ਜਸਵਿੰਦਰ ਸਿੰਘ ਰੁਪਾਲ :
ਕਾਲੇ ਰੰਗ ਦਾ ਕਾਂ ਜਦੋਂ ਵੀ ਬਨੇਰੇ ’ਤੇ ਬੋਲਦਾ ਹੈ, ਪੰਜਾਬੀ ਲੋਕ ਗੀਤ ‘ਉਡ ਉਡ ਵੇ ਬਨੇਰੇ ਦਿਆ ਕਾਵਾਂ, ਉਡੀਕ ਮੈਨੂੰ ਸੱਜਣਾਂ ਦੀ’”ਯਾਦ ਆ ਜਾਂਦਾ ਹੈ।ਬਨੇਰੇ ’ਤੇ ਕਾਂ ਦਾ ਬੋਲਣਾ, ਕਿਸੇ ਮਹਿਮਾਨ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ, ਪਰ ਉਸ ਨੂੰ ਉਡਾਉਣਾ ਵੀ ਉਤਨਾ ਹੀ ਜਰੂਰੀ ਸਮਝਿਆ ਜਾਂਦਾ ਹੈ।ਵਿਸ਼ਵਾਸ਼ ਹੈ ਕਿ ਇਸ ਤਰ੍ਹਾਂ ਉਡਾਇਆ ਕਾਂ ਸਾਡੇ ਪ੍ਰੇਮੀ, ਮਹਿਬੂਬ ਜਾਂ ਮਿੱਤਰ ਪਿਆਰੇ ਨੂੰ ਸਾਡਾ ਪਿਆਰ ਸੰਦੇਸ਼ ਦੇਵੇਗਾ।ਪੰਜਾਬੀ ਸਾਹਿਤ ਵਿੱਚ ਕਾਂ ਦੇ ਇਸ ‘ਗੁਣ’ ਦੀ ਚਰਚਾ ਕਾਫ਼ੀ ਮਿਲਦੀ ਹੈ।ਲੋਕ ਗੀਤਾਂ ਵਿੱਚ ਵੀ ਅਤੇ ਆਧੁਨਿਕ ਸਾਹਿਤ ਵਿੱਚ ਵੀ।ਉਦਾਹਰਣ ਵਜੋਂ:-
* ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ, ਮੈਂ ਔਸੀਆਂ ਪਾਨੀਆਂ ;
ਕਿ ਆ ਜਾ ਦਿਲ ਜਾਨੀਆਂ।
* ਚੁੰਝ ਤੇਰੀ ਵੇ ਕਾਲਿਆ ਕਾਵਾਂ, ਮੈਂ ਸੋਨੇ ਨਾਲ ਮੜ੍ਹਾਵਾਂ।
ਸਾਬਣ ਲਾ ਤੇਰੇ ਖੰਭਾਂ ਨੂੰ ਧੋਵਾਂ, ਕੁੱਟ ਕੁੱਟ ਚੂਰੀਆਂ ਪਾਵਾਂ।
ਪਹਿਲਾ ਸੁਨੇਹਾ ਮੇਰੇ ਮਾਪਿਆਂ ਨੂੰ ਦੇਵੀਂ, ਦੂਜਾ ਭੈਣ ਭਰਾਵਾਂ।
ਤੀਜਾ ਸੁਨੇਹਾ ਮੇਰੀਆਂ ਸਹੇਲੀਆਂ ਨੂੰ ਦੇਵੀਂ, ਜਿਨ੍ਹਾਂ ਨਾਲ ਤਿ੍ਰੰਝਣੀ ਜਾਵਾਂ।
ਚੌਥਾ ਸੁਨੇਹਾ ਮੇਰੇ ਮਾਹੀਏ ਨੂੰ ਦੇਵੀਂ, ਜੀਹਦੇ ਨਾਲ਼ ਲੈਣੀਆਂ ਨੇ ਲਾਵਾਂ।
