
ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨੂੰ 21ਵੀਂ ਸਦੀ ਵਿੱਚ ਕਿਰਤ ਦੇ ਮਨਾਏ ਜਾ ਰਹੇ ਜਸ਼ਨ ਵਜੋਂ ਦੇਖਣਾ ਚਾਹੀਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਅਗਵਾਈ ਹੇਠ 25 ਸਾਲਾਂ ਤੋਂ ਚੱਲ ਰਹੀ ਕਾਰ ਸੇਵਾ ਨੇ ਵਾਤਾਵਰਣ ਦੇ ਖੇਤਰ ਵਿੱਚ ਪੰਜਾਬ ਨੂੰ ਨਵਾਂ ਮੋੜਾ ਦਿੱਤਾ ਹੈ। ਇਨ੍ਹਾਂ 25 ਸਾਲਾਂ ਵਿੱਚ ਪੰਜਾਬੀਆਂ ਨੇ ਆਪਣੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਅਤੇ ਧਰਤੀ ਦੀ ਗੋਦ ਹਰੀ-ਭਰੀ ਕਰਨ ਵੱਲ ਕਦਮ ਪੁੱਟਿਆ ਹੈ।
ਇਹ ਸਾਰਾ ਕੁਝ ਵੇਈਂ ਦੀ ਕਾਰ ਸੇਵਾ ਦੁਆਲੇ ਹੀ ਘੁੰਮਦਾ ਨਜ਼ਰ ਆਵੇਗਾ। ਸੁਲਤਾਨਪੁਰ ਲੋਧੀ ਕਸਬਾ ਆਪਣੇ ਖੰਡਰਾਂ ਵਿੱਚ ਇਸ ਖਿੱਤੇ ਦਾ ਅਜ਼ੀਮ ਇਤਿਹਾਸ ਸੰਭਾਲੀ ਬੈਠਾ ਹੈ। ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ 14 ਸਾਲ 9 ਮਹੀਨੇ 13 ਦਿਨ ਤੱਕ ਰਹੇ ਸਨ।
ਇੱਥੇ ਗੁਰੂ ਸਾਹਿਬ ਦੀ ਭੈਣ ਬੇਬੇ ਨਾਨਕੀ ਜੀ ਵਿਆਹੇ ਹੋਏ ਸਨ। ਇੱਥੇ ਵਗਦੀ ਕਾਲੀ ਵੇਈਂ ਕਿਨਾਰੇ ਹੀ ਗੁਰੂ ਜੀ ਤਪ ਕਰਦੇ ਸਨ ਤੇ ਇਸੇ ਵੇਈਂ ਵਿੱਚ ਇਸ਼ਨਾਨ ਕਰਦੇ ਸਨ। ਤ੍ਰਾਸਦੀ ਇਹ ਹੈ ਕਿ ਅਸੀਂ ਬਾਬੇ ਨਾਨਕ ਦੀ ਨਦੀ ਨੂੰ ਪਲੀਤ ਕਰੀ ਗਏ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਵੱਡੀ ਚੁਣੌਤੀ ਸੀ ਤੇ ਸਾਡੇ ਮਨ ਦਾ ਇਹ ਡਰ ਸੀ ਕਿ ਆਉਣ ਵਾਲੀਆਂ ਪੀੜ੍ਹੀਆਂ ਕਿਧਰੇ ਸਾਨੂੰ ਲਾਹਨਤਾਂ ਨਾ ਪਾਉਣ ਕਿ ਸਾਡੇ ਵੱਡੇ-ਵਡੇਰਿਆਂ ਨੇ ਬਾਬੇ ਨਾਨਕ ਦੀ ਵੇਈਂ ਵੀ ਨਹੀਂ ਸੰਭਾਲੀ? ਇਹ ਡਰ ਸੱਚਮੁੱਚ ਵੱਢ-ਵੱਢ ਖਾਣ ਵਾਲਾ ਸੀ।
