ਕੀ ਇਰਾਨ-ਇਜ਼ਰਾਇਲ ਦੁਬਾਰਾ ਛਿੜੇਗੀ ਜੰਗ?

In ਮੁੱਖ ਖ਼ਬਰਾਂ
July 01, 2025

ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇੱਕ ਵਾਰ ਫਿਰ ਇਰਾਨ ਅਤੇ ਇਜ਼ਰਾਇਲ ਦੀ ਤਣਾਅਪੂਰਨ ਸਥਿਤੀ ਗੂੰਜ ਰਹੀ ਹੈ। ਇਰਾਨ ਦੇ ਸੈਨਿਕ ਕਮਾਂਡਰ ਅਬਦੁਲ ਰਹੀਮ ਮੌਸਵੀ ਨੇ ਚਿਤਾਵਨੀ ਦਿੱਤੀ ਹੈ ਕਿ ਇਜ਼ਰਾਇਲ ਕਿਸੇ ਵੀ ਪਲ ਸੀਜ਼ਫਾਇਰ ਨੂੰ ਤੋੜ ਸਕਦਾ ਹੈ। ਸਾਡੀਆਂ ਫ਼ੌਜਾਂ ਤਿਆਰ ਹਨ, ਜੇ ਇਜ਼ਰਾਇਲ ਨੇ ਹਮਲਾ ਕੀਤਾ ਤਾਂ ਅਸੀਂ ਮੂੰਹ ਤੋੜ ਜਵਾਬ ਦੇਵਾਂਗੇ।
ਇਸ ਦੌਰਾਨ, ਇਰਾਨ ਦੇ ਪਰਮਾਣੂ ਠਿਕਾਣਿਆਂ ’ਤੇ ਮੁੜ ਸ਼ੁਰੂ ਹੋਏ ਕੰਮ ਨੇ ਅਮਰੀਕਾ ਅਤੇ ਇਜ਼ਰਾਇਲ ਦੀਆਂ ਨੀਂਦਾਂ ਉਡਾ ਦਿੱਤੀਆਂ ਹਨ। ਸੈਟੇਲਾਈਟ ਤਸਵੀਰਾਂ ਵਿੱਚ ਫੋਰਡੋ ਅਤੇ ਇਸਫਹਾਨ ’ਤੇ ਬੁਲਡੋਜ਼ਰਾਂ ਦੀ ਹਰਕਤ ਅਤੇ ਨਵੀਆਂ ਸੁਰੰਗਾਂ ਦੀ ਉਸਾਰੀ ਦੀਆਂ ਖ਼ਬਰਾਂ ਨੇ ਸੰਕੇਤ ਦਿੱਤਾ ਹੈ ਕਿ ਇਰਾਨ ਆਪਣੀ ਪਰਮਾਣੂ ਤਾਕਤ ਨੂੰ ਹੋਰ ਮਜ਼ਬੂਤ ਕਰਨ ਦੀ ਤਿਆਰੀ ਵਿੱਚ ਹੈ। ਨਿਊਯਾਰਕ ਟਾਈਮਜ਼ ਅਤੇ ਰਾਇਟਰਜ਼ ਦੀਆਂ ਰਿਪੋਰਟਾਂ ਮੁਤਾਬਕ, ਇਰਾਨ ਦੀਆਂ ਇਹ ਗਤੀਵਿਧੀਆਂ ਸਿਰਫ਼ ਮਲਬੇ ਨੂੰ ਹਟਾਉਣ ਤੱਕ ਸੀਮਤ ਨਹੀਂ, ਸਗੋਂ ਨਵੀਆਂ ਕਿਲ੍ਹੇਬੰਦੀਆਂ ਅਤੇ ਗੁਪਤ ਸੁਰੰਗਾਂ ਦੀ ਸੰਭਾਵਨਾ ਵੀ ਦਿਖਾਈ ਦਿੰਦੀਆਂ ਹਨ। ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਪਰਮਾਣੂ ਠਿਕਾਣਿਆਂ ’ਤੇ ਹਵਾਈ ਹਮਲੇ ਕਰਕੇ ਸਥਿਤੀ ਨੂੰ ਹੋਰ ਗੰਭੀਰ ਕਰ ਦਿੱਤਾ ਸੀ। ਪਰ ਇਰਾਨ ਦੇ ਸੁਪਰੀਮ ਲੀਡਰ ਅਲੀ ਖਾਮੇਨੀ ਨੇ ਕਤਰ ਵਿੱਚ ਅਮਰੀਕੀ ਫੌਜੀ ਅੱਡੇ ’ਤੇ ਹਮਲੇ ਕਰਕੇ ਸਖ਼ਤ ਚਿਤਾਵਨੀ ਦਿੱਤੀ ਸੀ। ਪਰ ਇਸ ਤੋਂ ਬਾਅਦ ਟਰੰਪ ਨੇ ਯੱੁਧ ਰੁਕਵਾ ਦਿੱਤਾ ਸੀ।
ਇਜ਼ਰਾਇਲ ਦੀ ਮੁੜ ਜੰਗੀ ਤਿਆਰੀ
