ਡੋਨਾਲਡ ਟਰੰਪ ਨੇ ਅਮਰੀਕੀ ਮਹਾ-ਸ਼ਕਤੀ ਦੀ ਫ਼ੌਜੀ, ਯੁੱਧਨੀਤਕ, ਆਰਥਿਕ ਅਤੇ ਤਕਨੀਕੀ ਸ਼ਕਤੀ ਬਲਬੂਤੇ ਆਪਣੇ ਭਰੋਸਯੋਗ, ਪੱਕੇ ਭਾਈਵਾਲ ਅਤੇ ਸਹਿਯੋਗੀ ਗੁਆਂਢੀ, ਨਾਟੋ ਸੰਗਠਨ ਅਤੇ ਯੂਰਪੀ ਯੂਨੀਅਨ ਦੇ ਦੇਸ਼ਾਂ ’ਤੇ ਬੇਰਹਿਮ, ਹਮਲਾਵਰ ਤੇ ਡਿਪਲੋਮੈਟਿਕ ਕਾਰਵਾਈ ਸ਼ੁਰੂ ਕੀਤੀ ਹੋਈ ਹੈ।
ਸ਼ਰਮਨਾਕ ਸਾਮਰਾਜਵਾਦੀ ਪ੍ਰਸਾਰਵਾਦ ਅਧੀਨ ਉਹ ਉਸ ਦੇ ਉੱਤਰੀ ਸਰਹੱਦੀ ਖ਼ੂਬਸੂਰਤ ਪ੍ਰਭੂਸੱਤਾ ਸੰਪੰਨ ਦੇਸ਼ ਕੈਨੇਡਾ ਨੂੰ ਆਪਣੇ 51ਵੇਂ ਸੂਬੇ ਵਜੋਂ ਧੱਕੇ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ। ਮੱਧ ਅਮਰੀਕੀ ਦੇਸ਼ ਪਨਾਮਾ ਵਿੱਚ ਉਸ ਵੱਲੋਂ ਉਸਾਰੀ ਨਹਿਰ ਪਨਾਮਾ ’ਤੇ ਮੁੜ ਕਬਜ਼ਾ ਕਰਨ, ਡੈਨਮਾਰਕ ਦੇ ਖ਼ੁਦਮੁਖਤਾਰ ਖੇਤਰ ਗਰੀਨਲੈਂਡ ਜਜ਼ੀਰੇ ’ਤੇ ਯੁੱਧਨੀਤਕ ਦਿ੍ਰਸ਼ਟੀਕੋਣ ਕਾਰਨ ਅਧਿਕਾਰ ਜਮਾਉਣ, ਮੈਕਸੀਕੋ ਖਾੜੀ ਦਾ ਜ਼ੋਰਾ-ਜਬਰੀ ਨਾਂ ਬਦਲ ਕੇ ਅਮਰੀਕੀ ਖਾੜੀ ਰੱਖਣ ’ਤੇ ਬਜ਼ਿੱਦ ਹੈ। ਇਵੇਂ ਹੀ ਵਿਸ਼ਵ ਭਰ ਦੇ ਦੇਸ਼ਾਂ ’ਤੇ 10 ਤੋਂ 30 ਪ੍ਰਤੀਸ਼ਤ ਟੈਰਿਫ਼ ਠੋਕਣ ’ਤੇ ਲਈ ਅੜਿਆ ਹੋਇਆ ਹੈ।
ਹਕੀਕਤ ਵਿੱਚ ਉਹ ਦੂਸਰੇ ਵਿਸ਼ਵ ਯੁੱਧ ਦੀ ਸਮਾਪਤੀ ’ਤੇ ਜੋ ਬਰੈਟਨਵੁੱਡ ਸੰਸਥਾਵਾਂ ਅਤੇ ਸੁਰੱਖਿਆ ਸਬੰਧੀ ਨਿਜ਼ਾਮ ਗਠਿਤ ਕੀਤਾ ਸੀ, ਕੌਮਾਂਤਰੀ ਤੇ ਕੌਮੀਅਤਾਂ ਅੰਦਰ ਮਸਲਿਆਂ ਦੇ ਹੱਲ ਅਤੇ ਸਦੀਵੀ ਸ਼ਾਂਤੀ ਲਈ ਸਥਾਪਤ ਯੂਐੱਨਓ ਦੀ ਥਾਂ ਇੱਕ ਅਮਰੀਕਾ ਕੇਂਦਰਿਤ ਸੁਪਰ ਆਰਥਿਕ, ਸਮਾਜਿਕ ਅਤੇ ਵਪਾਰਕ ਨਿਜ਼ਾਮ ਖੜ੍ਹਾ ਕਰਨਾ ਚਾਹੁੰਦਾ ਹੈ। ਟਰੰਪ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਪਿਛਲੇ ਮਹੀਨੇ ਓਵਲ ਦਫ਼ਤਰ, ਵ੍ਹਾਈਟ ਹਾਊਸ ਵਾਸ਼ਿੰਗਟਨ ਵਿਖੇ ਹੋਈ ਬੈਠਕ ਵਿੱਚ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਦਾ ਮੁੱਦਾ ਉਠਾਉਣੋਂ ਬਾਜ਼ ਨਹੀਂ ਆਇਆ। ਜੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਵਿਕਰੀ ਲਈ ਨਹੀਂ ਹੈ ਤਾਂ ਢੀਠਤਾਈ ਨਾਲ ਉਹ ਇਹ ਕਹਿਣੋਂ ਮੁੜ ਬਾਜ਼ ਨਾ ਆਇਆ ਕਿ ਇਹ ਤਾਂ ਸਮਾਂ ਦੱਸੇਗਾ।
ਕਾਰਨੀ ਸਮਝ ਚੁੱਕਾ ਸੀ ਕਿ ਜੋ ਪਿਛਲੇ 70 ਸਾਲਾਂ ਤੋਂ ਕੈਨੇਡਾ ਆਪਣੇ ਅਮਰੀਕੀਕਰਨ ਦੀ ਵੱਡੀ ਗ਼ਲਤੀ ਕਰ ਰਿਹਾ ਸੀ, ਉਹ ਏਨੀ ਮਹਿੰਗੀ ਪੈ ਰਹੀ ਹੈ ਕਿ ਅਮਰੀਕੀ ਪ੍ਰਸ਼ਾਸਨ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਜਿਵੇਂ ਕੈਨੇਡਾ ਨੂੰ ਆਪਣੇ ਦੇਸ਼ ਵਿੱਚ 51ਵੇਂ ਰਾਜ ਵਜੋਂ ਸ਼ਾਮਲ ਕਰਨ ਲਈ ਬਜ਼ਿੱਦ ਹੋ ਰਹੇ ਹਨ, ਇਸ ਨੂੰ ਰੋਕਣ ਦਾ ਸਮਾਂ ਆ ਗਿਆ ਹੈ।
ਇੱਕ ਤਾਂ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਉਸ ਨੇ ਯੂਰਪ ਅੰਦਰ ਮੁੜ ਤੋਂ ਭਰੋਸੇਯੋਗ ਸਹਿਯੋਗੀ ਰਾਸ਼ਟਰਾਂ ਦੀ ਭਾਲ ਆਰੰਭ ਦਿੱਤੀ ਹੈ। ਯੂਨਾਈਟਿਡ ਕਿੰਗਡਮ ਦੇ ਰਾਜਾ ਚਾਰਲਸ ਤੀਜੇ ਨੇ ਕੈਨੇਡਾ ਦੇ ਰਾਜੇ ਤੇ ਸੰਵਿਧਾਨਕ ਮੁਖੀ ਵਜੋਂ ਮੁਲਕ ਦੀ ਨਵੀਂ ਚੁਣੀ 45ਵੀਂ ਪਾਰਲੀਮੈਂਟ ਦੇ ਉਦਘਾਟਨੀ ਭਾਸ਼ਣ ਭਾਵ ‘ਤਾਜ ਤੋਂ ਭਾਸ਼ਣ’ ਬਹਾਨੇ ਕੈਨੇਡਾ ਦੀ ਯਾਤਰਾ ਕੀਤੀ।