ਇਸੇ ਫ਼ਿਕਰਮੰਦੀ ਵਿੱਚੋਂ ਧਰਤਿ ਸੁਹਾਵੀ ਸੰਸਥਾ ਨੇ 15 ਜੁਲਾਈ 2000 ਨੂੰ ਜਲੰਧਰ ਵਿੱਚ ਇੱਕ ਮੀਟਿੰਗ ਰੱਖੀ ਸੀ। ਇਸੇ ਮੀਟਿੰਗ ਵਿੱਚ ਜਦੋਂ ਬੁੱਧੀਜੀਵੀਆਂ ਨੇ ਬਾਬੇ ਨਾਨਕ ਦੀ ਪਲੀਤ ਹੋਈ ਵੇਈਂ ਬਾਰੇ ਬੜੇ ਵਿਸਥਾਰ ਨਾਲ ਚਰਚਾ ਕੀਤੀ ਤਾਂ ਅਖ਼ੀਰ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕੀਤਾ। ਉਨ੍ਹਾਂ ਸਾਰੇ ਬੁਲਾਰਿਆਂ ਦੇ ਵਿਚਾਰ ਪਹਿਲਾਂ ਸੁਣ ਲਏ ਸਨ। ਉਨ੍ਹਾਂ ਨੇ ਕਿਹਾ ਕਿ ਜੇ ਬਾਬੇ ਨਾਨਕ ਦੀ ਵੇਈਂ ਦੀ ਹਾਲਤ ਇੰਨੀ ਜ਼ਿਆਦਾ ਖ਼ਰਾਬ ਹੈ ਤਾਂ ਫਿਰ ਸਾਨੂੰ ਹੁਣੇ ਹੀ ਚੱਲਣਾ ਚਾਹੀਦਾ ਹੈ। ਸੰਤ ਸੀਚੇਵਾਲ ਨੇ ਅਗਲੇ ਦਿਨ ਭਾਵ 16 ਜੁਲਾਈ 2000 ਨੂੰ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਵਿਖੇ ਅਰਦਾਸ ਕਰ ਕੇ ਵੇਈਂ ਵਿੱਚ ਛਾਲ ਮਾਰ ਦਿੱਤੀ।
ਇਸੇ ਛਾਲ ਨਾਲ ਪੰਜਾਬੀਆਂ ਵਿੱਚ ਆਪਣੇ ਪਾਣੀਆਂ ਪ੍ਰਤੀ ਕਾਫ਼ੀ ਹੱਦ ਤੱਕ ਚੇਤਨਾ ਪੈਦਾ ਹੋਈ ਕਿ ਜੇ ਪਾਣੀਆਂ ਦੇ ਕੁਦਰਤੀ ਸਰੋਤ ਨਾ ਸੰਭਾਲੇ ਤਾਂ ਬਹੁਤ ਦੇਰ ਹੋ ਜਾਵੇਗੀ। ਗੁਰੂ ਨਾਨਕ ਦੇਵ ਜੀ ਵੱਲੋਂ ‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’ ਦੇ ਸਿਧਾਂਤ ਨੂੰ ਸੰਤ ਸੀਚੇਵਾਲ ਨੇ ਕਾਰ ਸੇਵਾ ਦਾ ਕੇਂਦਰੀ ਧੁਰਾ ਬਣਾ ਲਿਆ ਤੇ ਇਸੇ ਦੁਆਲੇ 25 ਸਾਲਾਂ ਤੋਂ ਕਾਰ ਸੇਵਾ ਚੱਲਦੀ ਆ ਰਹੀ ਹੈ। ਕਹਿੰਦੇ ਹਨ ਕਿ ਜਿਨ੍ਹਾਂ ਦੇ ਮਕਸਦ ਵੱਡੇ ਹੁੰਦੇ ਹਨ ਉਨ੍ਹਾਂ ਦੇ ਰਸਤਿਆਂ ਵਿੱਚ ਚੁਣੌਤੀਆਂ ਵੀ ਵੱਡੀਆਂ ਹੁੰਦੀਆਂ ਹਨ। ਸੰਤ ਸੀਚੇਵਾਲ ਇਸ ਕਥਨ ’ਤੇ ਖ਼ਰੇ ਉਤਰਦੇ ਹਨ।