ਆਧੁਨਿਕ ਸਾਹਿਤ ਵਿੱਚੋਂ ਵੀ ਇੱਕ ਦੋ ਉਦਾਹਰਣਾਂ ਝਲਕੀ ਵਜੋਂ ;
* ਰੱਜ ਰੱਜ ਝੂਠ ਬੋਲਿਆ, ਮੇਰੇ ਨਾਲ ਚੰਦਰਿਆਂ ਕਾਵਾਂ ;
ਕਬਰਾਂ ਉਡੀਕਦੀਆਂ, ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ।- ਸ਼ਿਵ ਕੁਮਾਰ ਬਟਾਲਵੀ
* ਔਸੀਆਂ ਪਾ ਪਾ ਮੁੱਕ ਗਈ ਧਰਤੀ, ਲੱਖ ਜੁੱਗ ਕਾਗ ਉਡਾਏ।
ਕੋਟ ਜਨਮ ਰਾਤਾਂ ਵਿੱਚ ਆਸ਼ਾ ਦੀਪਕ ਨੈਣ ਜਗਾਏ।-ਬਾਵਾ ਬਲਵੰਤ
ਉਂਝ ਇਸ ਕਾਂ ਦੀ ਬੋਲੀ ਬੜੀ ਖਰਵੀਂ ਹੁੰਦੀ ਹੈ।ਕੰਨਾਂ ਨੂੰ ਚੰਗੀ ਨਹੀਂ ਲੱਗਦੀ।ਕਾਂ ਨੂੰ ਉਡਾਉਣ ਦਾ ਦੂਜਾ ਅਤੇ ਅਸਿੱਧਾ ਕਾਰਨ ਉਸ ਦੀ ਖਰਵੀਂ ਬੋਲੀ ਵੀ ਹੁੰਦੀ ਹੈ।ਖਰਵੀਂ ਬੋਲੀ ਨੂੰ ਅਸੀਂ ਤੁਲਨਾਤਮਕ ਅਲੰਕਾਰ ਦੇ ਰੂਪ ਵਿੱਚ ਵਰਤ ਰਹੇ ਹੁੰਦੇ ਹਾਂ ਜਦੋਂ ਰੌਲਾ ਪਾਉਂਦੇ ਬੱਚਿਆਂ ਨੂੰ ਡਾਂਟਦੇ ਹਾਂ, ‘‘ਕੀ ਕਾਵਾਂ ਵਾਂਗ ਕਾਂ ਕਾਂ ਲਾਈ ਐ?” ਇਸੇ ਤਰ੍ਹਾਂ ‘ਕਾਵਾਂ ਰੌਲੀ’” ਸ਼ਬਦ ਸਾਡੀ ਨਿੱਤ ਵਿਹਾਰ ਦੀ ਬੋਲੀ ਦਾ ਸ਼ਬਦ ਬਣ ਗਿਆ ਹੈ।
ਇਸ ਦੇ ਮੁਕਾਬਲੇ ’ਤੇ ਕੋਇਲ ਦੀ ਆਵਾਜ਼ ਬੜੀ ਪਿਆਰੀ ਹੁੰਦੀ ਹੈ।ਉਸ ਦੀ ਕੂ ਕੂ ਬੱਚਿਆਂ ਨੂੰ ਵੀ ਅਤੇ ਵੱਡਿਆਂ ਨੂੰ ਵੀ ਚੰਗੀ ਲੱਗਦੀ ਹੈ । ਇਸ ਬੋਲੀ ਨੂੰ ਕਾਂ ਦੀ ਬੋਲੀ ਦੇ ਟਾਕਰੇ ’ਤੇ ਇੰਝ ਦੱਸਿਆ ਗਿਆ ਹੈ :-
* ਕਊਆ ਕਿਸ ਸੇ ਲੇਤ ਹੈ, ਕੋਇਲ ਕਿਸ ਕੋ ਦੇਤ ?
ਮੀਠੇ ਬਚਨ ਸੁਨਾਏ ਕੈ, ਮਨ ਸਭ ਕਾ ਜਰ ਲੇਤ।
ਕੋਇਲ ਮਧੁਰ ਬਾਣੀ ਨਾਲ ਸਭ ਦੇ ਦਿਲਾਂ ਵਿੱਚ ਵਸ ਜਾਂਦੀ ਹੈ, ਪਰ ਕਾਂ ਕੁਝ ਨਾ ਵੀ ਖੋਹਵੇ, ਆਪਣੀ ਕਾਂ ਕਾਂ ਕਰਕੇ ਹੀ ਚੰਗਾ ਨਹੀਂ ਲੱਗਦਾ ।
ਵੈਸੇ ਕਾਂ ਨੂੰ ਚੀਜ਼ਾਂ ਖੋਹਣ ਦੀ ਵੀ ਆਦਤ ਹੁੰਦੀ ਹੈ।ਉਹ ਬੱਚਿਆਂ ਦੇ ਹੱਥਾਂ ਚੋਂ ਰੋਟੀ ਦੇ ਟੁਕੜੇ ਝਪਟ ਕੇ ਲੈ ਜਾਂਦਾ ਹੈ।ਉਸ ਦੀ ਇਸ ਬੁਰੀ ਆਦਤ ਤੋਂ ਡਰਦਿਆਂ ਮਾਵਾਂ ਆਪਣੇ ਬੱਚਿਆਂ ਨੂੰ ਕਾਵਾਂ ਤੋਂ ਬਚਾ ਕੇ ਰੱਖਦੀਆਂ ਹਨ।
ਕਾਂ ਜਿੱਥੇ ਖੋਹ ਕੇ ਖਾਣ ਵਿੱਚ ਮਾਹਰ ਹੈ,ਉਥੇ ‘ਐਸੇ ਹੋਰ ਕੰਮ ਵੀ ਚਤੁਰਤਾ ਨਾਲ ਕਰਦਾ ਹੈ ।ਇਹ ਪੰਛੀਆਂ ਦੇ ਆਂਡੇ ਭੰਨ ਕੇ ਖਾ ਜਾਂਦਾ ਹੈ।ਆਪ ਕੋਈ ਕੰਮ ਕਰਕੇ ਰਾਜ਼ੀ ਨਹੀਂ।ਬਾਲ ਕਥਾਵਾਂ, ਜੋ ਅਕਸਰ ਦਾਦੀ ਮਾਂ ਆਪਣੇ ਪੋਤੇ ਪੋਤੀਆਂ ਨੂੰ ਸੁਣਾਇਆ ਕਰਦੀ ਹੈ,ਉਸ ਵਿੱਚ ‘ਚਿੜੀ ਤੇ ਕਾਂ’.ਦੀ ਕਹਾਣੀ ਵਿੱਚ ਕਾਂ ਹਰ ਥਾਂ ‘ਤੂੰ ਚੱਲ ਚਿੜੀਏ ਮੈਂ ਆਇਆ’” ਹੀ ਕਹਿੰਦਾ ਹੈ। ਕੰਮ ਸਾਰਾ ਚਿੜੀ ਹੀ ਕਰਦੀ ਹੈ।ਇਸੇ ਤਰ੍ਹਾਂ ਇੱਕ ਹੋਰ ਬਾਤ ਵਿੱਚ ਤਾਂ ਕਾਂ ਸਪਸ਼ਟ ਮੰਨਦਾ ਵੀ ਹੈ, ‘‘ਖਾਣੇ ਚਿੜੀ ਕੇ ਚੋਚਲੇ, ਮੈਂ ਕਾਗ ਸੁਵਰੀਆ।”
ਪਰ ਲੂੰਬੜੀ ਵਰਗੇ ਚਤਰ ਚਲਾਕ ਜਾਨਵਰ ਪਾਸ ਇਸ ਦੀ ਪੇਸ਼ ਨਹੀਂ ਜਾਂਦੀ ਅਤੇ ਇਹ ਉਸ ਦੇ ਧੋਖੇ ਵਿੱਚ ਆ ਜਾਂਦਾ ਹੈ।ਉਂਝ ਹੋਰ ਪੰਛੀਆਂ ਅਤੇ ਜਾਨਵਰਾਂ ਬਾਰੇ ਕਾਂ ਦੀ ਸੋਚ ਅੱਛੀ ਨਹੀਂ ਹੈ।ਇੱਕ ਤਾਂ ਉਹ ਸੁਆਰਥੀ ਹੈ।