ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਹੱਤਿਆ ਕਿਉਂ ਹੋਈ?

ਮਿਸੀਸਾਗਾ ਵਿਚ ਹਰਜੀਤ ਸਿੰਘ ਢੱਡਾ ਨੂੰ 14 ਮਈ 2025 ਨੂੰ ਟ੍ਰੇਨਮੇਰ ਡਰਾਈਵ ਨੇੜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਚਸ਼ਮਦੀਦਾਂ ਮੁਤਾਬਕ, ਇੱਕ ਕਾਰ ਵਿਚੋਂ 15-16 ਗੋਲੀਆਂ ਚੱਲੀਆਂ, ਜਿਸ ਨਾਲ ਹਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਇਲਾਕਾ ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਹੈ। ਹਮਲਾ ਕਰਨ ਤੋਂ ਬਾਅਦ, ਹਮਲਾਵਰ ਇੱਕ ਚੋਰੀ ਦੀ ਗੱਡੀ 2018 ਬਲੈਕ ਡੌਜ ਚੈਲੇਂਜਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਬਰਾਮਦ ਕਰ ਲਿਆ ।ਇਸ ਹੱਤਿਆ ਨੇ ਸਿੱਖ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਟਨਾ ਨੂੰ ਲੈ ਕੇ ਜਿੱਥੇ ਪੁਲਿਸ ਜਾਂਚ ਵਿਚ ਜੁਟੀ ਹੈ, ਉੱਥੇ ਹੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ ’ਤੇ ਹੱਤਿਆ ਦੀ ਜਿੰਮੇਵਾਰੀ ਲੈਣ ਨੇ ਮਾਮਲੇ ਨੂੰ ਹੋਰ ਗੰਭੀਰ ਕਰ ਦਿੱਤਾ। ਅਮਰੀਕਾ ਵਿਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ’ਤੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਹਰਜੀਤ ਨੂੰ ਆਪਣੇ ਦੁਸ਼ਮਣਾਂ (ਅਰਸ਼ ਡੱਲਾ ਅਤੇ ਸੁਖਾ ਦੁੱਨੇ) ਦੀ ਮਦਦ ਕਰਨ ਦੀ ਸਜ਼ਾ ਵਜੋਂ ਮਾਰਿਆ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੋ ਵੀ ਉਨ੍ਹਾਂ ਦੇ ਵਿਰੋਧੀਆਂ ਨਾਲ ਖੜ੍ਹੇਗਾ, ਉਸ ਦਾ ਅੰਜਾਮ ਵੀ ਇਹੋ ਹੋਵੇਗਾ। ਇਸ ਘਟਨਾ ਨੇ ਕੈਨੇਡਾ ਵਿਚ ਸਿੱਖ ਕਾਰੋਬਾਰੀਆਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਸਵਾਲ ਇਹ ਹੈ ਕਿ ਕੈਨੇਡਾ ਵਰਗੇ ਸੁਰੱਖਿਅਤ ਮੁਲਕ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਵੇਂ ਤੇ ਕਿਉਂ ਵਾਪਰ ਰਹੀਆਂ ਹਨ? ਪੁਲਿਸ ਸੀਸੀਟੀਵੀ ਫੁਟੇਜ, ਚਸ਼ਮਦੀਦਾਂ ਦੇ ਬਿਆਨ ਅਤੇ ਹੋਰ ਸਬੂਤ ਇਕੱਠੇ ਕਰ ਰਹੀ ਹੈ, ਪਰ ਹੁਣ ਤੱਕ ਕੋਈ ਮੁਲਜ਼ਮ ਨਹੀਂ ਫੜਿਆ ਗਿਆ। ਪੁਲਿਸ ਨੇ ਲੋਕਾਂ ਨੂੰ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਦੀ ਜਾਂਚ ਦੀ ਗਤੀ ’ਤੇ ਸਿੱਖ ਭਾਈਚਾਰੇ ’ਵਿਚ ਨਾਰਾਜ਼ਗੀ ਹੈ। ਜੇਕਰ ਪੁਲਿਸ ਨੂੰ ਧਮਕੀਆਂ ਦੀ ਪਹਿਲਾਂ ਸੂਚਨਾ ਸੀ, ਤਾਂ ਇਸ ਹਮਲੇ ਨੂੰ ਰੋਕਣ ਲਈ ਕਦਮ ਕਿਉਂ ਨਹੀਂ ਚੁੱਕੇ ਗਏ? ਪੁਲਿਸ ਦਾ ਕਹਿਣਾ ਹੈ ਕਿ ਸਾਰੇ ਸੰਭਾਵੀ ਸੁਰਾਗਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ। ਕੈਨੇਡਾ ਵਿੱਚ ਭਾਰਤ ਦੇ ਰਹਿਣ ਦੇ ਰਹਿਣ ਵਾਲੇ ਹਰਜੀਤ ਸਿੰਘ ਢੱਡਾ ਦੀ ਦੀ ਧੀ ਗੁਰਲੀਨ ਢੱਡਾ ਨੇ ਕਿਹਾ ਸੀ ਕਿ ਮੈਨੂੰ ਆਪਣੇ ਪਿਤਾ ਲਈ ਇਨਸਾਫ ਚਾਹੀਦਾ, ਮੈਨੂੰ ਹਰ ਉਸ ਪਰਿਵਾਰ ਦੇ ਨਿਆਂ ਚਾਹੀਦਾ ਹੈ, ਜਿਹੜਾ ਇਸ ਸਿਸਟਮ ਤੋਂ ਹਾਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਮੈਨੂੰ ਅਤੇ ਮੇਰੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।ਗੁਰਲੀਨ ਢੱਡਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਮੇਰੇ ਪਿਤਾ ਨੂੰ ਫਿਰੌਤੀ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅਪ੍ਰੈਲ 2023 ਵਿੱਚ ਵੀ ਸਾਨੂੰ ਇੱਕ ਸੰਭਾਵੀ ਹਮਲੇ ਦਾ ਸਾਹਮਣਾ ਕਰਨਾ ਪਿਆਸੀ। ਅਸੀਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਅਸੀਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਲਈ ਬੇਨਤੀ ਕਰਦੇ ਰਹੇ, ਪਰ ਸਾਨੂੰ ਉਨ੍ਹਾਂ ਤੋਂ ਕੋਈ ਮਦਦ ਨਹੀਂ ਮਿਲੀ। ਕੈਨੇਡੀਅਨ ਪੁਲਿਸ ਸਾਡੀ ਰੱਖਿਆ ਕਰਨ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ਹਮਲੇ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਵੀ ਸਾਨੂੰ ਕੋਈ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ। ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਾਰਨ ਇੱਕ ਮਾਸੂਮ ਵਿਅਕਤੀ ਦੀ ਜਾਨ ਚਲੀ ਗਈ। ਗੁਰਲੀਨ ਨੇ ਕੈਨੇਡੀਅਨ ਸਰਕਾਰ ਤੋਂ ਪੁੱਛਦਿਆਂ ਹੋਇਆਂ ਕਿਹਾ ਕਿ ਅਜਿਹੇ ਹਮਲੇ ਵੱਧ ਰਹੇ ਹਨ ਅਤੇ ਮਾਸੂਮ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਜਦੋਂ ਕਿ ਪੁਲਿਸ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਕੋਲ ਕਿਹੜੇ ਬਦਲ ਹਨ? ਹਰਜੀਤ ਦੇ ਪੁੱਤਰ ਤਨਵੀਰ ਸਿੰਘ ਢੱਡਾ ਕਹਿੰਦੇ ਹਨ, "ਮੇਰੇ ਪਿਤਾ ਕਿਸੇ ਵੀ ਅਪਰਾਧਿਕ ਘਟਨਾ ਵਿੱਚ ਸ਼ਾਮਲ ਨਹੀਂ ਸਨ। ਉਹ ਇਮਾਨਦਾਰੀ ਨਾਲ ਜੀਵਨ ਬਤੀਤ ਕਰ ਰਹੇ ਸਨ। ਜਿਨ੍ਹਾਂ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ, ਉਹ ਗੈਰ-ਕਾਨੂੰਨੀ ਹਥਿਆਰਾਂ ਨਾਲ ਲੈਸ ਸਨ। ਉਨ੍ਹਾਂ ਨੂੰ ਕਾਨੂੰਨ ਅਤੇ ਸਜ਼ਾ ਦਾ ਕੋਈ ਡਰ ਨਹੀਂ ਸੀ।'