
ਚੌਵੀ ਫਰਵਰੀ 2022 ਨੂੰ ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਉਹ ਜੰਗ ਹਾਲੇ ਤੱਕ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੂਜੀ ਵਾਰ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਉਨ੍ਹਾਂ ਵੱਲੋਂ ਇਹ ਜੰਗ ਸਮਾਪਤ ਕਰਵਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਇਸੇ ਤਹਿਤ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਟਰੰਪ ਦਾ ਸ਼ਾਂਤੀ ਵਾਰਤਾ ਸੱਦਾ ਸਵੀਕਾਰਨ ਤੋਂ ਬਾਅਦ ਅਲਾਸਕਾ (ਅਮਰੀਕਾ) ਦੇ ਜੁਆਇੰਟ ਬੇਸ ਐਲਮੈਡਰੋਫ ਰਿਚਰਡਸਨ ਵਿਖੇ ਦੋ ਸ਼ਕਤੀਸ਼ਾਲੀ ਦੇਸ਼ਾਂ ਦੇ ਆਗੂਆਂ ਦਰਮਿਆਨ ਇੱਕ ਸਿਖ਼ਰ ਸੰਮੇਲਨ ਪਿਛਲੇ ਦਿਨੀਂ ਹੋਇਆ।
ਇਸ ਸਾਲ 21 ਜਨਵਰੀ ਨੂੰ ਰਾਸ਼ਟਰਪਤੀ ਪਦ ਸੰਭਾਲਣ ਤੋਂ ਪਹਿਲਾਂ ਤੇ ਬਾਅਦ ਵਿੱਚ ਡੋਨਾਲਡ ਟਰੰਪ ਦਾਅਵਾ ਕਰਦੇ ਰਹੇ ਹਨ ਕਿ ਉਹ ਜਦੋਂ ਚਾਹੁਣ, ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗਬੰਦੀ 24 ਘੰਟੇ ਵਿੱਚ ਕਰਵਾ ਸਕਦੇ ਹਨ ਪਰ ਅਜਿਹਾ ਹੋ ਨਹੀਂ ਰਿਹਾ। ਰੂਸੀ ਰਾਸ਼ਟਰਪਤੀ ਪੁਤਿਨ ਪਿਛਲੇ ਲੰਬੇ ਸਮੇਂ ਤੋਂ ਵਿਸ਼ਵ ਭਾਈਚਾਰੇ ਦੇ ਸਰਮਾਏਦਾਰੀ ਖੇਮੇ ਅਤੇ ਉਸ ਦੇ ਪ੍ਰਭਾਵ ਹੇਠਲੇ ਦੇਸ਼ਾਂ ਵੱਲੋਂ ਰਾਜਨੀਤਕ, ਯੁੱਧਨੀਤਕ, ਡਿਪਲੋਮੈਟਿਕ, ਆਰਥਿਕ ਖੇਤਰਾਂ ਅਤੇ ਸੰਗਠਨਾਂ ਵਿੱਚ ਅੱਖੋਂ-ਪਰੋਖੇ ਕੀਤੇ ਜਾ ਰਹੇ ਸਨ ਪਰ ਡੋਨਾਲਡ ਟਰੰਪ ਜੋ ਆਪਣੇ ਪਹਿਲੇ ਕਾਰਜਕਾਲ (2017-2021) ਵੇਲੇ ਤੋਂ ਉਨ੍ਹਾਂ ਦੇ ਕਦਰਦਾਨ ਰਹੇ ਹਨ, ਰੂਸ ਦੀ ਜੀ-7 ਸੰਗਠਨ ਵਿੱਚ ਵਾਪਸੀ ਦੇ ਹਮਾਇਤੀ ਰਹੇ ਹਨ, ਨੇ ਆਲਮੀ ਭਾਈਚਾਰੇ ਵਿਚ ਰੂਸੀ ਮਹੱਤਤਾ ਨੂੰ ਮਾਨਤਾ ਦਿੰਦੇ ਹੋਏ ਅਲਾਸਕਾ ਸਿਖਰ ਸੰਮੇਲਨ ਵੇਲੇ ਰੈੱਡ ਕਾਰਪੈਟ ’ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਭਾਵੇਂ ਇਸ ਸਿਖਰ ਸੰਮੇਲਨ ਤੋਂ ਪਹਿਲਾਂ ਆਪਣੀ ਹਰ ਮਰਹਲੇ ’ਤੇ ਵਿਸ਼ਵ ਆਗੂਆਂ ਦੀ ਬਾਂਹ ਮਰੋੜਨ ਅਤੇ ਦਬਾਅ ਬਣਾਉਣ, ਅਮਰੀਕੀ ਥਾਣੇਦਾਰੀ ਦਾ ਰੋਹਬ ਵਿਖਾਉਣ ਦੀ ਫ਼ਿਤਰਤ ਤੋਂ ਮਜਬੂਰ ਟਰੰਪ ਨੇ ਰੂਸ-ਯੂਕ੍ਰੇਨ ਗੋਲ਼ੀਬੰਦੀ ਨਾ ਹੋਣ ਦੀ ਸੂਰਤ ਵਿੱਚ ਇਸ ਦੇ ਸੰਗੀਨ ਨਤੀਜੇ ਭੁਗਤਣ ਲਈ ਰੂਸ ਨੂੰ ਤਿਆਰ ਰਹਿਣ, ਉਸ ਵਿਰੁੱਧ ਟੈਰਿਫ ਹਥਿਆਰ ਵਰਤਣ, ਉਸ ਤੋਂ ਤੇਲ ਅਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ ਭਾਰੀ ਟੈਰਿਫ ਲਾਉਣ ਦੇ ਡਰਾਵੇ ਦਿੱਤੇ। ਪਰ ਇੱਕ ਮਹਾਸ਼ਕਤੀ ਅਤੇ ਉਸ ਦੇ ਆਗੂ ਵੱਲੋਂ ਦੂਸਰੀ ਵੱਡੀ ਸ਼ਕਤੀ ਅਤੇ ਉਸ ਦੇ ਸਥਾਪਤ ਨਾਮਵਰ ਆਗੂ ਨੂੰ ਕਿਵੇਂ ਬਰਾਬਰੀ ਭਰਿਆ ਸਨਮਾਨ ਦੇਣਾ ਹੈ, ਉਸ ਤੋਂ ਟਰੰਪ ਭਲੀਭਾਂਤ ਵਾਕਿਫ ਹਨ। ਉਨ੍ਹਾਂ ਨੇ ਇਸ ਇਤਿਹਾਸਕ ਮੌਕੇ ’ਤੇ ਪੁਤਿਨ ਦੀ ਨਿੱਘੀ ਆਉ-ਭਗਤ ਕੀਤੀ ਤੇ ਆਪਣੀ ਲਿਮੋ ’ਚ ਨਾਲ ਬਿਠਾ ਕੇ ਸੰਮੇਲਨ ਵਾਲੇ ਸਥਾਨ ’ਤੇ ਲੈ ਕੇ ਗਏ।