ਦੂਜੇ ਪੰਜਾਬੀ ਲੋਕ ਅਖਾਣ , ‘ਕਾਵਾਂ ਦੇ ਕਿਹਾਂ ਢੱਗੇ ਨਹੀਂ ਮਰਦੇ”’ ਤੋਂ ਵੀ ਇਹ ਸਿੱਧ ਹੋ ਜਾਂਦਾ ਹੈ ਕਿ ਉਸ ਦੀ ਸੋਚ ਚੰਗੀ ਨਹੀਂ। ਉਹ ਚਾਹੁੰਦਾ ਹੈ ਕਿ ਢੱਗੇ ਮਰਨ ਅਤੇ ਉਸ ਦੀ ਖੁਰਾਕ ਬਣਨ।
ਉਸ ਦੀ ਇਹ ਸੋਚ ਅਮਲ ਵਿੱਚ ਵੀ ਆ ਜਾਂਦੀ ਹੈ। ਢੱਗਿਆਂ ਦੇ ਤਾਂ ਉਹ ਜਿਉਂਦਿਆਂ ਦੇ ਵੀ ਠੁੰਗਾਂ ਮਾਰਦਾ ਰਹਿੰਦਾ ਹੈ।ਮਰੇ ਹੋਏ ਨੂੰ ਤਾਂ ਭਲਾ ਮਾਰਨੀਆਂ ਹੀ ਨੇ।
ਸਿਰਫ਼ ਢੱਗੇ ਨੂੰ ਹੀ ਨਹੀਂ,ਸਿਰਫ਼ ਮਿ੍ਰਤਕ ਪ੍ਰਾਣੀਆਂ ਨੂੰ ਹੀ ਨਹੀਂ, ਇਹ ਹੋਰ ਅਗਾਂਹ ਵਧਦਾ ਹੈ ਅਤੇ ਆਪਣੀ ਇਸ ਕਰਤੂਤ ਨੂੰ ਇਨਸਾਨਾਂ ਦੇ ਪਿੰਜਰਾਂ ਅਤੇ ਇਨਸਾਨਾਂ ਤੱਕ ਵੀ ਲੈ ਆਉਂਦਾ ਹੈ। ਗੁਰਬਾਣੀ ਵਿੱਚ ਬਾਬਾ ਫ਼ਰੀਦ ਜੀ ਨੇ ਇਹ ਅਲੰਕਾਰ ਐਂਵੇ ਹੀ ਨਹੀਂ ਵਰਤਿਆ, ਉਸ ਪਿੱਛੇ ਕਾਂ ਦੀ ‘ਗੰਦੀ ਆਦਤ’ ਤੋਂ ਉਨ੍ਹਾਂ ਦੀ ਵਾਕਫੀਅਤ ਝਲਕਦੀ ਹੈ।
* ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ।
ਅਜੈ ਸੁ ਰਬੁ ਨ ਬਾਹੁੜਿਓ,ਦੇਖੁ ਬੰਦੇ ਕੇ ਭਾਗ£
* ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ
ਏ ਦੁਇ ਨੈਨਾ ਮਤਿ ਛੁਹਉ, ਪਿਰ ਦੇਖਨ ਕੀ ਆਸ £(ਪੰਨਾ 1382, ਸਲੋਕ ਭਗਤ ਫ਼ਰੀਦ ਜੀ ਦੇ)
ਗੁਰਬਾਣੀ ਵਿੱਚ ਕਾਂ ਨੂੰ ਹੋਰ ਵੀ ਕਈ ਥਾਂ ’ਤੇ ਤੁਲਨਾਤਮਕ ਅਲੰਕਾਰ ਦੇ ਰੂਪ ਵਿੱਚ ਵਰਤਿਆ ਹੈ।ਜੇ ਅਸੀਂ ਕਾਂ ਦੀ ਰੀਸ ਕਰਨ ਦੀ ਆਦਤ ਨੂੰ ਇਹ ਕਹਿ ਕੇ ਛੁਟਿਆਉਂਦੇ ਹਾਂ , ‘‘ਕਊਆ ਚਲਾ ਹੰਸ ਕੀ ਚਾਲ, ਆਪਣੀ ਚਾਲ ਗਵਾ ਬੈਠਾ”
