ਕਾਮਾਗਾਟਾਮਾਰੂ ਦੀ ਦੁਖਦਾਈ ਗਾਥਾ, ਜਿਸ ਨੂੰ ਇਤਿਹਾਸ ਦੇ ਪੰਨਿਆਂ ਵਿੱਚ "ਬਜ ਬਜ ਘਾਟ ਦੁਖਾਂਤ" ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਪੰਜਾਬੀ ਸਿਨੇਮਾ ਦੀ ਫਿਲਮ "ਗੁਰੂ ਨਾਨਕ ਜਹਾਜ਼" ਦੇ ਰੂਪ ਵਿੱਚ ਸਾਹਮਣੇ ਆਈ ਹੈ। ਇਹ ਫਿਲਮ ਜੋ ਸਮਕਾਲੀ ਸਮਾਜ ਨੂੰ ਇਤਿਹਾਸ ਦੇ ਉਸ ਦਰਦਨਾਕ ਪੰਨੇ ਨਾਲ ਜੋੜਦੀ ਹੈ, ਜਿਸ ਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਹੀ ਰਹਿਣ ਦਿੱਤਾ।
ਕਾਮਾਗਾਟਾਮਾਰੂ ਦੀ ਘਟਨਾ 1914 ਦੀ ਉਸ ਸਮੇਂ ਦੀ ਤਸਵੀਰ ਪੇਸ਼ ਕਰਦੀ ਹੈ ਜਦੋਂ ਭਾਰਤ ਅੰਗਰੇਜ਼ੀ ਹਕੂਮਤ ਦੀ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਉਸ ਸਮੇਂ, ਕੈਨੇਡਾ ਵਰਗੇ ਦੇਸ਼, ਜੋ ਖੁਦ ਅੰਗਰੇਜ਼ੀ ਸਾਮਰਾਜ ਦਾ ਹਿੱਸਾ ਸਨ, ਭਾਰਤੀਆਂ ਨੂੰ ਨਸਲ ਅਤੇ ਰੰਗ ਦੇ ਅਧਾਰ 'ਤੇ ਅਪਮਾਨਜਨਕ ਵਿਵਹਾਰ ਦਾ ਸਾਹਮਣਾ ਕਰਨਾ ਪੈਂਦਾ ਸੀ। 14 ਮਈ, 1914 ਨੂੰ, ਜਪਾਨ ਵਿੱਚ ਬਣਿਆ ਕਾਮਾਗਾਟਾਮਾਰੂ ਜਹਾਜ਼, ਜਿਸ ਨੂੰ ਗਿਆਨੀ ਗੁਰਦਿੱਤ ਸਿੰਘ ਨੇ ਲੀਜ਼ 'ਤੇ ਲਿਆ ਸੀ, 376 ਭਾਰਤੀ ਯਾਤਰੀਆਂ ਨੂੰ ਲੈ ਕੇ ਵੈਨਕੂਵਰ ਪਹੁੰਚਿਆ। ਇਹ ਯਾਤਰੀ, ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸਨ, ਇੱਕ ਬਿਹਤਰ ਜੀਵਨ ਦੀ ਭਾਲ ਵਿੱਚ ਸਨ, ਪਰ ਅੰਗਰੇਜ਼ੀ ਹਕੂਮਤ ਦੀਆਂ ਨਸਲਵਾਦੀ ਨੀਤੀਆਂ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ।ਜਹਾਜ਼ ਨੂੰ ਵੈਨਕੂਵਰ ਦੀ ਬੰਦਰਗਾਹ 'ਤੇ ਮਹੀਨਿਆਂ ਤੱਕ ਰੋਕਿਆ ਗਿਆ, ਅਤੇ ਯਾਤਰੀਆਂ ਨੂੰ ਅਣਮਨੁੱਖੀ ਸਥਿਤੀਆਂ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ। ਅੰਤ ਵਿੱਚ, ਅੰਗਰੇਜ਼ੀ ਹਕੂਮਤ ਨੇ ਕੁਝ ਯਾਤਰੀਆਂ ਨੂੰ ਇਜਾਜ਼ਤ ਦੇ ਕੇ ਬਾਕੀਆਂ ਨੂੰ ਵਾਪਸ ਭਾਰਤ ਭੇਜ ਦਿੱਤਾ। ਜਦੋਂ ਇਹ ਜਹਾਜ਼ ਕਲਕੱਤੇ ਦੇ ਬਜ ਬਜ ਘਾਟ 'ਤੇ ਪਹੁੰਚਿਆ, ਤਾਂ ਅੰਗਰੇਜ਼ੀ ਫੌਜ ਨੇ ਨਿਰਦੋਸ਼ ਯਾਤਰੀਆਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਇਹ ਘਟਨਾ ਭਾਰਤ ਦੀ ਗੁਲਾਮੀ ਸੰਘਰਸ਼ ਦਾ ਇੱਕ ਅਹਿਮ ਹਿੱਸਾ ਬਣੀ, ਕਿਉਂਕਿ ਇਸ ਨੇ ਅੰਗਰੇਜ਼ੀ ਸਾਮਰਾਜ ਦੀਆਂ ਜ਼ੁਲਮੀ ਨੀਤੀਆਂ ਨੂੰ ਸਾਹਮਣੇ ਲਿਆਂਦਾ।
ਇਸ ਘਟਨਾ ਨੇ ਸਿੱਖ ਭਾਈਚਾਰੇ ਵਿੱਚ ਇੱਕ ਨਵੀਂ ਚੇਤਨਾ ਪੈਦਾ ਕੀਤੀ ਅਤੇ ਗਦਰ ਲਹਿਰ ਨੂੰ ਹੋਰ ਮਜਬੂਤ ਕੀਤਾ। "ਗੁਰੂ ਨਾਨਕ ਜਹਾਜ਼" ਫਿਲਮ ਇਸ ਇਤਿਹਾਸਕ ਘਟਨਾ ਨੂੰ ਸਜੀਵ ਰੂਪ ਵਿੱਚ ਪੇਸ਼ ਕਰਦੀ ਹੈ, ਜਿਸ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ ਦੀ ਗਹਿਰਾਈ ਨਾਲ ਜਾਣਕਾਰੀ ਮਿਲਦੀ ਹੈ।
ਕੋਣ ਸਨ ਗਿਆਨੀ ਗੁਰਦਿੱਤ ਸਿੰਘ:
ਗਿਆਨੀ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਗਾਥਾ ਦਾ ਕੇਂਦਰੀ ਪਾਤਰ ਸਨ। ਉਹ ਗਦਰ ਲਹਿਰ ਦੇ ਮੋਹਰੀ ਸਨ, ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੀਆਂ ਨਸਲਵਾਦੀ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ। ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਜਹਾਜ਼ ਨੂੰ ਲੀਜ਼ 'ਤੇ ਲੈ ਕੇ 376 ਭਾਰਤੀਆਂ ਨੂੰ ਕੈਨੇਡਾ ਲਿਜਾਣ ਦੀ ਜ਼ਿੰਮੇਵਾਰੀ ਚੁੱਕੀ ਸੀ। ਉਨ੍ਹਾਂ ਦਾ ਮਕਸਦ ਸਿਰਫ਼ ਆਰਥਿਕ ਤਰੱਕੀ ਨਹੀਂ ਸੀ, ਸਗੋਂ ਅੰਗਰੇਜ਼ੀ ਸਾਮਰਾਜ ਦੀਆਂ ਮਨਮਾਨੀਆਂ ਨੂੰ ਚੁਣੌਤੀ ਦੇਣਾ ਅਤੇ ਭਾਰਤੀਆਂ ਨੂੰ ਬਰਾਬਰੀ ਦਾ ਹੱਕ ਦਿਵਾਉਣਾ ਸੀ।ਗਿਆਨੀ ਗੁਰਦਿੱਤ ਸਿੰਘ ਦੀ ਸੋਚ ਅਤੇ ਦ੍ਰਿੜਤਾ ਨੇ ਉਸ ਸਮੇਂ ਦੇ ਸਿੱਖ ਭਾਈਚਾਰੇ ਵਿੱਚ ਇੱਕ ਨਵੀਂ ਚੇਤਨਾ ਜਗਾਈ। ਉਨ੍ਹਾਂ ਨੇ ਜਹਾਜ਼ ਦਾ ਨਾਮ "ਗੁਰੂ ਨਾਨਕ ਜਹਾਜ਼" ਰੱਖਿਆ, ਜੋ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਬ ਸਾਂਝੀਵਾਲਤਾ ਅਤੇ ਸਮਾਜਿਕ ਨਿਆਂ ਦੀ ਵਿਚਾਰਧਾਰਾ ਨੂੰ ਸਮਰਪਿਤ ਸੀ। ਉਨ੍ਹਾਂ ਦੀ ਇਹ ਪਹਿਲਕਦਮੀ ਸਿੱਖਾਂ ਦੀ ਸਵੈਮਾਣ ਅਤੇ ਸੰਘਰਸ਼ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਫਿਲਮ "ਗੁਰੂ ਨਾਨਕ ਜਹਾਜ਼" ਫਿਲਮ ਕਾਮਾਗਾਟਾਮਾਰੂ ਦੀ ਘਟਨਾ ਨੂੰ ਇਤਿਹਾਸਕ ਸਰੋਤਾਂ ਅਤੇ ਦਸਤਾਵੇਜ਼ਾਂ ਦੇ ਅਧਾਰ 'ਤੇ ਪੇਸ਼ ਕਰਦੀ ਹੈ। ਹਰਨਵ ਬੀਰ ਸਿੰਘ ਦੁਆਰਾ ਲਿਖਿਤ ਇਸ ਫਿਲਮ ਦੀ ਪਟਕਥਾ ਇਤਿਹਾਸਕ ਤੱਥਾਂ ਨੂੰ ਸਹੀ ਢੰਗ ਨਾਲ ਸਾਹਮਣੇ ਲਿਆਉਂਦੀ ਹੈ, ਪਰ ਸਿਨੇਮਾਈ ਪੇਸ਼ਕਾਰੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ, ਕੁਝ ਨਾਟਕੀਯ ਤੱਤ ਵੀ ਜੋੜੇ ਗਏ ਹਨ। ਇਹ ਨਾਟਕੀਯ ਤੱਤ ਘਟਨਾ ਦੀ ਭਾਵਨਾਤਮਕ ਡੂੰਘਾਈ ਨੂੰ ਹੋਰ ਵਧਾਉਂਦੇ ਹਨ, ਜਿਸ ਨਾਲ ਦਰਸ਼ਕ ਨੂੰ ਉਸ ਸਮੇਂ ਦੀਆਂ ਸਥਿਤੀਆਂ ਅਤੇ ਯਾਤਰੀਆਂ ਦੇ ਦੁੱਖ ਨੂੰ ਮਹਿਸੂਸ ਕਰਨ ਵਿੱਚ ਸਹਾਇਤਾ ਮਿਲਦੀ ਹੈ।ਫਿਲਮ ਵਿੱਚ ਵੈਨਕੂਵਰ ਦੀ ਬੰਦਰਗਾਹ 'ਤੇ ਜਹਾਜ਼ ਦੀ ਰੋਕਥਾਮ, ਯਾਤਰੀਆਂ ਦੀਆਂ ਮੁਸ਼ਕਿਲਾਂ ਅਤੇ ਬਜ ਬਜ ਘਾਟ 'ਤੇ ਹੋਈ ਗੋਲੀਬਾਰੀ ਦੀ ਘਟਨਾ ਨੂੰ ਇਤਿਹਾਸਕ ਸੱਚਾਈ ਦੇ ਨੇੜੇ-ਤੇੜੇ ਪੇਸ਼ ਕੀਤਾ ਗਿਆ ਹੈ।