ਦੋਹਾਂ ਨੇਤਾਵਾਂ ਦਰਮਿਆਨ ਆਪਣੇ ਸਹਿਯੋਗੀਆਂ ਅਤੇ ਇਕੱਲੇ ਤਕਰੀਬਨ ਸਾਢੇ ਤਿੰਨ ਘੰਟੇ ਗੱਲਬਾਤ ਚੱਲੀ ਪਰ ਇਹ ਸ਼ਾਂਤੀ ਵਾਰਤਾ ਅੰਜਾਮ ਤੱਕ ਨਾ ਪਹੁੰਚ ਸਕੀ ਭਾਵੇਂ ਕਿ ਪੂਰੇ ਵਿਸ਼ਵ ਨੇ ਨਜ਼ਰਾਂ ਇਸ ’ਤੇ ਗੱਡੀਆਂ ਹੋਈਆਂ ਸਨ। ਗੱਲਬਾਤ ਦੌਰਾਨ ਦੋਹਾਂ ਆਗੂਆਂ ਵਿੱਚ ਆਪਸੀ ਸਮਝਦਾਰੀ, ਸਨਮਾਨ, ਮਿਆਰ ਤੇ ਸਹਿਯੋਗ ਭਰਿਆ ਨਿੱਘ ਕਾਇਮ ਰਿਹਾ। ਪੁਤਿਨ ਵ੍ਹਾਈਟ ਹਾਊਸ ਵਿਖੇ ਜਾਰਡਨ ਦੇ ਸ਼ਾਹ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਅਫ਼ਰੀਕੀ ਰਾਸ਼ਟਰਪਤੀ ਰਾਮਫੋਸਾ, ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਦਿ ਵਰਗੇ ਆਗੂ ਨਹੀਂ ਸਨ ਕਿ ਗੱਲਬਾਤ ਸਿਰੇ ਨਾ ਚੜ੍ਹਨ ਜਾਂ ਟਕਰਾਅ ਪੈਦਾ ਹੋਣ ’ਤੇ ਟਰੰਪ ਅਵਾ-ਤਵਾ ਬੋਲਣ ’ਤੇ ਉਤਰ ਜਾਂਦਾ। ਰੂਸ-ਯੂਕ੍ਰੇਨ ਸ਼ਾਂਤੀ ਵਾਰਤਾ ਅਸਫਲ ਹੋਣ ਦੇ ਬਾਵਜੂਦ ਦੋਹਾਂ ਆਗੂਆਂ ਵਿੱਚ ਆਪਸੀ ਵਿਸ਼ਵਾਸ ਕਾਇਮ ਰਿਹਾ।
ਪੁਤਿਨ ਨੇ ਵਾਪਸੀ ਕਰਦੇ ਸਮੇਂ ਜਹਾਜ਼ ’ਤੇ ਚੜ੍ਹਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਅੰਗਰੇਜ਼ੀ ਵਿੱਚ ਕਿਹਾ ‘ਅਗਲੀ ਵਾਰ ਮਾਸਕੋ ਵਿੱਚ।’ ਜਦੋਂ ਟਰੰਪ ਨੂੰ ਇਸ ਸਕਾਰਾਤਮਕ ਸੰਕੇਤ ਦਾ ਪਤਾ ਲੱਗਾ ਤਾਂ ਉਸ ਦਾ ਪ੍ਰਤੀਕਰਮ ਸੀ, ‘‘ਇਹ ਬਹੁਤ ਦਿਲਚਸਪ ਹੈ। ਮੈਨੂੰ ਇਸ ਬਾਰੇ ਪਤਾ ਨਹੀਂ। ਮੈਨੂੰ ਆਸ ਸੀ ਕਿ ਇੰਝ ਹੋਵੇਗਾ। ਧੰਨਵਾਦ ਵਲਾਦੀਮੀਰ।’’ ਇਸ ਸਿਖਰ ਸੰਮੇਲਨ ਦੀ ਰੌਚਕਤਾ ਅਤੇ ਵਡੱਪਣ ਇਹ ਰਿਹਾ ਕਿ ਗੱਲਬਾਤ ਬੇਨਤੀਜਾ ਰਹਿਣ ਦੇ ਬਾਵਜੂਦ ਦੋਹਾਂ ਆਗੂਆਂ ਦਾ ਵਤੀਰਾ, ਭਾਸ਼ਾ ਅਤੇ ਸੋਚ ਰਚਨਾਤਮਕ ਰਹੇ। ਟਰੰਪ ਨੇ ਇਸ ਗੱਲਬਾਤ ਨੂੰ ‘ਬਹੁਤ ਲਾਭਕਾਰੀ’ ਦਰਸਾਇਆ।
ਟਰੰਪ ਨੂੰ ਇਸ ਮੌਕੇ ਅਸਹਿਜ ਅਤੇ ਅਸੁਭਾਵਿਕ ਅਵਸਥਾ ਵਿੱਚ ਵੇਖਿਆ ਗਿਆ। ਉਸ ਨੇ ਮੰਨਿਆ ਕਿ ਸ਼ਾਂਤੀ ਸਬੰਧੀ ਕੋਈ ਸਮਝੌਤਾ ਸਿਰੇ ਨਹੀਂ ਚੜਿ੍ਹਆ। ਉਸ ਨੇ ਅੰਦਰੂਨੀ ਘੁੰਡੀਆਂ ਖੋਲ੍ਹਣ ਤੋਂ ਬਗੈਰ ਕਿਹਾ ਕਿ ਦੋਹਾਂ ਧਿਰਾਂ ਵਿੱਚ ਕਾਫ਼ੀ ਨੁਕਤਿਆਂ ’ਤੇ ਸਹਿਮਤੀ ਬਣੀ ਹੈ ਪਰ ਪ੍ਰਮੁੱਖ ਮਹੱਤਵਪੂਰਨ ਮੁੱਦੇ ਗੱਲਬਾਤ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕੇ। ਉਕਤ ਬੈਠਕ ਤੋਂ ਬਾਅਦ ਟਰੰਪ ਨੇ ਯੂਰਪੀ ਨੇਤਾਵਾਂ ਅਤੇ ਯੂਕ੍ਰੇਨੀ ਆਗੂ ਜ਼ੇਲੈਂਸਕੀ ਨਾਲ ਮੁਲਾਕਾਤ ਕੀਤੀ। ਜ਼ੇਲੈਂਸਕੀ ਉਨ੍ਹਾਂ ਨੂੰ ਵ੍ਹਾਈਟ ਹਾਊਸ ’ਚ ਮਿਲਣ ਆਏ।
ਦੂਸਰੇ ਪਾਸੇ ਪੁਤਿਨ ਨੇ ਟਰੰਪ ਵੱਲੋਂ ਗੱਲਬਾਤ ਦੀ ਪਹਿਲ ਕਰਨ ’ਤੇ ਉਸ ਦੀ ਸ਼ਲਾਘਾ ਕੀਤੀ। ਦੋਹਾਂ ਦੇਸ਼ਾਂ ਦੇ ਆਪਸੀ ਸਬੰਧ ਜੋ ‘ਠੰਡੀ ਜੰਗ’ ਤੋਂ ਬਾਅਦ ਬਹੁਤ ਨੀਵੇਂ ਪੱਧਰ ’ਤੇ ਡਿੱਗ ਪਏ ਸਨ, ਮੁੜ ਤੋਂ ਸਨਮਾਨਜਨਕ ਢੰਗ ਨਾਲ ਦੁਰਸਤ ਕਰਨ ਅਤੇ ਉੱਪਰ ਉਠਾਉਣ ਵਿੱਚ ਇਸ ਸੰਮੇਲਨ ਨੇ ਇਤਿਹਾਸਕ ਭੂਮਿਕਾ ਨਿਭਾਈ ਹੈ। ਦਿੜ੍ਹਤਾ, ਦਲੇਰੀ ਅਤੇ ਬਗੈਰ ਕਿਸੇ ਝਿਜਕ ਦੇ ਪੁਤਿਨ ਨੇ ਪੁਰਾਣੇ ਦੋਸ਼ ਦੁਹਰਾਏ। ਉਸ ਨੇ ਇਸ ਜੰਗ ਲਈ ਅਮਰੀਕਾ ਦੇ ਜੋਅ ਬਾਇਡੇਨ ਪ੍ਰਸ਼ਾਸਨ, ਨਾਟੋ ਤੇ ਪੱਛਮੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ। ਟਰੰਪ ਨੂੰ ਆਸ ਸੀ ਕਿ ਦੁਵੱਲੀ ਗੱਲਬਾਤ ਸਿਰੇ ਚੜ੍ਹ ਜਾਵੇਗੀ। ਇਸ ਲਈ ਵੱਡੀ ਤਾਮ-ਝਾਮ ਵਾਲੀ ਪ੍ਰੈੱਸ ਕਾਨਫਰੰਸ ਦਾ ਪ੍ਰਬੰਧ ਕੀਤਾ ਹੋਇਆ ਸੀ ਪਰ ਗੱਲਬਾਤ ਬੇਸਿੱਟਾ ਹੋਣ ਕਰਕੇ ਦੋਵੇਂ ਆਗੂ ਸਿਰਫ਼ 12 ਮਿੰਟ ਬੋਲੇ। ਉਨ੍ਹਾਂ ਕੋਈ ਪ੍ਰਸ਼ਨ ਨਹੀਂ ਲਏ ਤੇ ਆਪੋ-ਆਪਣੇ ਸੰਖੇਪ ਬਿਆਨ ਪੜ੍ਹ ਕੇ ਚੱਲਦੇ ਬਣੇ।
ਟਰੰਪ ਜੋ ਗੋਲ਼ੀਬੰਦੀ ਲਈ ਤਿਆਰੀ ਕਰ ਕੇ ਆਇਆ ਸੀ, ਨੇ ਉੱਥੇ ਪਹੁੰਚਦੇ ਹੀ ਇਸ ਨੂੰ ਸ਼ਾਂਤੀ ਵਾਰਤਾ ਵਿੱਚ ਬਦਲ ਦਿੱਤਾ ਜਦਕਿ ਇਸ ਮਕਸਦ ਲਈ ਤਿਆਰੀ ਨਹੀਂ ਸੀ ਕੀਤੀ ਗਈ। ਪੁਤਿਨ ਨੇ ਯੂਕ੍ਰੇਨ ਦੇ ਜਿੱਤੇ ਚਾਰ ਖੇਤਰ ਲੁਹਾਂਸਕ, ਡੋਨਸਕ, ਜੈਪਾਰਿਜ਼ਜ਼ੀਆ ਅਤੇ ਖੇਰਸਨ ਛੱਡਣ ਤੋਂ ਨਾਂਹ ਕਰ ਦਿੱਤੀ। ਉਸ ਨੇ ਸ਼ਾਂਤੀ ਵਾਰਤਾ ਵਿੱਚ ਅੜਿੱਕਾ ਨਾਟੋ, ਪੱਛਮੀ ਦੇਸ਼ਾਂ ਅਤੇ ਯੂਕ੍ਰੇਨ ਨੂੰ ਗਰਦਾਨਿਆ।
ਪੁਤਿਨ ਨੇ ਕਿਹਾ ਕਿ ਉਹ ਕਿਸੇ ਵੀ ਸੂਰਤ ਵਿੱਚ ਨਾਟੋ ਸੰਗਠਨ ਅਤੇ ਪੱਛਮੀ ਦੇਸ਼ਾਂ ਨੂੰ ਯੂਕ੍ਰੇਨ ਦੀ ਆੜ ਵਿੱਚ ਸਿਰ ’ਤੇ ਨਹੀਂ ਬੈਠਣ ਦੇਵੇਗਾ। ਡੋਨਾਲਡ ਟਰੰਪ ਇਸ ਖਿੱਤੇ ਵਿੱਚ ਰੂਸ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਸਮਝਦਾ ਹੈ। ਮਾਈਕਲ ਬੁੱਕੀਉਰਕੀਵ ਜੋ ਆਲਮੀ ਮਾਮਲਿਆਂ ਦੇ ਵਿਸ਼ਲੇਸ਼ਕ ਹਨ, ਨੇ ਖ਼ੂਬਸੂਰਤ ਅੰਦਾਜ਼ ਵਿੱਚ ਕਿਹਾ ਕਿ ਇਸ ਸੰਮੇਲਨ ਦੀ ਸ਼ੁਰੂ ਤੋਂ ਲੈ ਕੇ ਆਖ਼ਰ ਤੱਕ ਸਾਰੀ ਪਟਕਥਾ ਕ੍ਰੈਮਲਿਨ ਦੁਆਰਾ ਲਿਖੀ ਗਈ, ਸਮੇਤ ਪ੍ਰੈੱਸ ਕਾਨਫਰੰਸ ਦੇ। ਇੱਕ ਪਾਸੇ ਗੱਲਬਾਤ ਹੁੰਦੀ ਰਹੀ, ਦੂਸਰੇ ਪਾਸੇ ਸਾਰਾ ਦਿਨ ਯੂਕ੍ਰੇਨ ਵਿੱਚ ਜੰਗ ਜਾਰੀ ਰਹੀ।
ਟਰੰਪ ਯੂਕ੍ਰੇਨ ਦਾ ਕੋਰੀਆਕਰਨ ਕਰਨਾ ਚਾਹੁੰਦਾ ਹੈ। ਕੋਰੀਆਈ ਜੰਗ ਸੰਨ 1953 ਵਿੱਚ ਬਗੈਰ ਕਿਸੇ ਸਮਝੌਤੇ ਦੇ ਖ਼ਤਮ ਹੋ ਗਈ ਸੀ। ਇਹ ਮਸਲਾ ਬਰਫ ਵਾਂਗ ਜੰਮਿਆ ਪਿਆ ਹੈ। ਟਰੰਪ ਯੂਕ੍ਰੇਨ ਨੂੰ ਵੀ ਜੰਮੀ ਬਰਫ ਮੁੱਦੇ ਵਾਂਗ ਬਗੈਰ ਸਮਝੌਤੇ ਦੇ ਸ਼ਾਂਤੀ ਚਾਹੁੰਦਾ ਹੈ। ਅਮਰੀਕਾ ਯੂਰਪ ਵਿੱਚੋਂ ਨਿਕਲਣਾ ਚਾਹੁੰਦਾ ਹੈ, ਭਾਵੇਂ ਪਰਮਾਣੂ ਛਤਰੀ ਕਾਇਮ ਰੱਖੇ। ਰੂਸੀ ਇਤਿਹਾਸਕਾਰ ਸਟੀਫਨ ਕੋਟਕਿਨ ਨੇ ਸੰਨ 2016 ਵਿੱਚ ਲਿਖਿਆ ਸੀ ਕਿ ਉਹ ਦਿਨ ਦੂਰ ਨਹੀਂ ਜਦੋਂ ਯੂਰਪ ਰੂਸ ਨਾਲ ਸਬੰਧ ਸੁਧਾਰ ਲਵੇ ਅਤੇ ਪੂਰੇ ਯੂਰੇਸ਼ੀਆ ਵਿੱਚ ਦਬਦਬਾ ਕਾਇਮ ਕਰ ਲਵੇ।
ਇਸ ਸਮੇਂ ਯੂਰਪੀ ਦੇਸ਼ ਚਾਹੁੰਦੇ ਹਨ ਕਿ ਟਰੰਪ ਯੂਰਪ ਬਾਰੇ ਉਸ ਦੀ ਸਹਿਮਤੀ ਅਤੇ ਯੂਕ੍ਰੇਨ ਬਾਰੇ ਉਸ ਦੀ ਸਹਿਮਤੀ ਅਤੇ ਗੱਲਬਾਤ ਵਿੱਚ ਸ਼ਮੂਲੀਅਤ ਬਗੈਰ ਕੋਈ ਫ਼ੈਸਲਾ ਨਾ ਕਰੇ। ਇਟਲੀ ਦੀ ਪ੍ਰਧਾਨ ਮੰਤਰੀ ਮੈਲੋਨੀ ਚਾਹੁੰਦੀ ਹੈ ਕਿ ਨਾਟੋ ਸੰਗਠਨ ਦੀ ਧਾਰਾ 5 ਅਨੁਸਾਰ ਸਾਰੇ ਨਾਟੋ ਦੇਸ਼ ਯੂਕਰੇਨ ਦੀ ਰਾਖੀ ਕਰਨ। ਇਸੇ ਤੋਂ ਤਾਂ ਪੁਤਿਨ ਨੂੰ ਪੱਛਮੀ ਅਤੇ ਨਾਟੋ ਦੇਸ਼ਾਂ ਨਾਲ ਚਿੜ ਹੈ। ਅਮਰੀਕਾ ਯੂਕਰੇਨ ਵਿਚ ਫਸਣਾ ਨਹੀਂ ਚਾਹੁੰਦਾ।