ਤਾਂ ਗੁਰਬਾਣੀ ਵਿੱਚ ਵੀ ਕਾਂ ਨੂੰ ਮਨਮੁੱਖ ਅਤੇ ਹੰਸ ਨੂੰ ਗੁਰਮੁੱਖ ਕਹਿ ਕੇ ਬਿਆਨਿਆ ਗਿਆ ਹੈ। ਗੁਰਬਾਣੀ ਵਿੱਚੋਂ ਕੁਝ ਕੁ ਉਦਾਹਰਣਾਂ ਦੇਣੀਆਂ ਯੋਗ
ਹਨ :-
* ਕੋਟਿ ਬਿਘਨ ਤਿਸੁ ਲਾਗਤੇ,ਜਿਸ ਨੋ ਵਿਸਰੈ ਨਾਉ £
ਨਾਨਕ ਅਨਦਿਨੁ ਬਿਲਪਤੇ, ਜਿਉ ਸੁੰਞੈ ਘਰਿ ਕਾਉ £(ਪੰਨਾ 522, ਸਲੋਕ ਮ :5)
* ਕਲਰ ਕੇਰੀ ਛਪੜੀ ,ਕਊਆ ਮਲਿ ਮਲਿ ਨਾਇ£
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ £(ਪੰਨਾ 1411, ਸਲੋਕ ਵਾਰਾਂ ਤੇ ਵਧੀਕ)
* ਆਇਆ ਗਇਆ ਮੁਇਆ ਨਾਉ£
ਪਿਛੈ ਪਤਲਿ ਸਦਿਹੁ ਕਾਵ£ (ਪੰਨਾ 138,ਮ
:1)
* ਝੂਠੇ ਕਉ ਨਾਹੀ ਪਤਿ ਨਾਉ £
ਕਬਹੂ ਨ ਸੂਚਾ ਕਾਲਾ ਕਾਉ £(ਪੰਨਾ 839, ਬਿਲਾਵਲੁ ਮਹਲਾ 1 ਥਿਤੀ ਘਰੁ 10 ਜਤਿ)
* ਗਰਬਵਤੀ ਕਾ ਨਾਹੀ ਠਾਉ £
ਤੇਰੀ ਗਰਦਨਿ ਊਪਰਿ ਲਵੈ ਕਾਉ £ (ਪੰਨਾ 1196, ਬਸੰਤ ਬਾਣੀ ਰਵਿਦਾਸ ਜੀ ਕੀ)
ਉਪਰੋਂ ਕਾਂ ਦੇ ਬਾਰੇ ਜੋ ਪਤਾ ਚਲਦਾ ਹੈ, ਉਹ ਇਹ ਕਿ ਉਹ ਛੱਪੜੀ ਯਾਨੀ ਗੰਦੇ ਵਿੱਚ ਨਹਾਉਂਦਾ ਹੈ, ਸੁੰਨੇ ਘਰ ਬੋਲਦਾ ਹੈ ਅਤੇ ਪਤਲ ਦੀਆਂ ਵਸਤਾਂ ਖਾਂਦਾ ਹੈ।ਬਾਣੀਕਾਰਾਂ ਨੇ ਕਾਂ ਦੀ ਕਹਿਣੀ ਬਹਿਣੀ, ਰਹਿਣੀ ਸਹਿਣੀ ਸਭ ਦੱਸ ਦਿੱਤੀ ਹੈ।ਪ੍ਰਭੂ ਤੋਂ ਵਿਸਰੇ ਮਨੁੱਖ ਨੂੰ ਉਨ੍ਹਾਂ ਕਾਂ ਦੀ ਤੁਲਨਾ ਦਿੱਤੀ ਹੈ।