ਫਿਲਮ ਦੀ ਪਟਕਥਾ ਹਰਨਵ ਬੀਰ ਸਿੰਘ ਨੇ ਲਿਖੀ ਹੈ । ਨਿਰਦੇਸ਼ਨ ਦੀ ਜ਼ਿੰਮੇਵਾਰੀ ਸ਼ਰਨ ਆਰਟ ਨੇ ਨਿਭਾਈ, ਜਿਨ੍ਹਾਂ ਨੇ ਇਸ ਘਟਨਾ ਨੂੰ ਸਜੀਵ ਅਤੇ ਭਾਵੁਕ ਢੰਗ ਨਾਲ ਪੇਸ਼ ਕੀਤਾ। ਨਿਰਮਾਣ ਦੀ ਜ਼ਿੰਮੇਵਾਰੀ ਸ਼ਰਨ ਆਰਟ ਅਤੇ ਮਨਪ੍ਰੀਤ ਜੌਹਲ ਨੇ ਸੰਭਾਲੀ ।ਫਿਲਮ ਦੇ ਮੁੱਖ ਕਲਾਕਾਰਾਂ ਵਿੱਚ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਚਿਹਰੇ ਸ਼ਾਮਲ ਹਨ।
ਤਰਸੇਮ ਜੱਸੜ, ਜੋ ਇੱਕ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਨ, ਨੇ ਇਸ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਹੈ।ਤਰਸੇਮ ਜੱਸੜ ਨੇ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਇਆ ਹੈ। ਮੇਵਾ ਸਿੰਘ ਲੋਪੋਕੇ ਉਹ ਪਹਿਲੇ ਸਿੱਖ ਹਨ ਜਿਨ੍ਹਾਂ ਨੂੰ ਕੈਨੇਡਾ ਦੇ ਵਿੱਚ ਫਾਂਸੀ ਦਿੱਤੀ ਗਈ। ਮੇਵਾ ਸਿੰਘ ਲੋਪੋਕੇ ਨੂੰ 11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਵਿੱਚ ਫਾਂਸੀ ਦਿੱਤੀ ਗਈ ਸੀ।
ਮੇਵਾ ਸਿੰਘ ਨੇ ਕੈਨੇਡਾ ਦੇ ਪਰਵਾਸ ਅਫ਼ਸਰ ਵਿਲੀਅਮ ਸੀ ਹੌਪਕਿਨਸਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਮੇਵਾ ਸਿੰਘ ਨੇ ਜੱਜਾਂ ਸਾਹਮਣੇ ਵਿਲੀਅਮ ਹੌਪਕਿਨਸਨ ਉੱਤੇ ਭਾਰਤੀਆਂ ਨਾਲ ਨਸਲੀ ਵਿਤਕਰਾ ਕਰਨ ਦੇ ਇਲਜ਼ਾਮ ਲਾਏ ਸਨ।
ਉਨ੍ਹਾਂ ਦੀ ਅਦਾਕਾਰੀ ਨੇ ਪਾਤਰਾਂ ਦੀ ਭਾਵਨਾਤਮਕ ਡੂੰਘਾਈ ਨੂੰ ਸਫਲਤਾਪੂਰਵਕ ਪੇਸ਼ ਕੀਤਾ। ਗੁਰਪ੍ਰੀਤ ਘੁੱਗੀ, ਜੋ ਆਪਣੀ ਬਹੁਮੁਖੀ ਅਦਾਕਾਰੀ ਲਈ ਜਾਣੇ ਜਾਂਦੇ ਹਨ, ਨੇ ਵੀ ਇਸ ਫਿਲਮ ਵਿੱਚ ਅਹਿਮ ਭੂਮਿਕਾ ਨਿਭਾਈ। ਮਾਰਕ ਬਿਨਿੰਗਟਨ, ਬਲਵਿੰਦਰ ਬੁਲਟ ਅਤੇ ਹਰਸ਼ਰਨ ਸਿੰਘ ਨੇ ਵੀ ਆਪਣੀਆਂ ਭੂਮਿਕਾਵਾਂ ਨਾਲ ਫਿਲਮ ਨੂੰ ਹੋਰ ਮਜਬੂਤ ਕੀਤਾ।
Box
ਮੇਵਾ ਸਿੰਘ ਲੋਪੋਕੇ ਕੌਣ ਸਨ?
