੇ ਆਉਣ ਵਾਲੀ ਸਵਾਰੀ ਨੂੰ ਲਿਜਾਣ ਲਈ ਖੜ੍ਹਾ ਸੀ ਕਿ ਅਚਾਨਕ ਉਸ ਦੇ ਗੁਆਂਢੀ ਰਾਜੂ ਦਾ ਫੋਨ ਆ ਗਿਆ। ਉਸ ਨੇ ਦੱਸਿਆ, ‘‘ਰਮੇਸ਼, ਮੈਂ ਰਾਜੂ ਹਾਂ। ਭਾਬੀ ਸੀਤਾ ਦੀ ਹਾਲਤ ਅਚਾਨਕ ਵਿਗੜ ਗਈ ਹੈ। ਉਹ ਦਰਦ ਨਾਲ ਤੜਫ਼ ਰਹੀ ਹੈ ਅਤੇ ਉੱਚੀ ਉੱਚੀ ਚੀਕਾਂ ਮਾਰ ਰਹੀ ਹੈ। ਮੈਂ ਤੇ ਮੇਰੀ ਪਤਨੀ ਰਾਣੀ ਨੇ ਉਸ ਨੂੰ ਹਸਪਤਾਲ ਲਿਜਾਣ ਲਈ ਕਿਹਾ ਸੀ । ਪਰ ਉਸ ਨੇ ਮਨ੍ਹਾ ਕਰ ਦਿੱਤਾ ਅਤੇ ਕਿਹਾ ਜਲਦੀ ਰਮੇਸ਼ ਨੂੰ ਬੁਲਾ ਦਿਓ ਜਦੋਂ ਰਮੇਸ਼ ਆ ਜਾਵੇਗਾ ਮੈਂ ਆਪੇ ਹੀ ਠੀਕ ਹੋ ਜਾਵਾਂਗੀ।’’ ਰਮੇਸ਼ ਦਾ ਗਲਾ ਭਾਰੀ ਹੋ ਗਿਆ। ਪਲਕਾਂ ਨੇ ਇੱਕ ਪਲ ਲਈ ਝਪਕਣਾ ਬੰਦ ਕਰ ਦਿੱਤਾ, ਹੰਝੂ ਅੱਖਾਂ ਵਿੱਚ ਹੀ ਸੁੱਕ ਗਏ। ਰਾਜੂ ਦੇ ਬੋਲ ਉਸ ਦਾ ਸੀਨਾ ਚੀਰ ਰਹੇ ਸਨ ਅਤੇ ਇੰਝ ਲਗਦਾ ਸੀ ਜਿਵੇਂ ਸਰੀਰ ਬੁੱਤ ਬਣ ਗਿਆ ਹੋਵੇ।
ਆਪਣੇ ਹੋਸ਼ ਸੰਭਾਲਦੇ ਹੋਏ ਹੌਸਲਾ ਕਰਕੇ ਰਮੇਸ਼ ਕਾਹਲ਼ੀ ਨਾਲ ਘਰ ਵੱਲ ਨੂੰ ਚੱਲ ਪਿਆ। ਰਸਤੇ ਵਿੱਚ ਕਾਫ਼ੀ ਭੀੜ ਉੱਚੀ ਉੱਚੀ ਰੌਲਾ ਪਾਉਂਦੀ ਜਾ ਰਹੀ ਸੀ। ਇੱਕ ਇੱਕ ਮੋਟਰਸਾਈਕਲ ਉੱਤੇ ਚਾਰ ਚਾਰ ਜਣੇ ਸਵਾਰ ਸਨ।ਸਾਇਲੈਂਸਰ ਦੇ ਪਟਾਕੇ ਲੋਕਾਂ ਦੇ ਕੰਨ ਪਾੜ ਰਹੇ ਸਨ। ਲੰਡੀਆਂ ਜੀਪਾਂ ਵਿੱਚ ਬਾਹਰ ਲਮਕ ਲਮਕ ਨਾਹਰੇ ਲਾਉਂਦੇ ਨੌਜਵਾਨ ਰਾਹਗੀਰਾਂ ਨੂੰ ਅੱਗੇ ਨਹੀਂ ਸੀ ਲੰਘਣ ਦੇ ਰਹੇ। ਥੋੜ੍ਹੀ ਜਿਹੀ ਦਲੇਰੀ ਕਰਕੇ ਰਮੇਸ਼ ਨੇ ਜਿਉਂ ਹੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਅੱਗੇ ਖੜ੍ਹੀ ਪੁਲਿਸ ਨੇ ਉਸ ਨੂੰ ਪਾਸੇ ਕਰਕੇ ਰੋਕ ਲਿਆ ਕਿਉਂਕਿ ਆਵਾਜਾਈ ਮੰਤਰੀ ਜੀ ਦੀ ਰੈਲੀ ਸੀ ਅਤੇ ਇਹ ਸਭ ਉਨ੍ਹਾਂ ਦੀ ਪਾਰਟੀ ਦੇ ਸਮਰਥਕ ਸਨ। ਬੇਨੰਬਰੀ ਕਾਰਾਂ ਅਤੇ ਹੱਥਾਂ ਵਿੱਚ ਸੋਟੇ ਫੜੀ ਇਹ ਲੋਕ ਬੇਝਿਜਕ ਲੰਘ ਰਹੇ ਸਨ। ‘‘ਲਿਆ ਕਾਗ਼ਜ਼ ਓਏ,’’ ਸਿਪਾਹੀ ਨੇ ਰਮੇਸ਼ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਰਮੇਸ਼ ਆਪਣੇ ਆਟੋ ਰਿਕਸ਼ਾ ਦੇ ਕਾਗ਼ਜ਼ ਸਿਪਾਹੀ ਕੋਲ ਲੈ ਗਿਆ ਅਤੇ ਆਪਣੀ ਪਤਨੀ ਬਾਰੇ ਘਰੋਂ ਆਏ ਫੋਨ ਬਾਰੇ ਦੱਸਣ ਲੱਗਾ ਤਾਂ ਉਸ ਭਲੇਮਾਣਸ ਸਿਪਾਹੀ ਨੇ ਉਸ ਨੂੰ ਜਲਦੀ ਜਾਣ ਲਈ ਕਹਿ ਦਿੱਤਾ। ਫਿਰ ਵੀ ਸਾਹਮਣੇ ਬੈਠੇ ਉਨ੍ਹਾਂ ਦੇ ਸਾਬ੍ਹ ਨੇ ਉਸ ਨੂੰ ਰੋਕ ਲਿਆ ਅਤੇ ਸਿਪਾਹੀ ਨੂੰ ਵੀ ਝਾੜ ਪਾਈ, ‘‘ਉਏ ਤੈਨੂੰ ਪਤਾ ਨਹੀਂ ਮੰਤਰੀ ਜੀ ਟ੍ਰੈਫਿਕ ਨਿਯਮਾਂ ਬਾਰੇ ਕਿੰਨੇ ਸਖ਼ਤ ਨੇ। ਇਹਦਾ ਸਾਰਾ ਕੁਝ ਚੈੱਕ ਕਰੋ,’’ ਸਾਹਮਣੇ ਬੈਠੇ ਅਫ਼ਸਰ ਨੇ ਸਿਪਾਹੀ ਨੂੰ ਗੁੱਸੇ ਨਾਲ ਕਿਹਾ। ਕਾਫ਼ੀ ਜਾਂਚ ਪੜਤਾਲ ਤੋਂ ਬਾਅਦ ਸਿਪਾਹੀ ਨੇ ਭਰੇ ਹਿਰਦੇ ਨਾਲ ਚਲਾਨ ਦੀ ਇੱਕ ਕਾਪੀ ਰਮੇਸ਼ ਨੂੰ ਫੜਾ ਦਿੱਤੀ, ਪਰ ਜਦੋਂ ਰਮੇਸ਼ ਆਪਣੇ ਆਟੋ ਵੱਲ ਨੂੰ ਤੁਰਿਆ ਤਾਂ ਅਫ਼ਸਰ ਨੇ ਫਿਰ ਆਵਾਜ਼ ਮਾਰੀ, ‘‘ਉਏ, ਇਸ ਨੂੰ ਬਾਊਂਡ ਕਰ ਦਿੱਤਾ ਗਿਆ ਹੈ। ਤੇਰੇ ਕਾਗਜ਼ਾਂ ਵਿੱਚ ਤਾਂ ਕਮੀਆਂ ਹੀ ਬਹੁਤ ਨੇ। ਤੂੰ ਟ੍ਰੈਫਿਕ ਨਿਯਮਾਂ ਨੂੰ ਤੋੜਿਆ ਹੈ। ਹੁਣ ਇਹ ਸਾਡੇ ਕੋਲ ਹੀ ਰਹੇਗਾ। ਅਦਾਲਤ ਵਿੱਚ ਜੁਰਮਾਨਾ ਭਰ ਕੇ ਇਸ ਨੂੰ ਛੁਡਾ ਲਵੀਂ।’’
ਰਮੇਸ਼ ਦਿੱਤੀ ਹੋਈ ਪਰਚੀ ਨੂੰ ਖੀਸੇ ਵਿੱਚ ਪਾ ਕਾਹਲ਼ੀ ਨਾਲ ਘਰ ਵੱਲ ਨੂੰ ਪੈਦਲ ਚੱਲ ਪਿਆ। ਖੱਜਲ ਖੁਆਰ ਹੁੰਦਾ ਰਮੇਸ਼ ਆਖ਼ਰ ਘਰ ਪਹੁੰਚ ਹੀ ਗਿਆ। ਘਰ ਵਿੱਚ ਲੋਕਾਂ ਦਾ ਇਕੱਠ ਸੀ, ਪਰ ਕਿਸੇ ਦੇ ਦਰਦ ਨਾਲ ਚੀਕਣ ਦੀ ਆਵਾਜ਼ ਨਹੀਂ ਸੀ ਆ ਰਹੀ। ਸਾਰੇ ਪਾਸੇ ਸੰਨਾਟਾ ਛਾਇਆ ਹੋਇਆ ਸੀ। ਸੀਤਾ ਆਪਣੇ ਸਾਹਾਂ ਦੀ ਪੂੰਜੀ ਹਾਰ ਚੁੱਕੀ ਸੀ। ਪੱਥਰ ਹੋਇਆ ਰਮੇਸ਼ ਕਦੇ ਸੀਤਾ ਦੀ ਲਾਸ਼ ਵੱਲ ਅਤੇ ਕਦੇ ਚਲਾਨ ਵਾਲੀ ਪਰਚੀ ਵੱਲ ਵਾਰ ਵਾਰ ਦੇਖ ਰਿਹਾ ਸੀ।