ਇਸ ਸਮੇਂ ਤਾਇਵਾਨ ਦਾ ਮਸਲਾ ਤੇਜ਼ੀ ਨਾਲ ਉੱਭਰ ਰਿਹਾ ਹੈ। ਸੋ, ਅਮਰੀਕਾ ਰੂਸ ਨਾਲ ਚੰਗੇ ਸਬੰਧ ਚਾਹੁੰਦਾ ਹੈ। ਗੱਲਬਾਤ ਸਮੇਂ ਵਪਾਰ, ਤਕਨੀਕ ਅਤੇ ਪੁਲਾੜ ਦੇ ਮੁੱਦੇ ਵੀ ਉੱਠੇ ਸਨ ਪਰ ਅਮਰੀਕਾ ਦੀ ਤਰਜੀਹ ਯੂਕ੍ਰੇਨ ’ਚ ਸ਼ਾਂਤੀ ਸਥਾਪਨਾ ਸੀ। ਪੁਤਿਨ ਨੇ ਟਰੰਪ ਨੂੰ ਦੱਸਿਆ ਕਿ ਸੰਨ 2020 ਦੀਆਂ ਚੋਣਾਂ ਬਾਇਡੇਨ ਨੇ ਹੇਰਾਫੇਰੀ ਕਰ ਕੇ ਜਿੱਤੀਆਂ ਸਨ। ਜੇ ਟਰੰਪ ਜਿੱਤ ਜਾਂਦਾ ਤਾਂ ਯੂਕ੍ਰੇਨ ਜੰਗ ਕਦੇ ਵੀ ਨਹੀਂ ਸੀ ਹੋਣੀ।
ਸਾਰੇ ਪੁਆੜੇ ਦੀ ਜੜ੍ਹ ਉਹੀ ਸਨ। ਕਰਿਸ ਉਲਰਿਚ ਵਿਵਹਾਰਕ ਦਿਸ਼ਾ ਮਾਹਿਰ ਦਾ ਮੰਨਣਾ ਹੈ ਕਿ ਇਸ ਗੱਲਬਾਤ ਵਿੱਚ ਟਰੰਪ ਦਾ ਵਤੀਰਾ ਮਿੱਤਰਤਾਪੂਰਵਕ, ਸਰੀਰਕ ਭਾਸ਼ਾ ਦਿਲੋਂ ਜੋੜਨ ਵਾਲੀ, ਹਾਸੇ, ਮੁਸਕਰਾਹਟਾਂ, ਅੱਖਾਂ ਵਿੱਚ ਅੱਖਾਂ ਪਾ ਕੇ ਤੱਕਣੀਆਂ, ਬਰਾਬਰੀ ਭਰੇ ਹਾਵ-ਭਾਵ ਭਵਿੱਖ ਵਿੱਚ ਰੂਸ ਨਾਲ ਨਿੱਘੇ ਸਬੰਧਾਂ ਦੀ ਆਹਟ ਦੇ ਰਹੇ ਸਨ। ਟਰੰਪ ਵੱਲੋਂ ਇਸ ਸੰਮੇਲਨ ਨੂੰ 10 ਵਿੱਚੋਂ 10 ਨੰਬਰ ਦੇਣਾ ਦੋਹਾਂ ਆਗੂਆਂ ਵਿੱਚ ਅੰਦਰਖਾਤੇ ਸਮਝੌਤੇ ’ਤੇ ਮੁਹਰ ਦਾ ਸਪਸ਼ਟ ਸੰਕੇਤ ਨਹੀਂ ਤਾਂ ਹੋਰ ਕੀ ਹੈ? ਨੇੜ ਭਵਿੱਖ ਵਿੱਚ ਰੂਸ-ਯੂਕ੍ਰੇਨ ਸ਼ਾਂਤੀ ਦੀ ਕਾਮਨਾ ਕੀਤੀ ਜਾਣੀ ਚਾਹੀਦੀ ਹੈ।
-ਦਰਬਾਰਾ ਸਿੰਘ ਕਾਹਲੋਂ