ਕਿਸਾਨਾਂ ਨੂੰ ਵਿਗਿਆਨਕ ਢੰਗ ਨਾਲ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਦੀ ਲੋੜ

In ਮੁੱਖ ਲੇਖ
August 23, 2025

ਪੰਜਾਬ ’ਚ ਖੇਤੀ ਨੀਤੀ ਨਿਰਮਾਤਾਵਾਂ ਨੂੰ ਨਵੇਂ ਸਿਰਿਓਂ ਸੋਚਣ ਦੀ ਲੋੜ ਹੈ। ਅਜਿਹੀਆਂ ਸੈਂਕੜੇ ਨੀਤੀਆਂ ਹਨ ਜੋ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਟੈਸਟ/ਲਾਗੂ ਕਰਨ ਤੋਂ ਬਾਅਦ ਸਿਰੇ ਤੋਂ ਨਕਾਰ ਦਿੱਤੀਆਂ ਪਰ ਅਜਿਹੀਆਂ ਕਿਸਾਨਾਂ ਵੱਲੋਂ ਨਕਾਰੀਆਂ ਜਾ ਚੁੱਕੀਆਂ ਤਕਨੀਕਾਂ ਨੂੰ ਲਾਗੂ ਕਰਵਾਉਣ ਲਈ ਅਜੇ ਵੀ ਬਜਟ ਦਾ ਵੱਡਾ ਹਿੱਸਾ ਰਿਲੀਜ਼ ਕੀਤਾ ਜਾ ਰਿਹਾ ਹੈ ਤੇ ਮਹੱਤਵਪੂਰਨ ਸਰਮਾਇਆ ਅਜ਼ਾਈਂ ਗਵਾਇਆ ਜਾ ਰਿਹਾ।
ਮਿਸਾਲ ਦੇ ਤੌਰ ’ਤੇ ਖੇਤੀ ਵਿਭਿੰਨਤਾ ਦੇ ਨਾਂ ’ਤੇ ਪਿਛਲੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਅਸਰ ਨਜ਼ਰ ਨਹੀਂ ਆ ਰਿਹਾ ਬਲਕਿ ਪਿਛਲੇ ਸਾਲਾਂ ਦੌਰਾਨ ਸਾਉਣੀ ਰੁੱਤ ਵਿੱਚ ਝੋਨੇ ਹੇਠ ਰਕਬਾ ਘੱਟਦਾ ਦਿੱਖ ਨਹੀਂ ਰਿਹਾ ਹੈ। ਅੱਜ ਸੂਬੇ ਵਿੱਚ ਸਾਉਣੀ ਰੁੱਤ ਦੀ ਮੱਕੀ ਦਾ ਰਕਬਾ, ਦਾਲਾਂ ਹੇਠ ਰਕਬਾ ਨਾਂਹ ਦੇ ਬਰਾਬਰ ਹੈ। ਇਸੇ ਤਰ੍ਹਾਂ ਝੋਨੇ ਦੀ ਬਚ-ਖੁੱਚ ਦੀ ਸੰਭਾਲ ਦੀਆਂ ਸਕੀਮਾਂ ਦਾ ਵੀ ਅਜਿਹਾ ਹੀ ਕੁਝ ਨਤੀਜਾ ਹੈ ।ਅੱਜ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਡੀਐਸਆਰ ਵਿਧੀ ਅਧੀਨ ਵੀ ਰਕਬਾ ਵਧਣ ਦੀ ਬਜਾਏ ਘੱਟ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨ ਨਵੀਆਂ ਤਕਨੀਕਾਂ ਜਾਂ ਪਾਲਸੀਆਂ ਨੂੰ ਅਪਣਾਉਂਦਾ ਕਿਉਂ ਨਹੀਂ ਹੈ। ਕੀ ਸਾਡਾ ਕਿਸਾਨ ਸਮਝਦਾ ਨਹੀਂ ਹੈ ਜਾਂ ਸਾਡੇ ’ਚ ਤਕਨੀਕਾਂ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਸਮਝਾਉਣ ਵਿਚ ਕਮੀ ਹੈ।