ਕਾਰਨੀ ਦੀ ਯੂ.ਕੇ. ਤੇ ਫ਼ਰਾਂਸ ਯਾਤਰਾ ਨੇ ਅਮਰੀਕਾ ਅਤੇ ਰਾਸ਼ਟਰਪਤੀ ਟਰੰਪ ਨੂੰ ਸਪਸ਼ਟ ਸੰਦੇਸ਼ ਦਿੱਤਾ ਕਿ ਭਵਿੱਖ ਵਿੱਚ ਕਿਸੇ ਵੀ ਸੂਰਤ ਵਿੱਚ ਕੈਨੇਡਾ ਅਮਰੀਕਾ ’ਤੇ ਨਿਰਭਰ ਨਹੀਂ ਰਹੇਗਾ। ਹੁਣ ਕੈਨੇਡਾ ਯੂਰਪ, ਲਤੀਨੀ ਅਮਰੀਕਾ, ਏਸ਼ੀਆ ਤੇ ਅਫ਼ਰੀਕਾ ਅੰਦਰ ਸੁਰੱਖਿਆ, ਤਕਨੀਕੀ, ਵਪਾਰਕ, ਫ਼ਾਰਮੇਸੀ ਤੇ ਸਾਇੰਸੀ ਖੇਤਰਾਂ ਵਿਚ ਭਰੋਸੇਮੰਦ ਸਹਿਯੋਗੀ ਸਥਾਪਤ ਕਰੇਗਾ।
ਰਾਜਾ ਚਾਰਲਸ ਯੂ.ਕੇ. ਦਾ ਤਾਜ ਸੰਭਾਲਣ ਤੋਂ ਪਹਿਲਾਂ 19 ਵਾਰ ਕੈਨੇਡਾ ਆ ਚੁੱਕਾ ਸੀ ਲੇਕਿਨ ਰਾਜੇ ਵਜੋਂ ਰਾਣੀ ਕੈਮਿਲਾ ਨਾਲ ਇਹ ਉਨ੍ਹਾਂ ਦੀ 20ਵੀਂ ਪਰ ਕੈਨੇਡਾ ਦੇ ਸੰਵਿਧਾਨਕ ਮੁਖੀ ਵਜੋਂ ਪਹਿਲੀ ਫ਼ੇਰੀ ਸੀ।
ਪੂਰੇ ਸ਼ਾਹੀ ਰੰਗ-ਢੰਗ, ਜਾਹੋ-ਜਲਾਲ ਅਤੇ ਸਨਮਾਨ ਨਾਲ ਕੈਨੇਡਾ ਦੇ ਸਮੁੱਚੇ ਭਾਈਚਾਰੇ, ਫ਼ਸਟ ਨੇਸ਼ਨਜ਼ ਪ੍ਰਤੀਨਿਧਾਂ ਅਤੇ ਕਾਰਨੀ ਲਿਬਰਲ ਸਰਕਾਰ ਵੱਲੋਂ ਇਸਤਕਬਾਲ ਕੀਤਾ ਗਿਆ। ‘ਨਿਊਯਾਰਕ ਟਾਈਮਜ਼’ ਅਖ਼ਬਾਰ ਅਨੁਸਾਰ ਰਾਜਾ ਚਾਰਲਸ ਦੀ ਕੈਨੇਡਾ ਫ਼ੇਰੀ ਰਾਸ਼ਟਰਪਤੀ ਟਰੰਪ ਲਈ ਸੂਖ਼ਮ ਫ਼ਿਟਕਾਰ ਸੀ। ਟਰੰਪ ਰਾਜੇ ਚਾਰਲਸ ਵੱਲੋਂ ਸ਼ਾਹੀ ਭੋਜ ਦੇ ਸੱਦੇ ਵੇਲੇ ਉਸ ਨੂੰ ਖ਼ੂਬਸੂਰਤ ਤੇ ਇੱਕ ਸ਼ਾਨਦਾਰ ਮਨੁੱਖ ਕਹਿ ਕੇ ਸਲਾਹੁੰਦਾ ਹੈ।