ਮੇਵਾ ਸਿੰਘ ਲੋਪੋਕੇ ਦਾ ਜਨਮ 1880 ਵਿੱਚ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵਿੱਚ ਹੋਇਆ ਸੀ।ਪਿਤਾ ਦਾ ਨਾਮ ਨੰਦ ਸਿੰਘ ਸੀ। ਉਹ 1906 ਵਿੱਚ ਕੰਮ ਕਾਰ ਦੀ ਭਾਲ ਵਿੱਚ ਕੈਨੇਡਾ ਪਹੁੰਚੇ ਸਨ। ਡਿਕਸ਼ਨਰੀ ਆਫ਼ ਕੈਨੇਡੀਅਨ ਬਾਇਓਗ੍ਰਾਫੀ ਮੁਤਾਬਕ ਇਸ ਸਮੇਂ ਦੌਰਾਨ ਕੈਨੇਡਾ ਜਾਣ ਵਾਲੇ ਪੰਜਾਬੀਆਂ ਦੀ ਗਿਣਤੀ 5000 ਦੇ ਕਰੀਬ ਸੀ।
ਕੈਨੇਡਾ ਪਹੁੰਚ ਕੇ ਮੇਵਾ ਸਿੰਘ ਲੋਪੋਕੇ ਨੇ ਨਿਊ ਵੈਸਟਮਿਨਸਟਰ ਵਿੱਚ ਇੱਕ ਫ਼ਰੇਜ਼ਰ ਮਿੱਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।ਕੰਮ ਤੋਂ ਵਿਹਲੇ ਹੋ ਕੇ ਉਹ ਵੈਨਕੂਵਰ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਵੀ ਕੰਮ ਕਰਦੇ ਸਨ। ਮੇਵਾ ਸਿੰਘ ਕੈਨੇਡਾ ਵਿੱਚ ਬ੍ਰਿਟਿਸ਼ ਸਰਕਾਰ ਖ਼ਿਲਾਫ਼ ਇੱਕਜੁਟ ਹੁੰਦੇ ਪੰਜਾਬੀਆਂ ਨਾਲ ਮਿਲਦੇ ਰਹਿੰਦੇ ਸਨ।ਕੈਨੇਡਾ ਵਿੱਚ ਜਦੋਂ ਸਿੱਖ ਸੰਗਤ ਵੈਨਕੂਵਰ ਵਿੱਚ ਕੈਨੇਡਾ ਦਾ ਪਹਿਲਾ ਗੁਰਦੁਆਰਾ ਬਣਾਉਣ ਲਈ ਕੰਮ ਕਰ ਰਹੀ ਸੀ ਤਾਂ ਮੇਵਾ ਸਿੰਘ ਨੇ ਵੀ ਆਪਣਾ ਯੋਗਦਾਨ ਪਾਇਆ।ਉਹ ਪੰਜਾਬ ਤੋਂ ਆਏ ਲੋਕਾਂ ਕੋਲੋਂ ਉਗਰਾਹੀ ਕਰ ਕੇ ਲੈ ਕੇ ਆਉਂਦੇ ਸਨ। ਉਨ੍ਹਾਂ ਨੇ 21 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਵਿੱਚ ਹੋਏ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਛਕ ਲਿਆ ਸੀ।"
ਜਦੋਂ 23 ਮਈ 1914 ਨੂੰ ਬਾਬਾ ਗੁਰਦਿੱਤ ਸਿੰਘ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ ਜਹਾਜ਼) ਵਿੱਚ 376 ਯਾਤਰੀਆਂ ਨੂੰ ਲੈ ਕੇ ਵੈਨਕੂਵਰ ਦੇ ਕੰਢੇ ਪਹੁੰਚ ਗਏ ਤਾਂ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਕੈਨੇਡਾ ਵਿੱਚ ਉਤਰਨ ਨਹੀਂ ਦਿੱਤਾ।"
ਮੇਵਾ ਸਿੰਘ ਸਮੇਤ ਉੱਤਰੀ ਅਮਰੀਕਾ 'ਚ ਵਸਦੇ ਸਾਰੇ ਗ਼ਦਰ ਪਾਰਟੀ ਸਮਰਥਕਾਂ ਅੰਦਰ ਇਸ ਘਟਨਾ ਨੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ।
