ਕੀ ਕਹਿੰਦੀ ਹੈ ਕੈਨੇਡਾ ਦੀ ਹੈਲਥ ਰਿਪੋਟ

In ਮੁੱਖ ਖ਼ਬਰਾਂ
March 29, 2025
ਕੈਨੇਡਾ ਦੇ ਓਂਟਾਰੀਓ ਵਿਚ ਵਾਟਰਲੂ ਯੂਨੀਵਰਸਿਟੀ ਵਿਚ ਕੀਤੀ ਗਈ ਰਿਸਰਚ ਵਿਚ ਕਿਹਾ ਗਿਆ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਅਜਿਹੇ ਡਰਿੰਕਸ ਪੀਣ ਦੀ ਮਨਾਹੀ ਕੀਤੀ ਜਾਣੀ ਚਾਹੀਦੀ ਹੈ। ਹਾਲ ਹੀ ਵਿਚ ਕੀਤੇ ਗਏ ਇਕ ਅਧਿਐਨ ਵਿਚ ਵੇਖਿਆ ਗਿਆ ਕਿ 12 ਤੋਂ 24 ਸਾਲ ਦੇ 55 ਫੀਸਦੀ ਨੌਜਵਾਨਾਂ ਨੂੰ ਐਨਰਜੀ ਡਰਿੰਕਸ ਪੀਣ ਤੋਂ ਬਾਅਦ ਸਿਹਤ ਸਬੰਧੀ ਗੰਭੀਰ ਪ੍ਰਭਾਵਾਂ 'ਚੋਂ ਲੰਘਣਾ ਪਿਆ। ਇਨ੍ਹਾਂ ਵਿਚ ਹਾਰਟ ਰੇਟ ਤੇਜ਼ ਹੋਣ ਦੇ ਨਾਲ ਹੀ ਦਿਲ ਦਾ ਦੌਰਾ ਵੀ ਸ਼ਾਮਲ ਹੈ। ਰਿਸਰਚਰਾਂ ਨੇ 2 ਹਜ਼ਾਰ ਤੋਂ ਵੱਧ ਨੌਜਵਾਨਾਂ ਤੋਂ ਪੁੱਛਿਆ ਕਿ ਉਹ ਰੈੱਡ ਬੁੱਲ੍ਹ ਜਾਂ ਮੋਨਸਟਰ ਜਿਹੇ ਐਨਰਜੀ ਡਰਿੰਕਸ ਨੂੰ ਕਿੰਨਾ ਵੱਧ ਪੀਂਦੇ ਹਨ। ਰਿਸਰਚਰਾਂ ਦਾ ਕਹਿਣਾ ਹੈ ਕਿ ਹੋਰ ਕੈਫੀਨ ਪੀਣ ਵਾਲੇ ਪਦਾਰਥਾਂ ਦੇ ਮੁਕਾਬਲੇ ਜਿਸ ਤਰ੍ਹਾਂ ਐਨਰਜੀ ਡਰਿੰਕਸ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸਨੂੰ ਵੇਖਦਿਆਂ ਐਨਰਜੀ ਡਰਿੰਕਸ ਵੱਧ ਖਤਰਨਾਕ ਹੋ ਸਕਦੇ ਹਨ। ਸੋਧ ਵਿਚ ਸਾਹਮਣੇ ਆਇਆ ਹੈ ਜਿਨ੍ਹਾਂ ਲੋਕਾਂ ਨੇ ਐਨਰਜੀ ਡਰਿੰਕਸ ਪੀਤੀ ਸੀ,ਉਨ੍ਹਾਂ ਵਿਚੋਂ 24.7 ਫੀਸਦੀ ਲੋਕਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਹੈ। ਉਥੇ 24.1 ਫੀਸਦੀ ਲੋਕਾਂ ਨੇ ਕਿਹਾ ਕਿ ਇਸਨੂੰ ਪੀਣ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਨਹੀਂ ਆ ਰਹੀ ਸੀ। ਇਸ ਤੋਂ ਇਲਾਵਾ 18.3 ਫੀਸਦੀ ਲੋਕਾਂ ਨੇ ਸਿਰਦਰਦ, 5.1 ਫੀਸਦੀ ਦਿਲ ਘਬਰਾਉਣ, ਉਲਟੀ ਜਾਂ ਦਸਤ ਤੇ 3.6 ਫੀਸਦੀ ਲੋਕਾਂ ਨੇ ਛਾਤੀ ਵਿਚ ਦਰਦ ਮਹਿਸੂਸ ਕੀਤਾ। ਭਾਵੇਂ ਰਿਸਰਚਰਾਂ ਦੀ ਚਿੰਤਾ ਦਾ ਕਾਰਨ ਇਹ ਸੀ ਕਿ ਇਨ੍ਹਾਂ ਨੌਜਵਾਨਾਂ ਨੇ ਇਕ ਜਾਂ ਦੋ ਐਨਰਜੀ ਡਰਿੰਕਸ ਹੀ ਪੀਤੇ ਸਨ। ਫਿਰ ਵੀ ਉਨ੍ਹਾਂ ਨੂੰ ਅਜਿਹੇ ਮਾੜੇ ਪ੍ਰਭਾਵ ਮਹਿਸੂਸ ਹੋ ਰਹੇ ਸਨ। ਅਧਿਐਨ ਦੇ ਬਾਰੇ ਪ੍ਰੋ. ਡੈਵਿਡ ਹੈਮੋਂਡ ਦਾ ਕਹਿਣਾ ਹੈ ਕਿ ਫਿਲਹਾਲ ਐਨਰਜੀ ਡਰਿੰਕਸ ਖਰੀਦਣ ਵਾਲੇ ਬੱਚਿਆਂ 'ਤੇ ਕੋਈ ਰੋਕ ਨਹੀਂ ਹੈ। ਕਰਿਆਨੇ ਦੀਆਂ ਦੁਕਾਨਾਂ ਵਿਚ ਵਿੱਕਰੀ ਦੇ ਨਾਲ ਹੀ ਬੱਚਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਇਸਦੇ ਇਸ਼ਤਿਹਾਰ ਬਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੋਧ ਦੇ ਨਤੀਜੇ ਦੱਸਦੇ ਹਨ ਕਿ ਇਨ੍ਹਾਂ ਉਤਪਾਦਾਂ ਦੇ ਸਿਹਤ ਪ੍ਰਭਾਵਾਂ ਦੀ ਨਿਗਰਾਨੀ ਵਧਾਉਣ ਦੀ ਲੋੜ ਹੈ।

Loading