ਇੱਕ ਗੱਲ ਤਾਂ ਬਿਲਕੁੱਲ ਸਪੱਸ਼ਟ ਹੈ ਕਿ ਸਾਡੇ ਪੰਜਾਬ ਦਾ ਕਿਸਾਨ ਕਿਸੇ ਸਾਇੰਸਦਾਨ ਤੋਂ ਘੱਟ ਨਹੀ ਹੈ। ਸਾਡਾ ਕਿਸਾਨ ਬੇਹੱਦ ਤਕਨੀਕੀ ਤੇ ਵਪਾਰਕ ਸਮਝ ਰੱਖਣ ਵਾਲਾ ਹੈ ਤੇ ਇਸ ਗੱਲ ਦਾ ਸਾਨੂੰ ਮਾਣ ਵੀ ਹੈ। ਇਹ ਵੀ ਸਪੱਸ਼ਟ ਹੈ ਕਿ ਸਾਡੇ ਖੇਤੀ ਪਸਾਰ ਮਾਹਿਰ ਵੀ ਕਿਸਾਨਾਂ ਤੱਕ ਤਕਨੀਕਾਂ ਨੂੰ ਪਹੁੰਚਾਉਣ ਵਿਚ ਵੱਡੀ ਮੁਹਾਰਤ ਰੱਖਦੇ ਹਨ। ਅਜਿਹੀਆਂ ਤਕਨੀਕਾਂ ਜਿਨ੍ਹਾਂ ਦਾ ਕਿਸਾਨ ਨੂੰ ਫ਼ਾਇਦਾ ਹੁੰਦਾ ਹੈ ਅਤੇ ਜੋ ਕਿਸਾਨ ਅਨੁਸਾਰ ਉਸ ਲਈ ਲਾਭਦਾਇਕ ਹਨ, ਕਿਸਾਨ ਅਜਿਹੀਆਂ ਤਕਨੀਕਾਂ ਨੂੰ ਹੀ ਅਪਣਾਉਂਦਾ ਹੈ। ਉਦਾਹਰਣ ਵਜੋਂ ਲ਼ੈਂਡ ਲੇਜ਼ਰ ਲੈੱਵਲਰ ਭਾਵ ਕੰਪਿਊਟਰ ਕੁਰਾਹਾ, ਝੋਨੇ ਦੀ ਸਮੇਂ ਸਿਰ ਲਵਾਈ ਦਾ ਕਾਨੂੰਨ-ਸਬ ਸੁਆਇਲ ਵਾਟਰ ਪ੍ਰੀਜ਼ਰਵੇਸ਼ਨ ਐਕਟ”, ਪਰਾਲੀ ਦੀ ਸਾਂਭ-ਸੰਭਾਲ ਲਈ ਵਰਤੀ ਜਾਂਦੀ ਮਸ਼ੀਨ ਬੇਲਰ, ਹੈਪੀ ਸੀਡਰ, ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਵਗੈਰਾ।
ਇਨ੍ਹਾਂ ਤਕਨੀਕਾਂ ਦਾ ਪਸਾਰਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਿਨ੍ਹਾਂ ਤਕਨੀਕਾਂ ਦਾ ਫ਼ਾਇਦਾ ਕਿਸਾਨ ਨੂੰ ਹੁੰਦਾ ਹੈ ਕਿਸਾਨ ਆਪ-ਮੁਹਾਰੇ ਅਜਿਹੀਆਂ ਤਕਨੀਕਾਂ ਨੂੰ ਅਪਣਾ ਲੈਂਦਾ ਹੈ। ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸਾਨ ਦੀ ਲੋੜ ਅਨੁਸਾਰ ਹੀ ਜਿਥੇ ਤਕਨੀਕਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਬਲਕਿ ਕਿਸਾਨ ਵੱਲੋਂ ਆਪਣੇ ਪੱਧਰ ’ਤੇ ਅਪਣਾਏ ਜਾ ਰਹੇ ਤਰੀਕੀਆਂ ਵਿੱਚ ਲੋੜੀਂਦੇ ਸੁਧਾਰ ਦਾ ਸਿਲਸਿਲਾ ਚਲਾਉਂਦੇ ਹੋਏ ਇਨ੍ਹਾਂ ਤਕਨੀਕਾਂ ਨੂੰ ਸਮੇਂ ਦੇ ਹਾਣੀ ਬਣਾ ਕੇ ਕਿਸਾਨਾਂ ਲਈ ਵਧੇਰੇ ਲਾਭਕਾਰੀ ਬਣਾਉਣਾ ਚਾਹੀਦਾ ਹੈ ਨਾ ਕਿ ਕਿਤਾਬੀ ਪੱਖੀ ਤਕਨੀਕਾਂ ਨੂੰ ਜੋ ਖੇਤਾਂ ਵਿੱਚ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣਦੀਆਂ ਹਨ।ਸਾਡੇ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਚੰਗਾ ਹੁੰਗਾਰਾ ਨਹੀਂ ਦਿੱਤਾ ਜਾ ਰਿਹਾ ਜਿਸ ਦਾ ਸਿੱਧਾ ਮਤਲਬ ਹੈ ਕਿ ਕਿਸਾਨ ਦੇ ਖੇਤਾਂ ਵਿੱਚ ਇਸ ਵਿਧੀ ਨੇ ਕੁਝ ਅਜਿਹਾ ਪ੍ਰਭਾਵ ਨਹੀਂ ਛੱਡਿਆ ਜਿਸ ਕਰਕੇ ਸਾਨੂੰ ਅੱਗੇ ਇਸ ਤਕਨੀਕ ’ਚ ਸੁਧਾਰ ਲਿਆਉਣਾ ਚਾਹੀਦਾ ਹੈ।
ਜੇ ਇਹ ਤਕਨੀਕ ਕਿਸਾਨ ਲਈ ਲਾਹੇਵੰਦੀ ਹੁੰਦੀ ਤਾਂ ਸਰਕਾਰ ਵੱਲੋਂ ਮਾਣ ਭੱਤੇ ਦੇ ਹੋਣ ਦੇ ਕਰਕੇ ਇਸ ਤਕਨੀਕ ਵੱਡੇ ਪੱਧਰ ’ਤੇ ਅਪਣਾਈ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀ ਹੋ ਰਿਹਾ। ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। ਫ਼ਸਲੀ ਵਿਭਿੰਨਤਾ ’ਤੇ ਵੀ ਜ਼ੋਰ ਲਗਾਉਣ ਬਦਲੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾਉਣ ਦੀ ਲੋੜ ਹੈ। ਸਾਡੇ ਨੀਤੀ ਨਿਰਮਾਤਾਵਾਂ ਨੂੰ ਇਸ ਕੌੜੀ ਸੱਚਾਈ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਲਈ ਝੋਨੇ ਦੀ ਫ਼ਸਲ ਦੀ ਜਿਤਨਾ ਚਿਰ ਤੱਕ ਸਰਕਾਰ ਦੀ ਖ਼ਰੀਦ ਚੱਲ ਰਹੀ ਹੈ ਤੇ ਦੇਸ਼ ਨੂੰ ਅੰਨ ਦੀ ਲੋੜ ਹੈ, ਨੂੰ ਛੱਡਣਾ ਮੁਸ਼ਕਿਲ ਹੈ ਸਾਨੂੰ ਕਿਸਾਨ ਦੇ ਨਾਲ ਚੱਲਦੇ ਹੋਏ ਅਜਿਹੇ ਢੰਗ ਤਰੀਕਿਆਂ ’ਤੇ ਜ਼ੋਰ ਲਗਾਉਣ ਦੀ ਲੋੜ ਹੈ ਜਿਨ੍ਹਾਂ ਨਾਲ ਪਾਣੀ ਬਚਾਇਆ ਜਾ ਸਕਦਾ ਹੋਵੇ।