ਪੰਜਾਬ ਵਿੱਚ ਕਿਸਾਨ ਵਿਰੋਧ ਦਾ ਇੱਕ ਨਵਾਂ ਤੂਫ਼ਾਨ ਉੱਠਿਆ ਹੈ। ਹਿਰਾਸਤ ਵਿੱਚ ਲਏ ਕਿਸਾਨ ਆਗੂਆਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਸੰਯੁਕਤ ਕਿਸਾਨ ਮੋਰਚਾ ਦੇ ਸੰਗਠਨਾਂ ਨੇ ਭਾਜਪਾ ਅਤੇ 'ਆਪ' 'ਤੇ ਕਾਰਪੋਰੇਟ ਹਿੱਤਾਂ ਦੀ ਰਾਖੀ ਕਰਨ ਦੇ ਸਨਸਨੀਖੇਜ਼ ਦੋਸ਼ ਲਗਾਏ ਹਨ। ਇਹ ਦੋਸ਼ ਉਦੋਂ ਲਗਾਇਆ ਗਿਆ ਹੈ ਜਦੋਂ ਪੰਜਾਬ ਦੀ 'ਆਪ' ਸਰਕਾਰ ਨੇ ਹਾਲ ਹੀ ਵਿੱਚ ਕਿਸਾਨ ਆਗੂਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਸੰਘਰਸ਼ ਨੂੰ ਸਟੇਟ ਦੇ ਡੰਡੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ।ਕਿਸਾਨਾਂ ਵਲੋਂ ਦੋਸ਼ ਲਗੇ ਕਿ ਉਨ੍ਹਾਂ ਦੀਆਂ ਗਿ੍ਫਤਾਰੀਆਂ ਬਾਅਦ ਉਨ੍ਹਾਂ ਦੇ ਕੈਪਾਂ ਵਿਚਲੇ ਸਮਾਨ ਦੀ ਲੁਟਮਾਰ ਹੋਈ ਹੈ। ਕਿਸਾਨਾਂ ਦੇ ਬਣਾਏ ਸ਼ੈਂਡਾਂ ਨੂੰ ਬੁਲਡੋਜਰਾਂ ਦੇ ਨਾਲ ਤਹਿਸ ਨਹਿਸ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਕਈ ਟਰੈਕਟਰਾਂ ਨੂੰ ਜ਼ਬਤ ਕਰ ਲਿਆ ਗਿਆ ਸੀ।
ਜਿਸ ਤੋਂ ਬਾਅਦ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਆਮ ਪਾਰਟੀ ਦਾ ਐਮ ਐਲਏ ਗੁਰਲਾਲ ਸਿੰਘ ਘਨੌਰ ਦੇ ਘਰੋਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਬਰਾਮਦ ਹੋਈਆਂ ਹਨ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਾਹਿਰਾ ਨੇ ਪੰਜਾਬ ਸਰਕਾਰ ਅਤੇ ਗੁਰਲਾਲ ਸਿੰਘ ਘਨੌਰ ’ਤੇ ਨਿਸ਼ਾਨਾ ਸਾਧਦਿਆਂ ਖਹਿਰਾ ਨੇ ਕਿਹਾ ਸੀ ਕਿ ਮੈਂ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸਾਨ ਅੰਦੋਲਨ ਤੋਂ ਕਿਸਾਨਾਂ ਦੇ ਟਰੈਕਟਰ-ਟਰਾਲੀਆਂ ਚੋਰੀ ਕਰਨ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ ਵਿਰੁੱਧ ਕੇਸ ਦਰਜ ਕਰਨ।ਖਹਿਰਾ ਨੇ ਕਿਹਾ ਕਿ ਮੈਂ ਉਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਅਪਰਾਧਿਕ ਕਾਰਵਾਈ ਦੀ ਮੰਗ ਕਰਦਾ ਹਾਂ ਜਿਨ੍ਹਾਂ ਨੇ ਅਸਥਾਈ ਵਿਰੋਧ ਪ੍ਰਦਰਸ਼ਨ ਦੇ ਢਾਂਚੇ ਨੂੰ ਢਾਹ ਦਿੱਤਾ ਅਤੇ ਕਿਸਾਨਾਂ ਦੇ ਬਹੁਤ ਸਾਰੇ ਉਪਕਰਣ ਚੋਰੀ ਕਰ ਲਏ। ਖਹਿਰਾ ਨੇ ਕਿਹਾ ਕਿ ਇਸ ਲਈ ਮੈਂ ਕਹਿੰਦਾ ਹਾਂ ਕਿ ਭਗਵੰਤ ਮਾਨ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ ।
ਕਿਸਾਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਲਈ ਚੱਲ ਰਿਹਾ ਇਹ ਸੰਘਰਸ਼ ਹੁਣ ਸਿਰਫ਼ ਖੇਤਾਂ ਦੀ ਲੜਾਈ ਨਹੀਂ ਰਿਹਾ, ਸਗੋਂ ਸਰਕਾਰ ਅਤੇ ਕਿਰਤੀਆਂ ਵਿਚਕਾਰ ਜੰਗ ਬਣ ਗਿਆ ਹੈ।