ਕਾਂ ਦੇ ਐਨੇ ਔਗੁਣ ਦੱਸ ਕੇ ਇਹ ਵੀ ਸਮਝਾਇਆ ਹੈ ਕਿ ਜੇ ਗੁਰੁ ਦੀ ਕ੍ਰਿਪਾ ਦਿ੍ਰਸ਼ਟੀ ਹੋ ਜਾਵੇ,ਤਾਂ ਪ੍ਰਭੂ ਨੂੰ ਭੁੱਲਿਆ ਮੋਹ ਮਾਇਆ ਵਿੱਚ ਰੱਤਿਆ ਜੀਵ ਵੀ ਗੁਰਮੁਖ ਬਣ ਕੇ ਉਸ ਨਾਲ ਪ੍ਰੀਤੀ ਪਾ ਸਕਦਾ ਹੈ ।ਪਰ ਇਹ ਸ਼ਕਤੀ ਉਨ੍ਹਾਂ ਗੁਰੁ ਜਾਂ ਪ੍ਰਭੂ ਦੀ ਮਿਹਰ ਵਿੱਚ ਹੀ ਦੱਸੀ ਹੈ ।
* ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ £
ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ £(ਪੰਨਾ 91,ਮ :1)
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਾਂ ਬੜਾ ਘਟੀਆ ਕਿਸਮ ਦਾ ਪੰਛੀ ਹੈ।ਉਹ ਅਤਿ ਸੁਆਰਥੀ, ਨਕਲਚੀ, ਖੋਹ ਕੇ ਖਾਣ ਵਾਲਾ, ਦੂਜੇ ਨੂੰ ਤੰਗ ਕਰਨ ਵਾਲਾ ਅਤੇ ਬੁਰਾ ਸੋਚਣ ਵਾਲਾ ਹੈ।
ਕਾਂ ਦੀ ਉਮਰ ਬੜੀ ਲੰਮੀ ਮੰਨੀ ਗਈ ਹੈ।ਸਿਆਣੇ ਆਖਦੇ ਹਨ ‘‘ਲੱਖ ਬਰਸ ਨਾਗਾਂ ਕਰੋੜ ਬਰਸ ਕਾਗਾਂ’” ਇਸ ਤੋਂ ਕਾਂ ਦੀ ਉਮਰ ਕਰੋੜ ਸਾਲਾਂ ਵਿੱਚ ਲੱਗਦੀ ਹੈ, ਪਰ ਕੁਝ ਵੀ ਹੋਵੇ ਉਹ ਆਪਣੀ ਲੰਮੀ ਉਮਰ ਵਿੱਚ ਕੋਈ ਬਹੁਤਾ ਚੰਗਾ ਕੰਮ ਨਹੀਂ ਕਰਦਾ।
ਲੇਖ ਅਧੂਰਾ ਰਹਿ ਜਾਵੇਗਾ, ਜੇ ਅਸੀਂ ਉਸ ਦੀ ਨਿਗ੍ਹਾ ਦੀ ਪ੍ਰਸੰਸਾ ਨਾ ਕਰੀਏ।ਕਾਂ ਦੀ ਨਿਗ੍ਹਾ ਬਹੁਤ ਤੇਜ਼ ਹੁੰਦੀ ਹੈ।ਰੋਟੀ ਦੇ ਟੁਕੜੇ ਸੁੱਟੋ, ਉਹ ਧਰਤੀ
’ਤੇ ਡਿੱਗਣ ਤੋਂ ਪਹਿਲਾਂ ਹੀ ਦਬੋਚ ਲੈਂਦਾ ਹੈ।ਤੇਜ਼ ਨਿਗ੍ਹਾ ਲਈ ਕਈ ਵਾਰ ਕਾਂ ਨੂੰ ਉਪਮਾਮਈ ਅਲੰਕਾਰ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ
