ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਵਿਰੋਧੀ ਧਿਰ ਦੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਕਥਿਤ ਤੌਰ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਵਿਵਾਦਤ ਟਿੱਪਣੀ ਨੇ ਨਾ ਸਿਰਫ਼ ਦਿੱਲੀ ਬਲਕਿ ਪੰਜਾਬ ਵਿੱਚ ਵੀ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਹ ਮਾਮਲਾ 6 ਜਨਵਰੀ ਨੂੰ ਸ਼ੁਰੂ ਹੋਇਆ ਅਤੇ ਹੁਣ ਇਸ ਨੇ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਪੁਲਿਸ ਨੂੰ ਨੋਟਿਸ ਜਾਰੀ ਕਰਨ ਤੱਕ ਪਹੁੰਚ ਗਿਆ ਹੈ। ਵਿਰੋਧੀ ਪਾਰਟੀਆਂ ਜਿਵੇਂ ਭਾਰਤੀ ਜਨਤਾ ਪਾਰਟੀ (ਭਾਜਪਾ), ਸ਼੍ਰੋਮਣੀ ਅਕਾਲੀ ਦਲ (ਬਾਦਲ ਦਲ), ਕਾਂਗਰਸ ਅਤੇ ਪੰਥਕ ਆਗੂ ਇਸ ਨੂੰ ਗੁਰੂ ਸਾਹਿਬਾਨ ਦਾ ਅਪਮਾਨ ਦੱਸ ਰਹੇ ਹਨ, ਜਦਕਿ ‘ਆਪ’ ਨੇ ਇਸ ਨੂੰ ਭਾਜਪਾ ਦੀ ਸਾਜਿਸ਼ ਅਤੇ ਫੇਕ ਵੀਡੀਓ ਨਾਲ ਜੋੜ ਕੇ ਖਾਰਜ ਕੀਤਾ ਹੈ।
ਇਹ ਵਿਵਾਦ ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੌਰਾਨ 6 ਜਨਵਰੀ 2026 ਨੂੰ ਸ਼ੁਰੂ ਹੋਇਆ ਸੀ। ਵਿਧਾਨ ਸਭਾ ਦੇ ਫੇਸਬੁੱਕ ਪੇਜ ਉੱਤੇ ਲਾਈਵ ਪ੍ਰਸਾਰਣ ਅਨੁਸਾਰ, ਸਪੀਕਰ ਵਿਜੇਂਦਰ ਗੁਪਤਾ ਨੇ ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦ ਭਾਸ਼ਣ ਦੇਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਆਪ ਵੱਲੋਂ ਪ੍ਰਦੂਸ਼ਣ ਦੇ ਮੁੱਦੇ ਉੱਤੇ ਚਰਚਾ ਦੀ ਮੰਗ ਕੀਤੀ ਗਈ। ਇਸ ਨੂੰ ਲੈ ਕੇ ਸਦਨ ਵਿੱਚ ਬਹਿਸ ਸ਼ੁਰੂ ਹੋ ਗਈ ਅਤੇ ਸਪੀਕਰ ਨੇ ਕਿਹਾ ਕਿ ਚਰਚਾ ਅਗਲੇ ਦਿਨ ਹੋਵੇਗੀ।
ਇਸੇ ਵਿਚਕਾਰ ਭਾਜਪਾ ਆਗੂ ਅਤੇ ਦਿੱਲੀ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਤਿਸ਼ੀ ਉਪਰ ਗੁਰੂਆਂ ਬਾਰੇ ਅਜਿਹੇ ਸ਼ਬਦ ਵਰਤਣ ਦਾ ਇਲਜ਼ਾਮ ਲਾਇਆ ਜੋ ਅਪਮਾਨਜਨਕ ਸਨ। ਹਾਲਾਂਕਿ ਲਾਈਵ ਪ੍ਰਸਾਰਣ ਵਿੱਚ ਆਵਾਜ਼ ਸਪਸ਼ਟ ਨਹੀਂ ਸੀ ਅਤੇ ਮਾਈਕ ਬੰਦ ਜਾਪਦੇ ਸਨ। ਆਤਿਸ਼ੀ ਅਤੇ ਸਿਰਸਾ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਬੋਲ ਰਹੇ ਸਨ। ਇਸ ਨੇ ਸਦਨ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਕਾਰਵਾਈ ਮੁਅੱਤਲ ਕਰਨੀ ਪਈ।
ਭਾਜਪਾ ਨੇ ਦਾਅਵਾ ਕੀਤਾ ਕਿ ਆਤਿਸ਼ੀ ਨੇ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕਰਦਿਆਂ ਅਜਿਹੇ ਸ਼ਬਦ ਵਰਤੇ ਜੋ ਅਪਮਾਨਜਨਕ ਹਨ ਅਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ। ਮਨਜਿੰਦਰ ਸਿਰਸਾ ਨੇ ਆਪਣੇ ਐਕਸ ਅਕਾਊਂਟ ਉੱਤੇ ਵਿਧਾਨ ਸਭਾ ਕਾਰਵਾਈ ਦੀ ਵੀਡੀਓ ਪਾ ਕੇ ਇਲਜ਼ਾਮ ਲਾਏ ਅਤੇ ਕਿਹਾ, ‘ਆਤਿਸ਼ੀ ਨੇ ਗੁਰੂ ਤੇਗ ਬਹਾਦਰ ਬਾਰੇ ਬਹੁਤ ਅਪਮਾਨਜਨਕ ਭਾਸ਼ਾ ਵਰਤੀ ਹੈ, ਜੋ ਅੱਜ ਤੱਕ ਕਦੇ ਨਹੀਂ ਵਰਤੀ ਗਈ।’ ਉਨ੍ਹਾਂ ਨੇ ਸਪੀਕਰ ਨੂੰ ਪੱਤਰ ਲਿਖ ਕੇ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕਰਨ, ਮੈਂਬਰਸ਼ਿਪ ਰੱਦ ਕਰਨ ਅਤੇ ਜੇਲ੍ਹ ਭੇਜਣ ਦੀ ਮੰਗ ਕੀਤੀ।
ਹਾਲਾਂਕਿ ਆਤਿਸ਼ੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ। ਉਨ੍ਹਾਂ ਨੇ ਐਕਸ ਉੱਤੇ ਵੀਡੀਓ ਪਾ ਕੇ ਲਿਖਿਆ ਕਿ ਉਹ ਪ੍ਰਦੂਸ਼ਣ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ ’ਤੇ ਗੱਲ ਕਰ ਰਹੀ ਸੀ। ਵੀਡੀਓ ਵਿੱਚ, ਮੈਂ ਭਾਜਪਾ ਵੱਲੋਂ ਪ੍ਰਦੂਸ਼ਣ ’ਤੇ ਚਰਚਾ ਕਰਨ ਤੋਂ ਬਚਣ ਅਤੇ ਅਵਾਰਾ ਕੁੱਤਿਆਂ ਦੇ ਮੁੱਦੇ ’ਤੇ ਹੋਏ ਪ੍ਰਦਰਸ਼ਨ ਦੀ ਗੱਲ ਕੀਤੀ ਸੀ ‘ਤਾਂ, ਤੁਸੀਂ ਕਰੋ ਨਾ ਚਰਚਾ ਕਿਉਂ ਸਵੇਰ ਤੋਂ ਭੱਜ ਰਹੇ ਹੋ, ਤੁਸੀਂ ਕਹਿ ਰਹੇ ਹੋ, ਕੁੱਤਿਆਂ ਦਾ ਸਤਿਕਾਰ ਕਰੋ !’ ਉਨ੍ਹਾਂ ਨੇ ਭਾਜਪਾ ਉੱਤੇ ਨਫ਼ਰਤ ਫੈਲਾਉਣ ਅਤੇ ਗੁਰੂ ਜੀ ਦਾ ਨਾਮ ਝੂਠੇ ਢੰਗ ਨਾਲ ਖਿੱਚਣ ਦਾ ਇਲਜ਼ਾਮ ਲਾਇਆ। ਆਤਿਸ਼ੀ ਨੇ ਕਿਹਾ, ‘ਮੈਂ ਇੱਕ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਪੀੜ੍ਹੀਆਂ ਤੋਂ ਵੱਡੇ ਪੁੱਤਰ ਨੇ ਸਿੱਖ ਧਰਮ ਅਪਣਾਇਆ ਹੈ। ਮੈਂ ਆਪਣੀ ਜਾਨ ਦੇ ਸਕਦੀ ਹਾਂ ਪਰ ਮੈਂ ਗੁਰੂ ਸਾਹਿਬ ਦਾ ਅਪਮਾਨ ਨਹੀਂ ਕਰ ਸਕਦੀ।’
ਇਸ ਵਿਵਾਦ ਨੇ ਜਲਦੀ ਹੀ ਪੰਜਾਬ ਵਿੱਚ ਪੈਰ ਪਸਾਰ ਲਏ।
9 ਜਨਵਰੀ ਨੂੰ ਪੰਜਾਬ ਪੁਲਿਸ ਨੇ ਇਕਬਾਲ ਸਿੰਘ ਨਾਮ ਦੇ ਵਿਅਕਤੀ ਦੀ ਸ਼ਿਕਾਇਤ ਉੱਤੇ ਭਾਜਪਾ ਆਗੂ ਕਪਿਲ ਮਿਸ਼ਰਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ। ਪੁਲਿਸ ਨੇ ਦੱਸਿਆ ਕਿ ਵੀਡੀਓ ਦੀ ਫੌਰੈਂਸਿਕ ਜਾਂਚ ਵਿੱਚ ਪਤਾ ਚੱਲਿਆ ਕਿ ਆਤਿਸ਼ੀ ਨੇ ਕਿਤੇ ਵੀ ‘ਗੁਰੂ’ ਸ਼ਬਦ ਨਹੀਂ ਵਰਤਿਆ। ਇਸ ਨੇ ਮਾਮਲੇ ਨੂੰ ਨਵਾਂ ਮੋੜ ਦਿੱਤਾ ਅਤੇ ਦਿੱਲੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਨੂੰ ਵਿਧਾਨ ਸਭਾ ਦੇ ਅਧਿਕਾਰਾਂ ਦੀ ਉਲੰਘਣਾ ਦੱਸ ਕੇ ਪੰਜਾਬ ਪੁਲਿਸ ਦੇ ਡੀਜੀਪੀ, ਸਪੈਸ਼ਲ ਡੀਜੀਪੀ ਸਾਈਬਰ ਕ੍ਰਾਈਮ ਅਤੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ। ਗੁਪਤਾ ਨੇ ਕਿਹਾ, ‘ਇਹ ਵੀਡੀਓ ਸਦਨ ਦੀ ਜਾਇਦਾਦ ਹੈ ਅਤੇ ਇਸ ਦੇ ਆਧਾਰ ’ਤੇ ਐੱਫ.ਆਈ.ਆਰ. ਦਰਜ ਕਰਨਾ ਗੰਭੀਰ ਮਾਮਲਾ ਹੈ।’ ਉਨ੍ਹਾਂ ਨੇ ਵੀਡੀਓ ਨੂੰ ਫੌਰੈਂਸਿਕ ਜਾਂਚ ਲਈ ਭੇਜ ਦਿੱਤਾ ਅਤੇ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਸੌਂਪ ਦਿੱਤਾ।
ਇਸ ਨੋਟਿਸ ਨੇ ਪੰਜਾਬ ਅਤੇ ਦਿੱਲੀ ਵਿਚਕਾਰ ਅੰਤਰ-ਰਾਜੀ ਵਿਵਾਦ ਨੂੰ ਜਨਮ ਦਿੱਤਾ। ਗੁਪਤਾ ਨੇ ਕਿਹਾ, ‘ਜਦੋਂ ਅਸੀਂ ਜਾਂਚ ਲਈ ਭੇਜ ਦਿੱਤਾ ਤਾਂ ਪੰਜਾਬ ਵਿੱਚ ਅਜਿਹਾ ਕਰਨ ਦੀ ਕੀ ਲੋੜ ਸੀ?’ ਇਸ ਨੇ ਸਿਆਸਤ ਨੂੰ ਗਰਮਾਇਆ ਕਿਉਂਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਹੈ ਅਤੇ ਭਾਜਪਾ ਇਸ ਨੂੰ ਸਿਆਸੀ ਬਦਲਾਖੋਰੀ ਵਜੋਂ ਵੇਖ ਰਹੀ ਹੈ।
ਇਹ ਵਿਵਾਦ ਕੇਵਲ ਇੱਕ ਟਿੱਪਣੀ ਤੱਕ ਸੀਮਤ ਨਹੀਂ ਰਿਹਾ ਬਲਕਿ ਇਸ ਨੇ ਪੰਜਾਬ ਦੀ ਸਿਆਸਤ ਨੂੰ ਵੀ ਭਖਾ ਦਿੱਤਾ ਹੈ। ਪੰਜਾਬ ਵਿੱਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਮਾਮਲੇ ਹਮੇਸ਼ਾ ਸਿਆਸੀ ਲਾਭ ਲਈ ਵਰਤੇ ਜਾਂਦੇ ਹਨ। ਭਾਜਪਾ ਨੇ ਆਪ ਨੂੰ ਸਿੱਖ ਵਿਰੋਧੀ ਦੱਸ ਕੇ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਵੀ ਇਸ ਨੂੰ ਮੌਕਾ ਵਜੋਂ ਵੇਖਿਆ ਹੈ ਕਿਉਂਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨੂੰ ਘੇਰਨ ਲਈ ਧਾਰਮਿਕ ਮੁੱਦੇ ਅਹਿਮ ਹਨ।
ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਭਾਜਪਾ ਦੀ ਸਾਜਿਸ਼ ਕਿਹਾ ਅਤੇ ਕਿਹਾ, ‘ਭਾਜਪਾ ਨੇ ਫਰਜ਼ੀ ਵੀਡੀਓ ਵਿੱਚ ਗੁਰੂਆਂ ਦਾ ਨਾਮ ਜੋੜ ਕੇ ਬੇਅਦਬੀ ਕੀਤੀ ਹੈ। ਇਹ ਫਿਰਕੂ ਹਿੰਸਾ ਭੜਕਾਉਣ ਦੀ ਘਟੀਆ ਸਾਜਿਸ਼ ਹੈ।’ ਉਨ੍ਹਾਂ ਨੇ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੂੰ ਰਲੇਮਿਲੇ ਦੱਸ ਕੇ ਤੰਜ ਕੱਸਿਆ। ਇਸ ਨੇ ਵਿਰੋਧੀ ਪਾਰਟੀਆਂ ਨੂੰ ਹੋਰ ਭੜਕਾਇਆ ਅਤੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ।
‘ਆਪ’ ਨੇ ਇਸ ਨੂੰ ਭਾਜਪਾ ਦੀ ਸਾਜਿਸ਼ ਕਿਹਾ ਅਤੇ ਵੀਡੀਓ ਨੂੰ ਫੇਕ ਦੱਸਿਆ। ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ‘ਭਾਜਪਾ ਨੇ ਵੀਡੀਓ ਨਾਲ ਛੇੜਛਾੜ ਕੀਤੀ ਹੈ। ਫੌਰੈਂਸਿਕ ਜਾਂਚ ਵਿੱਚ ਸਾਬਤ ਹੋਇਆ ਕਿ ਆਤਿਸ਼ੀ ਨੇ ਗੁਰੂ ਜੀ ਦਾ ਨਾਮ ਨਹੀਂ ਲਿਆ। ਇਹ ਆਪ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ।’ ਉਨ੍ਹਾਂ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਨਿੰਦਿਆ ਅਤੇ ਕਿਹਾ ਕਿ ਸੁਖਬੀਰ ਬਾਦਲ, ਖਹਿਰਾ ਅਤੇ ਪਰਗਟ ਸਿੰਘ ਨੇ ਫੇਕ ਵੀਡੀਓ ਸਾਂਝੀ ਕੀਤੀ। ਆਪ ਨੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਅਤੇ ਵਿਰੋਧੀਆਂ ਨੂੰ ਫਿਰਕੂ ਸਿਆਸਤ ਕਰਨ ਵਾਲੇ ਦੱਸਿਆ।
ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ, ‘ਇਹ ਯੋਜਨਾਬੱਧ ਜਾਅਲੀ ਖ਼ਬਰਾਂ ਦੀ ਫੈਕਟਰੀ ਹੈ। ਵੀਡੀਓ ਨੂੰ ਕੱਟ ਕੇ ਝੂਠ ਘੜਿਆ ਗਿਆ ਹੈ।’
ਇਹ ਵਿਵਾਦ ਦਰਸਾਉਂਦਾ ਹੈ ਕਿ ਧਾਰਮਿਕ ਮੁੱਦੇ ਸਿਆਸੀ ਲਾਭ ਲਈ ਕਿਵੇਂ ਵਰਤੇ ਜਾਂਦੇ ਹਨ। ਪੂਰਾ ਮਾਮਲਾ ਅਜੇ ਗਰਮਾਇਆ ਹੋਇਆ ਹੈ ਅਤੇ ਫੈਸਲਾ ਜਾਂਚ ਉੱਤੇ ਨਿਰਭਰ ਕਰੇਗਾ।
![]()