ਵੈਨਕੂਵਰ ਦੇ ਸਿੱਖ ਭਾਈਚਾਰੇ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਅਗਵਾਈ ਅਧੀਨ ਇਨ੍ਹਾਂ ਮੁਸਾਫ਼ਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਸੰਘਰਸ਼ ਵਿੱਢਿਆ ਗਿਆ।ਇਸ ਸੰਘਰਸ਼ ਵਿੱਚ ਮੇਵਾ ਸਿੰਘ ਨੇ ਭਾਗ ਸਿੰਘ ਤੇ ਬਲਵੰਤ ਸਿੰਘ ਦੇ ਸਾਥੀ ਬਣ ਕੇ ਮੋਹਰੀ ਰੋਲ ਨਿਭਾਇਆ।
ਜੁਲਾਈ 1914 ਵਿੱਚ ਭਾਗ ਸਿੰਘ, ਬਲਵੰਤ ਸਿੰਘ, ਬਾਬੂ ਹਰਨਾਮ ਸਿੰਘ ਸਾਹਰੀ ਤੇ ਮੇਵਾ ਸਿੰਘ, ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਸਬੰਧੀ ਅਮਰੀਕਾ ਦੀ ਸਿੱਖ ਸੰਗਤ ਨਾਲ ਸਲਾਹ ਮਸ਼ਵਰਾ ਕਰਨ ਲਈ ਐਬਟਸਫੋਰਡ ਨੇੜਿਓਂ ਸਰਹੱਦ ਪਾਰ ਕਰ ਕੇ ਅਮਰੀਕਾ ਵਿੱਚ ਪਹੁੰਚੇ ਸਨ।
ਪਰ ਵਾਪਸੀ ਉੱਤੇ ਭਾਗ ਸਿੰਘ, ਬਲਵੰਤ ਸਿੰਘ ਤੇ ਬਾਬੂ ਹਰਨਾਮ ਸਿੰਘ ਸਾਹਰੀ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਕੇ ਸੂਮਾਸ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ।ਜਦਕਿ ਮੇਵਾ ਸਿੰਘ ਸਰਹੱਦ ਪਾਰ ਕਰਕੇ ਕੈਨੇਡਾ ਵਿੱਚ ਦਾਖ਼ਲ ਹੋ ਗਏ ਸਨ। ਪਰ ਉਨ੍ਹਾਂ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਮੌਕੇ ਮੇਵਾ ਸਿੰਘ ਕੋਲੋਂ ਦੋ ਰਿਵਾਲਵਰ ਤੇ ਪੰਜ ਸੌ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਮੇਵਾ ਸਿੰਘ ਉੱਪਰ ਵਿਲੀਅਮ ਹੌਪਕਿਨਸਨ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਹੈੱਡ ਮੈਲਕਮ ਰੀਡ ਵਲੋਂ ਦਬਾਅ ਪਾਇਆ ਗਿਆ ਕਿ ਉਹ ਸਿੱਖ ਆਗੂਆਂ ਵਿਰੁੱਧ ਬਿਆਨ ਦੇਵੇ ਕਿ ਇਹ ਹਥਿਆਰ ਉਨ੍ਹਾਂ ਵੱਲੋਂ ਵਰਤੇ ਜਾਣੇ ਸਨ।"
ਪਰ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਮੇਵਾ ਸਿੰਘ ਨੂੰ 50 ਡਾਲਰ ਦਾ ਜ਼ੁਰਮਾਨਾ ਲਗਾ ਕੇ 7 ਅਗਸਤ 1914 ਨੂੰ ਰਿਹਾਅ ਕਰ ਦਿੱਤਾ ਸੀ।
ਅਮਰੀਕਾ ਵਿੱਚ ਗਦਰ ਪਾਰਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਵੀ ਇਸਦਾ ਅਸਰ ਦਿਖਣ ਲੱਗ ਗਿਆ ਸੀ। ਲਹਿਰ ਕੈਨੇਡਾ ਵਿੱਚ ਵੀ ਲਗਾਤਾਰ ਵੱਧ ਰਹੀ ਸੀ।"ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਸਿੱਖ ਗਦਰ ਪਾਰਟੀ ਦੀਆਂ ਯੋਜਨਾਵਾਂ ਉਲੀਕਣ ਲਈ ਇਕੱਠੇ ਹੁੰਦੇ ਸਨ।ਕੈਨੇਡਾ ਦਾ ਪਰਵਾਸ ਇੰਸਪੈਕਟਰ ਵਿਲੀਅਮ ਹੌਪਕਿਨਸਨ ਇਸ ਲਹਿਰ ਨੂੰ ਖਤਮ ਕਰਨਾ ਚਾਹੁੰਦਾ ਸੀ।