ਬਗ਼ੈਰ ਕੋਈ ਭੱਦਾ ਸ਼ਬਦ ਕਹੇ ਰਾਜਾ ਚਾਰਲਸ ਨੇ ਰਾਸ਼ਟਰਪਤੀ ਟਰੰਪ ਨੂੰ ਤਾੜਨਾ ਭਰਿਆ ਸੰਦੇਸ਼ ਦੇ ਦਿੱਤਾ ਕਿ ਉਹ ਕੈਨੇਡਾ ਦਾ ਰਾਜਾ ਹੈ। ਮੈਂ ਤੁਹਾਨੂੰ ਪੂਰੇ ਪਿਆਰ-ਸਤਿਕਾਰ ਨਾਲ ਦੱਸ ਦੇਣਾ ਚਾਹੁੰਦਾ ਹਾਂ ਕਿ ਕੈਨੇਡਾ ਕਦੇ ਵੀ ਤੁਹਾਡਾ ਹਿੱਸਾ ਨਹੀਂ ਹੋ ਸਕਦਾ। ਇਸ ਨਾਲ ਮੇਰਾ ਨਿੱਜ ਸਬੰਧਤ ਹੈ।ਸੋ, ਇੱਧਰ ਝਾਕਣਾ ਬੰਦ ਕਰੋ। ਜੇ ਤੁਸੀਂ ਇਸ ਨੂੰ ਹੜੱਪਣ ਦਾ ਮਨਸੂਬਾ ਕਾਇਮ ਰੱਖਦੇ ਹੋ ਤਾਂ ਮੈਂ ਤੁਹਾਡੀ ਬਰਤਾਨਵੀ ਯਾਤਰਾ ਰੱਦ ਕਰ ਦੇਵਾਂਗਾ। ਤੁਸੀਂ ਕੈਨੇਡਾ ਨੂੰ ਨਹੀਂ, ਮੈਨੂੰ ਧਮਕੀ ਦੇਵੋਗੇ ਜੇ ਅਜਿਹਾ ਕਰਦੇ ਹੋ।
ਭਾਵੇਂ ਰਾਜਾ ਚਾਰਲਸ ਦੀ ਕੈਨੇਡਾ ਅੰਦਰ ਮੌਜੂਦਗੀ ਸਮੇਂ 27 ਮਈ ਨੂੰ ਟਰੰਪ ਇਹ ਕਹਿਣੋਂ ਬਾਜ਼ ਨਹੀਂ ਆਇਆ ਕਿ ਜੇਕਰ ਕੈਨੇਡਾ 51ਵਾਂ ਰਾਜ ਬਣਨਾ ਸਵੀਕਾਰ ਕਰ ਲਵੇ ਤਾਂ ਨਵੇਂ ਸੁਰੱਖਿਆ ਸਿਸਟਮ ‘ਗੋਲਡਨ ਡੋਮ’ ਲਈ ਉਸ ਦੇ ਹਿੱਸੇ ਦੇ 61 ਬਿਲੀਅਨ ਡਾਲਰ ਮਾਫ਼ ਕਰ ਦਿੱਤੇ ਜਾਣਗੇ। ਕੈਨੇਡਾ ਨੇ ਸਾਫ਼ ਦੁਹਰਾਇਆ ਕਿ ਅਜਿਹਾ ਕਦੇ ਨਹੀਂ ਹੋ ਸਕਦਾ। ਕੈਨੇਡਾ ਅੰਦਰ ਅਮਰੀਕੀ ਰਾਜਦੂਤ ਪੇਟੇ ਹੋਇਕਸਤਰਾ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਵੱਲੋਂ 51ਵਾਂ ਰਾਜ ਦਾ ਵਿਚਾਰ ਖ਼ਤਮ ਹੋ ਚੁੱਕਾ ਹੈ।
ਇਹ ਕੈਨੇਡਾ ’ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਰਾਸ਼ਟਰੀ ਇਕਜੁੱਟਤਾ, ਦੇਸ਼ ਭਗਤੀ ਪ੍ਰਬਲਤਾ ਅਤੇ ਮਜ਼ਬੂਤੀ ਲਈ ਇੱਕ ਰਾਜਨੀਤਕ ਔਜ਼ਾਰ ਵਜੋਂ ਵਰਤਣਾ ਜਾਰੀ ਰੱਖੇ। ਅਕਸਰ ਨਵੀਂ ਪਾਰਲੀਮੈਂਟ ਦਾ ਆਗਾਜ਼ ‘ਕਰਾਊਨ ਭਾਸ਼ਣ’ ਕਰਾਊਨ ਦੇ ਕੈਨੇਡਾ ਅੰਦਰ ਪ੍ਰਤੀਨਿਧ ਗਵਰਨਰ ਜਨਰਲ ਵੱਲੋਂ ਦਿੱਤੇ ਜਾਣ ਨਾਲ ਹੁੰਦਾ ਹੈ। ਗਵਰਨਰ ਜਨਰਲ ਦੀ ਚੋਣ ਕੈਨੇਡਾ ਸਰਕਾਰ ਵੱਲੋਂ ਸੰਵਿਧਾਨਕ ਵਿਧੀ ਦੁਆਰਾ ਕੀਤੀ ਜਾਂਦੀ ਹੈ। ਪਰ ਅਮਰੀਕਾ ਤੇ ਉਸ ਦੇ ਰਾਸ਼ਟਰਪਤੀ ਟਰੰਪ ਨੂੰ ਕਰਾਰਾ ਤੇ ਢੁੱਕਵਾਂ ਜਵਾਬ ਦੇਣ ਲਈ ਇਸ ਵਾਰ ਗਵਰਨਰ ਜਨਰਲ ਮੇਰੀ ਸਇਮਾਂ ਦੀ ਥਾਂ ਰਾਜਾ ਚਾਰਲਸ ਕੈਨੇਡਾ ਦੇ ਸੰਵਿਧਾਨਕ ਮੁਖੀ ਦੁਆਰਾ ‘ਕਰਾਊਨ ਭਾਸ਼ਣ’ ਪੜਿ੍ਹਆ ਗਿਆ।
ਇਹ ਏਨਾ ਮਹੱਤਵਪੂਰਨ ਤੇ ਜ਼ਰੂਰੀ ਸਮਝਿਆ ਗਿਆ ਕਿ ਕੈਂਸਰ ਪੀੜਤ ਹੋਣ ਅਤੇ ਹਰ ਹਫ਼ਤੇ ਕੈਮੋਥ੍ਰੈਪੀ ਚੱਲਣ ਦੇ ਬਾਵਜੂਦ ਰਾਜਾ ਚਾਰਲਸ ਇਸ ਮੰਤਵ ਲਈ ਰਾਣੀ ਕੈਮਿਲਾ ਨਾਲ ਰਾਜਧਾਨੀ ਓਟਾਵਾ ਪੁੱਜੇ।
ਰਾਜੇ ਨੇ ਆਪਣੇ ਭਾਸ਼ਣ, ਜੋ ਪ੍ਰਧਾਨ ਮੰਤਰੀ ਕਾਰਨੀ ਅਤੇ ਰਾਜੇ ਦੇ ਦਫ਼ਤਰ ਵੱਲੋਂ ਮਿਲ ਕੇ ਤਿਆਰ ਕੀਤਾ ਗਿਆ ਸੀ, ਵਿੱਚ ਬਹੁਤ ਸੰਜੀਦਾ, ਭਾਵਪੂਰਵਕ, ਜ਼ਬਰਦਸਤ ਅਤੇ ਮਜ਼ਬੂਤ ਸੰਦੇਸ਼ ਦਿੱਤਾ ਕਿ ਕੈਨੇਡਾ ਇਕ ਪ੍ਰਭੂਸੱਤਾ ਸੰਪੰਨ ਦੇਸ਼ ਹੈ। ਕਰਾਊਨ ਇਸ ਦੀ ਏਕਤਾ ਅਤੇ ਇਕਜੁੱਟਤਾ ਦਾ ਪ੍ਰਤੀਕ ਹੈ।
ਕਾਰਨੀ ਦੀ ਲਿਬਰਲ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ ਜਿਵੇਂ ਕਿ ਮੱਧ ਵਰਗ ’ਤੇ ਟੈਕਸ ਕਟੌਤੀ, ਅੰਤਰਰਾਜੀ ਵਪਾਰਕ ਬੈਰੀਅਰ ਖੋਲ੍ਹਣਾ, ਕੈਨੇਡਾ ਨੂੰ ਵਿਸ਼ਵ ਵਿੱਚ ਸੁਪਰ ਊਰਜਾ ਸੰਪੰਨ ਦੇਸ਼ ਬਣਾਉਣਾ, ਮੁੱਢਲੇ ਢਾਂਚੇ ਸਬੰਧੀ ਪ੍ਰਾਜੈਕਟ ਪੂਰੇ ਕਰਨੇ, ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਕੈਨੇਡੀਅਨ ਆਰਥਿਕਤਾ ਨੂੰ ਵੱਡ ਆਕਾਰੀ ਬਣਾਉਣਾ ਆਦਿ। ਕੈਨੇਡਾ ਅਮਰੀਕਾ ਨਾਲ ਸੁਰੱਖਿਆ, ਉਤਪਾਦਕ ਅਤੇ ਵਪਾਰਕ ਸਬੰਧ ਜਾਰੀ ਰੱਖੇਗਾ ਪਰ ਹੋਰ ਸਹਿਯੋਗੀ ਤੇ ਮਿੱਤਰ ਰਾਸ਼ਟਰਾਂ ਨਾਲ ਨਵੇਂ ਵਪਾਰਕ, ਸੁਰੱਖਿਆ, ਤਕਨੀਕੀ, ਡਿਪਲੋਮੈਟਿਕ ਸਬੰਧਾਂ ਲਈ ਦਰਵਾਜ਼ੇ ਖੋਲ੍ਹ ਰਿਹਾ ਹੈ।
ਫ਼ਰੈਂਚ ਭਾਸ਼ਾ ’ਚ ਭਾਸ਼ਣ ਰਾਹੀਂ ਰਾਜੇ ਨੇ ਕੈਨੇਡੀਅਨ ਖ਼ੂਬਸੂਰਤ ਲੋਕਤੰਤਰ, ਸੰਵਿਧਾਨ ਕਾਨੂੰਨ, ਬਹੁ-ਖੇਤਰਵਾਦ, ਗਲੋਬਲ ਵਪਾਰਕ ਪੁਜ਼ੀਸ਼ਨ ’ਤੇ ਚਾਨਣਾ ਪਾਇਆ। ਕਿਵੇਂ ਕੈਨੇਡਾ ਆਪਣੀਆਂ ਉੱਚ ਨੈਤਿਕ ਕਦਰਾਂ-ਕੀਮਤਾਂ, ਕੌਮਾਂਤਰੀ ਵਿਵਹਾਰ ਤੇ ਚੰਗਿਆਈ ਕਰਕੇ ਪ੍ਰਸਿੱਧ ਹੈ, ਇਸ ਦਾ ਖ਼ੁਲਾਸਾ ਕੀਤਾ। ਕੈਨੇਡੀਅਨ ਫ਼ੌਜ ਨੂੰ ਨਵੇਂ ਸਿਰਿਓਂ ਉਸਾਰਨ, ਆਧੁਨਿਕ ਤਕਨੀਕ ਤੇ ਹਥਿਆਰਾਂ ਨਾਲ ਲੈਸ ਕਰਨ ਲਈ ਵੱਡਾ ਨਿਵੇਸ਼ ਕੀਤਾ ਜਾਵੇਗਾ। ਮੂਲ ਨੇਸ਼ਨਜ਼ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਅੱਜ ਵਿਸ਼ਵ ਬਹੁਤ ਹੀ ਖ਼ਤਰਨਾਕ ਤੇ ਅਨਿਸ਼ਚਿਤ ਦੌਰ ਵਿਚ ਖੜ੍ਹਾ ਹੈ। ਕੈਨੇਡਾ ਨੂੰ ਬਹੁਤ ਵੱਡੀਆਂ ਅਸਾਧਾਰਨ ਚੁਣੌਤੀਆਂ ਦਰਪੇਸ਼ ਹਨ ਜਿਨ੍ਹਾਂ ਨਾਲ ਹਮਲਾਵਰ ਢੰਗ ਨਾਲ ਨਜਿੱਠਿਆ ਜਾਵੇਗਾ।
