ਕਾਸ਼! ਪੰਜਾਬ ਬਣੇ ਯੁੱਧ ਰਹਿਤ ਖਿੱਤਾ

In ਮੁੱਖ ਲੇਖ
May 24, 2025
ਜੁਗਾਂ-ਜੁਗਾਂਤਰਾਂ ਤੋਂ ਪੰਜਾਬ ਇਸ ਪ੍ਰਿਥਵੀ ’ਤੇ ਇਕ ਨਿਵੇਕਲਾ, ਜ਼ਰਖੇਜ਼, ਚਾਰ ਰੁੱਤਾਂ ਵਾਲਾ ਹਰਿਆ-ਭਰਿਆ, ਪੰਜ ਦਰਿਆਵਾਂ ਸਤਲੁਜ, ਬਿਆਸ, ਰਾਵੀ, ਝਨਾਬ ਅਤੇ ਜਿਹਲਮ ਦੇ ਛਰ-ਛਰ ਕਰਦੇ ਪਾਣੀਆਂ ਤੋਂ ਪੰਜ ਆਬ ਵਜੋਂ ਕੁਦਰਤੀ ਨਾਮਕਰਨ ਪ੍ਰਾਪਤ ਖੇਤਰ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਸੂਫੀਆਂ ਦਾ ਪਸੰਦੀਦਾ ਵਾਤਾਵਰਨ ਹੋਣ ਕਰਕੇ ਉਨ੍ਹਾਂ ਵੱਲੋਂ ਮਾਨਵਵਾਦੀ ਉੱਚਤਮ ਅਧਿਆਤਮਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਤੇ ਸੂਫੀਆਨਾ ਸਹਿਤ ਦੀ ਰਚਨਾ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਸਮੇਂ ਪੰਜਾਬ ਵਿਸ਼ਵ ਅੰਦਰ ਸਭ ਤੋਂ ਖ਼ੁਸ਼ਹਾਲ, ਵਿਕਸਤ, ਪ੍ਰਭੂਸੱਤਾ ਸੰਪੰਨ ਦੇਸ਼ ਸੀ। ਉਸ ਸਮੇਂ ਸਿੱਖ ਤਾਂ ਮਸਾਂ 8 ਪ੍ਰਤੀਸ਼ਤ ਹੋਣਗੇ, ਬਾਕੀ ਸਭ ਹਿੰਦੂ ਅਤੇ ਮੁਸਲਮਾਨ ਭਾਈਚਾਰਿਆਂ ਨਾਲ ਸਬੰਧਤ ਸਨ। ਸ਼ਾਹ ਮੁਹੰਮਦ ਅੰਗਰੇਜ਼ਾਂ ਅਤੇ ਪੰਜਾਬੀਆਂ ਦੀ ਜੰਗ ਸਬੰਧੀ ਆਪਣੇ ਕਿੱਸੇ ਵਿੱਚ ਲਿਖਦਾ ਹੈ, ‘ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ...ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜਾਤ ਆਈ।’ ਇੱਥੇ ਉਹ ਅੰਗਰੇਜ਼ ਦੀ ਗੱਲ ਕਰਦਾ ਹੈ। ਉਸ ਸਮੇਂ ਪੰਜਾਬ ਦਾ ਇੱਕ ਰੁਪਈਆ ਇੰਗਲੈਂਡ ਦੇ 13 ਪੌਂਡ ਦੇ ਬਰਾਬਰ ਸੀ। ਦੇਸ਼ ਦੀ ਵੰਡ ਸਮੇਂ ਫ਼ਿਰਕੂ ਕੱਟੜਤਾ ਜੋ ਧਾਰਮਿਕ ਕੱਟੜਵਾਦੀਆਂ ਅਤੇ ਨਫ਼ਰਤਬਾਜ਼ ਰਾਜਨੇਤਾਵਾਂ ਨੇ ਅੰਗਰੇਜ਼ਾਂ ਦੀ ਸ਼ਹਿ ’ਤੇ ਪੈਦਾ ਕੀਤੀ ਸੀ, ਕਰਕੇ ਪੰਜਾਬ ਦੇ ਢਾਈ ਕਰੋੜ ਲੋਕਾਂ ਨੂੰ ਹਿਜਰਤ ਲਈ ਮਜਬੂਰ ਹੋਣਾ ਪਿਆ। ਦਸ ਲੱਖ ਤੋਂ ਵੱਧ ਹਿੰਦੂ, ਸਿੱਖ ਤੇ ਮੁਸਲਮਾਨ ਮਾਰੇ ਗਏ। ਪੰਜਾਬ ਦੀ ਆਰਥਿਕਤਾ ਢਹਿ-ਢੇਰੀ ਹੋ ਗਈ, ਧਰਤੀ ਲਾਲ ਹੋ ਗਈ। ਕਸ਼ਮੀਰ ਦਾ ਸ਼ਾਸਕ ਹਰੀ ਸਿੰਘ ਆਜ਼ਾਦ ਰਹਿਣਾ ਚਾਹੁੰਦਾ ਸੀ ਪਰ ਕਬਾਇਲੀ ਹਮਲੇ ਦੀ ਆੜ ਵਿੱਚ ਪਾਕਿਸਤਾਨੀ ਫ਼ੌਜ ਵੱਲੋਂ ਕਸ਼ਮੀਰ ’ਤੇ ਕੀਤੇ ਹਮਲੇ ਨੇ ਉਸ ਨੂੰ ਆਪਣੇ ਰਾਜ ਨੂੰ ਭਾਰਤ ਵਿੱਚ ਮਿਲਾਉਣ ਦਾ ਨਿਰਣਾ ਲੈਣ ਲਈ ਮਜਬੂਰ ਹੋਣਾ ਪਿਆ 26 ਅਕਤੂਬਰ 1947 ਨੂੰ। ਪਾਕਿਸਤਾਨ ਕਸ਼ਮੀਰ ਦੇ ਵੱਡੇ ਹਿੱਸੇ ’ਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਵੱਲੋਂ ਮਸਲਾ ਯੂਐੱਨਓ ਵਿਚ ਲਿਜਾਣ ਕਰਕੇ ਇਹ ਅੱਜ ਤੱਕ ਲਟਕਿਆ ਪਿਆ ਹੈ। ਕਸ਼ਮੀਰ ਤੇ ਬੰਗਲਾਦੇਸ਼ ਦੀ ਆਜ਼ਾਦੀ ਦੇ ਮਸਲਿਆਂ ’ਤੇ ਜੰਗਾਂ ਸਮੇਂ ਭਾਰਤ ਤੇ ਪਾਕਿਸਤਾਨ ਵੱਲੋਂ ਜੰਗੀ ਮੈਦਾਨ ਦਾ ਕੇਂਦਰ ਪੰਜਾਬ ਬਣਾਇਆ ਜਾਂਦਾ ਰਿਹਾ। ਦੋਹਾਂ ਦੇਸ਼ਾਂ ਵਿੱਚ ਵਸਦੇ ਪੰਜਾਬੀ ਹਮੇਸ਼ਾ ਇਸ ਦੇ ਖ਼ਿਲਾਫ਼ ਰਹੇ ਪਰ ਜੰਗਬਾਜ਼ ਜਾਣਬੁੱਝ ਕੇ ਅਜਿਹਾ ਕਰਦੇ ਰਹੇ। ਇਹ ਸੱਚ ਹੈ ਕਿ ਪਾਕਿਸਤਾਨ ਅੰਦਰ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ। ਅਸਲ ਸ਼ਕਤੀ ਫ਼ੌਜੀ ਜਨਰਲਾਂ, ਜਗੀਰਦਾਰਾਂ, ਕੱਟੜਵਾਦੀ ਮੁਲਾਣਿਆਂ ਅਤੇ ਅੰਗਰੇਜ਼ਾਂ ਵੇਲੇ ਦੇ ਸਟੀਲ ਫਰੇਮ ਵਜੋਂ ਜਾਣੇ ਜਾਂਦੇ ਸਥਾਪਤ ਨਿਜ਼ਾਮ ਕੋਲ ਹੈ। ਸੰਨ 1965 ਵਿੱਚ ਅਮਰੀਕੀ ਅਜਿੱਤ ਪੈਟਨ ਟੈਂਕਾਂ ਬਲਬੂਤੇ ਪਾਕਿਸਤਾਨੀ ਸ਼ਾਸਕ ਜਨਰਲ ਅਯੂਬ ਖਾਨ ਨੇ ਜੰਗ ਛੇੜ ਕੇ ਜੋ ‘ਟਹਿਲਤੇ-ਟਹਿਲਤੇ’ ਦਿੱਲੀ ਜਾ ਕੇ ਡਿਨਰ ਕਰਨ ਦਾ ਐਲਾਨ ਕੀਤਾ, ਉਨ੍ਹਾਂ ਦੀਆਂ ਕਬਰਾਂ ਲੈਫ. ਜਨਰਲ ਹਰਬਖ਼ਸ਼ ਸਿੰਘ ਦੀ ਕਮਾਨ ਹੇਠ ਭਾਰਤੀ ਫ਼ੌਜ ਨੇ ਪੰਜਾਬੀਆਂ ਦੀ ਦਲੇਰਾਨਾ ਮਦਦ ਨਾਲ ਪੰਜਾਬ ਸਰਹੱਦ ’ਤੇ ਖੋਦ ਕੇ ਬੁਰੀ ਤਰ੍ਹਾਂ ਹਰਾ ਦਿੱਤਾ ਪਰ ਇਸ ਜੰਗ ਵਿੱਚ ਵੱਡਾ ਜਾਨੀ ਤੇ ਮਾਲੀ ਨੁਕਸਾਨ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਉਠਾਉਣਾ ਪਿਆ। ਸੰਨ 1971 ਦੀ ਬੰਗਲਾਦੇਸ਼ ਦੀ ਆਜ਼ਾਦੀ ਪੱਛਮੀ ਪਾਕਿਸਤਾਨ ਦੇ ਫ਼ੌਜੀ ਜਰਨੈਲਾਂ, ਜਗੀਰਦਾਰਾਂ, ਮੁਲਾਣਿਆਂ, ਸਥਾਪਤ ਨਿਜ਼ਾਮ ਦੀ ਪੂਰਬੀ ਪਾਕਿਸਤਾਨ ਦੇ ਬੰਗਾਲੀਆਂ ’ਤੇ ਅਣਮਨੁੱਖੀ ਬਰਬਰਤਾ, ਤਸੀਹਿਆਂ ਭਰੀ ਕਤਲੋਗਾਰਤ ਤੇ ਔਰਤਾਂ ਦੇ ਅਪਮਾਨ ਦਾ ਨਤੀਜਾ ਸੀ। ਜਨਰਲ ਯਾਹੀਆ ਖਾਨ ਵੱਲੋਂ ਥੋਪੀ ਜੰਗ ਦਾ ਦੂਸਰਾ ਮੁਹਾਜ਼ ਫਿਰ ਪੰਜਾਬ ਬਣਿਆ। ਬੰਗਲਾਦੇਸ਼ ਆਜ਼ਾਦ ਹੋ ਗਿਆ ਤੇ ਭਾਰਤੀ ਫ਼ੌਜਾਂ ਲਹਿੰਦੇ ਪੰਜਾਬ ਵਿੱਚ ਘੁਸ ਗਈਆਂ। ਸੰਨ 1999 ਵਿੱਚ ਕਾਰਗਿਲ ਜੰਗ ਦੌਰਾਨ ਲਗਾਤਾਰ ਪੰਜਾਬ ਦੀ 553 ਕਿੱਲੋਮੀਟਰ ਸਰਹੱਦ ’ਤੇ ਤਣਾਅ ਬਣਿਆ ਰਿਹਾ। ਹੁਣ 4 ਰੋਜ਼ਾ 7 ਤੋਂ 10 ਮਈ ਦੀ ਹਵਾਈ, ਡ੍ਰੋਨ, ਮਾਰੂ ਮਿਜ਼ਾਈਲ ਜੰਗ ਦੌਰਾਨ ਦੋਹਾਂ ਦੇਸ਼ਾਂ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਹਵਾਈ ਅੱਡਿਆਂ, ਫ਼ੌਜੀ ਅਤੇ ਅੱਤਵਾਦੀ ਟਿਕਾਣਿਆਂ ਤੋਂ ਇਲਾਵਾ ਸਿਵਲੀਅਨ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਵਾਰ ਚੜ੍ਹਦੇ ਪੰਜਾਬ ਦੇ ਬਹੁਤ ਘੱਟ ਲੋਕ ਸਰਹੱਦੀ ਪਿੰਡਾਂ ’ਚੋਂ ਨਿਕਲੇ। ਪਾਕਿਸਤਾਨ ਜੰਗਬਾਜ਼ ਫ਼ੌਜ ਨੇ ਜ਼ਰੂਰ ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡ ਖ਼ਾਲੀ ਕਰਾਏ। ਪਰ ਕੀ ਕਿਸੇ ਨੇ ਉਨ੍ਹਾਂ ਦੇ ਰਹਿਣ-ਸਹਿਣ, ਦਵਾਈ-ਬੂਟੀ, ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਗਰਭਵਤੀ ਔਰਤਾਂ ਦਾ ਹਾਲ ਜਾਣਿਆ। ਪਾਕਿਸਤਾਨੀ ਫ਼ੌਜ ਦਾ ਮੁਖੀ ਜਨਰਲ ਆਸਿਮ ਮੁਨੀਰ ਰਾਜਨੇਤਾਵਾਂ, ਮੈਂਬਰਾਨ ਨੈਸ਼ਨਲ ਅਸੈਂਬਲੀ ਨੂੰ ਭੜਕਾਉਂਦਾ ਰਿਹਾ ਕਿ ਪਾਕਿਸਤਾਨੀ ਨੌਜਵਾਨਾਂ ਨੂੰ ਯਾਦ ਕਰਾਓ ਕਿ ਉਹ ਧਾਰਮਿਕ, ਸੱਭਿਆਚਾਰਕ, ਰਹੁ-ਰੀਤਾਂ ਅਨੁਸਾਰ ਹਿੰਦੂਆਂ ਤੋਂ ਵੱਖ ਹਨ। ਅਜਿਹੇ ਜਨਰਲ ਨੂੰ ਫ਼ੌਜ ਮੁਖੀ ਬਣਨ ਦਾ ਕੋਈ ਹੱਕ ਨਹੀਂ ਜੋ ਕੱਟੜਵਾਦ ਦੇ ਭਾਂਬੜ ਮਚਾਉਂਦਾ ਹੈ। ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ ਭਾਰਤ ਨਾਲ ਜੰਗ ਦੀ ਸੂਰਤ ਵਿੱਚ ਮਦਰੱਸਿਆਂ ਵਿੱਚ ਪੜ੍ਹਦੇ ਸਭ ਵਿਦਿਆਰਥੀਆਂ ਨੂੰ ਸਰਹੱਦਾਂ ਦੇ ਮੂਹਰਲੇ ਮੋਰਚਿਆਂ ’ਤੇ ਤਾਇਨਾਤ ਕਰਨ ਦਾ ਐਲਾਨ 16ਵੀਂ ਨੈਸ਼ਨਲ ਅਸੈਂਬਲੀ ਦੇ 16ਵੇਂ ਸੈਸ਼ਨ ਵਿੱਚ ਕਰਦਾ ਹੈ। ਇਹ ਸਰਾਸਰ ਅਪਰਾਧਕ ਕਾਰਵਾਈ ਹੈ। ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੂੰ ਅਸੀਂ ਇੱਕ ਪੜ੍ਹੀ-ਲਿਖੀ ਔਰਤ ਹੋਣ ਦਾ ਟਪਲਾ ਖਾਂਦੇ ਹਾਂ। ਉਹ ਭਾਰਤ ਨੂੰ ਪਾਕਿਸਤਾਨੀ ਪਰਮਾਣੂ ਬੰਬ ਦੀ ਧਮਕੀ ਦਿੰਦੀ ਹੈ। ਇਹ ਵੀ ਇੱਕ ਅਪਰਾਧਕ ਕਾਰਵਾਈ ਹੈ। ਪਰਮਾਣੂ ਬੰਬ ਦੀ ਪਾਕਿਸਤਾਨੀ ਜੰਗਬਾਜ਼ਾਂ ਦੀ ਧਮਕੀ ਨੇ ਇਸ ਖ਼ੂਬਸੂਰਤ ਜਰਖੇਜ਼ ‘ਪੰਜਾਬ ਦੇਸ਼’ ਦੇ ਨਾਲ-ਨਾਲ ਪੂਰੇ ਖਿੱਤੇ ਦੀ ਸਦੀਵੀ ਬਰਬਾਦੀ ਦੀ ਦਾਸਤਾਨ ਬਿਆਨੀ ਹੈ। ਜੂਨ, 1984 ਵਿੱਚ ਭਾਰਤੀ ਫ਼ੌਜ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਹਮਲਾ ਅਪਰਾਧਕ ਕਾਰਵਾਈ ਸੀ। ਹੁਣ ਸਿੱਖਾਂ ਵਿੱਚ ਬਦਗੁਮਾਨੀ ਪੈਦਾ ਕਰਨ ਲਈ ਪਾਕਿਸਤਾਨੀ ਫ਼ੌਜ ਵੱਲੋਂ ਦਰਬਾਰ ਸਾਹਿਬ ’ਤੇ ਰਾਕਟ ਹਮਲਾ ਸ਼੍ਰੋਮਣੀ ਕਮੇਟੀ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਭਾਰਤ-ਪਾਕਿਸਤਾਨ ਟਕਰਾਅ ਦਾ ਸਭ ਤੋਂ ਮਾੜਾ ਪ੍ਰਭਾਵ ਦੋਹਾਂ ਪੰਜਾਬਾਂ ਦੇ ਵਪਾਰ, ਮੇਲ-ਜੋਲ, ਤਕਨੀਕੀ ਅਦਾਨ-ਪ੍ਰਦਾਨ ਦਾ ਬੰਦ ਹੋਣਾ ਹੈ। ਰੇਲ, ਸੜਕੀ, ਹਵਾਈ ਮਾਰਗ ਬੰਦ ਹੋਣ ਕਰਕੇ ਰੋਜ਼ਾਨਾ ਹਜ਼ਾਰਾਂ ਰੁਜ਼ਗਾਰਾਂ, ਕਰੋੜਾਂ ਦਾ ਵਪਾਰ, ਆਪਸੀ ਮੇਲ-ਜੋਲ ਦਾ ਨੁਕਸਾਨ ਹੁੰਦਾ ਹੈ। ਜਦਕਿ ਗੁਜਰਾਤ, ਮਹਾਰਾਸ਼ਟਰ, ਮੁੰਬਈ, ਗੋਆ, ਕਰਾਚੀ ਅਤੇ ਹੋਰ ਬੰਦਰਗਾਹਾਂ ਰਾਹੀਂ ਵਪਾਰ, ਆਵਾਜਾਈ, ਤਕਨੀਕੀ ਅਦਾਨ-ਪ੍ਰਦਾਨ ਜਾਰੀ ਰਹਿੰਦਾ ਹੈ। ਲਹਿੰਦਾ ਪੰਜਾਬ ਸਿੱਖਾਂ ਦੀ ਜਨਮ-ਭੂਮੀ ਹੈ। ਪਹਿਲੇ ਗੁਰੂ ਨਾਨਕ ਸਾਹਿਬ ਦਾ ਜਨਮ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਉਹ ਜੋਤੀ-ਜੋਤ ਕਰਤਾਰਪੁਰ ਸਾਹਿਬ ਵਿਖੇ ਸਮਾਏ। ਸਿੱਖ ਮਹਾਨ ਸਲਤਨਤ ਦੀ ਰਾਜਧਾਨੀ ਲਾਹੌਰ ਸੀ ਤੇ ਲਹਿੰਦਾ ਪੰਜਾਬ ਅਤੇ ਦੱਰਾ ਖੈਬਰ ਤੱਕ ਇਲਾਕਾ ਉਸ ਦਾ ਹਿੱਸਾ ਸਨ। ਸਿੱਖ ਪਰਲੋ ਆਉਣ ਦੇ ਬਾਵਜੂਦ ਲਹਿੰਦੇ ਪੰਜਾਬ ਦੇ ਗੁਰਧਾਮਾਂ ਵਿਖੇ ਨਤਮਸਤਕ ਹੋਣ ਲਈ ਜਾਂਦੇ ਰਹਿਣਗੇ। ਹਿੰਦੂਆਂ ਦੇ ਕਟਾਸ ਰਾਜ, ਭਾਰਤ ਦੀ ਮਹਾਨ ਯੂਨੀਵਰਸਿਟੀ ਤਕਸ਼ਿਲਾ, ਮੋਹਨਜੋਦਾਰੋ ਪੁਰਾਤਨ ਭਾਰਤੀ ਸੱਭਿਆਤਾ ਦਾ ਕੇਂਦਰ ਉੱਧਰ ਹੈ। ਉਹ ਵੀ ਜਾਣਗੇ। ਵਿਸ਼ਵ ਦਾ ਜ਼ਰਖੇਜ਼, ਪੰਜ ਆਬਾਂ ਦਾ ਭੂਗੋਲਿਕ ਖੇਤਰ ਪੰਜਾਬੀਆਂ ਦਾ ਸਾਂਝਾ ਖੇਤਰ ਹੈ। ਯੂ.ਐੱਨ.