ਇਜ਼ਰਾਇਲ, ਜਿਸ ਨੂੰ ਇਰਾਨ ਦੀਆਂ ਮਿਜ਼ਾਇਲਾਂ ਨੇ ਖੰਡਰਾਂ ਵਿੱਚ ਬਦਲ ਦਿੱਤਾ ਸੀ, ਹੁਣ ਆਪਣੇ ਹਥਿਆਰ ਭੰਡਾਰਾਂ ਨੂੰ ਮੁੜ ਭਰਨ ਵਿੱਚ ਜੁਟਿਆ ਹੋਇਆ ਹੈ। ਕੈਲਕੇਲਿਸਟੈਕ ਦੀ ਰਿਪੋਰਟ ਮੁਤਾਬਕ, ਇਜ਼ਰਾਇਲ ਨੇ ਇਰਾਨ ਨਾਲ 12 ਦਿਨਾਂ ਦੀ ਜੰਗ ਵਿੱਚ ਆਪਣੇ ਗੁਪਤ ਹਥਿਆਰਾਂ ਦੀ ਝਲਕ ਦੁਨੀਆ ਨੂੰ ਦਿਖਾਈ ਸੀ। ਇਨ੍ਹਾਂ ਵਿੱਚ ਆਇਰਨ ਬੀਮ ਲੇਜ਼ਰ ਹਥਿਆਰ, ਸਟੈਂਡ-ਆਫ ਵੈਪਨਜ਼ ਅਤੇ ਡਰੋਨ ਸ਼ਾਮਲ ਸਨ, ਜਿਨ੍ਹਾਂ ਨੇ ਇਰਾਨ ਵਿੱਚ ਕਾਫੀ ਤਬਾਹੀ ਮਚਾਈ ਸੀ। ਪੌਪੂਲਰ ਮਕੈਨਿਕਸ ਦੀ ਰਿਪੋਰਟ ਅਨੁਸਾਰ, ਆਇਰਨ ਬੀਮ ਇੱਕ 100 ਕਿਲੋਵਾਟ ਦਾ ਹਾਈ-ਐਨਰਜੀ ਲੇਜ਼ਰ ਸਿਸਟਮ ਹੈ, ਜੋ ਰਾਕੇਟਾਂ ਅਤੇ ਵਿਸਫੋਟਕ ਵਾਰਹੈੱਡਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਸਕਦਾ ਹੈ। ਇਹ ਸਿਸਟਮ ਆਇਰਨ ਡੋਮ ਨਾਲੋਂ ਵੀ ਜ਼ਿਆਦਾ ਕੁਸ਼ਲ ਅਤੇ ਖਰਚੇ ਵਿੱਚ ਕਿਫਾਇਤੀ ਹੈ। ਇਜ਼ਰਾਇਲ ਦੀਆਂ ਰੱਖਿਆ ਕੰਪਨੀਆਂ—ਆਈ.ਏ.ਆਈ., ਰਾਫੇਲ ਅਤੇ ਐਲਬਿਟ ਸਿਸਟਮ—ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। 2025 ਦੀ ਪਹਿਲੀ ਤਿਮਾਹੀ ਵਿੱਚ ਇਨ੍ਹਾਂ ਕੰਪਨੀਆਂ ਨੇ 235 ਅਰਬ ਸ਼ੇਕਲ ਦੇ ਆਰਡਰ ਬੈਕਲਾਗ ਦੀ ਸੂਚਨਾ ਦਿੱਤੀ ਹੈ। ਪਰ ਇਸ ਜੰਗ ਨੇ ਇਜ਼ਰਾਇਲ ਦੇ ਹਥਿਆਰ ਭੰਡਾਰਾਂ ਨੂੰ ਕਾਫੀ ਖੋਰਾ ਲਾਇਆ ਹੈ। ਸੈਂਕੜੇ ਜਹਾਜ਼ਾਂ ਨੂੰ ਮੁਰੰਮਤ ਦੀ ਲੋੜ ਹੈ, ਅਤੇ ਨਵੇਂ ਹਥਿਆਰਾਂ ਦੀ ਖਰੀਦ ਵਿੱਚ ਦੇਰੀ ਕਾਰਨ ਰੱਖਿਆ ਮੰਤਰਾਲੇ ’ਤੇ ਦਬਾਅ ਵਧ ਰਿਹਾ ਹੈ। ਸੀ.ਐਨ.ਬੀ.ਸੀ. ਦੀ ਰਿਪੋਰਟ ਮੁਤਾਬਕ, ਇਜ਼ਰਾਇਲ ਅਰਬਾਂ ਡਾਲਰ ਖਰਚ ਕਰਕੇ ਆਪਣੇ ਹਥਿਆਰ ਭੰਡਾਰਾਂ ਨੂੰ ਮੁੜ ਤਿਆਰ ਕਰ ਰਿਹਾ ਹੈ, ਜਿਸ ਵਿੱਚ ਨਵੇਂ ਗੁਪਤ ਹਥਿਆਰ ਵੀ ਸ਼ਾਮਲ ਹਨ।
ਕੀ ਇਰਾਨ ਅਜੇ ਵੀ ਬਣਾ ਸਕਦਾ ਹੈ ਪਰਮਾਣੂ ਬੰਬ?
ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਨੇ ਕਾਫੀ ਨੁਕਸਾਨ ਪਹੁੰਚਾਇਆ ਹੈ। ਨਤਾਨਜ਼, ਫੋਰਡੋ ਅਤੇ ਇਸਫਹਾਨ ਦੇ ਪਰਮਾਣੂ ਠਿਕਾਣਿਆਂ ’ਤੇ ਹੋਏ ਹਮਲਿਆਂ ਨੇ ਇਰਾਨ ਦੀਆਂ ਉਮੀਦਾਂ ਨੂੰ ਝਟਕਾ ਦਿੱਤਾ। ਪਰ ਮਿਡਲਬਰੀ ਇੰਸਟੀਟਿਊਟ ਦੇ ਹਥਿਆਰ ਨਿਯੰਤਰਣ ਮਾਹਿਰ ਜੈਫਰੀ ਲੁਈਸ ਨੇ ਐਨ.ਬੀ.ਸੀ. ਨਿਊਜ਼ ਨੂੰ ਦੱਸਿਆ ਕਿ ਇਰਾਨ ਕੋਲ ਅਜੇ ਵੀ ਮਹੱਤਵਪੂਰਨ ਟੈਕਨਾਲੋਜੀ ਅਤੇ ਸਮਰੱਥ ਯੂਰੇਨੀਅਮ ਦਾ ਭੰਡਾਰ ਹੋ ਸਕਦਾ ਹੈ। ਅਮਰੀਕਾ ਨੇ ਵੀ ਮੰਨਿਆ ਹੈ ਕਿ ਫੋਰਡੋ ਪਲਾਂਟ ਤੋਂ 400 ਕਿਲੋ ਯੂਰੇਨੀਅਮ ਦੀ ਚੋਰੀ ਹੋਈ ਹੈ। ਪਰ ਸਵਾਲ ਇਹ ਹੈ ਕਿ ਕੀ ਇਰਾਨ ਅਜੇ ਵੀ ਪਰਮਾਣੂ ਬੰਬ ਬਣਾ ਸਕਦਾ ਹੈ? ਇਸਫਹਾਨ ਦੀ ਇੱਕੋ-ਇੱਕ ਜਾਣੀ-ਪਛਾਣੀ ਫੈਕਟਰੀ, ਜੋ ਯੂਰੇਨੀਅਮ ਨੂੰ ਠੋਸ ਮੈਟਲ ਵਿੱਚ ਬਦਲ ਸਕਦੀ ਸੀ, ਇਜ਼ਰਾਇਲੀ ਹਮਲੇ ਵਿੱਚ ਤਬਾਹ ਹੋ ਚੁੱਕੀ ਹੈ। ਜੇਕਰ ਇਰਾਨ ਕੋਲ ਕੋਈ ਗੁਪਤ ਪਲਾਂਟ ਨਹੀਂ, ਤਾਂ ਐਟਮ ਬੰਬ ਬਣਾਉਣਾ ਉਸ ਲਈ ਔਖਾ ਹੋਵੇਗਾ। ਫਿਰ ਵੀ, ਸੈਟੇਲਾਈਟ ਤਸਵੀਰਾਂ ਵਿੱਚ ਫੋਰਡੋ ਅਤੇ ਇਸਫਹਾਨ ’ਤੇ ਮੁੜ ਸ਼ੁਰੂ ਹੋਏ ਨਿਰਮਾਣ ਕਾਰਜਾਂ ਨੇ ਅਮਰੀਕਾ ਅਤੇ ਇਜ਼ਰਾਇਲ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਰਾਨ ਦੀ ਇਹ ਤਿਆਰੀ ਸਿਰਫ਼ ਰੱਖਿਆਤਮਕ ਨਹੀਂ, ਸਗੋਂ ਇੱਕ ਵੱਡੇ ਪਰਮਾਣੂ ਪ੍ਰੋਗਰਾਮ ਦੀ ਸੰਭਾਵਨਾ ਵੱਲ ਇਸ਼ਾਰਾ ਕਰਦੀ ਹੈ।
ਜੰਗ ਵਿੱਚ ਇਜ਼ਰਾਇਲ ਇਰਾਨ ਦੀ ਕਿੰਨੀ ਹੋਈ ਆਰਥਿਕ ਤਬਾਹੀ