‘ਕਰਾਊਨ ਭਾਸ਼ਣ’ ਨੇ ਦਰਸਾਅ ਦਿੱਤਾ ਕਿ ਕੈਨੇਡੀਅਨ ਸੋਚ, ਨੀਤੀ ਅਤੇ ਵਿਵਹਾਰ ਨੇ ਇਤਿਹਾਸਕ ਮੋੜ ਕੱਟਦਿਆਂ ਅਮਰੀਕੀਵਾਦ ਨੂੰ ਤਿਲਾਂਜਲੀ ਦੇ ਕੇ ਬਿ੍ਰਟਿਸ਼ਵਾਦ ਨੂੰ ਅਪਣਾਉਣ ਦਾ ਨਿਰਣਾ ਲਿਆ ਹੈ। ਰਾਜਾ ਚਾਰਲਸ ਨੇ ਕੈਨੇਡਾ ਨਾਲ ਆਪਣੇ ਸੰਵੇਦਨਸ਼ੀਲ ਸਬੰਧਾਂ ਨੂੰ ਰੂਹਾਂ ਨੂੰ ਛੂਹਣ ਵਾਲਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ‘ਮੈਂ ਜਦੋਂ ਵੀ ਕੈਨੇਡਾ ਆਇਆ, ਕੈਨੇਡਾ ਮੇਰੀਆਂ ਰਗਾਂ ਵਿੱਚੋਂ ਦੀ ਗੁਜ਼ਰ ਕੇ ਸਿੱਧਾ ਮੇਰੇ ਦਿਲ ਵਿੱਚ ਧਸ ਜਾਂਦਾ ਰਿਹਾ।’
ਭਾਰਤ ਦੇ ਮਰਹੂਮ ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਡਾ. ਮਨਮੋਹਨ ਸਿੰਘ ਜੋ 10 ਸਾਲ ਪ੍ਰਧਾਨ ਮੰਤਰੀ ਰਹੇ, ਵਾਂਗ ਵਿਸ਼ਵ ਪ੍ਰਸਿੱਧ ਆਰਥਿਕ ਮਾਹਿਰ ਤੋਂ ਸਿਆਸਤਦਾਨ ਬਣੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਲਈ ਰਾਜਾ ਚਾਰਲਸ ਦੀ ਕੈਨੇਡਾ ਫ਼ੇਰੀ ਬਹੁਤ ਵੱਡੀ ਰਾਜਨੀਤਕ, ਯੁੱਧਨੀਤਕ, ਡਿਪਲੋਮੈਟਿਕ ਤੇ ਵਪਾਰਕ ਜਿੱਤ ਸਾਬਿਤ ਹੋਈ ਹੈ। ਭਾਰਤ, ਆਸਟ੍ਰੇਲੀਆ, ਨਿਊਜ਼ੀਲੈਂਡ, ਜਮਾਇਕਾ, ਬਾਰਬਾਡੋਸ ਆਦਿ ਕਾਮਨਵੈਲਥ ਦੇਸ਼ਾਂ ਦੇ ਉਲਟ ਕੈਨੇਡਾ ਨੇ ਬਿ੍ਰਟਿਸ਼ ਰਾਜਾਸ਼ਾਹੀ ਨੂੰ ਇੱਕ ਆਜ਼ਾਦ, ਪ੍ਰਭੂਸੱਤਾ ਸੰਪੰਨ ਦੇਸ਼ ਹੋਣ ਦੇ ਬਾਵਜੂਦ ਸੰਵਿਧਾਨਕ ਮੁਖੀ ਬਣਾਈ ਰੱਖਿਆ। ਇਸ ਵਿਵਸਥਾ ਰਾਹੀਂ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਧਮਕੀਆਂ ਦਾ ਦਲੇਰਾਨਾ ਅਤੇ ਢੁੱਕਵਾਂ ਜਵਾਬ ਦੇਣ ਲਈ ਪ੍ਰਧਾਨ ਮੰਤਰੀ ਕਾਰਨੀ ਦੀ ਦੂਰ-ਅੰਦੇਸ਼ੀ ਨੇ ਪੂਰੇ ਵਿਸ਼ਵ ਨੂੰ ਹੈਰਾਨ ਕਰ ਦਿੱਤਾ ਹੈ।
-ਦਰਬਾਰਾ ਸਿੰਘ ਕਾਹਲੋਂ
![]()