ਓ., ਵਿਸ਼ਵ ਬਰਾਦਰੀ, ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾਵਾਂ ਨੂੰ ਮਿਲ ਕੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ‘ਯੁੱਧ ਰਹਿਤ ਖੇਤਰ’ ਐਲਾਨ ਦੇਣਾ ਚਾਹੀਦਾ ਹੈ। ਯੂਰਪੀ ਯੂਨੀਅਨ ਵਾਂਗ ਦੋਹਾਂ ਪੰਜਾਬ ਵਿੱਚ ਵੀਜ਼ਾ ਰਹਿਤ ਆਵਾਜਾਈ ਖੇਤਰ ਸਥਾਪਤ ਕਰਨਾ ਚਾਹੀਦਾ ਹੈ। ਆਪਸੀ ਵਪਾਰ, ਭਾਸ਼ਾ, ਵਿਗਿਆਨ, ਸੱਭਿਆਚਾਰਕ ਵਿਕਾਸ ਅਤੇ ਇਮਾਰਤਾਂ ਅਤੇ ਕਲਾ ਦੇ ਰੱਖ-ਰਖਾਅ, ਪੰਜਾਬੀ ਭਾਸ਼ਾ ਦੇ ਵਿਕਾਸ, ਲਹਿੰਦੇ ਪੰਜਾਬ ਦੀ ਰਾਜ ਭਾਸ਼ਾ ਵਜੋਂ ਪੰਜਾਬੀ ਨੂੰ ਮਾਣ ਦੇਣ ਸਬੰਧੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇੱਕ ਸਰਬ ਧਰਮ ਸਥਾਈ ਸੰਸਥਾ ਕੱਟੜਵਾਦ ਅਤੇ ਅੱਤਵਾਦ ਦੇ ਖ਼ਾਤਮੇ ਲਈ ਗਠਿਤ ਕਰਨੀ ਚਾਹੀਦੀ ਹੈ। ਜਿਵੇਂ ਭਾਰਤ ਤੇ ਪਾਕਿਸਤਾਨ ਨੇ ਵਿਸ਼ਵ ਦੇ ਵੱਖ-ਵੱਖ ਅਹਿਮ ਦੇਸ਼ਾਂ ’ਚ ਵੱਖ-ਵੱਖ ਮਿਸ਼ਨ ਆਪੋ-ਆਪਣੇ ਵਿਚਾਰਾਂ ਤੇ ਦਲੀਲਾਂ ਦੇ ਪ੍ਰਗਟਾਵੇ ਲਈ ਭੇਜੇ ਹਨ, ਦੋਹਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸਰਕਾਰਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਮਿਲ ਕੇ ਆਪਣੇ ਵੱਖਰੇ ਵਫ਼ਦ ਭਾਰਤ ਤੇ ਪਾਕਿਸਤਾਨ ਸਰਕਾਰਾਂ, ਵਿਸ਼ਵ ਦੇ ਦੇਸ਼ਾਂ, ਯੂ.ਐੱਨ.ਓ., ਵਿਸ਼ਵ ਬੈਂਕ, ਅੰਤਰਰਾਸ਼ਟਰੀ ਮੁਦਰਾ ਕੋਸ਼ ਕੋਲ ਭੇਜਣੇ ਚਾਹੀਦੇ ਹਨ ਕਿ ਦੋਵੇਂ ਦੇਸ਼ ਕਸ਼ਮੀਰ, ਸਰਹੱਦੀ, ਧਾਰਮਿਕ, ਰਣਨੀਤਕ, ਡਿਪਲੋਮੈਟਿਕ, ਪਾਣੀਆਂ ਦੇ ਮਸਲੇ ਹੱਲ ਜਿਵੇਂ ਮਰਜ਼ੀ ਕਰਨ ਪਰ ਪੰਜਾਬ (ਲਹਿੰਦੇ-ਚੜ੍ਹਦੇ) ਨੂੰ ਇਨ੍ਹਾਂ ਵਿੱਚ ਲਪੇਟਣ ਤੇ ਜੰਗ ਦਾ ਮੈਦਾਨ ਬਣਾਉਣ ਤੋਂ ਦੂਰ ਰਹਿਣ। ਇਹ ਦੋਹਾਂ ਮੁਲਕਾਂ ਦੀ ਬੁਲੰਦ ਅਵਾਜ਼-ਏ-ਪੰਜਾਬ ਹੈ। -ਦਰਬਾਰਾ ਸਿੰਘ ਕਾਹਲੋਂ -(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।

Loading