5 ਸਤੰਬਰ, 1914 ਨੂੰ ਹੌਪਕਿਨਸਨ ਨੇ ਆਪਣੇ ਇੱਕ ਕਰੀਬੀ ਬੇਲਾ ਤੋਂ ਦੋ ਸਿੱਖਾਂ ਭਾਗ ਸਿੰਘ ਅਤੇ ਬਧਨ ਸਿੰਘ ਦਾ ਕਤਲ ਕਰਵਾ ਦਿੱਤਾ। ਮੇਵਾ ਸਿੰਘ ਸਮੇਤ ਕੈਨੇਡਾ ਵੱਸਦੇ ਸਾਰੇ ਸਿੱਖ ਇਸ ਘਟਨਾ ਤੋਂ ਦੁਖੀ ਸਨ।
ਥੋੜ੍ਹੇ ਸਮੇਂ ਅੰਦਰ ਮੇਵਾ ਸਿੰਘ ਜੀ ਨੂੰ ਵੀ ਇੰਸਪੈਕਟਰ ਹੌਪਕਿਨਸਨ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ ਬੇਲਾ ਦੇ ਹੱਕ ਵਿੱਚ ਗਵਾਹੀ ਨਹੀਂ ਦਿੱਤੀ ਤਾਂ ਉਨ੍ਹਾਂ ਨੂੰ ਵੀ ਭਾਗ ਸਿੰਘ ਅਤੇ ਬਧਨ ਸਿੰਘ ਵਾਂਗ ਕਤਲ ਕਰ ਦਿੱਤਾ ਜਾਵੇਗਾ।
ਭਾਰਤ ਸਰਕਾਰ ਦੀ ਵੈਬਸਾਈਟ 'ਆਜ਼ਾਦੀ ਕਾ ਮਹਾਂਉਤਸਵ' ਮੁਤਾਬਕ ਕੈਨੇਡਾ ਦੇ ਅਧਿਕਾਰੀਆਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਵਾ ਸਿੰਘ ਪਾਗਲ ਸੀ ਅਤੇ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਮੈਂਬਰਾਂ ਦੇ ਪ੍ਰਭਾਵ ਹੇਠ ਹੌਪਕਿਨਸਨ ਦਾ ਕਤਲ ਕੀਤਾ ਸੀ। ਪਰ ਮੇਵਾ ਸਿੰਘ ਨੇ ਕਤਲ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣ ਦੀ ਗੱਲ ਖੁਦ ਕਬੂਲ ਕੀਤੀ।
ਅਦਾਲਤੀ ਕਾਰਵਾਈ 30 ਅਕਤੂਬਰ, 1914 ਨੂੰ ਸ਼ੁਰੂ ਹੋਈ ਅਤੇ 11 ਜਨਵਰੀ, 1915 ਨੂੰ ਸਮਾਪਤ ਹੋਈ।
ਮੇਵਾ ਸਿੰਘ ਨੇ ਜੱਜਾਂ ਸਾਹਮਣੇ ਆਪਣੇ ਬਿਆਨ ਵਿੱਚ ਕੈਨੇਡਾ ਵਿੱਚ ਹੁੰਦੇ ਨਸਲੀ ਪੱਖਪਾਤ, ਬ੍ਰਿਟਿਸ਼ ਗੁਲਾਮੀ ਅਤੇ ਕੈਨੇਡੀਅਨ ਪਰਵਾਸ ਅਧਿਕਾਰੀਆਂ ਦੁਆਰਾ ਪ੍ਰਵਾਸੀਆਂ ਨਾਲ ਕੀਤੇ ਜਾਂਦੇ ਮਾੜੇ ਵਿਵਹਾਰ ਬਾਰੇ ਸਪੱਸ਼ਟ ਟਿੱਪਣੀਆਂ ਕੀਤੀਆਂ।ਜਿਸ ਤੋਂ ਬਾਅਦ 30 ਅਕਤੂਬਰ 1914 ਨੂੰ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ।
11 ਜਨਵਰੀ 1915 ਨੂੰ ਨਿਊ ਵੈਸਟਮਿਨਸਟਰ ਵਿੱਚ ਸਵੇਰੇ 7:15 ਮਿੰਟ ਉੱਤੇ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇ ਦਿੱਤੀ ਗਈ। ਖਾਲਸਾ ਦੀਵਾਨ ਸੁਸਾਇਟੀ ਮੁਤਾਬਕ ਮੇਵਾ ਸਿੰਘ ਦੀ ਮ੍ਰਿਤਕ ਦੇਹ ਨੂੰ ਪ੍ਰਾਪਤ ਕਰਨ ਲਈ ਚਾਰ ਸੌ ਸਿੱਖ ਬਾਹਰ ਖੜ੍ਹੇ ਰਹੇ।ਉਨ੍ਹਾਂ ਨੇ ਸ਼ਹਿਰ ਵਿੱਚੋਂ ਇੱਕ ਵੱਡਾ ਮਾਰਚ ਕੱਢਿਆ ਅਤੇ ਮੇਵਾ ਸਿੰਘ ਦੇ ਸਰੀਰ ਦਾ ਸਸਕਾਰ ਫਰੇਜ਼ਰ ਮਿੱਲਜ਼ ਵਿਖੇ ਕੀਤਾ ਗਿਆ।