ਕਾਲੇ ਜਾਦੂ ਦੀ ਦਹਿਸ਼ਤ ਕਾਰਨ ਬਾਲੀਵੁੱਡ ਦੀ ਗੁੰਮ ਹੋਈ ਸੁਪਰ ਸਟਾਰ ਮਾਧਵੀ

80 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਇੱਕ ਅਜਿਹੀ ਅਦਾਕਾਰਾ ਚਮਕੀ ਜਿਸ ਨੇ ਨਾ ਸਿਰਫ਼ ਹਿੰਦੀ ਸਿਨੇਮਾ ਨੂੰ ਆਪਣੇ ਨਾਮ ਨਾਲ ਰੰਗ ਦਿੱਤਾ, ਸਗੋਂ ਦੱਖਣੀ ਭਾਰਤੀ ਫ਼ਿਲਮਾਂ ਵਿੱਚ ਵੀ ਰਾਜ ਕੀਤਾ। ਉਸ ਦਾ ਨਾਮ ਸੀ ਮਾਧਵੀ – ਸੁਪਰਸਟਾਰ ਜੋ 300 ਤੋਂ ਵੱਧ ਫ਼ਿਲਮਾਂ ਵਿੱਚ ਨਜ਼ਰ ਆਈ, ਜਤਿੰਦਰ ਅਤੇ ਅਮਿਤਾਭ ਬੱਚਨ ਵਰਗੇ ਕਲਾਕਾਰਾਂ ਨਾਲ ਸਕ੍ਰੀਨ ਸਾਂਝੀ ਕੀਤੀ ਅਤੇ ਆਪਣੇ ਡਾਂਸ ਅਤੇ ਅਭਿਨੈ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਪਰ ਇਸ ਸਭ ਚਮਕ-ਦਮਕ ਵਿੱਚੋਂ ਅਚਾਨਕ ਗਾਇਬ ਹੋ ਜਾਣ ਵਾਲੀ ਇਸ ਅਦਾਕਾਰਾ ਦੀ ਕਹਾਣੀ ਕਿਸੇ ਫ਼ਿਲਮੀ ਸਕ੍ਰਿਪਟ ਵਾਂਗ ਲੱਗਦੀ ਹੈ। ਕਾਲਾ ਜਾਦੂ ਵਿੱਚ ਫ਼ਸਕੇ ਉਸਨੇ ਆਪਣੇ ਕੈਰੀਅਰ ਨੂੰ ਬਰਬਾਦ ਕਰ ਲਿਆ, ਮੌਤ ਦੇ ਡਰ ਬਾਰੇ ਵਹਿਮ ਕਾਰਣ ਦੇਸ਼ ਛੱਡ ਗਈ।
ਮਾਧਵੀ ਦਾ ਜਨਮ 14 ਸਤੰਬਰ 1962 ਨੂੰ ਆਂਧਰਾ ਪ੍ਰਦੇਸ਼ ਦੇ ਏਲੂਰੂ ਵਿੱਚ ਹੋਇਆ। ਉਸਦਾ ਅਸਲ ਨਾਮ ਕਨਕ ਵਿਜੈਲਕਸ਼ਮੀ ਸੀ। ਬਚਪਨ ਤੋਂ ਹੀ ਨੱਚਣ ਵਿੱਚ ਰੁਚੀ ਰੱਖਣ ਵਾਲੀ ਮਾਧਵੀ ਨੇ ਆਪਣੇ ਪਰਿਵਾਰ ਦੇ ਸਮਰਥਨ ਨਾਲ ਭਰਤਨਾਟ ਕੇਂਦਰ ਵਿੱਚ ਟਰੇਨਿੰਗ ਲਈ। ਉਹ ਸਿਰਫ਼ 8 ਸਾਲ ਦੀ ਉਮਰ ਵਿੱਚ ਹੀ ਡਾਂਸ ਕਰਨ ਵਿੱਚ ਨਿਪੁੰਨ ਹੋ ਗਈ ਅਤੇ ਹਜ਼ਾਰਾਂ ਸ਼ੋਅ ਕੀਤੇ। ਤੇਲਗੂ ਫ਼ਿਲਮਾਂ ਤੋਂ ਉਸਨੇ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਜਲਦੀ ਹੀ ਤਾਮਿਲ, ਕੰਨੜ, ਮਲਯਾਲਮ, ਓੜੀਆ, ਬੰਗਾਲੀ ਅਤੇ ਹਿੰਦੀ ਸਿਨੇਮਾ ਵਿੱਚ ਪਹੁੰਚ ਗਈ। 70 ਅਤੇ 80 ਦੇ ਦਹਾਕੇ ਵਿੱਚ ਉਹ ਪੈਨ-ਇੰਡੀਆ ਸਟਾਰ ਬਣ ਗਈ। ਉਸਦੀ ਸੁੰਦਰਤਾ, ਨੱਚਣ ਦੀ ਕਲਾ ਅਤੇ ਡਾਇਲਾਗ ਡਿਲੀਵਰੀ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਉਸਦੇ ਕੈਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮਾਂ ਨਾਲ ਹੋਈ, ਜਿੱਥੇ ਉਹ ‘ਸੇਥ ਮਹਾਲਿੰਗਮ’ (1971) ਵਿੱਚ ਬਾਲ ਅਭਿਨੇਤਰੀ ਵਜੋਂ ਨਜ਼ਰ ਆਈ। ਪਰ ਅਸਲ ਪਛਾਣ ਹਿੰਦੀ ਸਿਨੇਮਾ ਵਿੱਚ ਮਿਲੀ। ‘ਏਕ ਦੂਜੇ ਲਈ’ (1981) ਵਿੱਚ ਉਸ ਨੇ ਕਮਲ ਹਾਸਨ ਨਾਲ ਜੋੜੀ ਬੰਨ੍ਹੀ ਜਿਸ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਉਹ ਨਿਰੰਤਰ ਹਿੱਟ ਫ਼ਿਲਮਾਂ ਦਿੰਦੀ ਰਹੀ। ‘ਅੰਧਾ ਕਾਨੂੰਨ’ (1983) ਵਿੱਚ ਉਹ ਰਾਜ ਕੁਮਾਰ ਨਾਲ ਨਜ਼ਰ ਆਈ, ਜਿੱਥੇ ਉਸ ਨੇ ਇੱਕ ਮਜ਼ਬੂਤ ਔਰਤ ਦਾ ਰੋਲ ਨਿਭਾਇਆ। ‘ਗ੍ਰਿਫ਼ਤਾਰ’ (1985) ਵਿੱਚ ਅਮਿਤਾਭ ਬੱਚਨ ਅਤੇ ਕਮਲ ਹਾਸਨ ਨਾਲ ਉਸਦਾ ਡਿਊਏਟ ਗੀਤ ‘ਧੂਪ ਵਿੱਚ ਨਿਕਲਾ ਨਾ ਕਰੋ’ ਅੱਜ ਵੀ ਯਾਦ ਕੀਤਾ ਜਾਂਦਾ ਹੈ। ‘ਹਿੰਮਤਵਾਲਾ’ (1979), ‘ਫ਼ਤਹਿ’ (1986), ‘ਅਰਜਨ’ (1988) ਅਤੇ ‘ਪਿਆਰ ਕਾ ਮੰਦਰ’ (1988) ਵਰਗੀਆਂ ਫ਼ਿਲਮਾਂ ਵਿੱਚ ਉਸਨੇ ਨੇ ਰੋਮਾਂਟਿਕ ਅਤੇ ਐਕਸ਼ਨ ਰੋਲਾਂ ਨਾਲ ਧਮਾਲਾਂ ਪਾਈਆਂ। ਇਨ੍ਹਾਂ ਫ਼ਿਲਮਾਂ ਨੇ ਉਸ ਨੂੰ ਲੇਡੀ ਸੁਪਰਸਟਾਰ ਦਾ ਖ਼ਤਾਬ ਦਿੱਤਾ। ਇਸ ਤੋਂ ਇਲਾਵਾ ‘ਲੋਹਾ’ (1987), ‘ਸ਼ੇਸ਼ਨਾਗ’ (1990), ‘ਸਵਰਗ’ (1990) ਅਤੇ ‘ਅਗਨੀਪਥ’ (1990) ਵਿੱਚ ਉਸ ਨੇ ਨੈਗੇਟਿਵ ਰੋਲ ਵੀ ਨਿਭਾਏ । 