ਹੈ।ਪੰਜਾਬੀ ਦੇ ਲੇਖਕ ਬਾਬੂ ਸਿੰਘ ਮਾਨ ਦੇ ਇੱਕ ਪ੍ਰਸਿੱਧ ਗੀਤ ‘‘ਮਿੱਤਰਾਂ ਦੇ ਤਿੱਤਰਾਂ ਨੂੰ” ਵਿੱਚ ਕਾਂ ਦਾ ਜ਼ਿਕਰ ਇਸ ਤਰ੍ਹਾਂ ਹੈ :-
* ਕਾਲੇ ਕਾਂ ਵਰਗੀ ਨਿਗ੍ਹਾ ਹੈ ਮਾਨ ਚੰਦਰੇ ਦੀ, ਰੱਬ ਦਾ ਖੌਫ਼ ਨਾ ਖਾਵਾਂ।
ਦੂਸਰੀ ਅਤੇ ਮਹੱਤਵਪੂਰਨ ਸਿਫਤ ਇਸ ਦੀ ਇੱਕ ਸੂਫ਼ੀ ਸੰਤ ਨੇ ਇਸ ਤਰ੍ਹਾਂ ਕੀਤੀ ਹੈ, ‘‘ਕੋਇਲ ਸੇ ਕਾਗਾ ਭਲੇ,ਅੰਦਰ ਵੀ ਏਕ ਬਾਹਰ ਵੀ ਏਕ ।”ਬਹੁਤ ਵੱਡੀ ਖੂਬੀ ਹੈ-ਅੰਦਰੋਂ ਬਾਹਰੋਂ ਇੱਕ ਹੋਣਾ।ਕਾਂ ਬਾਹਰੋਂ ਕਾਲਾ ਹੈ,ਅੰਦਰੋਂ ਵੀ ਕਾਲਾ ਹੈ ਅਤੇ ਉਹ ਖਰਵੇਂ ਯਾਨੀ ਕਾਲੇ ਬੋਲਾਂ ਨਾਲ ਹੀ ਆਪਣੇ ਆਪ ਨੂੰ ਪ੍ਰਗਟਾਉਂਦਾ ਹੈ।ਘੱਟੋ ਘੱਟ ਉਸ ਵਿੱਚ ਛਲ ਕਪਟ ਤਾਂ ਨਹੀਂ। ਬੁਰਾ ਤਾਂ ਉਹ ਹੈ, ਪਰ ਬੁਰਾਈ ਸਾਹਮਣੇ ਹੀ ਕਰਦਾ ਹੈ।ਕੋਇਲ ਵਾਂਗ ਮਿੱਠੇ ਬੋਲਾਂ ਨਾਲ ਠੱਗਣਾ ਇਸ ਸਧਾਰਨ ਪੰਛੀ ਦੇ ਹਿੱਸੇ ਨਹੀਂ ਆਇਆ।ਕੀ ਅੱਜ ਦਾ ਮਨੁੱਖ ਕਾਂ ਤੋਂ ਅੰਦਰੋਂ ਬਾਹਰੋਂ ਇੱਕ ਹੋਣ ਦਾ ਗੁਣ ਸਿੱਖ ਸਕੇਗਾ?
ਕਾਂ ਦੇ ਕੱਟਣ ਦੀ ਕਾਫ਼ੀ ਪੀੜ ਹੁੰਦੀ ਹੈ,ਤਦੇ ਤਾਂ ਫਿਲਮੀ ਗੀਤਾਂ ਵਿੱਚ ਕਾਂ ਦੇ ਕੱਟਣ ਨੂੰ ਸਜ਼ਾ ਰੂਪ ਵਿੱਚ ਦਰਸਾਇਆ ਹੈ :-
‘ਝੂਠ ਬੋਲੇ ਕਊਆ ਕਾਟੇ,ਕਾਲੇ ਕਊਏ ਸੇ ਡਰੀਓ ।
ਜੇ ਅਸੀਂ ਨੈਤਿਕ ਆਦਰਸ਼ਾਂ ਤੋਂ ਡਿੱਗੇ, ਪਿੱਛੇ ਹਟੇ, ਤਾਂ ‘‘ਕਾਲਾ ਕਊਆ-(ਵਿਕਾਰਾਂ ਦਾ ਪ੍ਰਤੀਕ)”ਸਾਨੂੰ ਜਰੂਰ ਕੱਟੇਗਾ।ਬਚੋ ! ਸੰਭਲੋ !
ਦੇਖੋ ਫਿਰ ਉਹ ਕਾਂ ਕਾਂ ਕਰਦਾ ਸੁਚੇਤ ਕਰ ਰਿਹਾ ਹੈ।