ਉਨ੍ਹਾਂ ਕਿਹਾ, ਕਿ ਅਸੀਂ ਅਧਿਕਾਰੀਆਂ 'ਤੇ ਭਰੋਸਾ ਕੀਤਾ ਕਿ ਉਹ ਸਾਡੀ ਰੱਖਿਆ ਕਰਨਗੇ, ਪਰ ਉਹ ਅਸਫਲ ਰਹੇ ਹਨ। ਸਾਡਾ ਦਫਤਰ ਹਵਾਈ ਅੱਡੇ ਦੇ ਨੇੜੇ ਇੱਕ ਅਜਿਹੇ ਖੇਤਰ ਵਿੱਚ ਸਥਿਤ ਹੈ ਜੋ ਉੱਚ ਪੁਲਿਸ ਮੌਜੂਦਗੀ ਲਈ ਜਾਣਿਆ ਜਾਂਦਾ ਹੈ, ਪਰ ਫਿਰ ਵੀ ਮੇਰੇ ਪਿਤਾ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ ਗਈ। ਜੇਕਰ ਇੱਥੇ ਅਜਿਹੀ ਹਿੰਸਕ ਕਾਰਵਾਈ ਹੋ ਸਕਦੀ ਹੈ, ਤਾਂ ਆਮ ਨਾਗਰਿਕਾਂ ਨੂੰ ਕੀ ਸੁਰੱਖਿਆ ਮਿਲੇਗੀ ਪੰਥਕ ਜਥੇਬੰਦੀਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਸਰਕਾਰ ਤੋਂ ਸਖ਼ਤ ਕਾਰਵਾਈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਸੋਸ਼ਲ ਮੀਡੀਆ ’ਤੇ ਸਿੱਖ ਭਾਈਚਾਰੇ ਨੇ ਇਸ ਨੂੰ ਸਿੱਖ ਪ੍ਰਮੁੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਨਾਲ ਜੋੜਿਆ, ਜਿਵੇਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ। ਮੀਡੀਆ ਦੀਆਂ ਰਿਪੋਰਟਾਂ ਵਿਚ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਪੈਟਰਨ ਸਾਫ ਦਿਸਦੀ ਹੈ। ਕੁਝ ਮਾਮਲਿਆਂ ਵਿਚ ਸਿੱਖ ਅੰਦੋਲਨਾਂ (ਜਿਵੇਂ ਖਾਲਿਸਤਾਨ) ਨਾਲ ਜੁੜੇ ਵਿਵਾਦ ਵੀ ਅਜਿਹੀਆਂ ਹੱਤਿਆਵਾਂ ਦਾ ਕਾਰਨ ਬਣਦੇ ਹਨ, ਹਾਲਾਂਕਿ ਹਰਜੀਤ ਸਿੰਘ ਦਾ ਅਜਿਹੇ ਅੰਦੋਲਨ ਨਾਲ ਸਿੱਧਾ ਸਬੰਧ ਨਹੀਂ ਸੀ। ਕੈਨੇਡਾ ਸਰਕਾਰ ਨੇ ਹੁਣ ਤੱਕ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਪਹਿਲਾਂ ਹੀ ਸਿੱਖ ਭਾਈਚਾਰੇ ਨਾਲ ਜੁੜੇ ਮੁੱਦਿਆਂ (ਜਿਵੇਂ ਨਿੱਝਰ ਕਤਲ) ’ਤੇ ਭਾਰਤ ਨਾਲ ਤਣਾਅ ਦਾ ਸਾਹਮਣਾ ਕਰ ਰਹੀ ਹੈ। ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਸਰਕਾਰ ਸੁਰੱਖਿਆ ਪ੍ਰਬੰਧਾਂ ਵਿਚ ਨਾਕਾਮ ਰਹੀ ਹੈ। ਸਵਾਲ ਹੈ ਕਿ ਕੈਨੇਡਾ ਸਰਕਾਰ ਸਿੱਖ ਭਾਈਚਾਰੇ ਦੀ ਸੁਰੱਖਿਆ ਲਈ ਕੀ ਠੋਸ ਕਦਮ ਚੁੱਕੇਗੀ? ਸੋਸ਼ਲ ਮੀਡੀਆ ਪਲੇਟਫਾਰਮ ਲਿੰਕਡਇਨ 'ਤੇ ਦਿੱਤੀ ਜਾਣਕਰੀ ਮੁਤਾਬਕ, ਢੱਡਾ ਇੱਕ ਵਪਾਰਕ ਬੀਮਾ ਬ੍ਰੋਕਰ ਸਨ। ਉਨ੍ਹਾਂ ਦੀ ਉਮਰ 51 ਸਾਲ ਸੀ ਅਤੇ ਉਹ 1997 ਤੋਂ ਕੈਨੇਡਾ ਵਿੱਚ ਰਹਿ ਰਹੇ ਸਨ। ਢੱਡਾ ਦਾ ਪਿਛੋਕੜ ਭਾਰਤ 'ਚ ਉਤਰਾਖੰਡ ਸੂਬੇ ਦੇ ਬਾਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਹੈ।ਉਹ ਇੱਕ ਕਾਰੋਬਾਰੀ ਸਨ ਅਤੇ ਆਪਣੇ ਪਰਿਵਾਰ ਨਾਲ ਕੈਨੇਡਾ ਦੇ ਬਰੈਂਪਟਨ ਵਿੱਚ ਰਹਿੰਦੇ ਸਨ।ਹਰਜੀਤ ਸਿੰਘ ਢੱਡਾ ਦੇ ਬੱਚਿਆਂ ਮੁਤਾਬਕ, ਉਨ੍ਹਾਂ ਦੇ ਪਿਤਾ ਕੈਨੇਡਾ ਵਿੱਚ ਉਨ੍ਹਾਂ ਦੇ ਭਾਈਚਾਰੇ ਦੇ ਇੱਕ ਸਤਿਕਾਰਯੋਗ ਮੈਂਬਰ ਸਨ।

Loading