17 ਸਾਲਾਂ ਦੇ ਸਫ਼ਰ ਵਿੱਚ ਉਹ ਸੱਤ ਭਾਸ਼ਾਵਾਂ ਵਿੱਚ ਕੰਮ ਕਰ ਚੁੱਕੀ ਸੀ ਅਤੇ ਹਰ ਫ਼ਿਲਮ ਵਿੱਚ ਉਸ ਨੇ ਆਪਣਾ ਅਲੱਗ ਰੰਗ ਭਰਿਆ। ਉਸਦੇ ਨਾਮ ’ਤੇ 300 ਤੋਂ ਵੱਧ ਫ਼ਿਲਮਾਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਬਲੌਕਬਸਟਰ ਰਹੀਆਂ।
ਪਰ ਇਸ ਸਭ ਚਮਕ ਦੇ ਪਿੱਛੇ ਇੱਕ ਕਾਲਾ ਰਹੱਸ ਸੀ ਜੋ ਹੋਲੀ-ਹੋਲੀ ਉਸਦੀ ਜ਼ਿੰਦਗੀ ਨੂੰ ਘੇਰ ਰਿਹਾ ਸੀ। 90 ਦੇ ਦਹਾਕੇ ਦੇ ਸ਼ੁਰੂ ਵਿੱਚ, ਜਦੋਂ ਉਹ ਕੈਰੀਅਰ ਦੇ ਸਿਖਰ ’ਤੇ ਸੀ, ਤਾਂ ਉਸ ਨੇ ਬਿਜ਼ਨੈੱਸਮੈਨ ਰਾਲਫ਼ ਸ਼ਰਮਾ ਨਾਲ ਪਿਆਰ ਕੀਤਾ ਅਤੇ 1996 ਵਿੱਚ ਵਿਆਹ ਕਰ ਲਿਆ। ਕਈ ਰਿਪੋਰਟਾਂ ਅਨੁਸਾਰ ਇਹ ਵਿਆਹ ਹੀ ਉਸ ਨੂੰ ਫ਼ਿਲਮਾਂ ਤੋਂ ਦੂਰ ਲੈ ਗਿਆ। ਪਰ ਅਸਲ ਕਹਾਣੀ ਇਸ ਤੋਂ ਵੀ ਜ਼ਿਆਦਾ ਡਰਾਮੈਟਿਕ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਸੁਪਰਸਟਾਰ ਬਣਨ ਤੋਂ ਬਾਅਦ ਉਸ ’ਤੇ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਉਹ ਕਾਲੇ ਜਾਦੂ – ਦੇ ਅਨੈਤਿਕ ਅਤੇ ਅੰਧਵਿਸ਼ਵਾਸ ਦੇ ਭਰਮ ਵਿੱਚ ਫ਼ਸ ਗਈ ਜੋ ਬਾਲੀਵੁੱਡ ਵਿੱਚ ਅੱਜ ਵੀ ਚੱਲਦੀ ਹੈ। ਇੱਕ ਇੰਟਰਵਿਊ ਵਿੱਚ ਖੁਦ ਮਾਧਵੀ ਨੇ ਖੁਲਾਸਾ ਕੀਤਾ ਕਿ ਉਸਦੇ ਘਰ ਵਿੱਚ ਅਚਾਨਕ ਖੂਨ ਦੇ ਧੱਬੇ ਨਜ਼ਰ ਆਉਣ ਲੱਗੇ। ਪਰਿਵਾਰਕ ਮੈਂਬਰਾਂ ਨੂੰ ਅਜਿਹੀਆਂ ਬਿਮਾਰੀਆਂ ਹੋਈਆਂ ਜਿਨ੍ਹਾਂ ਦਾ ਕੋਈ ਡਾਕਟਰੀ ਵਿਗਿਆਨ ਨਾਲ ਵਿਆਖਿਆ ਨਾ ਹੋ ਸਕੀ। ਰੋਜ਼ਾਨਾ ਘਰ ਵਿੱਚ ਅਜੀਬੋ-ਗਰੀਬ ਹਾਲਾਤ ਵਾਪਰਨ ਲੱਗੇ – ਕੁਝ ਨਾ ਕੁਝ ਟੁੱਟ-ਫ਼ੁੱਟ ਨਾਲ, ਅਣਜਾਣੀਆਂ ਆਵਾਜ਼ਾਂ ਅਤੇ ਇੱਕ ਅਜਿਹਾ ਡਰ ਜੋ ਲੱਗਦਾ ਸੀ ਕਿ ਕੋਈ ਉਨ੍ਹਾਂ ਦੀ ਜਾਨ ਲੈਣ ਲਈ ਪਿੱਛੇ ਪਿਆ ਹੈ। ਇਹ ਸਭ ਘਟਨਾਵਾਂ ਨੇ ਉਸ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਉਹ ਰਾਤਾਂ ਨੂੰ ਸੌਂ ਨਾ ਸਕੀ।
ਮਾਧਵੀ ਨੇ ਆਪਣੇ ਇੰਟਰਵਿਊ ਵਿੱਚ ਕਿਹਾ, ‘ਇਹ ਸਭ ਇੰਨਾ ਡਰਾਉਣ ਵਾਲਾ ਸੀ ਕਿ ਲੱਗਦਾ ਸੀ ਜਿਵੇਂ ਕੋਈ ਅਦਿੱਖ ਨਾ ਵਿਖਣ ਵਾਲੀ ਸ਼ਕਤੀ ਸਾਡੇ ਵਿਰੁੱਧ ਹੈ। ਖੂਨ ਦੇ ਧੱਬੇ ਬਿਨਾਂ ਕਿਸੇ ਕਾਰਨ ਨਾਲ ਫ਼ੈਲ ਜਾਂਦੇ, ਪਰਿਵਾਰ ਵਾਲੇ ਅਚਾਨਕ ਬਿਮਾਰ ਪੈ ਜਾਂਦੇ ਅਤੇ ਡਾਕਟਰ ਵੀ ਹੈਰਾਨ ਹੋ ਜਾਂਦੇ। ਮੈਂ ਸੋਚਿਆ ਕਿ ਇਹ ਸਭ ਮੇਰੇ ਸਟਾਰਡਮ ਕਾਰਨ ਹੋ ਰਿਹਾ ਹੈ – ਕੋਈ ਈਰਖਾ ਜਾਂ ਨਫ਼ਰਤ ਨੇ ਇਹ ਕਾਲਾ ਜਾਦੂ ਕੀਤਾ ਹੈ।’ ਇਹ ਖੁਲਾਸਾ ਨੇ ਬਾਲੀਵੁੱਡ ਨੂੰ ਹਿਲਾ ਦਿੱਤਾ। ਕਈ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਇੰਡਸਟਰੀ ਵਿੱਚ ਅਜਿਹੀਆਂ ਘਟਨਾਵਾਂ ਆਮ ਹਨ – ਤੰਤਰ-ਮੰਤਰ ਬਾਰੇ ਕੇਸ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। ਗੋਵਿੰਦਾ ਜਾਂ ਪੂਜਾ ਭੱਟ ਵਰਗੇ ਸਟਾਰਾਂ ਨੇ ਵੀ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਪਰ ਮਾਧਵੀ ਦਾ ਕੇਸ ਵਿਸ਼ੇਸ਼ ਸੀ ਕਿਉਂਕਿ ਇਸ ਨੇ ਉਸ ਨੂੰ ਨਾ ਸਿਰਫ਼ ਫ਼ਿਲਮਾਂ ਤੋਂ ਦੂਰ ਕੀਤਾ, ਸਗੋਂ ਜ਼ਿੰਦਗੀ ਨੂੰ ਬਦਲ ਦਿੱਤਾ।