ਇਥੇ ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਐਮਐਸਪੀ ਨੂੰ ਕਾਨੂੰਨੀ ਦਰਜਾ ਦੇਣ ਵਰਗੇ ਮੁੱਦਿਆਂ 'ਤੇ ਚਰਚਾ ਕਰਨ ਲਈ ਹੋਈ ਮੀਟਿੰਗ ਤੋਂ ਬਾਅਦ 28 ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਤੇ ਗੈਰ-ਰਾਜਨੀਤਿਕ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ 'ਆਪ' ਸਰਕਾਰ 'ਤੇ ਕਾਰਪੋਰੇਟ ਹਿੱਤਾਂ ਦੀ ਰਾਖੀ ਲਈ ਇਕੱਠੇ ਹੋਣ ਦੇ ਗੰਭੀਰ ਦੋਸ਼ ਲਗਾਏ ਹਨ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਸਿੱਧੂਪੁਰ) ਦੇ ਬੁਲਾਰੇ ਗੁਰਦੀਪ ਸਿੰਘ ਚਾਹਲ ਅਨੁਸਾਰ ਡਲੇਵਾਲ, ਸਰਵਣ ਸਿੰਘ ਪੰਧੇਰ ਸਮੇਤ 28 ਆਗੂ ਪੁਲਿਸ ਹਿਰਾਸਤ ਵਿੱਚ ਭੁੱਖ ਹੜਤਾਲ 'ਤੇ ਹਨ।' ਜਿਵੇਂ ਹੀ ਉਹ ਚੰਡੀਗੜ੍ਹ ਤੋਂ ਪੰਜਾਬ ਵਿੱਚ ਦਾਖਲ ਹੋਇਆ, ਉਸਨੂੰ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸ਼ੰਭੂ ਬਾਰਡਰ 'ਤੇ ਕਿਸਾਨੀ ਕੈਂਪ ਨੂੰ ਬੁਲਡੋਜਰਾਂ ਨਾਲ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਸੈਂਕੜੇ ਕਾਰਕੁਨ ਹਿਰਾਸਤ ਵਿੱਚ ਹਨ। ਇਸ ਦਮਨ ਨੂੰ ਬਸਤੀਵਾਦੀ ਦੌਰ ਨਾਲੋਂ ਵੀ ਵੱਧ ਬੇਰਹਿਮ ਦੱਸਦਿਆਂ, ਉਨ੍ਹਾਂ ਭਾਜਪਾ ਅਤੇ 'ਆਪ' 'ਤੇ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ। ਐਸਕੇਐਮ ਦੇ ਅਧਿਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਕੋਆਰਡੀਨੇਟਰ ਪਾਵੇਲ ਕੁੱਸਾ ਨੇ ਕਿਹਾ ਕਿ ਹੁਣ ਤੱਕ 'ਆਪ' ਦਾਅਵਾ ਕਰਦੀ ਸੀ ਕਿ ਉਹ ਭਾਜਪਾ ਤੋਂ ਵੱਖ ਹੈ, ਪਰ ਇਸ ਦਮਨ ਨੇ ਸਪੱਸ਼ਟ ਕਰ ਦਿੱਤਾ ਕਿ ਦੋਵੇਂ ਕਾਰਪੋਰੇਟ ਹਿੱਤਾਂ ਦੀ ਰਾਖੀ ਲਈ ਇਕੱਠੇ ਹਨ।
ਸੰਯੁਕਤ ਕਿਸਾਨ ਮੋਰਚਾ-ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ,ਸ੍ਰੋਮਣੀ ਅਕਾਲੀ ਦਲ, ਕਾਂਗਰਸ ,ਬਸਪਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਗਿਆ ਹੈ ਕਿ ਮੀਟਿੰਗ ਲਈ ਬੁਲਾਏ ਗਏ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਸਰਕਾਰ ਦੇ ਵਿਸ਼ਵਾਸਘਾਤ ਦਾ ਸਬੂਤ ਹੈ।
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੇਂਦਰ ਦੇ ਇਸ਼ਾਰੇ ’ਤੇ ਹਰਿਆਣਾ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਨੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਕਿਸਾਨਾਂ ’ਤੇ ਜ਼ੁਲਮ ਕੀਤੇ ਹਨ।
ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰੇ ਅਤੇ ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ।"
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਆਗੂ ਪਰਗਟ ਸਿੰਘ ਨੇ ਸਰਕਾਰ ਦੀ ਕਾਰਵਾਈ ਨੂੰ ਕਿਸਾਨਾਂ ਦੀ ਪਿੱਠ ਤੇ ਛੁਰਾ ਮਾਰਨਾ ਦੱਸਿਆ ਗਿਆ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਦਾ ਵਿਰੋਧ ਕੀਤਾ ਹੈ।ਚਰਨਜੀਤ ਚੰਨੀ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਗਏ ਹਨ। ਉਸ ਤੋਂ ਬਾਅਦ ਅਮਿਤ ਸ਼ਾਹ ਦੀਆਂ ਨੀਤੀਆਂ ਤਹਿਤ ਕਿਸਾਨਾਂ ਖਿਲਾਫ ਐਕਸ਼ਨ ਕੀਤਾ ਗਿਆ । ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਭਗਵੰਤ ਮਾਨ ਨੇ ਕੇਂਦਰ ਅੱਗੇ ਗੋਡੇ ਟੇਕ ਦਿੱਤੇ ਹਨ।
ਦੂਜੇ ਪਾਸੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬ ਪੁਲਿਸ ਦੀ ਕਾਰਵਾਈ ਨੂੰ ਸਹੀਂ ਠਹਿਰਾਉਂਦਿਆਂ ਕਿਹਾ ਕਿ ਸੜਕ ਦੇ ਬੰਦ ਹੋਣ ਕਾਰਨ ਪੰਜਾਬ ਦਾ ਨੁਕਸਾਨ ਹੋ ਰਿਹਾ ਸੀ।ਉਨ੍ਹਾਂ ਕਿਹਾ ਕਿ ਬਾਰਡਰ ਦਾ ਬੰਦ ਹੋਣਾ, ਕਾਰੋਬਰ ਦੇ ਰਾਹ ਬੰਦ ਕਰਦੇ ਹੋਏ ਵਿੱਤੀ ਢਾਹ ਲਗਾ ਰਿਹਾ ਸੀ।
ਕਿਸਾਨ ਆਗੂਆਂ ਦਾ ਮੰਨਣਾ ਹੈ ਕਿ ਇਹ ਘਟਨਾ ਸਿਰਫ਼ ਗ੍ਰਿਫ਼ਤਾਰੀਆਂ ਦੀ ਕਹਾਣੀ ਨਹੀਂ ਹੈ, ਸਗੋਂ ਇਹ ਸੱਤਾ ਅਤੇ ਕਾਰਪੋਰੇਟ ਤਾਕਤਾਂ ਵਿਚਕਾਰ ਡੂੰਘੇ ਗੱਠਜੋੜ ਨੂੰ ਉਜਾਗਰ ਕਰਦੀ ਹੈ। ਐਮਐਸਪੀ ਨੂੰ ਕਾਨੂੰਨੀ ਦਰਜਾ ਕਿਸਾਨਾਂ ਦੀ ਰੋਜ਼ੀ-ਰੋਟੀ ਦੀ ਗਰੰਟੀ ਦਿੰਦਾ ਹੈ, ਪਰ ਇਹ ਕਾਰਪੋਰੇਟ ਮੁਨਾਫ਼ਿਆਂ ਲਈ ਖ਼ਤਰਾ ਪੈਦਾ ਕਰਦਾ ਹੈ। ਭਾਜਪਾ ਅਤੇ 'ਆਪ', ਜੋ ਰਾਜਨੀਤਿਕ ਮੰਚਾਂ 'ਤੇ ਇੱਕ ਦੂਜੇ ਦੇ ਵਿਰੁੱਧ ਜਾਪਦੇ ਹਨ, ਇਸ ਮੁੱਦੇ 'ਤੇ ਇੱਕੋ ਹੀ ਧੜੇ ਵਿੱਚ ਜਾਪਦੇ ਹਨ। ਸ਼ੰਭੂ ਸਰਹੱਦ 'ਤੇ ਵਿਰੋਧ ਸਥਾਨ ਨੂੰ ਢਾਹੁਣਾ ਅਤੇ ਆਗੂਆਂ ਵੱਲੋਂ ਭੁੱਖ ਹੜਤਾਲ ਸੱਤਾ ਦੇ ਚਿਹਰੇ ਨੂੰ ਬੇਨਕਾਬ ਕਰਦੀ ਹੈ ਜੋ ਲੋਕਤੰਤਰ ਦੇ ਨਾਮ 'ਤੇ ਕਾਰਪੋਰੇਟਾਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਸਵਾਲ ਇਹ ਹੈ ਕਿ ਕੀ ਇਹ ਦਮਨ ਕਿਸਾਨਾਂ ਨੂੰ ਚੁੱਪ ਕਰਵਾ ਦੇਵੇਗਾ, ਜਾਂ ਇਹ ਉਨ੍ਹਾਂ ਦੀ ਲੜਾਈ ਨੂੰ ਨਵੀਂ ਤਾਕਤ ਦੇਵੇਗਾ।ਭਾਵੇਂ ਕਿਸਾਨਾਂ ਨੂੰ ਰਿਹਾਅ ਕੀਤਾ ਜਾ ਰਿਹਾ,ਪਰ ਇਸ ਨਾਲ ਕਿਸਾਨਾਂ ਦਾ ਗੁਸਾ ਸ਼ਾਂਤ ਹੋਣ ਵਾਲਾ ਨਹੀਂ।