ਕੀ ਕਾਂਵੜ ਯਾਤਰਾ ਦੌਰਾਨ ਧਰਮ ਦੇ ਨਾਮ ੳੱਪਰ ਨਫ਼ਰਤੀ ਹਿੰਸਕ ਨਾਚ ਰੁਕੇਗਾ?

In ਮੁੱਖ ਲੇਖ
July 18, 2025

ਸਾਉਣ ਦਾ ਮਹੀਨਾ, ਜਦੋਂ ਸ਼ਿਵ ਭਗਤਾਂ ਦੇ ਦਿਲਾਂ ਵਿੱਚ ਭਗਤੀ ਦਾ ਜਵਾਰ ਉੱਠਦਾ ਹੈ ਤੇ ਹਰਿਦੁਆਰ ਦੀਆਂ ਗੰਗਾ ਘਾਟੀਆਂ ’ਤੇ ਕਾਂਵੜੀਆਂ ਦੀਆਂ ਟੋਲੀਆਂ ਜਲ ਭਰਨ ਲਈ ਉਮੜ ਪੈਂਦੀਆਂ ਹਨ। ਸਦੀਆਂ ਤੋਂ ਚੱਲੀ ਆ ਰਹੀ ਇਹ ਕਾਂਵੜ ਯਾਤਰਾ, ਜੋ ਕਦੇ ਸੇਵਾ, ਤਿਆਗ ਅਤੇ ਭਗਤੀ ਦਾ ਪ੍ਰਤੀਕ ਸੀ, ਹੁਣ ਕੁਝ ਹੱਦ ਤੱਕ ਨਫ਼ਰਤ, ਹਿੰਸਾ ਅਤੇ ਫ਼ਿਰਕੂ ਜਹਿਰ ਦਾ ਆਧਾਰ ਬਣਦੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਕਾਂਵੜੀਆਂ ਦੀ ਗੁੰਡਾਗਰਦੀ, ਸੜਕਾਂ ’ਤੇ ਹਿੰਸਕ ਗਤੀਵਿਧੀਆਂ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੇ ਇਸ ਪੁਰਾਣੀ ਪਰੰਪਰਾ ਦੇ ਮੱਥੇ ’ਤੇ ਦਾਗ਼ ਲਾ ਦਿੱਤਾ ਹੈ। ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਵੀ ਇਸ ਸਬੰਧ ਵਿੱਚ ਚਿੰਤਾ ਜਤਾਈ ਹੈ ਅਤੇ ਕਾਂਵੜੀਆਂ ਨੂੰ ਅਮਨ, ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਰ ਸਵਾਲ ਇਹ ਹੈ ਕਿ ਅਮਨ-ਕਾਨੂੰਨ ਦੀ ਮਸ਼ੀਨਰੀ ਇਸ ਹਿੰਸਕ ਨਾਚ ਅੱਗੇ ਬੇਬਸ ਕਿਉਂ ਹੈ?
ਕੀ ਇਸ ਰਾਹੀਂ ਸਮਾਜ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਦੀ ਕੋਈ ਅਹਿਮੀਅਤ ਨਹੀਂ? ਅਤੇ ਸਭ ਤੋਂ ਵੱਡਾ ਸਵਾਲ—ਮੁਸਲਮਾਨ ਹੀ ਨਿਸ਼ਾਨਾ ਕਿਉਂ?
ਕਾਂਵੜ ਯਾਤਰਾ ਦਾ ਅਸਲੀ ਰੂਪ
ਕਾਂਵੜ ਯਾਤਰਾ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਇਹ ਸ਼ਿਵ ਭਗਤੀ ਦਾ ਇੱਕ ਪਵਿੱਤਰ ਅਨੁਸ਼ਠਾਨ ਸੀ। ਮਹੰਤ ਰਵੀਂਦਰ ਪੁਰੀ ਦੇ ਸ਼ਬਦਾਂ ਵਿੱਚ, “ਇਹ ਸਿਰਫ਼ ਯਾਤਰਾ ਨਹੀਂ, ਸਗੋਂ ਤ੍ਰੇਤਾ ਯੁਗ ਤੋਂ ਚੱਲੀ ਆ ਰਹੀ ਭਗਤੀ ਦੀ ਸਾਧਨਾ ਹੈ, ਜਦੋਂ ਭਗਵਾਨ ਪਰਸ਼ੁਰਾਮ ਨੇ ਹਰਿਦੁਆਰ ਤੋਂ ਪਹਿਲੀ ਵਾਰ ਕਾਂਵੜ ਲਿਆਂਦੀ ਸੀ।” ਸ਼੍ਰਵਣ ਕੁਮਾਰ ਦੀ ਕਹਾਣੀ, ਜਿਸ ਨੇ ਆਪਣੇ ਮਾਤਾ-ਪਿਤਾ ਨੂੰ ਕਾਂਵੜ ’ਤੇ ਬਿਠਾ ਕੇ ਯਾਤਰਾ ਕੀਤੀ, ਸੇਵਾ ਅਤੇ ਤਿਆਗ ਦਾ ਪ੍ਰਤੀਕ ਬਣੀ। ਇਸ ਯਾਤਰਾ ਵਿੱਚ ਸ਼ਰਧਾਲੂ ਅਤੇ ਸਮਾਜ ਵਿਚੋਂ ਬੇਦਖਲ ਕੀਤੇ ਲੋਕ ਤੇ ਦਲਿਤ, ਪੱਛੜੇ ਸ਼ਾਮਲ ਹੁੰਦੇ ਸਨ, ਜਿਨ੍ਹਾਂ ਨੂੰ ਇਸ ਨਾਲ ਸਤਿਕਾਰ ਮਿਲਦਾ ਸੀ। ਪਰ ਸਮੇਂ ਦੇ ਨਾਲ ਇਸ ਯਾਤਰਾ ਦਾ ਰੰਗ-ਰੂਪ ਬਦਲਦਾ ਗਿਆ। ਨੌਜਵਾਨ, ਜੋ ਮਸਤੀ, ਸੈਰ-ਸਪਾਟੇ ਜਾਂ ਨਸ਼ੇ ਦੀ ਖਾਤਰ ਇਸ ਵਿੱਚ ਸ਼ਾਮਲ ਹੋਣ ਲੱਗੇ, ਨੇ ਇਸ ਦੀ ਪਵਿੱਤਰਤਾ ’ਤੇ ਸੱਟ ਮਾਰੀ। ਹੁਣ, ਖਾਸਕਰ ਯੋਗੀ ਸਰਕਾਰ ਦੇ ਆਉਣ ਤੋਂ ਬਾਅਦ, ਇੱਕ ਨਵੀਂ ਕਿਸਮ ਦੇ ਕਾਂਵੜੀਏ ਸਾਹਮਣੇ ਆਏ ਹਨ—ਹਿੰਸਕ, ਖਰੂਦੀ, ਨਫ਼ਰਤੀ ਅਤੇ ਫ਼ਿਰਕੂ।
ਇਹ ਨਵੀਂ ਨਸਲ ਦੇ ਕਾਂਵੜੀਏ ਨਾ ਤਾਂ ਸ਼ਿਵ ਦੀ ਭਗਤੀ ਵਿੱਚ ਲੀਨ ਹਨ, ਨਾ ਹੀ ਸੇਵਾ-ਤਿਆਗ ਦੇ ਰਾਹ ’ਤੇ ਚੱਲਦੇ ਹਨ। ਇਹ ਇੱਕ ਅਜਿਹਾ ਗਰੋਹ ਹੈ, ਜੋ ਕਾਂਵੜ ਯਾਤਰਾ ਨੂੰ ਹਿੰਸਾ ਅਤੇ ਫ਼ਿਰਕੂ ਜਹਿਰ ਫ਼ੈਲਾਉਣ ਦੇ ਮੌਕੇ ਵਜੋਂ ਵਰਤਦਾ ਹੈ। ਸੜਕਾਂ ’ਤੇ ਤਬਾਹੀ ਮਚਾਉਣੀ, ਦੁਕਾਨਾਂ-ਢਾਬਿਆਂ ਨੂੰ ਤਹਿਸ-ਨਹਿਸ ਕਰਨਾ, ਮੁਸਾਫ਼ਰਾਂ ਨੂੰ ਕੁੱਟਣਾ—ਇਹ ਸਭ ਹੁਣ ਯਾਤਰਾ ਦਾ ਹਿੱਸਾ ਬਣਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓਜ਼ ਵਿੱਚ ਸਾਫ਼ ਦਿਖਦਾ ਹੈ ਕਿ ਕਿਵੇਂ ਕਾਂਵੜੀਏ ਸਰਕਾਰੀ ਬੱਸਾਂ, ਨਿੱਜੀ ਕਾਰਾਂ ਅਤੇ ਮੁਸਾਫ਼ਰਾਂ ’ਤੇ ਹਮਲੇ ਕਰ ਰਹੇ ਹਨ। ਮੁਸਲਮਾਨਾਂ ਨੂੰ ਖਾਸ ਤੌਰ ’ਤੇ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਨੇ ਇਸ ਯਾਤਰਾ ਨੂੰ ਇੱਕ ਫ਼ਿਰਕੂ ਅਖਾੜੇ ’ਚ ਬਦਲ ਦਿੱਤਾ ਹੈ।