
ਨਿਊਯਾਰਕ/ਏ.ਟੀ.ਨਿਊਜ਼:
ਏਲੀਅਨ ਅਤੇ ਉਨ੍ਹਾਂ ਦੀ ਹੋਂਦ ਨੂੰ ਲੈ ਕੇ ਸਦੀਆਂ ਤੋਂ ਚਰਚਾ ਹੁੰਦੀ ਆ ਰਹੀ ਹੈ। ਕਈ ਵਾਰੀ ਫ਼ਿਲਮਾਂ, ਕਹਾਣੀਆਂ ਅਤੇ ਵਿਗਿਆਨਕ ਖੋਜਾਂ ਵਿੱਚ ਏਲੀਅਨ ਦੀ ਗੱਲ ਸਾਹਮਣੇ ਆਉਂਦੀ ਹੈ। ਹਾਲ ਹੀ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਖਗੋਲਵਿਦ ਅਵੀ ਲੋਏਬ ਨੇ ਦਾਅਵਾ ਕੀਤਾ ਹੈ ਕਿ ਨਵੰਬਰ 2025 ਵਿੱਚ ਇੱਕ ਅਜਿਹਾ ਅੰਤਰਿਕਸ਼ੀ ਪਦਾਰਥ, ਜਿਸ ਨੂੰ 39/ਐਟਲਸ (ਪਹਿਲਾਂ ਏ11ਪੀ ਐਲ3ਜੈਡ) ਕਿਹਾ ਜਾਂਦਾ ਸੀ, ਧਰਤੀ ਦੇ ਨੇੜੇ ਆ ਸਕਦਾ ਹੈ ਅਤੇ ਇਹ ਏਲੀਅਨ ਦਾ ਅੰਤਰਿਕਸ਼ੀ ਜਹਾਜ਼ ਹੋ ਸਕਦਾ ਹੈ। ਇਸ ਦਾਅਵੇ ਨੇ ਸੰਸਾਰ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਪਰ ਸਵਾਲ ਇਹ ਹੈ ਕਿ ਕੀ ਏਲੀਅਨ ਸੱਚਮੁੱਚ ਹਮਲਾ ਕਰ ਸਕਦੇ ਹਨ? ਇਹ ਕਿੱਥੇ ਰਹਿੰਦੇ ਹਨ ਅਤੇ ਇਸ ਪਿੱਛੇ ਕੋਈ ਸੱਚਾਈ ਹੈ ਜਾਂ ਨਹੀਂ?
ਏਲੀਅਨ ਦੀ ਹੋਂਦ ਦਾ ਸਵਾਲ ਏਲੀਅਨ ਦੀ ਹੋਂਦ ਬਾਰੇ ਵਿਗਿਆਨਕ ਅਤੇ ਗੈਰ-ਵਿਗਿਆਨਕ ਲੋਕਾਂ ਵਿੱਚ ਹਮੇਸ਼ਾ ਹੀ ਵਿਚਾਰ-ਵਟਾਂਦਰੇ ਹੁੰਦੇ ਰਹੇ ਹਨ। ਵਿਗਿਆਨੀਆਂ ਦਾ ਇੱਕ ਵਰਗ ਮੰਨਦਾ ਹੈ ਕਿ ਸਾਡਾ ਬ੍ਰਹਿਮੰਡ ਇੰਨਾ ਵਿਸ਼ਾਲ ਹੈ ਕਿ ਇਸ ਵਿੱਚ ਸਿਰਫ਼ ਧਰਤੀ ਹੀ ਨਹੀਂ, ਸਗੋਂ ਹੋਰ ਵੀ ਗ੍ਰਹਿ ਹੋ ਸਕਦੇ ਹਨ ਜਿੱਥੇ ਜੀਵਨ ਮੌਜੂਦ ਹੋਵੇ। ਨਾਸਾ ਅਤੇ ਹੋਰ ਅੰਤਰਿਕਸ਼ੀ ਏਜੰਸੀਆਂ ਨੇ ਮੰਗਲ, ਸ਼ਨੀ ਦੇ ਚੰਦ ਟਾਈਟਨ ਅਤੇ ਹੋਰ ਗ੍ਰਹਿਆਂ ’ਤੇ ਜੀਵਨ ਦੀ ਸੰਭਾਵਨਾ ਨੂੰ ਲੈ ਕੇ ਖੋਜ ਕੀਤੀ ਹੈ। ਪਰ ਹੁਣ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿ ਏਲੀਅਨ ਸੱਚਮੁੱਚ ਮੌਜੂਦ ਹਨ। ਕੁਝ ਲੋਕ ਮੰਨਦੇ ਹਨ ਕਿ ਅਮਰੀਕਾ ਦੇ ‘ਏਰੀਆ-51’ ਵਰਗੇ ਖੇਤਰਾਂ ਵਿੱਚ ਏਲੀਅਨ ਨੂੰ ਲੁਕਾਇਆ ਜਾਂਦਾ ਹੈ, ਪਰ ਇਹ ਸਿਰਫ਼ ਅਫ਼ਵਾਹਾਂ ਹੀ ਮੰਨੀਆਂ ਜਾਂਦੀਆਂ ਹਨ। ਜੇਕਰ ਏਲੀਅਨ ਸੱਚਮੁੱਚ ਮੌਜੂਦ ਹਨ ਅਤੇ ਉਹ ਅੰਤਰਿਕਸ਼ੀ ਜਹਾਜ਼ ਬਣਾਉਣ ਦੀ ਸਮਰੱਥਾ ਰੱਖਦੇ ਹਨ, ਤਾਂ ਸੰਭਵ ਹੈ ਕਿ ਉਹ ਸਾਡੇ ਸੌਰ ਮੰਡਲ ਤੋਂ ਬਾਹਰ, ਕਿਸੇ ਹੋਰ ਤਾਰਾ ਮੰਡਲ ਵਿੱਚ ਰਹਿੰਦੇ ਹੋਣ।
ਅਵੀ ਲੋਏਬ ਦੀ ਅਗਵਾਈ ਵਿੱਚ ਹੋਈ ਖੋਜ ਮੁਤਾਬਕ, 39/ਐਟਲਸ ਨਾਂ ਦਾ ਇੱਕ ਪਦਾਰਥ 60 ਕਿਲੋਮੀਟਰ ਪ੍ਰਤੀ ਸਕਿੰਟ ਦੀ ਰਫ਼ਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਇਸ ਦਾ ਅਕਾਰ ਲਗਭਗ 20 ਕਿਲੋਮੀਟਰ ਦੱਸਿਆ ਜਾ ਰਿਹਾ ਹੈ। ਇਹ ਪਦਾਰਥ ਪਹਿਲੀ ਵਾਰ ਚਿੱਲੀ ਦੀ ਇੱਕ ਟੈਲੀਸਕੋਪ ਰਾਹੀਂ ਵੇਖਿਆ ਗਿਆ ਸੀ। ਅਵੀ ਲੋਏਬ ਅਤੇ ਉਸ ਦੀ ਟੀਮ, ਜਿਸ ਵਿੱਚ ਲੰਡਨ ਸਥਿਤ ਇਨੀਸ਼ੀਏਟਿਵ ਫ਼ਾਰ ਇੰਟਰਸਟੈਲਰ ਸਟੱਡੀਜ਼ ਦੇ ਵਿਗਿਆਨੀ ਸ਼ਾਮਲ ਹਨ, ਦਾ ਮੰਨਣਾ ਹੈ ਕਿ ਇਹ ਕੋਈ ਸਧਾਰਨ ਧੂਮਕੇਤੂ ਜਾਂ ਉਲਕਾ ਨਹੀਂ, ਸਗੋਂ ਏਲੀਅਨ ਦਾ ਜਹਾਜ਼ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਨਵੰਬਰ 2025 ਵਿੱਚ ਇਹ ਪਦਾਰਥ ਸੂਰਜ ਦੇ ਬਹੁਤ ਨੇੜੇ ਪਹੁੰਚ ਜਾਵੇਗਾ, ਜਿਸ ਕਾਰਨ ਇਹ ਧਰਤੀ ਤੋਂ ਅਦਿੱਖ ਹੋ ਸਕਦਾ ਹੈ ਅਤੇ ਇਸ ਦੌਰਾਨ ਹਮਲਾ ਕਰਨ ਦੀ ਸੰਭਾਵਨਾ ਵੀ ਹੋ ਸਕਦੀ ਹੈ।
ਅਵੀ ਲੋਏਬ ਦੀ ਟੀਮ ਖੁਦ ਮੰਨਦੀ ਹੈ ਕਿ ਇਹ ਸਿਰਫ਼ ਇੱਕ ਅਨੁਮਾਨ ਹੈ ਅਤੇ ਇਸ ਦੀ ਪੁਸ਼ਟੀ ਲਈ ਹੋਰ ਖੋਜ ਦੀ ਲੋੜ ਹੈ। ਜੇਕਰ ਇਹ ਪਦਾਰਥ ਸੱਚਮੁੱਚ ਏਲੀਅਨ ਜਹਾਜ਼ ਹੋਇਆ ਅਤੇ ਇਸ ਨੇ ਹਮਲਾ ਕੀਤਾ, ਤਾਂ ਇਸ ਦੇ ਨਤੀਜੇ ਮਨੁੱਖਤਾ ਲਈ ਭਿਆਨਕ ਹੋ ਸਕਦੇ ਹਨ। ਪਰ ਵਿਗਿਆਨਕ ਭਾਈਚਾਰੇ ਦਾ ਵੱਡਾ ਹਿੱਸਾ ਇਸ ਨੂੰ ਸਿਰਫ਼ ਇੱਕ ਕੁਦਰਤੀ ਅੰਤਰਿਕਸ਼ੀ ਪਦਾਰਥ ਮੰਨਦਾ ਹੈ। ਇਸ ਲਈ, ਅਜੇ ਘਬਰਾਉਣ ਦੀ ਲੋੜ ਨਹੀਂ ਹੈ। ਸਾਨੂੰ ਵਿਗਿਆਨਕ ਖੋਜਾਂ ’ਤੇ ਭਰੋਸਾ ਰੱਖਣਾ ਚਾਹੀਦਾ ਹੈ ਅਤੇ ਅਫ਼ਵਾਹਾਂ ਤੋਂ ਬਚਣਾ ਚਾਹੀਦਾ ਹੈ।
ਕੀ ਇਹ ਦਾਅਵਾ ਸੱਚ ਹੈ?
ਅਵੀ ਲੋਏਬ ਦੇ ਇਸ ਦਾਅਵੇ ਨੂੰ ਵਿਗਿਆਨਕ ਭਾਈਚਾਰੇ ਵਿੱਚ ਵਿਵਾਦਪੂਰਨ ਮੰਨਿਆ ਜਾ ਰਿਹਾ ਹੈ। ਕਈ ਵਿਗਿਆਨਕ ਮੰਨਦੇ ਹਨ ਕਿ 39/ਐਟਲਸ ਸਿਰਫ਼ ਇੱਕ ਧੂਮਕੇਤੂ ਜਾਂ ਉਲਕਾ ਹੈ, ਨਾ ਕਿ ਕੋਈ ਅੰਤਰਿਕਸ਼ੀ ਜਹਾਜ਼। ਇਸ ਦੀ ਗਤੀ ਅਤੇ ਅਕਾਰ ਨੂੰ ਦੇਖਦਿਆਂ ਵੀ ਇਹ ਕੁਦਰਤੀ ਪਦਾਰਥ ਹੋ ਸਕਦਾ ਹੈ। ਅਵੀ ਲੋਏਬ ਪਹਿਲਾਂ ਵੀ ਅਜਿਹੇ ਦਾਅਵੇ ਕਰਦੇ ਰਹੇ ਹਨ। 2017 ਵਿੱਚ ਉਹਨਾਂ ਨੇ ‘ਉਮੁਆਮੁਆ’ ਨਾਂ ਦੇ ਇੱਕ ਅੰਤਰਿਕਸ਼ੀ ਪਦਾਰਥ ਨੂੰ ਏਲੀਅਨ ਜਹਾਜ਼ ਦੱਸਿਆ ਸੀ, ਪਰ ਬਾਅਦ ਵਿੱਚ ਸਾਬਤ ਹੋਇਆ ਕਿ ਇਹ ਸਿਰਫ਼ ਇੱਕ ਧੂਮਕੇਤੂ ਸੀ। ਇਸ ਲਈ, ਲੋਏਬ ਦੇ ਨਵੇਂ ਦਾਅਵੇ ’ਤੇ ਵੀ ਸਵਾਲ ਉੱਠਦੇ ਹਨ।