ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਖਪਤ ਘਟਾਉਣ ਦੀ ਲੋੜ

In ਮੁੱਖ ਲੇਖ
January 16, 2025
ਭਗਵਾਨ ਦਾਸ: ਕਿਸਾਨਾਂ ਦੀ ਫ਼ਸਲ ਤੋਂ ਆਮਦਨ ਘਟ ਰਹੀ ਹੈ ਅਤੇ ਖਰਚੇ ਵਧ ਰਹੇ ਹਨ। ਉਨ੍ਹਾਂ 'ਚ ਮਾਯੂਸੀ ਦੀ ਲਹਿਰ ਹੈ ਤਾਂ ਹੀ ਉਹ ਹਰ ਦਿਨ ਧਰਨੇ ਤੇ ਰੋਸ ਰੈਲੀਆਂ ਕਰ ਰਹੇ ਹਨ। ਹੋਰ ਸਮੱਗਰੀ ਤੋਂ ਇਲਾਵਾ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਦੀ ਲੋੜ ਹੈ। ਪਿਛਲੀ ਸ਼ਤਾਬਦੀ ਦੇ ਛੇਵੇਂ ਦਹਾਕੇ 'ਚ ਸਬਜ਼ ਇਨਕਲਾਬ ਤੋਂ ਬਾਅਦ ਰਸਾਇਣਕ ਖਾਦਾਂ ਦੀ ਵਰਤੋਂ ਤੇਜ਼ੀ ਨਾਲ ਸ਼ੁਰੂ ਹੋਈ। ਸਰਕਾਰੀ ਏਜੰਸੀਆਂ ਵਲੋਂ ਵੀ ਰਸਾਇਣਕ ਖਾਦਾਂ ਦੀ ਵਰਤੋਂ 'ਤੇ ਜ਼ੋਰ ਦਿੱਤਾ ਗਿਆ। ਉਸ ਤੋਂ ਪਹਿਲਾਂ ਕਿਸਾਨ ਰੂੜੀ ਖਾਦ ਦੀ ਵਰਤੋਂ ਵੀ ਕਾਫੀ ਰਕਬੇ 'ਤੇ ਕਰਦੇ ਸਨ। ਦੇਸ਼ ਦੀ ਵਧ ਰਹੀ ਆਬਾਦੀ ਲਈ ਅਨਾਜ ਪੈਦਾ ਕਰਨ ਦੀ ਲੋੜ ਸੀ। ਅਮਰੀਕਾ ਤੋਂ ਪੀ.ਐੱਲ. 480 ਥੱਲੇ ਅਨਾਜ ਦੀ ਆਮਦ ਬੰਦ ਕਰਨੀ ਲੋੜੀਂਦੀ ਸੀ। ਇਸ ਤਰ੍ਹਾਂ ਰੂੜੀ ਦੀ ਖਾਦ ਦੀ ਵਰਤੋਂ ਨਿਰੰਤਰ ਘਟਦੀ ਗਈ ਅਤੇ ਰਸਾਇਣਕ ਖਾਦਾਂ ਦੀ ਖਪਤ ਤੇਜ਼ੀ ਨਾਲ ਵਧਦੀ ਗਈ। ਅੱਜ ਪੰਜਾਬ 'ਚ ਭਾਰਤ ਦੇ ਸਭ ਰਾਜਾਂ ਨਾਲੋਂ ਵੱਧ ਪ੍ਰਤੀ ਹੈਕਟੇਅਰ ਰਸਾਇਣਕ ਖਾਦ ਪਾਏ ਜਾਏ ਰਹੇ ਹਨ। ਫ਼ਸਲੀ ਘਣਤਾ ਵੀ ਵਧੀ ਹੈ, ਜਿਸ ਕਰਕੇ ਵਧੇਰੇ ਰਸਾਇਣਕ ਖਾਦ ਪਾਉਣ ਦੀ ਲੋੜ ਪਈ ਹੈ। ਰਸਾਇਣਕ ਖਾਦ ਜ਼ਿਆਦਾ ਪਾਉਣ ਕਾਰਨ ਫ਼ਸਲਾਂ 'ਚ ਬਿਮਾਰੀਆਂ ਅਤੇ ਹਾਨੀਕਾਰਕ ਕੀੜਿਆਂ ਦੇ ਹਮਲਿਆਂ ਦੀ ਬਹੁਤਾਤ ਹੋ ਗਈ ਹੈ, ਜਿਸ ਕਰਕੇ ਕੀਟਨਾਸ਼ਕਾਂ ਦੀ ਖਪਤ ਵੀ ਪੰਜਾਬ 'ਚ ਵਧਦੀ ਗਈ। ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਨੂੰ ਹੋਰ ਤੇਜ਼ੀ ਨਾਲ ਵਧਾਈ ਜਾ ਰਹੇ ਹਨ। ਪੰਜਾਬ ਖੇਤੀ ਯੂਨੀਵਰਸਿਟੀ (ਪੀ.ਏ.ਯੂ.) ਵਲੋਂ ਕਣਕ ਦੀ ਫ਼ਸਲ 'ਚ 55 ਕਿੱਲੋ ਡੀ.ਏ.ਪੀ. ਤੇ 110 ਕਿਲੋ ਯੂਰੀਆ ਪ੍ਰਤੀ ਏਕੜ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਕਿਸਾਨ 90 100 ਕਿਲੋ ਤੱਕ ਡੀ.ਏ.ਪੀ. ਅਤੇ 180 ਕਿਲੋ ਤੱਕ ਯੂਰੀਆ ਖਾਦ (ਚਾਰ ਥੈਲੇ) ਪ੍ਰਤੀ ਏਕੜ ਤੱਕ ਵੀ ਪਾਈ ਜਾ ਰਹੇ ਹਨ। ਭਾਰਤ ਨੂੰ ਇਹ ਖਾਦ ਦਰਾਮਦ ਵੀ ਕਰਨੇ ਪੈਂਦੇ ਹਨ ਅਤੇ ਕਿਸਾਨਾਂ ਨੂੰ ਯੂਰੀਏ ਦਾ 45 ਕਿਲੋ ਦਾ ਥੈਲਾ 266.5 ਪੈਸੇ (ਜੀ.ਐੱਸ.ਟੀ. ਸ਼ਾਮਿਲ) ਅਤੇ ਡੀ.ਏ.ਪੀ. ਦਾ ਥੈਲਾ 1350 ਰੁਪਏ ਨੂੰ ਹੀ ਦੇਣਾ ਜਾਰੀ ਰੱਖਣ ਲਈ ਭਾਰਤ ਸਰਕਾਰ ਨੇ ਇਸ ਸਾਲ ਲਈ 3850 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ, ਤਾਂ ਜੋ ਕਿਸਾਨਾਂ ਨੂੰ ਇਨ੍ਹਾਂ ਦੀ ਵਧ ਕੀਮਤ ਨਾ ਅਦਾ ਕਰਨੀ ਪਵੇ। ਦੂਜੇ ਮੁਲਕਾਂ 'ਚ ਜਿਨ੍ਹਾਂ ਤੋਂ ਇਹ ਖਾਦਾਂ ਦਰਾਮਦ ਕੀਤੀਆਂ ਜਾਂਦੀਆਂ ਇਨ੍ਹਾਂ ਦੀਆਂ ਕੀਮਤਾਂ ਵਧ ਗਈਆਂ ਹਨ, ਜਿਸ ਕਾਰਨ ਭਾਰਤ ਨੂੰ ਵੀ ਖਾਦਾਂ ਦਰਾਮਦ ਕਰਨੀਆਂ ਮਹਿੰਗੀਆਂ ਪੈਣ ਲੱਗ ਪਈਆਂ ਹਨ। ਲੋੜ ਹੈ ਬਾਇਓ ਖਾਦਾਂ, ਹਰੀਆਂ ਖਾਦਾਂ, ਬਲਿਊ ਗ੍ਰੀਨ ਐਲਗੀ, ਨੀਲ ਰਹਿਤ ਕਾਈ, ਵਰਮੀ ਕੰਪੋਸਟ ਜਿਹੀਆਂ ਖਾਦਾਂ ਦੀ ਵਰਤੋਂ ਵਧਾ ਕੇ ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾਵੇ। ਬਹੁਤ ਘੱਟ ਰਕਬਾ ਹੈ, ਜਿੱਥੇ ਜੈਵਿਕ ਖੇਤੀ ਕੀਤੀ ਜਾਂਦੀ ਹੈ। ਕਣਕ ਵੱਢਣ ਤੋਂ ਬਾਅਦ ਸਾਉਣੀ ਦੀਆਂ ਫ਼ਸਲਾਂ ਝੋਨਾ, ਬਾਸਮਤੀ ਅਤੇ ਕਪਾਹ ਜਿਹੀਆਂ ਫ਼ਸਲਾਂ ਦੀ ਬਿਜਾਈ ਕਰਨ ਤੱਕ ਜੋ ਸਮਾਂ ਹੁੰਦਾ ਹੈ, ਉਸ 'ਚ ਸਬਜ਼ ਖਾਦ ਪੈਦਾ ਕਰਕੇ ਰਸਾਇਣਕ ਖਾਦਾਂ ਦੀ ਖਪਤ ਘਟਾਈ ਜਾਵੇ। ਇਸ ਨਾਲ ਜ਼ਮੀਨ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ। ਕੁਝ ਸਮਾਂ ਪਹਿਲਾਂ ਸਰਕਾਰ ਵਲੋਂ ਜੰਤਰ ਦਾ ਬੀਜ ਸਬਸਿਡੀ 'ਤੇ ਦੇ ਕੇ ਕਿਸਾਨਾਂ ਨੂੰ ਸਬਜ਼ ਖਾਦ ਦਾ ਰਕਬਾ ਵਧਾਉਣ 'ਤੇ ਜ਼ੋਰ ਦਿੱਤਾ ਜਾਂਦਾ ਸੀ, ਪ੍ਰੰਤੂ ਇਸ ਸਮੇਂ 'ਚ ਪੰਜਾਬ ਪਾਵਰ ਸਪਲਾਈ ਕਾਰਪੋਰੇਸ਼ਨ ਵਲੋਂ ਬਿਜਲੀ ਬਹੁਤ ਘੱਟ ਦਿੱਤੇ ਜਾਣ ਕਾਰਨ ਅਤੇ ਨਹਿਰਬੰਦੀ ਵਜੋਂ ਇਸ 'ਤੇ ਜ਼ੋਰ ਘਟ ਗਿਆ ਅਤੇ ਕਿਸਾਨਾਂ 'ਚ ਸਬਜ਼ ਖਾਦ ਪੈਦਾ ਕਰਨ ਲਈ ਉਤਸ਼ਾਹ ਵੀ ਘੱਟ ਗਿਆ ਹੈ। ਭਾਵੇਂ ਸਬਜ਼ ਖਾਦ ਦੇ ਫਾਇਦੇ ਬੜੇ ਹਨ, ਜਿਵੇਂ ਜ਼ਮੀਨ ਦੀਆਂ ਹੇਠਲੀਆਂ ਤਹਿਆਂ ਤੋਂ ਜੜ੍ਹਾਂ ਰਾਹੀਂ ਖੁਰਾਕੀ ਤੱਤਾਂ ਦਾ ਉੱਪਰ ਆਉਣਾ, ਕਲਰਾਠੀਆਂ ਜ਼ਮੀਨਾਂ 'ਚ ਕੱਲਰ ਸੁਧਾਰ ਹੋਣਾ, ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣਾ ਅਤੇ ਸਬਜ਼ ਖਾਦ ਦੇ ਗਲਣ ਸੜਨ ਨਾਲ ਜ਼ਮੀਨ ਵਿਚਲੇ ਤੱਤਾਂ ਦਾ ਘੁਲਣਸ਼ੀਲ ਬਣ ਕੇ ਮੁੜ ਕੇ ਖੁਰਾਕ ਦਾ ਹਿੱਸਾ ਬਣ ਜਾਣਾ ਆਦਿ। ਪਹਿਲਾਂ ਗ਼ੈਰ ਰਸਾਇਣਕ ਖਾਦਾਂ ਦੀ ਵਰਤੋਂ ਹੁੰਦੀ ਸੀ, ਹੁਣ ਭਾਵੇਂ ਇਨ੍ਹਾਂ ਦੀ ਉਸ ਤਰ੍ਹਾਂ ਵੱਡੇ ਪੱਧਰ 'ਤੇ ਵਰਤੋਂ ਸੰਭਵ ਨਹੀਂ, ਪਰ ਫਿਰ ਵੀ ਕਿਸੇ ਹੱਦ ਤੱਕ ਐਲਗੀ, ਵਰਮੀ ਕੰਪੋਸਟ ਅਤੇ ਸਬਜ਼ ਖਾਦਾਂ ਦੀ ਵਰਤੋਂ ਕੁਝ ਫ਼ਸਲਾਂ 'ਤੇ ਕਰਕੇ ਰਸਾਇਣਕ ਖਾਦਾਂ ਦੀ ਖਪਤ ਘਟਾਈ ਜਾ ਸਕਦੀ ਹੈ। ਇਨ੍ਹਾਂ ਗ਼ੈਰ-ਰਸਾਇਣਕ ਖਾਦਾਂ ਦੀ ਖਪਤ ਨਾਲ ਦਾਣੇ ਦਾ ਆਕਾਰ ਅਤੇ ਵਜ਼ਨ ਵਧਦਾ ਹੈ ਅਤੇ ਫ਼ਸਲ ਦੇ ਝਾੜ 'ਚ ਵੀ ਵਾਧਾ ਹੁੰਦਾ ਹੈ। ਇਨ੍ਹਾਂ ਖਾਦਾਂ ਦੀ ਵਰਤੋਂ ਨਾਲ ਇਕ ਅਨੁਮਾਨ ਅਨੁਸਾਰ ਯੂਰੀਏ ਦੀ 40 ਕਿਲੋ ਪ੍ਰਤੀ ਹੈਕਟੇਅਰ ਦੀ ਬੱਚਤ ਕੀਤੀ ਜਾ ਸਕਦੀ ਹੈ। ਯੂਰੀਏ ਦੀ ਖਪਤ ਘਟਾਉਣ ਲਈ ਭਾਰਤ ਸਰਕਾਰ ਨੇ ਥੈਲੇ 'ਚ 50 ਕਿਲੋ ਦੀ ਬਜਾਏ 45 ਕਿਲੋ ਯੂਰੀਆ ਪੈਕ ਕਰਕੇ ਕਿਸਾਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ, ਪਰ ਇਸ ਨਾਲ ਖਪਤ ਫਿਰ ਵੀ ਨਹੀਂ ਘਟੀ। ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣ ਲਈ ਕਿਸਾਨ ਗੋਹੇ ਤੋਂ ਵਰਮੀ ਕੰਪੋਸਟ ਖਾਦ ਤਿਆਰ ਕਰਕੇ ਵੀ ਵਰਤੋਂ ਕਰ ਸਕਦੇ ਹਨ। ਇਸ 'ਚ ਰਸੋਈ 'ਚ ਇਸਤੇਮਾਲ ਕੀਤੀਆਂ ਸਬਜ਼ੀਆਂ ਦੀ ਰਹਿੰਦ-ਖੂੰਹਦ, ਗੋਹੇ ਆਦਿ ਨੂੰ ਵਰਤਿਆ ਜਾ ਸਕਦਾ ਹੈ, ਪ੍ਰੰਤੂ ਮੀਂਹ 'ਚ ਨਿਕਲਣ ਵਾਲੇ ਗੰਡੋਏ ਨਹੀਂ ਵਰਤੇ ਜਾ ਸਕਦੇ। ਵਰਮੀ ਕੰਪੋਸਟ ਬਣਾਉਣ ਲਈ ਤਾਜ਼ੇ ਗੋਹੇ 'ਤੇ 8 ਤੋਂ 10 ਦਿਨ ਪਾਣੀ ਪਾ ਕੇ ਠੰਢਾ ਕਰਕੇ ਵਰਮੀ ਕੰਪੋਸਟ ਲਈ ਵਰਤਿਆ ਜਾ ਸਕਦਾ ਹੈ। ਵਰਮੀ ਕੰਪੋਸਟ ਮਿੱਟੀ ਦੇ ਖਾਰੇ ਰੰਗ ਨੂੰ ਸਹੀ ਬਣਾ ਕੇ ਪੌਦਿਆਂ ਦੇ ਵਿਕਾਸ ਲਈ ਸਾਰੇ ਤੱਤ ਉਪਲੱਬਧ ਕਰਦਾ ਹੈ, ਜਦੋਂ ਕਿ ਰਸਾਇਣਕ ਖਾਦਾਂ ਕੇਵਲ ਇਕ ਜਾਂ ਦੋ ਤੱਤ ਹੀ ਉਪਲਬਧ ਕਰਦੀਆਂ ਹਨ, ਪ੍ਰੰਤੂ ਵਰਮੀ ਕੰਪੋਸਟ ਬਹੁਤ ਵੱਡੇ ਰਕਬੇ 'ਤੇ ਵਰਤਿਆ ਜਾਣਾ ਸੰਭਵ ਨਹੀਂ। ਇਸ ਸਾਲ 35 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਕਾਸ਼ਤ ਕੀਤੀ ਗਈ ਹੈ, ਜਿਸ ਲਈ 13.5 ਲੱਖ ਟਨ ਯੂਰੀਆ ਲੋੜੀਂਦਾ ਹੈ। ਕਿਸਾਨਾਂ ਨੂੰ ਡੀ.ਏ.ਪੀ. ਕਣਕ ਦੀ ਬਿਜਾਈ ਵੇਲੇ ਉਪਲੱਬਧ ਨਾ ਹੋਣ ਕਰਕੇ ਬੜੀਆਂ ਮੁਸ਼ਕਿਲਾਂ ਝੱਲਣੀਆਂ ਪਈਆਂ, ਕਿਉਂਕਿ ਡੀ.ਏ.ਪੀ. ਕਣਕ ਦੀ ਬਿਜਾਈ ਵੇਲੇ ਸ਼ੁਰੂ 'ਚ ਹੀ ਵਰਤਣਾ ਪੈਂਦਾ ਹੈ। ਉਸ ਤੋਂ ਬਾਅਦ ਹੁਣ ਯੂਰੀਏ ਦੀ ਘਾਟ ਆ ਗਈ। ਕਿਸਾਨ ਯੂਰੀਆ ਲੈਣ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਡੀ.ਏ.ਪੀ. ਅਤੇ ਯੂਰੀਏ ਦੀ ਘਾਟ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕਰੇਗੀ? ਇਹ ਦੇਖਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਯੂਰੀਏ 'ਤੇ ਜੋ ਵੱਡੀ ਸਬਸਿਡੀ ਦਿੱਤੀ ਜਾਂਦੀ ਹੈ, ਉਸ ਦਾ ਪੂਰਾ ਲਾਭ ਕਿਸਾਨਾਂ ਨੂੰ ਕਿਉਂ ਨਹੀਂ ਪਹੁੰਚਦਾ? ਯੂਰੀਆ ਦੂਜੇ ਕੰਮਾਂ ਲਈ ਜਿਵੇਂ ਪਲਾਈਵੁੱਡ ਉਦਯੋਗ, ਪਸ਼ੂ ਪਾਲਣ ਲਈ ਫੀਡ ਬਣਾਉਣ ਆਦਿ ਲਈ ਵੀ ਵਰਤਿਆ ਜਾਂਦਾ ਹੈ ਅਤੇ ਦੋਧੀ ਵੀ ਯੂਰੀਏ ਨੂੰ ਦੁੱਧ 'ਚ ਮਿਲਾਉਂਦੇ ਹਨ। ਫਿਰ ਯੂਰੀਆ ਦੀ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਗਲਾਦੇਸ਼ ਅਤੇ ਨਿਪਾਲ ਆਦਿ ਮੁਲਕਾਂ ਨੂੰ ਵੀ ਤਸਕਰੀ ਹੋ ਜਾਂਦੀ ਹੈ। ਭਾਵੇਂ ਭਾਰਤ ਸਰਕਾਰ ਨੇ ਸਬਸਿਡੀ ਵਾਲਾ ਯੂਰੀਆ ਤੇ ਹੋਰ ਖਾਦ ਵੇਚਣ ਲਈ ਡੀਲਰਾਂ ਕੋਲ ਪੁਆਇੰਟ ਆਫ਼ ਸੇਲ (ਪੀ.ਓ.ਐੱਸ.) ਮਸ਼ੀਨਾਂ ਲਗਾਈਆਂ ਹੋਈਆਂ ਹਨ। ਹਰ ਕਿਸਾਨ ਨੂੰ ਯੂਰੀਆ ਖਰੀਦਣ ਲਈ ਆਪਣਾ ਆਧਾਰ ਕਾਰਡ ਅਤੇ ਸ਼ਨਾਖਤ ਦੇ ਸਬੂਤ ਦੇਣੇ ਪੈਂਦੇ ਹਨ। ਕੇਂਦਰ ਸਰਕਾਰ ਨੇ ਗ਼ੈਰ ਜ਼ਰਾਇਤੀ ਕੰਮਾਂ ਲਈ ਯੂਰੀਏ ਦੀ ਵਰਤੋਂ ਰੋਕਣ ਪੱਖੋਂ ਯੂਰੀਆ ਖਰੀਦਣ ਦੀ ਪ੍ਰਤੀ ਕਿਸਾਨ ਹੱਦ ਵੀ ਮੁਕਰਰ ਕੀਤੀ ਹੈ ਅਤੇ ਹੋਰ ਵੀ ਢੰਗ ਵਰਤੇ ਹਨ, ਜਿਵੇਂ ਸਬਸਿਡੀ ਦਾ ਪ੍ਰਚੂਨ ਵਿਕੇਰਤਾ ਰਾਹੀਂ ਵਿਕਰੀ ਹੋਣ 'ਤੇ ਹੀ ਦਿੱਤੇ ਜਾਣਾ ਆਦਿ। ਪਰ ਇਸ ਨਾਲ ਵੀ ਗ਼ੈਰ ਜ਼ਰਾਇਤੀ ਕੰਮਾਂ ਲਈ ਯੂਰੀਏ ਦੀ ਵਰਤੋਂ ਬੰਦ ਪਰ ਨਹੀਂ ਹੋਈ, ਜਿਸ ਦਾ ਕਿਸਾਨਾਂ ਨੂੰ ਹੀ ਨੁਕਸਾਨ ਪਹੁੰਚਦਾ ਹੈ, ਕਿਉਂਕਿ ਉਨ੍ਹਾਂ ਲਈ ਦਿੱਤੀ ਜਾ ਰਹੀ ਸਬਸਿਡੀ ਗੈਰ ਕਿਸਾਨਾਂ ਕੋਲ ਜਾ ਰਹੀ ਹੈ। ਅਜੋਕੇ ਸਮੇਂ ਵਿਚ ਜਿਸ ਤਰ੍ਹਾਂ ਪੰਜਾਬ ਦੀ ਜ਼ਮੀਨ ਵਿਚ ਜੈਵਿਕ ਮਾਦਾ ਘੱਟ ਰਿਹਾ ਹੈ, ਉਸ ਨੂੰ ਮੁੱਖ ਰੱਖ ਕੇ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਬੇਹੱਦ ਲੋੜ ਹੈ।

Loading