ਭਗਵਾਨ ਦਾਸ:
ਕਿਸਾਨਾਂ ਦੀ ਮਾਯੂਸੀ ਦੂਰ ਕਰਨ ਲਈ ਉਨ੍ਹਾਂ ਦੀ ਆਮਦਨ ਵਧਾਉਣ ਦੀ ਲੋੜ ਹੈ। ਝੋਨਾ ਕਣਕ ਦਾ ਫ਼ਸਲੀ ਚੱਕਰ ਲਾਹੇਵੰਦ ਹੋਵੇ, ਇਸ ਲਈ ਐੱਮ.ਐੱਸ.ਪੀ. ਦਾ ਹੋਣਾ ਜ਼ਰੂਰੀ ਹੈ ਤਾਂ ਜੋ ਕਿਸਾਨ ਆਪਣੀ ਫ਼ਸਲ ਦੇ ਮੰਡੀਕਰਨ ਲਈ ਮੰਡੀਆਂ 'ਚ ਨਾ ਰੁਲਣ। ਕਿਸਾਨਾਂ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਵਿਗਿਆਨੀਆਂ ਵਲੋਂ ਇਹ ਜਾਣਕਾਰੀ ਦੇਣਾ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਖੇਤੀ ਨੂੰ ਹੁਣ ਜੀਵਨ ਬਸਰ ਕਰਨ ਦਾ ਸਾਧਨ ਹੀ ਨਹੀਂ ਸਮਝਣਾ ਚਾਹੀਦਾ, ਸਗੋਂ ਇਸ ਨੂੰ ਵਪਾਰਕ ਪੱਧਰ 'ਤੇ ਕਰਨ ਦੀ ਲੋੜ ਹੈ, ਜਿਸ ਲਈ ਫ਼ਸਲੀ ਵਿਭਿੰਨਤਾ ਲਿਆਉਣੀ ਬੜਾ ਜ਼ਰੂਰੀ ਹੈ। ਵੱਧ ਆਮਦਨ ਦੀ ਪ੍ਰਾਪਤੀ ਕਰਨ ਲਈ ਫ਼ਸਲੀ ਵਿਭਿੰਨਤਾ ਤੋਂ ਇਲਾਵਾ ਯੋਜਨਾਬੰਦੀ ਦੀ ਲੋੜ ਹੈ। ਯੋਜਨਾਬੰਦੀ ਕਰਕੇ ਕਈ ਕਿਸਾਨ ਉੱਚੀ ਗੁਣਵੱਤਾ ਵਾਲੇ ਫ਼ਲ ਪੈਦਾ ਕਰਕੇ ਪੰਜ ਲੱਖ ਰੁਪਏ ਪ੍ਰਤੀ ਏਕੜ ਤੱਕ ਵੀ ਕਮਾ ਰਹੇ ਹਨ। ਫ਼ਲਾਂ ਦੀ ਕਾਸ਼ਤ ਥੱਲੇ ਰਕਬਾ ਤਾਂ ਵਧ ਰਿਹਾ ਹੈ, ਪਰ ਬਹੁਤ ਹੌਲੀ ਹੌਲੀ। ਸਾਲ 2009 10 'ਚ ਫ਼ਲਾਂ ਦੀ ਕਾਸ਼ਤ 67554 ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਸੀ, ਜੋ ਹੁਣ 1 ਲੱਖ ਤੋਂ ਵੱਧ ਹੈਕਟੇਅਰ ਰਕਬੇ 'ਤੇ ਹੋ ਰਹੀ ਹੈ। ਜੋ ਫ਼ਲ ਪੰਜਾਬ 'ਚ ਪੈਦਾ ਕੀਤੇ ਜਾ ਰਹੇ ਹਨ, ਉਨ੍ਹਾਂ 'ਚ ਕਿੰਨੂ, ਲੈਮਨ, ਅੰਬ, ਲੀਚੀ, ਅਮਰੂਦ, ਨਾਸ਼ਪਾਤੀ, ਆੜੂ, ਅੰਗੂਰ, ਬੇਰ, ਆਂਵਲਾ, ਕੇਲਾ ਆਦਿ ਸ਼ਾਮਿਲ ਹਨ। ਫ਼ਲਾਂ ਤੋਂ ਆਮਦਨ ਵੱਧ ਹੋਣ ਦੇ ਬਾਵਜੂਦ ਇਨ੍ਹਾਂ ਦੀ ਕਾਸ਼ਤ ਥੱਲੇ ਰਕਬੇ ਦਾ ਤੇਜ਼ੀ ਨਾਲ ਨਾ ਵਧਣਾ ਜ਼ਾਹਿਰ ਕਰਦਾ ਹੈ ਕਿ ਬਾਗ਼ ਲਗਾਉਣ ਲਈ ਲਾਗਤ ਦਾ ਜ਼ਿਆਦਾ ਹੋਣਾ, ਪੈਦਾਵਾਰ ਤੇ ਆਮਦਨ ਲਈ ਸਾਲਾਂ ਤੱਕ ਇੰਤਜ਼ਾਰ ਕਰਨਾ ਅਤੇ ਬਾਗ਼ ਦੀ ਦੇਖਭਾਲ ਲਈ ਲਗਾਤਾਰ ਮੁਸ਼ੱਕਤ ਕਰਨਾ ਆਦਿ ਜ਼ਿੰਮੇਵਾਰ ਹਨ। ਬਾਗ਼ਬਾਨੀ ਦੇ ਨਾਲ-ਨਾਲ ਸਬਜ਼ੀਆਂ ਦੀ ਕਾਸ਼ਤ ਹੇਠ ਰਕਬਾ ਵੀ ਕੁਝ ਥੋੜ੍ਹੀ ਜਿਹੀ ਰਫ਼ਤਾਰ ਨਾਲ ਵਧ ਰਿਹਾ ਹੈ। ਇਹ ਸਾਲ 2011-12 ਦੇ 276584 ਹੈਕਟੇਅਰ ਤੋਂ ਵੱਧ ਕੇ ਪਿਛਲੇ ਸਾਲ (ਸਾਲ 2023-24) 'ਚ 482000 ਹੈਕਟੇਅਰ ਹੋ ਗਿਆ। ਇਸੇ ਸਮੇਂ ਦੌਰਾਨ ਸਬਜ਼ੀਆਂ ਦੀ ਕਾਸ਼ਤ ਜੋ 203734 ਹੈਕਟੇਅਰ ਰਕਬੇ 'ਤੇ ਹੁੰਦੀ ਸੀ, ਹੁਣ ਵਧ ਕੇ 356476 ਹੈਕਟੇਅਰ 'ਤੇ ਹੋ ਗਈ। ਬਾਗ਼ਬਾਨੀ ਥੱਲੇ ਰਾਜ ਦੇ 6 ਲੱਖ ਮਿਲੀਅਨ ਹੈਕਟੇਅਰ ਤੋਂ ਵਧ ਕੁੱਲ ਰਕਬੇ ਦਾ ਕੇਵਲ 6 ਪ੍ਰਤੀਸ਼ਤ ਹੈ, ਜਿਸ ਨੂੰ ਵਧਾਉਣ ਦੀ ਲੋੜ ਹੈ।
ਸਬਜ਼ੀਆਂ ਦੀ ਕਾਸ਼ਤ (ਜਿਸ ਦੇ ਵਧਣ ਦੀ ਸੰਭਾਵਨਾ ਹੈ) ਬਹੁਤ ਤੇਜ਼ੀ ਨਾਲ ਇਸ ਕਾਰਨ ਨਹੀਂ ਵਧ ਰਹੀ, ਕਿਉਂਕਿ ਇਸ 'ਚ ਕੀਮਤਾਂ ਦਾ ਬੜਾ ਉਤਰਾਅ ਚੜ੍ਹਾਅ ਹੈ। ਪਿਛਲੇ ਸਾਲ ਜਦੋਂ ਨਵੰਬਰ 'ਚ ਫੁੱਲ ਗੋਭੀ ਤੇ ਬੰਦ ਗੋਭੀ ਮੰਡੀ 'ਚ ਵਿਕਣ ਲਈ ਆਈਆਂ ਸਨ, ਖਪਤਕਾਰਾਂ ਨੂੰ 60 ਤੋਂ 80 ਰੁਪਏ ਪ੍ਰਤੀ ਕਿੱਲੋ ਤੱਕ ਖਰੀਦਣੀਆਂ ਪੈ ਰਹੀਆਂ ਸਨ। ਹੁਣ ਫੁੱਲ ਗੋਭੀ 8 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਖਪਤਕਾਰਾਂ ਨੂੰ ਮਿਲ ਰਹੀ ਹੈ ਅਤੇ ਬੰਦ ਗੋਭੀ 15 ਤੋਂ 20 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਜਦੋਂ ਕਿ ਕਿਸਾਨਾਂ ਨੂੰ ਮੰਡੀਆਂ 'ਚ ਤੁੜਾਈ ਅਤੇ ਢੁਆਈ ਆਦਿ ਦੇ ਖਰਚੇ ਕੱਢ ਕੇ ਦੋ ਤੋਂ ਚਾਰ ਰੁਪਏ ਪ੍ਰਤੀ ਕਿੱਲੋ ਹੀ ਪੱਲੇ ਪੈਂਦੇ ਹਨ। ਇਸ ਨਾਲ ਕਿਸਾਨਾਂ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ। ਸਬਜ਼ੀਆਂ ਦੀ ਕੀਮਤ ਸਥਿਰ ਰੱਖਣ ਲਈ ਸਰਕਾਰ ਨੂੰ ਠੰਢੀ ਚੇਨ ਤੇ ਹੋਰ ਲੋੜੀਂਦੀਆਂ ਸਹੂਲਤਾਂ ਵਧਾਉਣੀਆਂ ਚਾਹੀਦੀਆਂ ਹਨ। ਸਬਜ਼ੀਆਂ ਦੇ ਖੇਤਰ 'ਚ ਖੋਜ ਸੰਸਥਾਵਾਂ ਪੀ.ਏ.ਯੂ. ਅਤੇ ਆਈ.ਸੀ.ਏ.ਆਰ. ਭਾਰਤੀ ਖੇਤੀ ਖੋਜ ਸੰਸਥਾਨ ਵਲੋਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਅਪਣਾ ਕੇ ਕਿਸਾਨ ਆਪਣੀ ਆਮਦਨ ਵਧਾ ਸਕਦੇ ਹਨ। ਝੋਨੇ ਕਣਕ ਦੇ ਫ਼ਸਲੀ ਚੱਕਰ 'ਚੋਂ ਰਕਬਾ ਕੱਢ ਕੇ ਬਾਗ਼ਬਾਨੀ ਫ਼ਸਲਾਂ ਥੱਲੇ ਲਿਆਉਣ ਲਈ ਕਿਸਾਨਾਂ ਨੂੰ ਇਨ੍ਹਾਂ ਫ਼ਸਲਾਂ ਦਾ ਗਿਆਨ ਤੇ ਆਮਦਨ ਅਤੇ ਖਰਚੇ ਸੰਬੰਧੀ ਪੂਰੀ ਜਾਣਕਾਰੀ ਬਾਗ਼ਬਾਨੀ ਮਾਹਿਰਾਂ ਰਾਹੀਂ ਮਿਲਣੀ ਬਹੁਤ ਜ਼ਰੂਰੀ ਹੈ, ਜੋ ਹੁਣ ਨਹੀਂ ਮਿਲ ਰਹੀ, ਕਿਉਂਕਿ ਬਾਗ਼ਬਾਨੀ ਵਿਭਾਗ 'ਚ ਪ੍ਰਵਾਨ ਹੋਏ ਸਟਾਫ 'ਚੋਂ ਮਸਾਂ 30 40 ਪ੍ਰਤੀਸ਼ਤ ਹੀ ਕੰਮ ਕਰ ਰਿਹਾ ਹੈ। ਅੱਧੀਆਂ ਤੋਂ ਵੱਧ ਆਸਾਮੀਆਂ ਖਾਲੀ ਪਈਆਂ ਹਨ। ਮਾਲੀਆਂ ਤੇ ਦਰਜਾ 4 ਮੁਲਾਜ਼ਮਾਂ ਦੀ ਭਰਤੀ ਤਾਂ ਸੰਨ 2000 ਤੋਂ ਬਾਅਦ ਉੱਕਾ ਹੀ ਨਹੀਂ ਹੋਈ। ਸੇਵਾਮੁਕਤ ਹੋ ਰਹੇ ਮੁਲਾਜ਼ਮਾਂ ਦੀਆਂ ਆਸਾਮੀਆਂ ਤਾਂ ਭਰੀਆਂ ਹੀ ਨਹੀਂ ਜਾ ਰਹੀਆਂ। ਗਿਆਨ ਤੇ ਜਾਣਕਾਰੀ ਪ੍ਰਾਪਤ ਕਰਕੇ ਔਸ਼ਧਿਕ ਪੌਦੇ ਤੇ ਫੁੱਲਾਂ ਦੇ ਬੀਜ ਅਤੇ ਖੁੰਬਾਂ ਆਦਿ ਪੈਦਾ ਕਰਕੇ 1.5 ਕੁ ਬਿਘੇ ਰਕਬੇ ਤੋਂ ਕਿਸਾਨ 1 ਲੱਖ ਰੁਪਏ ਤੱਕ ਦੀ ਪੈਦਾਵਾਰ ਕੱਢ ਸਕਦੇ ਹਨ। ਕਈ ਕਿਸਾਨ ਹਨ, ਜੋ ਅਜਿਹੀ ਖੇਤੀ ਕਰ ਰਹੇ ਹਨ, ਪਰ ਥੋੜ੍ਹੇ-ਥੋੜ੍ਹੇ ਰਕਬੇ 'ਤੇ। ਬਾਗ਼ਬਾਨੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾ. ਸਵਰਨ ਸਿੰਘ ਮਾਨ (ਰਿਟਾ.) ਕਹਿੰਦੇ ਹਨ ਕਿ ਜਿਵੇਂ ਸਰਕਾਰ ਠੰਢੀ ਚੇਨ ਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰ ਰਹੀ ਹੈ ਅਤੇ ਇਨ੍ਹਾਂ 'ਤੇ ਸਬਸਿਡੀਆਂ ਦੇ ਰਹੀ ਹੈ, ਤਾਂ ਸਬਜ਼ੀਆਂ ਅਰਬ ਮੁਲਕਾਂ ਨੂੰ ਵੀ ਬਰਾਮਦ ਕੀਤੀਆਂ ਜਾ ਸਕਦੀਆਂ ਹਨ। ਇਹ ਮੁਲਕ ਹੁਣ ਸਬਜ਼ੀਆਂ ਯੂਰਪ ਤੇ ਹੋਰ ਦੇਸ਼ਾਂ ਤੋਂ ਮੰਗਵਾਉਂਦੇ ਹਨ।
ਕਿਸਾਨਾਂ ਨੂੰ ਆਪਣੀ ਆਮਦਨ ਤੇ ਉਤਪਾਦਕਤਾ ਵਧਾਉਣ ਲਈ ਖੇਤੀ ਪ੍ਰਬੰਧ ਦਾ ਗਿਆਨ ਹੋਣ ਦੇ ਬਾਵਜੂਦ ਥੋੜ੍ਹੇ ਸਮੇਂ ਤੇ ਲੰਮੇ ਸਮੇਂ ਲਈ ਯੋਜਨਾ ਬਣਾਉਣੀ ਚਾਹੀਦੀ ਹੈ। ਸਾਧਨਾਂ ਦੀ ਸਹੀ ਵਰਤੋਂ, ਖੇਤੀ ਸਮੱਗਰੀ ਦੀ ਸਹੀ ਖਰੀਦ ਤੇ ਕਾਸ਼ਤ ਸੰਬੰਧੀ ਯੋਜਨਾ ਬਣਾਉਣੀ ਅਤੇ ਵਧੇਰੇ ਆਮਦਨ ਦੀ ਪ੍ਰਾਪਤੀ ਲਈ ਮੰਡੀਕਰਨ ਸੰਬੰਧੀ ਗਿਆਨ ਅਤੇ ਫ਼ਸਲ ਦੀ ਵਿੱਕਰੀ ਸੰਬੰਧੀ ਸਹੀ ਸੋਚ-ਵਿਚਾਰ ਵੀ ਆਮਦਨ ਵਧਾਉਣ ਲਈ ਜ਼ਰੂਰੀ ਹਨ। ਖੇਤੀ ਨੂੰ ਅੱਜ ਨਵੀਆਂ ਚੁਣੌਤੀਆਂ ਦਰਪੇਸ਼ ਹਨ। ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ, ਲੋੜ ਨਾਲੋਂ ਵੱਧ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ, ਕਾਮਿਆਂ ਦੀ ਘਾਟ ਹੈ, ਖੇਤੀ ਸਮੱਗਰੀ ਹੋਰ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਮੌਸਮ 'ਚ ਤਬਦੀਲੀ ਆ ਰਹੀ ਹੈ, ਜੇ ਨਵੇਂ ਫ਼ਸਲੀ ਚੱਕਰ ਅਪਣਾਉਣੇ ਹਨ ਤਾਂ ਯੋਜਨਾਬੰਦੀ ਬਹੁਤ ਜ਼ਰੂਰੀ ਹੈ। ਯੋਜਨਾ ਬਣਾਉਣ ਤੋਂ ਬਾਅਦ ਇਸ 'ਚ ਸਮੇਂ-ਸਮੇਂ 'ਤੇ ਸੋਧ ਵੀ ਕਰਨੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਧਨਾਂ ਦੀ ਸਹੀ ਵਰਤੋਂ ਕੀਤੀ ਜਾ ਰਹੀ ਹੈ। ਕੁਦਰਤੀ ਸਰੋਤਾਂ ਦੀ ਸਯੋਗ ਵਰਤੋਂ ਕੀਮਿਆਈ ਖਾਦਾਂ, ਕੀਟਨਾਸ਼ਕਾਂ ਅਤੇ ਸੁਧਰੇ ਬੀਜਾਂ ਦੀ ਸੂਝ-ਬੂਝ ਨਾਲ ਕੀਤੀ ਵਰਤੋਂ ਰਾਹੀਂ ਖੇਤੀ ਤੋਂ ਹੋਣ ਵਾਲੇ ਸ਼ੁੱਧ ਲਾਭ ਨੂੰ ਵਧਾਇਆ ਜਾ ਸਕਦਾ ਹੈ। ਫਿਰ ਖੇਤੀ 'ਚ ਹਿਸਾਬ-ਕਿਤਾਬ ਰੱਖਣਾ ਵੀ ਜ਼ਰੂਰੀ ਹੈ। ਇਸ ਨਾਲ ਕਿਸਾਨ ਘੱਟ ਆਮਦਨ ਵਾਲੇ ਕੰਮਾਂ ਨੂੰ ਤਿਲਾਂਜਲੀ ਦੇ ਕੇ ਅਤੇ ਵਧੇਰੇ ਆਮਦਨ ਵਾਲੀਆਂ ਫ਼ਸਲਾਂ ਨੂੰ ਅਪਣਾ ਕੇ ਖੇਤੀ ਨੂੰ ਲਾਹੇਵੰਦ ਬਣਾ ਸਕਦੇ ਹਨ। ਹਿਸਾਬ-ਕਿਤਾਬ ਰੱਖਣ ਨਾਲ ਗਿਆਨ 'ਚ ਵੀ ਵਾਧਾ ਹੁੰਦਾ ਹੈ, ਜਿਸ ਨਾਲ ਕਿਸਾਨ ਆਪਣੀ ਆਮਦਨ ਵਧਾਉਣ ਸੰਬੰਧੀ ਸੂਝ ਬੂਝ ਨਾਲ ਸੋਚ ਸਕਦੇ ਹਨ। ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਹੈ ਅਤੇ ਕਿਹੜੇ ਸਹਾਇਕ ਧੰਦੇ ਅਪਣਾਉਣੇ ਹਨ (ਜਾਂ ਨਹੀਂ), ਵੱਖੋ-ਵੱਖ ਫ਼ਸਲਾਂ ਹੇਠ ਥੱਲੇ ਕਿੰਨਾ-ਕਿੰਨਾ ਰਕਬਾ ਲਿਆਉਣਾ ਹੈ ਅਤੇ ਭੌਂਅ ਪਰਖ ਦੇ ਮੁਤਾਬਿਕ ਕਿਹੜੇ ਖੇਤ 'ਚ ਕਿਹੜੀ ਫ਼ਸਲ ਬੀਜਣੀ ਹੈ, ਅੱਜ ਦੀ ਖੇਤੀ 'ਚ ਇਹ ਸਭ ਕੁਝ ਵਿਚਾਰਨ ਦੀ ਲੋੜ ਹੈ। ਮੰਡੀਕਰਨ 'ਚ ਵੀ ਖੇਤੀ ਵਿਗਿਆਨੀਆਂ ਵਲੋਂ ਕਿਸਾਨਾਂ ਨੂੰ ਲੋੜੀਂਦੀ ਸੇਧ ਦਿੱਤੀ ਜਾਣੀ ਚਾਹੀਦੀ ਹੈ। ਕਿਹੜੀ ਫ਼ਸਲ ਕਿਸ ਵੇਲੇ ਵੇਚੀ ਜਾਏ ਅਤੇ ਕਿਹੜੀ ਫ਼ਸਲ ਭੰਡਾਰ ਕਰਕੇ ਕੁਝ ਸਮੇਂ ਬਾਅਦ ਵੇਚੀ ਜਾਏ, ਇਹ ਸਾਰੀ ਜਾਣਕਾਰੀ ਕਿਸਾਨਾਂ ਨੂੰ ਮਿਲੇ ਤਾਂ ਉਨ੍ਹਾਂ ਦੀ ਆਮਦਨ 'ਚ ਵਾਧਾ ਹੋ ਸਕਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ਦੀ ਸਹੀ ਤੇ ਸਿਫਾਰਸ਼ਸ਼ੁਦਾ ਮਾਤਰਾ ਹੀ ਪਾਉਣ। ਅੱਜ ਵਧੇਰੇ ਕਿਸਾਨਾਂ ਵਲੋਂ ਕਣਕ ਤੇ ਝੋਨੇ 'ਚ ਸਿਫਾਰਸ਼ ਨਾਲੋਂ ਦੁੱਗਣੀ, ਢਾਈ ਗੁਣਾ ਨਾਟੀਟ੍ਰੋਜਨ ਪਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਖਰਚਾ ਵਧ ਰਿਹਾ ਹੈ ਅਤੇ ਫ਼ਸਲਾਂ ਨੂੰ ਵੀ ਬਿਮਾਰੀਆਂ ਲੱਗ ਰਹੀਆਂ ਹਨ।
ਕਿਸਾਨਾਂ ਨੂੰ ਕਰਜ਼ਾ ਵੀ ਬੜਾ ਸੋਚ ਵਿਚਾਰ ਕੇ ਚੁੱਕਣਾ ਚਾਹੀਦਾ ਹੈ। ਕਈ ਕਿਸਾਨ ਕਰਜ਼ੇ ਦੇ ਬੋਝ ਥੱਲੇ ਦਬ ਕੇ ਖ਼ੁਦਕਸ਼ੀ ਕਰਨ ਦੀ ਨੌਬਤ ਤੱਕ ਪਹੁੰਚ ਜਾਂਦੇ ਹਨ। ਸਹੀ ਢੰਗ ਨਾਲ ਵਿਚਾਰਨ ਦੀ ਲੋੜ ਹੈ ਕਿ ਕਿੰਨੇ ਕਰਜ਼ੇ ਦੀ ਲੋੜ ਹੈ, ਕਿਹੜੀ ਏਜੰਸੀ ਤੋਂ ਕਰਜ਼ਾ ਲਿਆ ਜਾਏ, ਕਿੱਥੇ ਘੱਟ ਸੂਦ ਤੋਂ ਕਰਜ਼ਾ ਮਿਲ ਸਕਦਾ ਹੈ। ਇਸ ਸਭ ਕੁਝ ਸੰਬੰਧੀ ਕਿਸਾਨਾਂ ਨੂੰ ਕਰਜ਼ਾ ਲੈਣ ਤੋਂ ਪਹਿਲਾਂ ਸਾਰੇ ਅਦਾਰਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
![]()