ਇਸ ਡਰ ਨੇ ਉਸ ਨੂੰ ਫ਼ੈਸਲਾ ਲੈਣ ਲਈ ਮਜਬੂਰ ਕੀਤਾ। 1994 ਵਿੱਚ ਆਪਣੀ ਆਖਰੀ ਹਿੰਦੀ ਫ਼ਿਲਮ ‘ਖੁਦਾਈ’ ਤੋਂ ਬਾਅਦ ਉਹ ਪੂਰੀ ਤਰ੍ਹਾਂ ਗਾਇਬ ਹੋ ਗਈ। ਵਿਆਹ ਤੋਂ ਬਾਅਦ ਉਹ ਪਤੀ ਰਾਲਫ਼ ਨਾਲ ਅਮਰੀਕਾ ਚਲੀ ਗਈ ਅਤੇ ਨਿਊ ਜਰਸੀ ਵਿੱਚ ਸੈਟਲ ਹੋ ਗਈ। ਉੱਥੇ ਉਹ ਆਪਣੇ ਤਿੰਨ ਧੀਆਂ ਨਾਲ ਇੱਕ ਸਾਧਾਰਨ ਜ਼ਿੰਦਗੀ ਜੀਉਂਦੀ ਹੈ। ਅੱਜ 63 ਸਾਲ ਦੀ ਉਮਰ ਵਿੱਚ ਵੀ ਉਹ ਆਪਣੇ ਪਤੀ ਦੇ ਫ਼ਾਰਮੇਸੀ ਕਾਰੋਬਾਰ ਵਿੱਚ ਹੱਥ ਵਟਾਉਂਦੀ ਹੈ। ਫ਼ਿਲਮਾਂ ਤੋਂ ਦੂਰ ਰਹਿਣ ਦਾ ਫ਼ੈਸਲਾ ਉਸ ਲਈ ਰਾਹਤ ਵਾਲਾ ਸੀ। ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ, ‘ਵਿਦੇਸ਼ ਆ ਕੇ ਮੈਨੂੰ ਸੁਕੂਨ ਮਿਲਿਆ। ਇੱਥੇ ਕੋਈ ਈਰਖਾ ਨਹੀਂ, ਕੋਈ ਡਰ ਨਹੀਂ। ਮੈਂ ਆਪਣੇ ਪਰਿਵਾਰ ਨਾਲ ਖੁਸ਼ ਹਾਂ ਅਤੇ ਉਹੀ ਮੇਰੀ ਅਸਲ ਕਾਮਯਾਬੀ ਹੈ।’ ਇਸ ਤੋਂ ਇਲਾਵਾ, ਉਸ ਦੀ ਅਧਿਆਤਮਕ ਯਾਤਰਾ ਵੀ ਚੱਲਦੀ ਰਹੀ। ਉਹ ਸਵਾਮੀ ਰਾਮ ਨਾਲ ਜੁੜੀ ਰਹੀ ਅਤੇ ਧਿਆਨ ਅਤੇ ਯੋਗ ਨਾਲ ਸ਼ਾਂਤੀ ਦੇ ਰਾਹ ਵਲ ਤੁਰੀ।
ਮਾਧਵੀ ਦੀ ਇਹ ਕਹਾਣੀ ਬਾਲੀਵੁੱਡ ਦੇ ਕਾਲੇ ਕਾਂਡ ਨੂੰ ਉਜਾਗਰ ਕਰਦੀ ਹੈ। ਇਹ ਫ਼ਿਲਮੀ ਇੰਡਸਟਰੀ ਦੇ ਕਾਲੇ ਹਿੱਸੇ ਹਨ। ਕਈ ਸਟਾਰਾਂ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਘੇਰਨ ਲਈ ਤੰਤਰ-ਮੰਤਰ ਵਰਤੇ ਜਾਂਦੇ ਹਨ। ਪਰ ਮਾਧਵੀ ਦਾ ਕੇਸ ਇੱਕ ਸਬਕ ਹੈ । ਉਹ ਮੁੜਕੇ ਭਾਰਤ ਵਾਪਸ ਨਹੀਂ ਆਈ, ਪਰ ਉਸਦੀਆਂ ਫ਼ਿਲਮਾਂ ਅੱਜ ਵੀ ਜੀਵੰਤ ਹਨ। ਮਾਧਵੀ ਵਰਗੀਆਂ ਹੋਰ ਅਦਾਕਾਰਾਂ ਹਨ ਜੋ ਗੁਪਤ ਰਹੱਸ ਲੁਕਾ ਰਹੀਆਂ ਹਨ?

Loading