ਇਰਾਨ ਅਤੇ ਇਜ਼ਰਾਇਲ ਵਿਚਕਾਰ 13 ਜੂਨ ਤੋਂ ਸ਼ੁਰੂ ਹੋਈ ਜੰਗ ਨੇ ਦੋਹਾਂ ਦੇਸ਼ਾਂ ਵਿੱਚ ਕਾਫੀ ਤਬਾਹੀ ਮਚਾਈ ਸੀ। ਇਜ਼ਰਾਇਲੀ ਮੀਡੀਆ ਅਨੁਸਾਰ, ਇਰਾਨ ਦੀਆਂ ਮਿਜ਼ਾਇਲਾਂ ਨੇ ਇਜ਼ਰਾਇਲ ਵਿੱਚ 30,000 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਸੀ। ਤਲ ਅਵੀਵ ਅਤੇ ਅਸ਼ਕਲੋਨ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ, ਜਿੱਥੇ 24,932 ਅਤੇ 10,793 ਮੁਆਵਜ਼ੇ ਦੇ ਦਾਅਵੇ ਦਰਜ ਕੀਤੇ ਗਏ ਹਨ। ਇਜ਼ਰਾਇਲੀ ਟੈਕਸ ਅਥਾਰਟੀ ਨੂੰ 38,700 ਦਾਅਵੇ ਮਿਲੇ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਕਾਨਾਂ, ਵਾਹਨਾਂ ਅਤੇ ਮਸ਼ੀਨਰੀ ਦੇ ਨੁਕਸਾਨ ਨਾਲ ਜੁੜੇ ਹਨ। ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਤਬਾਹੀ ਦਾ ਆਰਥਿਕ ਬੋਝ ਇਜ਼ਰਾਇਲ ’ਤੇ ਭਾਰੀ ਪੈਣ ਵਾਲਾ ਹੈ।
ਇਰਾਨ ਵੀ ਇਸ ਜੰਗ ਦੀ ਮਾਰ ਤੋਂ ਬਚਿਆ ਨਹੀਂ। ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਨੇ ਇਰਾਨ ਦੇ ਪਰਮਾਣੂ ਠਿਕਾਣਿਆਂ ਨੂੰ ਤਬਾਹ ਕਰ ਦਿੱਤਾ, ਜਿਸ ਨਾਲ ਉਸ ਦੀ ਪਰਮਾਣੂ ਸਮਰੱਥਾ ਨੂੰ ਵੱਡਾ ਝਟਕਾ ਲੱਗਾ। ਪਰ ਇਰਾਨ ਦੀ ਸਰਕਾਰ ਨੇ ਇਸ ਨੁਕਸਾਨ ਦੀ ਸਹੀ ਜਾਣਕਾਰੀ ਜਨਤਕ ਨਹੀਂ ਕੀਤੀ। ਬਿਜ਼ਨਸ ਇਨਸਾਈਡਰ ਦੀ ਰਿਪੋਰਟ ਮੁਤਾਬਕ, ਇਰਾਨ ਦੀਆਂ ਆਰਥਿਕ ਮੁਸ਼ਕਿਲਾਂ ਵਧ ਸਕਦੀਆਂ ਹਨ, ਕਿਉਂਕਿ ਪਰਮਾਣੂ ਠਿਕਾਣਿਆਂ ਦੀ ਮੁਰੰਮਤ ਅਤੇ ਮੁੜ ਨਿਰਮਾਣ ’ਤੇ ਅਰਬਾਂ ਡਾਲਰ ਦਾ ਖਰਚ ਆਵੇਗਾ। ਇਸ ਦੌਰਾਨ, ਇਰਾਨ ਦੇ ਸ਼ੀਆ ਮੁਸਲਮਾਨਾਂ ਦੇ ਪ੍ਰਮੁੱਖ ਧਰਮਗੁਰੂ ਮੁਫਤੀ ਆਇਤੁੱਲਾ ਮਕਾਰਮ ਸ਼ੀਰਾਜ਼ੀ ਨੇ ਟਰੰਪ ਅਤੇ ਨੇਤਨਯਾਹੂ ਨੂੰ ‘ਦੁਸ਼ਮਣ’ ਐਲਾਨ ਦੇ ਹੋਏ ਫਤਵਾ ਜਾਰੀ ਕੀਤਾ ਹੈ, ਜਿਸ ਵਿੱਚ ਮੁਸਲਮਾਨਾਂ ਨੂੰ ਇਨ੍ਹਾਂ ਨੇਤਾਵਾਂ ਦਾ ਸਮਰਥਨ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਅਮਰੀਕੀ ਸੰਸਦ ਵਿੱਚ ਟਰੰਪ ਨੂੰ ਇਰਾਨ ’ਤੇ ਹਮਲੇ ਦੀ ਖੁੱਲ੍ਹ ਮਿਲੀ
ਅਮਰੀਕੀ ਸੰਸਦ ਵਿੱਚ ਟਰੰਪ ਨੂੰ ਇਰਾਨ ’ਤੇ ਹਮਲੇ ਦੀ ਖੁੱਲ੍ਹ ਮਿਲਣ ਦੀ ਖ਼ਬਰ ਨੇ ਸਥਿਤੀ ਨੂੰ ਹੋਰ ਗੁੰਝਲਦਾਰ ਕਰ ਦਿੱਤਾ। ਡੈਮੋਕ੍ਰੈਟਿਕ ਪਾਰਟੀ ਦੇ ਸੈਨੇਟਰ ਟਿਮ ਕੇਨ ਦਾ ਪ੍ਰਸਤਾਵ, ਜਿਸ ਵਿੱਚ ਟਰੰਪ ਨੂੰ ਇਰਾਨ ’ਤੇ ਹਮਲੇ ਲਈ ਸੰਸਦ ਦੀ ਮੰਜ਼ੂਰੀ ਲੈਣ ਦੀ ਸ਼ਰਤ ਸੀ, ਸੈਨੇਟ ਵਿੱਚ ਖਾਰਜ ਹੋ ਗਿਆ। ਰਿਪਬਲੀਕਨ ਪਾਰਟੀ ਦੇ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ, ਜਿਨ੍ਹਾਂ ਦਾ ਮੰਨਣਾ ਹੈ ਕਿ ਇਰਾਨ ਇੱਕ ‘ਵੱਡਾ ਖਤਰਾ’ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਇਸ ਫੈਸਲੇ ਨੇ ਟਰੰਪ ਨੂੰ ਇਰਾਨ ਵਿਰੁੱਧ ਅਗਲੀ ਸੈਨਿਕ ਕਾਰਵਾਈ ਲਈ ਖੁੱਲ੍ਹੀ ਛੋਟ ਦੇ ਦਿੱਤੀ ਹੈ। ਪਰ ਇਰਾਨ ਨੇ ਅਮਰੀਕਾ ਨਾਲ ਪਰਮਾਣੂ ਮੁੱਦੇ ’ਤੇ ਗੱਲਬਾਤ ਦੀ ਸੰਭਾਵਨਾ ਨੂੰ ਸਿਰੇ ਤੋਂ ਨਕਾਰਿਆ ਨਹੀਂ। ਇਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਨੇ ਸਰਕਾਰੀ ਟੀ.ਵੀ. ’ਤੇ ਕਿਹਾ, ‘ਅਸੀਂ ਗੱਲਬਾਤ ਲਈ ਖੁੱਲ੍ਹੇ ਹਾਂ, ਪਰ ਅਮਰੀਕਾ ਦੀਆਂ ਸ਼ਰਤਾਂ ਨਾਲ ਨਹੀਂ।’ ਦੂਜੇ ਪਾਸੇ, ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਨਾਲ ਸਿੱਧੀ ਗੱਲਬਾਤ ਨਹੀਂ ਕਰੇਗਾ।

Loading