ਕਿਉਂ ਨਹੀਂ ਰੁਕ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ?

In ਮੁੱਖ ਲੇਖ
October 04, 2024
ਤਲਵਿੰਦਰ ਸਿੰਘ ਬੁਟਰ: ਬੁਨਿਆਦੀ ਤੌਰ 'ਤੇ 'ਬੇਅਦਬੀ' ਦਾ ਅਰਥ ਹੈ 'ਅਦਬ' ਨੂੰ ਠੇਸ ਪਹੁੰਚਾਉਣਾ । ਦੁਨੀਆ ਦੇ ਹਰ ਧਰਮ ਅਤੇ ਮਤ ਵਿਚ 'ਅਦਬ' ਦੇਣ ਦੀ ਧਾਰਨਾ ਹੈ ਅਤੇ ਜਦੋਂ ਉਨ੍ਹਾਂ ਦੇ 'ਅਦਬ' ਨੂੰ ਠੇਸ ਪੁੱਜਦੀ ਹੈ ਤਾਂ ਇਸ ਨੂੰ 'ਬੇਅਦਬੀ' ਆਖਿਆ ਜਾਂਦਾ ਹੈ ।ਸਿੱਖਾਂ ਦੀ ਆਸਥਾ ਵਿਚ ਬੇਅਦਬੀ ਨੂੰ ਪ੍ਰੀਭਾਸ਼ਤ ਕਰਨ ਲਈ ਇਹ ਵੇਖਣਾ ਬੇਹੱਦ ਜ਼ਰੂਰੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਿੱਖਾਂ ਦੇ ਸਤਿਕਾਰ ਦੇਣ ਦੀ ਪਹੁੰਚ ਕਿੱਥੋਂ ਤੱਕ ਹੈ? ਦੁਨੀਆ ਵਿਚ ਬਹੁਤ ਸਾਰੇ ਪਵਿੱਤਰ ਧਾਰਮਿਕ ਗ੍ਰੰਥ ਹਨ, ਜਿਨ੍ਹਾਂ ਨੂੰ ਉਨ੍ਹਾਂ ਧਰਮਾਂ ਦੇ ਪੈਰੋਕਾਰਾਂ ਅਤੇ ਦੂਜੇ ਵਿਸ਼ਵਾਸਾਂ ਦੇ ਲੋਕਾਂ ਵਲੋਂ 'ਧਰਮ ਪੁਸਤਕਾਂ' ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ।ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ 'ਜਾਗਤ-ਜੋਤਿ' ਆਖਿਆ ਜਾਂਦਾ ਹੈ ਅਤੇ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਸ਼੍ਰੋਮਣੀ ਕਮੇਟੀ ਬਨਾਮ ਸੋਮਨਾਥ ਦਾਸ ਕੇਸ (2000) ਮਿਤੀ 29-03-2000 S33- 186 ਵਿਚ ਮੰਨਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ-ਜੋਤਿ ਗੁਰੂ ਹਨ। ਮਹੱਤਵਪੂਰਨ ਸਵਾਲ ਇਹ ਨਹੀਂ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਕਦੋਂ ਤੋਂ ਸ਼ੁਰੂ ਹੋਈਆਂ, ਬਲਕਿ ਮਹੱਤਵਪੂਰਨ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਉਂ ਕੀਤੀ ਜਾਂਦੀ ਹੈ? ਇਸ ਦੇ ਦੋ ਪਹਿਲੂ ਹਨ, ਪਹਿਲਾ ਇਹ ਕਿ, ਤੁਹਾਡੇ ਵਿਸ਼ਵਾਸ ਅੰਦਰ ਕਿਸੇ ਚੀਜ਼ ਦੀ ਜਿੰਨੀ ਵੱਡੀ ਅਹਿਮੀਅਤ ਹੋਵੇਗੀ, ਉਸ ਉੱਤੇ ਓਨਾ ਹੀ ਵੱਡਾ ਹਮਲਾ ਹੋਵੇਗਾ¢ ਦੂਜਾ, ਹਮਲਾ ਉਹੀ ਕਰੇਗਾ, ਜਿਸ ਨੂੰ ਉਸ ਚੀਜ਼ ਤੋਂ ਸਭ ਤੋਂ ਵੱਧ ਖ਼ਤਰਾ ਹੋਵੇਗਾ¢ ਇਸੇ ਕਾਰਨ ਮੁਗ਼ਲ ਕਾਲ ਤੋਂ ਹੀ ਸਿੱਖ ਧਰਮ ਨੂੰ ਆਪਣੇ ਲਈ ਖ਼ਤਰਾ ਸਮਝਣ ਵਾਲੀ ਸੋਚ ਬੇਅਦਬੀ ਕਰਦੀ ਰਹੀ ਹੈ¢ ਇਸ ਦਾ ਮਤਲਬ ਹੈ ਕਿ ਬੇਅਦਬੀ ਪਿੱਛੇ ਉਹ ਸ਼ਕਤੀਆਂ ਹਨ, ਜੋ ਸਰਬੱਤ ਦੇ ਭਲੇ, ਮਨੁੱਖੀ ਭਾਈਚਾਰੇ ਅਤੇ ਰੱਬੀ ਏਕਤਾ ਦਾ ਸੰਦੇਸ਼ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਲਈ ਖ਼ਤਰਾ ਸਮਝਦੀਆਂ ਹਨ। ਇਕ ਅੰਗਰੇਜ਼ੀ ਦੇ ਰਸਾਲੇ ਵਿਚ ਛਪੀ ਰਿਪੋਰਟ ਮੁਤਾਬਿਕ ਸਾਲ 2015 ਤੋਂ ਫਰਵਰੀ 2022 ਤੱਕ ਪੰਜਾਬ ਵਿਚ 371 ਬੇਅਦਬੀ ਦੇ ਮਾਮਲੇ ਪੁਲਿਸ ਵਲੋਂ ਦਰਜ ਕੀਤੇ ਗਏ | ਪਿਛਲੇ ਸਾਲਾਂ ਦੌਰਾਨ ਸੈਂਕੜੇ ਬੇਅਦਬੀ ਦੇ ਮਾਮਲਿਆਂ ਵਿਚ ਦੋਸ਼ੀ ਪੁਲਿਸ ਨੂੰ ਫੜਾਏ ਗਏ ਪਰ ਕਿਸੇ ਇਕ ਵੀ ਮਾਮਲੇ ਵਿਚ ਪੁਲਿਸ ਨੇ ਬੇਅਦਬੀ ਪਿਛਲੀ ਸਾਜ਼ਿਸ਼ ਨੂੰ ਨੰਗਿਆਂ ਕਰਨ ਵਿਚ ਸਫ਼ਲਤਾ ਹਾਸਿਲ ਨਹੀਂ ਕੀਤੀ ।ਕਿਸੇ ਇਕ ਵੀ ਮਾਮਲੇ ਵਿਚ ਕਿਸੇ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਮਿਲੀ, ਜਿਸ ਨਾਲ ਕਿ ਸਿੱਖਾਂ ਦੇ ਅਸ਼ਾਂਤ ਹਿਰਦਿਆਂ ਨੂੰ ਠੰਢ ਪਈ ਹੋਵੇ ਤੇ ਕਾਨੂੰਨ ਪ੍ਰਤੀ ਭਰੋਸਾ ਪੈਦਾ ਹੁੰਦਾ ਹੋਵੇ । ਸਗੋਂ ਫਿਦਾਈਨ ਹਮਲਿਆਂ ਦੀ ਤਰਜ਼ 'ਤੇ ਹੀ ਹੁਣ ਬੇਅਦਬੀਆਂ ਕਰਵਾਉਣ ਲਈ ਨੀਮ-ਪਾਗ਼ਲਾਂ, ਮਾਨਸਿਕ ਰੋਗੀਆਂ, ਬੱਚਿਆਂ ਅਤੇ ਔਰਤਾਂ ਨੂੰ ਵਰਤਿਆ ਜਾਣ ਲੱਗਾ ਹੈ। ਦੱਸੋ ਕੋਈ ਨੀਮ-ਪਾਗ਼ਲ ਹੋਰ ਕਿਤੇ ਜਾ ਕੇ ਕਿਉਂ ਨਹੀਂ ਤੋੜ-ਫੋੜ ਕਰਦਾ? ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ਖੰਡਿਤ ਕਰਨ ਲਈ ਗੁਰਦੁਆਰਾ ਸਾਹਿਬ ਅੰਦਰ ਹੀ ਕਿਉਂ ਜਾਂਦਾ ਹੈ? ਕਿਉਂਕਿ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ¢ ਕਈ ਮਾਮਲਿਆਂ ਵਿਚ ਮਾਨਸਿਕ ਰੋਗੀ ਹੋਣ ਦਾ ਡਰਾਮਾ ਕੀਤਾ ਜਾਂਦਾ ਹੈ, ਜਿਸ ਦੀ ਤਿਆਰੀ ਵਿਚ ਬਹੁਤ ਦੇਰ ਪਹਿਲਾਂ ਤੋਂ ਹੀ ਫ਼ਰਜ਼ੀ ਸਬੂਤ ਬਣਾਏ ਜਾਣ ਲੱਗਦੇ ਹਨ। ਸਤੰਬਰ 2021 ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅੰਦਰ ਅੰਮਿ੍ਤ ਵੇਲੇ (ਸਵੇਰ ਪੌਣੇ ਚਾਰ ਵਜੇ) ਇਕ ਵਿਅਕਤੀ ਨੇ ਸਿਗਰਟ ਬਾਲ ਕੇ, ਉਸ ਦਾ ਧੂੰਆਂ ਫੈਲਾ ਕੇ ਘੋਰ ਬੇਅਦਬੀ ਕੀਤੀ | ਸੰਗਤ ਨੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਮਗਰੋਂ ਦੋਸ਼ੀ ਦਾ ਪਰਿਵਾਰ ਦਾਅਵਾ ਕਰਨ ਲੱਗਾ ਕਿ ਉਹ ਮਾਨਸਿਕ ਰੋਗੀ ਹੈ। ਪਰਿਵਾਰ ਨੇ ਉਸ ਦੇ ਇਲਾਜ ਸੰਬੰਧੀ ਕਈ ਡਾਕਟਰੀ ਰਿਪੋਰਟਾਂ ਵੀ ਦਿਖਾ ਕੇ ਉਸ ਦੇ ਬੇਗੁਨਾਹ ਹੋਣ ਦਾ ਦਾਅਵਾ ਕੀਤਾ ।ਸਵਾਲ ਪੈਦਾ ਹੁੰਦਾ ਹੈ ਕਿ ਉਸ ਮਾਨਸਿਕ ਰੋਗੀ ਨੇ ਲੁਧਿਆਣਾ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਆਉਂਦਿਆਂ ਰਸਤੇ ਵਿਚ ਕਿਸੇ ਨਹਿਰ ਵਿਚ ਕਾਰ ਕਿਉਂ ਨਾ ਸੁੱਟ ਲਈ? ਉਸ ਨੇ ਕਿਸੇ ਟਰੱਕ ਵਿਚ ਕਾਰ ਕਿਉਂ ਨਾ ਮਾਰ ਲਈ? ਕੀ ਇਹ ਮੰਨਿਆ ਜਾ ਸਕਦਾ ਹੈ ਕਿ ਇਕ ਮਾਨਸਿਕ ਰੋਗੀ 100 ਕਿੱਲੋਮੀਟਰ ਦੇ ਲਗਭਗ ਸਫਰ ਇਕੱਲਿਆਂ, ਉਹ ਵੀ ਰਾਤ ਦੇ ਬਾਰਾਂ ਵਜੇ, ਸਹੀ-ਸਲਾਮਤ ਕਾਰ ਚਲਾ ਕੇ ਕਰ ਚੁੱਕਾ ਹੋਵੇ ਤੇ ਉਹ ਇਕ ਅਜਿਹੇ ਪਵਿੱਤਰ ਅਸਥਾਨ, ਜਿਹੜਾ ਸਿੱਖਾਂ ਲਈ ਸਭ ਤੋਂ ਸ੍ਰੇਸ਼ਟ ਤੇ ਸਤਿਕਾਰਤ ਹੋਵੇ, ਉਥੇ ਆ ਕੇ ਬੇਸਮਝੀ ਵਿਚ ਬੇਅਦਬੀ ਕਰੇਗਾ? ਕੀ ਇਹ ਇਕ ਬਹੁਤ ਵੱਡੀ ਸਾਜ਼ਿਸ਼ ਦਾ ਰੂਪ ਨਹੀਂ ਹੈ? ਦਸੰਬਰ 2021 ਵਿਚ ਸਿੱਖਾਂ ਦੀ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਬੇਅਦਬੀ ਦੀ ਬੇਹੱਦ ਮੰਦਭਾਗੀ ਘਟਨਾ ਵਾਪਰੀ। ਹਾਲਾਂਕਿ ਇਸ ਤੋਂ ਚਾਰ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਵਿਅਕਤੀ ਨੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਸੁੱਟ ਦਿੱਤੇ, ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਦੋਸ਼ੀ ਨੂੰ ਮੌਕੇ 'ਤੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ¢ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਲਗਾਤਾਰ ਪੁਲਿਸ ਨਾਲ ਤਾਲਮੇਲ ਕਰਦੇ ਰਹੇ ਕਿ ਉਸ ਦੋਸ਼ੀ ਕੋਲੋਂ ਇਸ ਪਿਛਲੀ ਸਾਜ਼ਿਸ਼ ਦਾ ਅਤੇ ਉਸ ਨੂੰ ਕਿਸ ਨੇ ਭੇਜਿਆ, ਇਸ ਗੱਲ ਦਾ ਪਤਾ ਲਗਾਇਆ ਜਾਵੇਗਾ, ਪਰ ਪੁਲਿਸ ਨੇ ਕੁਝ ਵੀ ਨਹੀਂ ਦੱਸਿਆ। ਚਾਰ ਦਿਨ ਬਾਅਦ ਹਰਿਮੰਦਰ ਸਾਹਿਬ ਦੇ ਅੰਦਰ ਬੇਅਦਬੀ ਦੀ ਘਟਨਾ ਵਾਪਰ ਗਈ | ਦੋਸ਼ੀ ਦੀ ਭਾਵੇਂ ਸੰਗਤ ਦੀ ਕੁੱਟਮਾਰ ਕਾਰਨ ਮੌਤ ਹੋ ਗਈ, ਪਰ ਅਜੇ ਤੱਕ ਵੀ ਪੁਲਿਸ ਉਸ ਵਿਅਕਤੀ ਬਾਰੇ ਕੁਝ ਵੀ ਪਤਾ ਨਹੀਂ ਲਗਾ ਸਕੀ। ਅਗਲਾ ਸਵਾਲ ਇਹ ਹੈ ਕਿ ਬੇਅਦਬੀਆਂ ਰੁਕਦੀਆਂ ਕਿਉਂ ਨਹੀਂ? ਭਾਰਤੀ ਕਾਨੂੰਨ ਵਿਚ ਬੇਅਦਬੀ ਦੇ ਦੋਸ਼ੀ ਉੱਪਰ ਆਈ.ਪੀ.ਸੀ. ਦੀ ਧਾਰਾ 295-ਏ ਤਹਿਤ, ਤਿੰਨ ਸਾਲ ਦੀ ਸਜ਼ਾ ਦੀ ਵਿਵਸਥਾ ਹੈ, ਜੋ ਕਿ ਮੌਕੇ 'ਤੇ ਹੀ ਜ਼ਮਾਨਤਯੋਗ ਹੈ।ਇਹ ਗੱਲ ਵੱਖਰੀ ਹੈ ਕਿ ਬੇਅਦਬੀ ਦੇ ਮਾਮਲਿਆਂ ਵਿਚ ਕੁਝ ਹੋਰ ਧਾਰਾਵਾਂ, ਜਿਵੇਂ ਕਿ ਜਬਰੀ ਦਾਖ਼ਲ ਹੋਣਾ, ਤੋੜ-ਫੋੜ ਕਰਨੀ ਅਤੇ ਅੱਗ ਲਾ ਕੇ ਨੁਕਸਾਨ ਕਰਨ ਦੀ ਕੋਸ਼ਿਸ਼ ਕਰਨੀ ਆਦਿ, ਲਗਾਉਣ ਕਾਰਨ ਕੁੱਲ ਮਿਲਾ ਕੇ 5 ਤੋਂ 7 ਸਾਲ ਦੀ ਸਜ਼ਾ ਹੁੰਦੀ ਹੈ, ਜਦੋਂਕਿ ਸਿੱਖਾਂ ਦੇ 