ਝੋਨੇ ਵਾਸਤੇ ਠੋਸ ਨੀਤੀ ਜੋ ਕਿਸਾਨਾਂ ਨਾਲ ਆਮ ਕਿਸਾਨਾਂ ਨਾਲ ਮਿੱਲ ਕੇ ਘੜੀ ਜਾਵੇ, ਨਾਲ ਹੀ ਹੌਲੀ ਹੌਲੀ ਰਕਬਾ ਘਟਾਇਆ ਜਾ ਸਕਦਾ ਹੈ।ਅੱਜ ਸਾਡੇ ਸੂਬੇ ਦੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਉਪਰਾਲੇ ਕਰਦੇ ਹੋਏ ਝੋਨੇ ਦੀ ਕੁੱਦੂ ਕਰਨ ਤੋਂ ਬਗੈਰ ਕਾਸ਼ਤ ਕਰਕੇ ਕਾਮਯਾਬੀ ਦੀ ਕਹਾਣੀ ਲਿਖ ਦਿੱਤੀ ਹੈ।
ਸਾਡੇ ਕਿਸਾਨਾਂ ਵੱਲੋਂ “ਸੁੱਕੇ ਕੁੱਦੂ” ਤੇ “ਏਐਸ ਆਰ ਫ਼ਗਵਾੜਾ ਵਿਧੀ” ਨੂੰ ਅਪਣਾ ਕੇ ਝੋਨੇ ਦੀ ਫ਼ਸਲ ਵਿਚ ਕਿਸਾਨਾਂ ਅਨੁਸਾਰ ਲਗਪਗ 50% ਤੱਕ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ। ਕਿਸਾਨਾਂ ਵੱਲੋਂ ਡਾ. ਦਲੇਰ ਸਿੰਘ ਤੇ ਅਵਤਾਰ ਸਿੰਘ ਫ਼ਗਵਾੜਾ ਵੱਲੋਂ ਸੁਝਾਈਆਂ ਤਕਨੀਕਾਂ ਨੂੰ ਅਪਣਾਇਆ ਜਾ ਰਿਹਾ ਹੈ। ਹੁਣ ਸਾਡੇ ਨੀਤੀ ਨਿਰਮਾਤਾਵਾਂ ਦਾ ਫ਼ਰਜ਼ ਬਣਦਾ ਹੈ ਕਿ ਕਿਸਾਨਾਂ ਵੱਲੋਂ ਆਪ-ਮੁਹਾਰੇ ਇਨ੍ਹਾਂ ਤਕਨੀਕਾਂ ਨੂੰ ਅਪਣਾਉਣ ਬਾਰੇ ਖੋਜ ਖ਼ਬਰ ਲਈ ਜਾਵੇੇ। ਇਹ ਵਿਗਿਆਨਿਕ ਆਧਾਰ ਮਿੱਲਣ ਨਾਲ ਕਿਸਾਨਾਂ ’ਚ ਤਕਨੀਕ ਪ੍ਰਤੀ ਭਰੋਸੇ ਦੀ ਭਾਵਨਾ ਪੈਦਾ ਹੋਵੇਗੀ ਕਿਉਂਕਿ ਕਿਸਾਨਾਂ ਵੱਲੋਂ ਸੁੱਕਾ ਕੱਦੂ ਤੇ ਏਐਸ ਆਰ ਵਿਧੀ ਅਪਣਾ ਕੇ ਕਾਮਯਾਬੀ ਨਾਲ ਝੋਨਾ ਪੈਦਾ ਕੀਤਾ ਜਾ ਰਿਹਾ ਹੈ।

  • ਡਾ. ਨਰੇਸ਼ ਕੁਮਾਰ ਗੁਲਾਟੀ,
    -ਡਾ. ਗੁਰਦੀਪ ਸਿੰਘ

Loading