ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਨਿਊ ਯਾਰਕ ਵਿਚ ਹੱਥ ਕੜੀਆਂ ਵਿਚ ਜਕੜੇ ਇਕ ਕੈਦੀ ਦੀ ਕੁੱਟਮਾਰ ਦੌਰਾਨ
ਹੋਈ ਮੌਤ ਦੇ ਮਾਮਲੇ ਵਿਚ ਜੇਲ ਦੇ 6 ਅਫਸਰਾਂ ਵਿਰੁੱਧ ਹੱਤਿਆ ਦੇ ਦੋਸ਼ ਦਰਜ ਹੋਣ ਦੀ ਖਬਰ ਹੈ। ਸਾਇਰਾਕੂਜ, ਨਿਊ ਯਾਰਕ ਦੇ
ਪੂਰਬ ਵਿਚ 50 ਮੀਲ ਦੂਰ ਸਥਿੱਤ ਮਰਸੀ ਦੀ ਸਟੇਟ ਜੇਲ ਵਿੱਚ 43 ਸਾਲਾ ਕਾਲੇ ਵਿਅਕਤੀ ਰਾਬਰਟ ਬਰੁੱਕਸ ਦੀ ਪਿਛਲੇ ਸਾਲ
10 ਦਸੰਬਰ ਨੂੰ ਮੌਤ ਹੋ ਗਈ ਸੀ। ਇਸ ਜੇਲ ਵਿਚ ਕੇਵਲ ਮਰਦ ਕੈਦੀ ਹੀ ਰਖੇ ਜਾਂਦੇ ਹਨ। ਬਰੁੱਕਸ ਜੋ ਇਕ ਹਮਲੇ ਦੇ ਮਾਮਲੇ
ਵਿਚ 12 ਸਾਲ ਦੀ ਕੈਦ ਕਟ ਰਿਹਾ ਸੀ, ਨੂੰ ਉਸੇ ਰਾਤ ਨਾਲ ਲੱਗਦੀ ਮੋਹਾਕ ਜੇਲ ਤੋਂ ਮਰਸੀ ਦੀ ਜੇਲ ਵਿਚ ਤਬਦੀਲ ਕੀਤਾ ਗਿਆ
ਸੀ। ਜਿਨਾਂ ਅਫਸਰਾਂ ਵਿਰੱਧ ਦੂਸਰਾ ਤੇ ਪਹਿਲਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਹਨ ਉਨਾਂ ਵਿਚ ਨਿਕੋਲਸ ਐਂਜ਼ਾਲੋਨ, ਡੇਵਿਡ
ਕਿੰਗਸਲੇ, ਐਨਥਨੀ ਫਾਰੀਨਾ, ਕ੍ਰਿਸਟੋਫਰ ਵਾਲਰਥ, ਮੈਥੀਊ ਗਾਲੀਹਰ ਤੇ ਇਕ ਹੋਰ ਪੁਲਿਸ ਅਫਸਰ ਸ਼ਾਮਿਲ ਹੈ। ਗਰੈਂਡ ਜਿਊਰੀ
ਨੇ ਦੋਸ਼ ਤੈਅ ਕਰਨ ਸਬੰਧੀ ਦਿੱਤੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਮੁਲਜ਼ਿਮਾਂ ਨੇ ਮਨੁੱਖੀ ਜੀਵਨ ਪ੍ਰਤੀ ਕਰੂਰਤਾ ਵਾਲਾ ਰਵੱਈਆ
ਅਪਣਾਇਆ ਤੇ ਕੁਝ ਹੋਰਨਾਂ ਨੇ ਉਨਾਂ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਨਹੀਂ ਤੇ ਉਨਾਂ ਨੇ ਬਰੁੱਕਸ ਨੂੰ ਤੁਰੰਤ ਡਾਕਟਰੀ ਸਹਾਇਤਾ
ਦੇਣ ਲਈ ਕੋਈ ਯਤਨ ਨਹੀਂ ਕੀਤਾ।