ਪਿਛਲੇ ਸਾਲ ਤੋਂ ਨੇਮ ਪਲੇਟ ਦਾ ਨਵਾਂ ਡਰਾਮਾ ਸ਼ੁਰੂ ਹੋਇਆ ਸੀ, ਜਿਸ ਵਿੱਚ ਦੁਕਾਨਦਾਰਾਂ, ਢਾਬੇ ਵਾਲਿਆਂ ਅਤੇ ਰੇਹੜੀਆਂ ਵਾਲਿਆਂ ਨੂੰ ਆਪਣਾ ਨਾਂ-ਪਤਾ ਦਿਖਾਉਣ ਦਾ ਹੁਕਮ ਦਿੱਤਾ ਗਿਆ ਸੀ। ਇਸ ਦਾ ਮਕਸਦ ਸੀ ਮੁਸਲਮਾਨ ਦੁਕਾਨਦਾਰਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਬਾਈਕਾਟ ਕਰਨਾ। ਸੁਪਰੀਮ ਕੋਰਟ ਨੇ ਇਸ ’ਤੇ ਰੋਕ ਲਾਈ ਅਤੇ ਕਿਹਾ ਕਿ ਸਿਰਫ਼ ਸ਼ਾਕਾਹਾਰੀ ਜਾਂ ਮਾਸਾਹਾਰੀ ਹੋਣ ਦੀ ਜਾਣਕਾਰੀ ਦੇਣੀ ਕਾਫ਼ੀ ਹੈ, ਪਰ ਸਰਕਾਰ ਅਤੇ ਨਫ਼ਰਤੀ ਗਰੋਹ ਇੱਥੇ ਹੀ ਨਹੀਂ ਰੁਕੇ। ਹੁਣ ਤਾਂ ਯੂ-ਆਰ ਕੋਡ ਦਿਖਾਉਣ ਦੇ ਹੁਕਮ ਜਾਰੀ ਹੋਏ, ਅਤੇ ਕੁਝ ਮਾਮਲਿਆਂ ਵਿੱਚ ਤਾਂ ਆਧਾਰ ਕਾਰਡ ਵੀ ਕਾਫ਼ੀ ਨਹੀਂ ਰਿਹਾ। ਦਿੱਲੀ-ਦੇਹਰਾਦੂਨ ਹਾਈਵੇ ’ਤੇ ਹੋਈ ਇੱਕ ਘਟਨਾ, ਜਿੱਥੇ ਕਾਂਵੜੀਆਂ ਨੇ ਇੱਕ ਢਾਬੇ ਦੇ ਕਰਿੰਦੇ ਦੀ ਪੈਂਟ ਉਤਾਰ ਕੇ ਉਸ ਦਾ ਧਰਮ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਇਸ ਨਫ਼ਰਤ ਦੀ ਵੱਡੀ ਉਦਾਹਰਣ ਹੈ।
ਆਖਿਰ ਅਮਨ-ਕਾਨੂੰਨ ਦੀ ਮਸ਼ੀਨਰੀ ਇਸ ਸਾਰੇ ਤਮਾਸ਼ੇ ਅੱਗੇ ਕਿਉਂ ਬੇਬਸ ਹੈ? ਜਦੋਂ ਮੁਸਲਮਾਨ ਜੁੰਮੇ ਦੀ ਨਮਾਜ਼ ਸੜਕ ’ਤੇ ਪੜ੍ਹ ਲੈਂਦੇ ਹਨ, ਤਾਂ ਸਰਕਾਰ ਅਤੇ ਪ੍ਰਸ਼ਾਸਨ ਸਖਤੀ ਕਰਦਾ ਹੈ। ਜੈਨ ਜਾਂ ਬੋਧੀਆਂ ਦੇ ਜਲੂਸਾਂ ’ਤੇ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਪਰ ਕਾਂਵੜੀਆਂ ਦੀ ਗੁੰਡਾਗਰਦੀ ’ਤੇ ਪੁਲਿਸ ਅਧਿਕਾਰੀ ਫ਼ੁੱਲਾਂ ਦੇ ਹਾਰ ਪਾਉਂਦੇ ਨਜ਼ਰ ਆਉਂਦੇ ਹਨ। ਪਿਛਲੇ ਹਫ਼ਤੇ ਦੌਰਾਨ 170 ਤੋਂ ਵੱਧ ਕਾਂਵੜੀਆਂ ’ਤੇ ਮੁਕੱਦਮੇ ਦਰਜ ਹੋਏ, ਜਿਨ੍ਹਾਂ ’ਚ ਗੁੰਡਾਗਰਦੀ, ਦੰਗਾ, ਸੜਕਾਂ ਰੋਕਣ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਵਰਗੇ ਇਲਜ਼ਾਮ ਸ਼ਾਮਲ ਹਨ।