ਉਨ੍ਹਾਂ ਨੂੰ ਪਹਿਲਾਂ ‘ਸੜਕਾਂ ਵਾਲੇ ਬਾਬੇ’ ਕਿਹਾ ਜਾਣ ਲੱਗਾ ਸੀ ਕਿਉਂਕਿ ਉਨ੍ਹਾਂ ਨੇ ਦੋਨਾ ਇਲਾਕੇ ਦੀ ਕੋਈ ਸੜਕ ਨਹੀਂ ਸੀ ਛੱਡੀ ਜਿੱਥੋਂ ਉਨ੍ਹਾਂ ਦੀ ਲਾਲ ਜੀਪ ਨੇ ਗੇੜਾ ਨਾ ਕੱਢਿਆ ਹੋਵੇ। ਜਿਸ ਪਿੰਡ ਵਿੱਚੋਂ ਦੀ ਇਹ ਜੀਪ ਲੰਘ ਜਾਂਦੀ ਸੀ ਤਾਂ ਲੋਕਾਂ ਦੀ ਧਾਰਨਾ ਬਣ ਜਾਂਦੀ ਸੀ ਕਿ ਹੁਣ ਇਹ ਰਸਤਾ ਬਣਿਆ ਲਓ। ਵੇਈਂ ਦੀ ਕਾਰ ਸੇਵਾ ਸ਼ੁਰੂ ਕਰਨੀ ਹੀ ਅਸੰਭਵ ਸ਼ਬਦ ਨੂੰ ਸੰਭਵ ਬਣਾਉਣਾ ਸੀ। ਸੰਤ ਸੀਚੇਵਾਲ ਦੇ ਸ਼ਬਦਕੋਸ਼ ਵਿੱਚ ਅਸੰਭਵ ਨਾਂ ਦਾ ਸ਼ਬਦ ਹੈ ਹੀ ਨਹੀਂ। ਸੌਲਾਂ ਜੁਲਾਈ 2000 ਸਾਉਣ ਦੀ ਸੰਗਰਾਂਦ ਤੋਂ ਲੈ ਕੇ 16 ਜੁਲਾਈ 2025 ਦੀ ਸਾਉਣ ਦੀ ਸੰਗਰਾਂਦ ਤੱਕ ਦੇ ਇਨ੍ਹਾਂ 25 ਸਾਲਾਂ ਦੇ ਅਰਸੇ ਦੌਰਾਨ ਬਹੁਤ ਸਾਰਾ ਪਾਣੀ ਸਮੇਂ ਦੇ ਪੁਲਾਂ ਹੇਠੋਂ ਦੀ ਲੰਘ ਗਿਆ।
ਇਸ ਸਦੀ ਦੇ ਪਹਿਲੇ 25 ਸਾਲਾਂ ਵਿੱਚ ਨਾਨਕ ਨਾਮਲੇਵਾ ਸੰਗਤਾਂ ਨੇ ਰਲ ਕੇ ਵੇਈਂ ਦੇ ਗੀਤ ਗਾਉਂਦਿਆਂ ਇਸ ਦੇ ਪਲੀਤ ਹੋਏ ਪਾਣੀ ਨੂੰ ਨਿਰਮਲ-ਧਾਰਾ ਵਿੱਚ ਬਦਲ ਕੇ ਰੱਖ ਦਿੱਤਾ। ਸਾਲ 2003 ਵਿੱਚ ਵੇਈਂ ਦੀ ਕਾਰ ਸੇਵਾ ਗਾਲੋਵਾਲ ਤੋਂ ਸ਼ੁਰੂ ਕੀਤੀ ਗਈ ਸੀ। ਇਹ ਵੇਈਂ ਇੱਧਰੋਂ ਹੀ ਆਉਂਦੀ ਹੈ।
ਦੇਖਦਿਆਂ-ਦੇਖਦਿਆਂ ਇਸ ਦੀ ਨੁਹਾਰ ਬਦਲ ਗਈ। ਵੇਈਂ ਦੇ ਪਾਣੀ ਦੀ ਹੁੰਦੀ ਜਾ ਰਹੀ ਨਿਰਮਲ ਜਲਧਾਰਾ ਨੇ ਸੰਗਤਾਂ ਵੱਲੋਂ ਕੀਤੇ ਗਏ ਇਸ ਕਾਰਜ ਦੀ ਚਰਚਾ ਦੁਨੀਆ ਭਰ ਵਿੱਚ ਛੇੜ ਦਿੱਤੀ ਸੀ। ਸੰਨ 2004 ਦੇ ਮਈ ਮਹੀਨੇ ’ਚ ਤਕਨਾਲੋਜੀ ਦਿਵਸ ਮੌਕੇ ਤਤਕਾਲੀ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਵੇਈਂ ਦੀ ਕਾਰ ਸੇਵਾ ਦਾ ਜ਼ਿਕਰ ਕਰ ਕੇ ਇਸ ਕਾਰਜ ਨੂੰ ਦੇਸ਼ ਦੇ ਨਕਸ਼ੇ ’ਤੇ ਲੈ ਦਿੱਤਾ ਸੀ। ਸੰਨ 2006 ’ਚ ਪੰਜਾਬ ਸਰਕਾਰ ਨੇ ਕਾਲੀ ਵੇਈਂ ਨੂੰ ਪਵਿੱਤਰ ਵੇਈਂ ਐਲਾਨ ਦਿੱਤਾ। ਇਹ ਦੇਸ਼ ਦੀ ਪਹਿਲੀ ਨਦੀ ਬਣ ਗਈ ਜਿਸ ਨੂੰ ਪਵਿੱਤਰ ਐਲਾਨਿਆ ਗਿਆ ਹੋਵੇ।