'ਜਾਗਤ-ਜੋਤਿ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਫ਼ਾਂਸੀ ਜਾਂ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਕਿਸੇ ਦੇਸ਼ ਦਾ ਕਾਨੂੰਨ, ਕਿਸੇ ਅਪਰਾਧ ਦੀ ਸਜ਼ਾ, ਉਸ ਅਪਰਾਧ ਦੀ ਗੰਭੀਰਤਾ ਅਤੇ ਸਮਾਜ ਉੱਪਰ ਅਪਰਾਧ ਦੇ ਪੈਣ ਵਾਲੇ ਪ੍ਰਭਾਵ ਨੂੰ ਵੇਖ ਕੇ ਤੈਅ ਕਰਦਾ ਹੈ।ਸਿੱਖਾਂ ਦੇ 'ਜਾਗਤ-ਜੋਤਿ' ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖਾਂ ਦੇ ਮਨ-ਮਸਤਕ ਵਿਚ ਏਨਾ ਅਦਬ ਹੈ ਕਿ ਉਨ੍ਹਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਦਲੇ ਜੀਵਨ ਵੀ ਕੋਈ ਕੀਮਤ ਨਹੀਂ ਰੱਖਦਾ | ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਏਨੀ ਵੱਡੀ ਠੇਸ ਪੁੱਜਦੀ ਹੋਵੇ ਕਿ ਉਹ ਕੁਝ ਵੀ ਕਰਨ ਲਈ ਤਿਆਰ ਹੋਣ ਤਾਂ ਦੇਸ਼ ਦਾ ਕਾਨੂੰਨ ਬੇਅਦਬੀ ਦੇ ਅਪਰਾਧ ਨੂੰ 'ਦੇਸ਼ ਧਰੋਹ' ਵਰਗੇ ਸਖ਼ਤ ਕਾਨੂੰਨ ਦੀ ਜ਼ਦ ਵਿਚ ਕਿਉਂ ਨਹੀਂ ਰੱਖਦਾ? ਹਾਲਾਂਕਿ 2016 ਵਿਚ ਪੰਜਾਬ ਵਿਧਾਨ ਸਭਾ ਵਿਚ ਸਮੁੱਚੇ ਮੈਂਬਰਾਂ ਦੀ ਸਰਬਸੰਮਤੀ ਨਾਲ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕਰ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਲਈ ਕਾਨੂੰਨ ਬਣਾਉਣ ਸੰਬੰਧੀ ਇਕ ਬਿੱਲ ਲਿਆਂਦਾ ਸੀ, ਜਿਸ ਨੂੰ ਕੇਂਦਰ ਸਰਕਾਰ ਵਲੋਂ ਵਾਪਸ ਕਰ ਦਿੱਤਾ ਗਿਆ ।ਇਸ ਤੋਂ ਬਾਅਦ ਸਾਲ 2018 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਦੋ ਬਿੱਲ ਵਿਧਾਨ ਸਭਾ ਵਿਚ ਪਾਸ ਕੀਤੇ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦੀ ਵਕਾਲਤ ਕੀਤੀ | ਬਦਕਿਸਮਤੀ ਨਾਲ ਇਨ੍ਹਾਂ ਬਿੱਲਾਂ ਨੂੰ ਵੀ ਕਾਨੂੰਨ ਦੀ ਸ਼ਕਲ ਦੇਣ ਲਈ ਕੇਂਦਰ ਸਰਕਾਰ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਬੇਅਦਬੀਆਂ ਦੇ ਮਸਲੇ 'ਤੇ ਸਿਆਸਤ ਵੀ ਹੋਈ ਹੈ। ਬੇਅਦਬੀਆਂ ਦੇ ਮਾਮਲੇ 'ਤੇ ਪਿਛਲੇ 7-8 ਸਾਲਾਂ ਦੌਰਾਨ ਤਿੰਨ ਸਰਕਾਰਾਂ ਬਦਲ ਚੁੱਕੀਆਂ ਹਨ, ਪਰ ਅਜੇ ਤੱਕ ਕਿਸੇ ਇਕ ਵੀ ਦੋਸ਼ੀ ਨੂੰ ਮਿਸਾਲੀ ਸਜ਼ਾ ਨਹੀਂ ਮਿਲੀ? ਸਿਆਸੀ ਧਿਰਾਂ ਵਲੋਂ ਸਿਰਫ਼ ਇਕ-ਦੂਜੇ ਦੇ ਮੱਥੇ ਬੇਅਦਬੀ ਦਾ ਕਲੰਕ ਮੜ੍ਹਨ ਲਈ ਹੀ ਇਸ ਸੰਵੇਦਨਸ਼ੀਲ ਮੁੱਦੇ ਨੂੰ ਹਥਿਆਰ ਬਣਾਇਆ ਗਿਆ ਹੈ | ਕੀ ਇਹ ਵੀ ਇਕ ਕਿਸਮ ਦੀ ਬੇਅਦਬੀ ਨਹੀਂ ਹੈ? ਸਿੱਖਾਂ ਨੂੰ ਬੇਅਦਬੀ ਮਾਮਲਿਆਂ 'ਤੇ ਇਨਸਾਫ਼ ਦੇਣ ਦੇ ਨਾਂਅ 'ਤੇ ਸਰਕਾਰਾਂ ਨੇ ਨਿਰਾਸ਼ ਹੀ ਕੀਤਾ ਹੈ। ਸਿੱਖ ਸਮਾਜ ਨੂੰ ਵੀ ਬੇਅਦਬੀਆਂ ਰੋਕਣ ਲਈ ਆਪਣੇ ਪੱਖੋਂ ਅਹਿਤਿਆਤ ਰੱਖਣ ਦੀ ਲੋੜ ਹੈ¢ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਵੀ ਇਹ ਆਦੇਸ਼ ਕੀਤਾ ਜਾ ਚੁੱਕਾ ਹੈ ਕਿ ਪ੍ਰਬੰਧਕ ਕਮੇਟੀਆਂ ਹਰੇਕ ਗੁਰਦੁਆਰਾ ਸਾਹਿਬ ਵਿਚ ਹਰ ਵੇਲੇ ਪਹਿਰੇਦਾਰੀ ਦੀ ਵਿਵਸਥਾ ਯਕੀਨੀ ਬਣਾਉਣ । ਪਿੰਡਾਂ ਵਿਚ ਬਹੁਤ ਸਾਰੇ ਗੁਰਦੁਆਰਿਆਂ ਵਿਚ ਗ੍ਰੰਥੀ ਸਿੰਘਾਂ ਜਾਂ ਸੇਵਾਦਾਰਾਂ ਦੀ ਗ਼ੈਰ-ਹਾਜ਼ਰੀ ਹੋਣ ਕਾਰਨ ਬੇਅਦਬੀ ਦੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਗ੍ਰੰਥੀ ਸਿੰਘਾਂ ਦੇ ਜੀਵਨ ਨਿਰਬਾਹ ਲਈ ਯੋਗ ਸੇਵਾਫਲ, ਰਿਹਾਇਸ਼ ਅਤੇ ਉਨ੍ਹਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਲਈ ਚੰਗੀ ਸਿੱਖਿਆ ਦੇ ਪ੍ਰਬੰਧ ਪਿੰਡਾਂ ਦੀ ਸੰਗਤ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਗ੍ਰੰਥੀ ਸਿੰਘ ਬਿਹਤਰ ਤਰੀਕੇ ਨਾਲ ਗੁਰੂ-ਘਰ ਦੀ ਟਹਿਲ ਸੇਵਾ ਅਤੇ ਪਹਿਰੇਦਾਰੀ ਕਰ ਸਕਣ।

Loading