ਪਰ ਕੀ ਇਨ੍ਹਾਂ ਮੁਕੱਦਮਿਆਂ ਦਾ ਕੋਈ ਅਸਰ ਹੋਵੇਗਾ? ਸ਼ਾਇਦ ਨਹੀਂ, ਕਿਉਂਕਿ ਇਹ ਗੁੰਡਾਗਰਦੀ ਸਿਆਸੀ ਸਰਪ੍ਰਸਤੀ ਵਿੱਚ ਹੋ ਰਹੀ ਹੈ।ਇਸ ਦੇ ਪਿੱਛੇ ਇੱਕ ਵੱਡੀ ਸਾਜਿਸ਼ ਦਿਖਦੀ ਹੈ। ਸੰਘ ਅਤੇ ਭਾਜਪਾ ਵਰਗੇ ਸੰਗਠਨ ਕਾਂਵੜ ਯਾਤਰਾ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤ ਰਹੇ ਹਨ। ਇਹ ਯਾਤਰਾ ਹੁਣ ਸਿਰਫ਼ ਸ਼ਿਵ ਭਗਤੀ ਦੀ ਨਹੀਂ, ਸਗੋਂ ਹਿੰਦੂਤਵ ਦੀ ਸਿਆਸਤ ਦਾ ਮੰਚ ਬਣ ਗਈ ਹੈ। ਇਸ ਰਾਹੀਂ ਸਮਾਜ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਇਹ ਦੇਸ਼ ਸਭ ਤੋਂ ਪਹਿਲਾਂ ਹਿੰਦੂਆਂ ਦਾ ਹੈ, ਅਤੇ ਬਾਕੀ ਸਾਰੇ ਧਰਮ ਦੂਜੇ ਦਰਜੇ ਦੇ ਨਾਗਰਿਕ ਹਨ। ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਕਸਦ ਸਿਰਫ਼ ਨਫ਼ਰਤ ਫ਼ੈਲਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਹਾਸ਼ੀਏ ’ਤੇ ਧੱਕਣਾ ਹੈ। ਨੇਮ ਪਲੇਟ ਅਤੇ ਯੂ-ਆਰ ਕੋਡ ਵਰਗੇ ਹੁਕਮ ਇਸੇ ਸਾਜਿਸ਼ ਦਾ ਹਿੱਸਾ ਹਨ।
ਕਾਂਵੜ ਯਾਤਰਾ, ਜੋ ਕਦੇ ਸੇਵਾ ਅਤੇ ਭਗਤੀ ਦਾ ਪ੍ਰਤੀਕ ਸੀ, ਅੱਜ ਨਫ਼ਰਤ ਅਤੇ ਹਿੰਸਾ ਦਾ ਅਖਾੜਾ ਬਣ ਗਈ ਹੈ। ਇਸ ਦੇ ਬਾਵਜੂਦ, ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਵਰਗੇ ਸੰਗਠਨ ਅਤੇ ਸੁਪਰੀਮ ਕੋਰਟ ਵਰਗੀਆਂ ਸੰਸਥਾਵਾਂ ਇਸ ਉਪਰ ਲਗਾਮ ਕਸਣ ਦੀ ਗੱਲ ਕਰ ਰਹੀਆਂ ਹਨ। ਪਰ ਜਦੋਂ ਤੱਕ ਸਿਆਸੀ ਸਰਪ੍ਰਸਤੀ ਅਤੇ ਨਫ਼ਰਤੀ ਸਾਜਿਸ਼ਾਂ ’ਤੇ ਰੋਕ ਨਹੀਂ ਲੱਗਦੀ, ਇਹ ਯਾਤਰਾ ਆਪਣੇ ਅਸਲੀ ਰੂਪ ਵਿੱਚ ਵਾਪਸ ਨਹੀਂ ਆ ਸਕਦੀ।

Loading