ਸਤਾਰਾਂ ਅਗਸਤ 2006 ਨੂੰ ਰਾਸ਼ਟਰਪਤੀ ਡਾ. ਕਲਾਮ ਪਹਿਲੀ ਵਾਰ ਵੇਈਂ ਦੀ ਕਾਰ ਸੇਵਾ ਨੂੰ ਦੇਖਣ ਲਈ ਸੁਲਤਾਨਪੁਰ ਲੋਧੀ ਆਏ ਸਨ। ਸੰਨ 2007 ਦੀ ਵਰ੍ਹੇਗੰਢ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਹ ਸੰਦੇਸ਼ ਜਾਰੀ ਕੀਤਾ ਗਿਆ ਕਿ ਪਵਿੱਤਰ ਵੇਈਂ ਵਿੱਚ ਕੋਈ ਵੀ ਜਾਣੇ-ਅਣਜਾਣੇ ਵਿੱਚ ਗੰਦੇ ਪਾਣੀ ਦੀ ਇੱਕ ਵੀ ਬੂੰਦ ਨਾ ਪਾਵੇ। ਜੁਲਾਈ 2008 ਵਿੱਚ ਇੱਕ ਵਾਰ ਫਿਰ ਕਾਲੀ ਵੇਈਂ ਦੀ ਵਰ੍ਹੇਗੰਢ ਮੌਕੇ ਵੀ ਸੇਵਾ ਮੁਕਤੀ ਤੋਂ ਬਾਅਦ ਡਾ. ਕਲਾਮ ਆਏ ਸਨ। ਸੰਨ 2008 ’ਚ ਹੀ ਇਸ ਨਦੀ ਦੀ ਕਾਰ ਸੇਵਾ ’ਚ ਪੰਜਾਬ ਦੇ ਹੋਰ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲਹਿਰ ਨਿਕਲੀ ਸੀ।
ਇਸੇ ਸਾਲ ਪੰਜਾਬ ਦੀ ਸਭ ਤੋਂ ਦੂਸ਼ਿਤ ਡਰੇਨ ਕਾਲਾ ਸੰਘਿਆਂ ਨੂੰ ਪਹਿਲੀ ਵਾਰ ਬੰਨ੍ਹ ਮਾਰਿਆ ਗਿਆ ਸੀ। ਸਾਲ 2009 ’ਚ ਜਦੋਂ ਦੇਸ਼ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਉਦੋਂ ਸੰਤ ਸੀਚੇਵਾਲ ਨੇ ਵਾਤਾਵਰਣ ਦਾ ਝੰਡਾ ਬੁਲੰਦ ਕੀਤਾ ਹੋਇਆ ਸੀ।
ਇੱਕ ਅਪ੍ਰੈਲ 2009 ਤੋਂ ਵਾਤਾਵਰਣ ਚੇਤਨਾ ਮਾਰਚ ਨਾਲ ਪੰਜਾਬ ਦੇ ਦੂਸ਼ਿਤ ਪਾਣੀਆਂ ਵਿਰੁੱਧ ਇੱਕ ਵੱਡਾ ਸੰਘਰਸ਼ ਆਰੰਭ ਕਰ ਦਿੱਤਾ ਗਿਆ ਸੀ। ਸੰਤ ਸੀਚੇਵਾਲ ਨੇ ਪਵਿੱਤਰ ਵੇਈਂ ਦੀ ਕਾਰ ਸੇਵਾ ਬਾਰੇ ਪੂਰੀ ਦੁਨੀਆ ਨੂੰ ਕੌਮਾਂਤਰੀ ਮੰਚਾਂ ਤੋਂ ਜਾਣੂ ਕਰਵਾਇਆ।
ਵਿੰਡਸਰ ਕੈਸਲ ਤੇ ਕੋਪਨਹੈਗਨ ਦੀਆਂ ਕਾਨਫਰੰਸਾਂ ਵਿੱਚ ਬਾਬੇ ਨਾਨਕ ਦੀ ਵੇਈਂ ਦੀ ਚਰਚਾ ਕੀਤੀ ਗਈ। ਸਾਲ 2009 ’ਚ ਸੰਤ ਬਲਬੀਰ ਸਿੰਘ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਨਾਮਜ਼ਦ ਕਰ ਦਿੱਤਾ ਗਿਆ। ਬੋਰਡ ਦੀਆਂ ਮੀਟਿੰਗਾਂ ’ਚ ਕਾਲਾ ਸੰਘਿਆਂ ਡਰੇਨ, ਚਿੱਟੀ ਵੇਈਂ ਤੇ ਬੁੱਢੇ ਨਾਲੇ ਦੇ ਦੂਸ਼ਿਤ ਪਾਣੀਆਂ ਦੀ ਚਰਚਾ ਛੇੜ ਦਿੱਤੀ ਗਈ। ਸੰਨ 2011 ਦੇ ਮਈ ਮਹੀਨੇ ’ਚ ਕਾਲਾ ਸੰਘਿਆਂ ਡਰੇਨ ਦੇ ਜ਼ਹਿਰੀਲੇ ਤੇ ਗੰਦੇ ਪਾਣੀਆਂ ਨੂੰ ਦੂਜੀ ਵਾਰ ਫਿਰ ਬੰਨ੍ਹ ਲਾਇਆ ਗਿਆ। ਇਸ ਕਾਰ ਸੇਵਾ ਨੂੰ ਮਾਣ ਦਿੰਦਿਆਂ ਹੋਇਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਦਮਸ੍ਰੀ ਨਾਲ ਨਿਵਾਜਿਆ ਗਿਆ।
ਮਈ 2018 ’ਚ ਬਿਆਸ ਦਰਿਆ ਵਿੱਚ ਸੀਰਾ ਘੁਲਣ ਦੀ ਘਟਨਾ ਨੇ ਪੰਜਾਬ ਦੇ ਦਰਿਆਵਾਂ ਵਿੱਚ ਪੈ ਰਹੀਆਂ ਜ਼ਹਿਰਾਂ ਵੱਲ ਧਿਆਨ ਦਿਵਾਇਆ। ਸਾਲ 2022 ਦੀ ਕਾਰ ਸੇਵਾ ਮਨਾਉਣ ਵਾਲੇ ਜੁਲਾਈ ਮਹੀਨੇ ਵਿੱਚ ਹੀ ਸੰਤ ਸੀਚੇਵਾਲ ਰਾਜ ਸਭਾ ਦੇ ਮੈਂਬਰ ਬਣ ਗਏ ਸਨ। ਉਨ੍ਹਾਂ ਨੂੰ ਜਦੋਂ ਸੰਸਦ ਵਿੱਚ ਬੋਲਣ ਦਾ ਸਮਾਂ ਮਿਲਿਆ ਤਾਂ ਪਹਿਲਾ ਮਸਲਾ ਹੀ ਪਾਣੀਆਂ ਦਾ ਚੁੱਕਿਆ। ਸਾਲ 2023 ਵਿੱਚ ਹੜ੍ਹ ਆਉਣ ਕਾਰਨ ਵਰ੍ਹੇਗੰਢ ਦੇ ਸਮਾਗਮ ਸੰਖੇਪ ਕੀਤੇ ਗਏ ਸਨ। ਸਾਲ 2024 ਦੇ ਹਿੱਸੇ ਇਹ ਗੱਲ ਆਈ ਹੈ ਕਿ ਪੰਜਾਬ ਦੇ ਸਭ ਤੋਂ ਦੂਸ਼ਿਤ ਬੁੱਢੇ ਨਾਲੇ ਨੂੰ ਬੁੱਢੇ ਦਰਿਆ ਵਿੱਚ ਬਦਲਿਆ ਜਾ ਰਿਹਾ ਹੈ। ਇਹ ਕਾਰ ਸੇਵਾ ਵੀ ਪਵਿੱਤਰ ਕਾਲੀ ਵੇਈਂ ਦੀ ਤਰਜ਼ ’ਤੇ ਹੀ ਕੀਤੀ ਜਾ ਰਹੀ ਹੈ।
-ਪ੍ਰਦੀਪ ਯਾਦਵ