
ਭਾਰਤ ਵਿੱਚ ਫ਼ਿਲਮੀ ਦੁਨੀਆਂ ਦੀ ਚਕਾਚੌਂਧ ਬਹੁਤ ਹੈ, ਹਰ ਸਾਲ ਵੱਡੀ ਗਿਣਤੀ ਫ਼ਿਲਮਾਂ ਬਣਦੀਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਫ਼ਿਲਮਾਂ ਵਿੱਚ ਮਾਰ ਧਾੜ, ਲੜਾਈ ਆਦਿ ਦੇ ਦ੍ਰਿਸ਼ ਦਿਖਾਏ ਜਾਂਦੇ ਹਨ। ਆਧੁਨਿਕ ਸਮੇਂ ਵਿੱਚ ਲੜਾਈ ਅਤੇ ਡਕੈਤੀਆਂ ਦੇ ਦ੍ਰਿਸ਼ ਵੀ ਆਧੁਨਿਕ ਤਰੀਕਿਆਂ ਨਾਲ ਦਿਖਾਏ ਜਾਂਦੇ ਹਨ। ਅਜਿਹੇ ਦ੍ਰਿਸ਼ ਦਰਸ਼ਕਾਂ ਵੱਲੋਂ ਪਸੰਦ ਵੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤ ਵਿੱਚ ਬਣਦੀਆਂ ਫ਼ਿਲਮਾਂ ਵਿੱਚ ਹਾਲੀਵੁੱਡ ਫ਼ਿਲਮਾਂ ਦੀ ਨਕਲ ’ਤੇ ਵੀ ਕਈ ਦ੍ਰਿਸ਼ ਦਿਖਾਏ ਜਾਂਦੇ ਹਨ। ਕਈ ਫ਼ਿਲਮਾਂ ਵਿੱਚ ਤਾਂ ਚੰਗੇ ਦ੍ਰਿਸ਼ ਹੁੰਦੇ ਹਨ ਪਰ ਜ਼ਿਆਦਾਤਰ ਫ਼ਿਲਮਾਂ ਵਿੱਚ ਅਸ਼ਲੀਲ ਅਤੇ ਦੋਹਰੇ ਅਰਥਾਂ ਵਾਲੇ ਦ੍ਰਿਸ਼ ਅਤੇ ਸੰਵਾਦ ਹੁੰਦੇ ਹਨ। ਕਈ ਫ਼ਿਲਮਾਂ ਦੀ ਕਹਾਣੀ ਹੀ ਘਟੀਆ ਹੁੰਦੀ ਹੈ ਅਤੇ ਸਾਰੀ ਫ਼ਿਲਮ ਦੇਖ ਕੇ ਪਤਾ ਹੀ ਨਹੀਂ ਚਲਦਾ ਕਿ ਫ਼ਿਲਮ ਬਣਾਉਣ ਵਾਲੇ ਕਹਿਣਾ ਕੀ ਚਾਹੁੰਦੇ ਹਨ। ਇਸੇ ਕਾਰਨ ਅਨੇਕਾਂ ਫ਼ਿਲਮਾਂ ਦਰਸ਼ਕਾਂ ਵੱਲੋਂ ਨਾਪਸੰਦ ਕਰ ਦਿੱਤੀਆਂ ਜਾਂਦੀਆਂ ਹਨ।
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਇੱਕ ਪਾਸੇ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤ ਵਿੱਚ ਫ਼ਿਲਮਾਂ ਬਣਦੀਆਂ ਹਨ, ਦੂਜੇ ਪਾਸੇ ਕੋਈ ਵੀ ਫ਼ਿਲਮ ਸਮਾਜ ਨੂੰ ਚੰਗਾ ਸੰਦੇਸ਼ ਦੇਣ ਵਿੱਚ ਕਾਮਯਾਬ ਨਹੀਂ ਹੁੰਦੀ।
ਜੇ ਕੋਸ਼ਿਸ਼ ਕੀਤੀ ਜਾਵੇ ਤਾਂ ਫ਼ਿਲਮਾਂ ਨੂੰ ਵੀ ਚੰਗੀ ਸਿੱਖਿਆ ਦੇਣ ਦਾ ਸਾਧਨ ਬਣਾਇਆ ਜਾ ਸਕਦਾ ਹੈ। ਜਦੋਂ ਵੀ ਫ਼ਿਲਮੀ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਸਵਾਲ ਪੁੱਛਿਆ ਜਾਂਦਾ ਹੈ ਕਿ ਸਮਾਜ ਨੂੰ ਚੰਗੀ ਸੇਧ ਦੇਣ ਵਾਲੀਆਂ ਫ਼ਿਲਮਾਂ ਦੀ ਥਾਂ ਉਹ ਮਾਰਵਾੜ ਵਾਲੀਆਂ ਫ਼ਿਲਮਾਂ ਹੀ ਕਿਉਂ ਬਣਾਉਂਦੇ ਹਨ ਤਾਂ ਉਹਨਾਂ ਦਾ ਕਹਿਣਾ ਹੁੰਦਾ ਹੈ ਕਿ ਦਰਸ਼ਕ ਮਾਰਵਾੜ ਵਾਲੀਆਂ ਫ਼ਿਲਮਾਂ ਹੀ ਦੇਖਣਾ ਚਾਹੁੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਚੰਗੀਆਂ ਫ਼ਿਲਮਾਂ ਨੂੰ ਦਰਸ਼ਕ ਪਸੰਦ ਨਹੀਂ ਕਰਦੇ, ਜਿਸ ਕਾਰਨ ਉਹਨਾਂ ਨੂੰ ਘਾਟਾ ਪੈ ਜਾਂਦਾ ਹੈ।
ਇਹ ਵੀ ਅਸਲੀਅਤ ਹੈ ਕਿ ਇਹ ਸਭ ਕੁਝ ਹੋਣ ਦੇ ਬਾਵਜੂਦ ਕੁਝ ਫ਼ਿਲਮ ਅਜਿਹੀਆਂ ਵੀ ਬਣਦੀਆਂ ਹਨ, ਜੋ ਕਿ ਚੰਗੀਆਂ ਕਹੀਆਂ ਜਾਂਦੀਆਂ ਹਨ, ਇਸ ਕਰਕੇ ਅਜਿਹੀਆਂ ਫ਼ਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਪਰੰਤੂ ਇਹ ਫ਼ਿਲਮਾਂ ਮੋਟੀ ਕਮਾਈ ਕਰਨ ਵਿੱਚ ਅਸਫ਼ਲ ਰਹਿੰਦੀਆਂ ਹਨ, ਜਿਸ ਕਰਕੇ ਅਜਿਹੀਆਂ ਫ਼ਿਲਮਾਂ ਬਣਾਉਣ ਦੀ ਗਿਣਤੀ ਘੱਟ ਹੈ।
ਇੱਕ ਫ਼ਿਲਮ ਬਣਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਹਰ ਫ਼ਿਲਮ ਬਣਾਉਣ ਲਈ ਨਿਰਮਾਤਾ ਨੂੰ ਬਹੁਤ ਖ਼ਰਚਾ ਕਰਨਾ ਪੈਂਦਾ ਹੈ। ਕਈ ਵਾਰ ਕੁਝ ਵਿਅਕਤੀ ਮਿਲ ਕੇ ਫ਼ਿਲਮ ਬਣਾਉਂਦੇ ਹਨ ਅਤੇ ਕੁਝ ਫ਼ਿਲਮਾਂ ਨੂੰ ਵਿੱਤੀ ਕੰਪਨੀਆਂ ਵੱਲੋਂ ਫਾਇਨਾਂਸ ਕੀਤਾ ਜਾਂਦਾ ਹੈ। ਇਸ ਤਰਾਂ ਕਈ ਵਾਰ ਇੱਕ ਫ਼ਿਲਮ ਬਣਾਉਣ ਵਿੱਚ ਕਈ ਵਿਅਕਤੀਆਂ ਦਾ ਯੋਗਦਾਨ ਪੈ ਜਾਂਦਾ ਹੈ। ਅਕਸਰ ਪ੍ਰਸਿੱਧ ਕਲਾਕਾਰਾਂ ਨਾਲ ਬਣੀਆਂ ਫ਼ਿਲਮਾਂ ਸਫ਼ਲ ਹੋ ਜਾਂਦੀਆਂ ਹਨ ਪਰ ਪ੍ਰਸਿੱਧ ਕਲਾਕਾਰ ਫ਼ਿਲਮ ਵਿੱਚ ਕੰਮ ਕਰਨ ਲਈ ਨਿਰਮਾਤਾ ਤੋਂ ਬਹੁਤ ਪੈਸੇ ਲੈਂਦੇ ਹਨ। ਇਸ ਤਰਾਂ ਇਕ ਨਿਰਮਾਤਾ ਦੀ ਪੂੰਜੀ ਫ਼ਿਲਮ ਬਣਾਉਣ ਰਾਹੀਂ ਸੜਕ ’ਤੇ ਹੁੰਦੀ ਹੈ ਅਤੇ ਹਰ ਨਿਰਮਾਤਾ ਨੂੰ ਆਸ ਹੁੰਦੀ ਹੈ ਕਿ ਉਸਦੀ ਫ਼ਿਲਮ ਸਫ਼ਲ ਰਹੇਗੀ, ਇਸ ਲਈ ਹਰ ਫ਼ਿਲਮ ਨੂੰ ਸਫ਼ਲ ਕਰਨ ਲਈ ਹਰ ਤਰਾਂ ਦਾ ਮਸਾਲਾ ਫ਼ਿਲਮ ਵਿੱਚ ਪਾਇਆ ਜਾਂਦਾ ਹੈ। ਅੱਜ ਕੱਲ੍ਹ ਜ਼ਿਆਦਾਤਰ ਫ਼ਿਲਮਾਂ ਅਜਿਹੀਆਂ ਬਣਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਲਈ ਕੁਝ ਨਾ ਕੁਝ ਹੁੰਦਾ ਹੈ। ਇਸੇ ਕਾਰਨ ਇਹ ਫ਼ਿਲਮਾਂ ਸਫ਼ਲ ਹੋ ਜਾਂਦੀਆਂ ਹਨ ਅਤੇ ਚੰਗੀ ਕਮਾਈ ਕਰਦੀਆਂ ਹਨ। ਫ਼ਿਲਮਾਂ ਦੇ ਹਿੱਟ ਹੋਣ ਨਾਲ ਨਿਰਮਾਤਾ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਕਲਾਕਾਰਾਂ ਦੇ ਨਾਮ ਨਾਲ ਇੱਕ ਹੋਰ ਹਿੱਟ ਫ਼ਿਲਮ ਜੁੜ ਜਾਂਦੀ ਹੈ।
ਕਈ ਵਾਰ ਵੱਖ ਵੱਖ ਫ਼ਿਲਮਾਂ ਵਿੱਚ ਅਜਿਹੇ ਦ੍ਰਿਸ਼ ਅਤੇ ਸੰਵਾਦ ਹੁੰਦੇ ਹਨ, ਜਿਸ ਕਾਰਨ ਵਿਵਾਦ ਪੈਦਾ ਹੋ ਜਾਂਦਾ ਹੈ। ਕੁਝ ਵਿਦਵਾਨ ਕਹਿੰਦੇ ਹਨ ਕਿ ਕੁਝ ਫ਼ਿਲਮਾਂ ਵਿੱਚ ਜਾਣ ਬੁੱਝ ਕੇ ਅਜਿਹੇ ਦ੍ਰਿਸ਼ ਪਾਏ ਜਾਂਦੇ ਹਨ, ਜਿਨ੍ਹਾਂ ਕਾਰਨ ਵਿਵਾਦ ਹੋਏ। ਨਿਰਮਾਤਾ ਦੀ ਸੋਚ ਇਹ ਹੁੰਦੀ ਹੈ ਕਿ ਵਿਵਾਦ ਪੈਦਾ ਹੋਣ ਨਾਲ ਫ਼ਿਲਮ ਹਿੱਟ ਹੋ ਜਾਵੇਗੀ ਅਤੇ ਕਈ ਵਾਰ ਨਿਰਮਾਤਾ ਵੱਲੋਂ ਆਪਣੇ ਬੰਦਿਆਂ ਰਾਹੀਂ ਹੀ ਕੋਈ ਨਾ ਕੋਈ ਵਿਵਾਦ ਖੜ੍ਹਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਫ਼ਿਲਮ ਦਾ ਮੁਫ਼ਤ ਵਿੱਚ ਪ੍ਰਚਾਰ ਹੋ ਸਕੇ। ਕਈ ਨਿਰਮਾਤਾਵਾਂ ਦੀ ਇਹ ਸੋਚ ਸਫ਼ਲ ਹੋ ਜਾਂਦੀ ਹੈ ਅਤੇ ਉਹਨਾਂ ਦੀ ਫ਼ਿਲਮ ਚਰਚਾ ਵਿੱਚ ਆ ਜਾਂਦੀ ਹੈ। ਵਿਵਾਦ ਪੈਦਾ ਹੋਣ ਕਾਰਨ ਕੁਝ ਦ੍ਰਿਸ਼ ਕੱਟਣ ਦਾ ਡਰਾਮਾ ਕੀਤਾ ਜਾਂਦਾ ਹੈ ਅਤੇ ਫ਼ਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਅਕਸਰ ਅਜਿਹੇ ਵਿਵਾਦ ਦੂਰ ਹੋ ਜਾਂਦੇ ਹਨ।
ਕਈ ਫ਼ਿਲਮਾਂ ਵਿੱਚ ਜਾਣ ਬੁਝ ਕੇ ਕਿਸੇ ਨਾ ਕਿਸੇ ਧਰਮ ਖ਼ਿਲਾਫ਼ ਦਿਖਾਇਆ ਜਾਂਦਾ ਹੈ, ਜਦੋਂ ਵਿਵਾਦ ਪੈਦਾ ਹੋ ਜਾਂਦਾ ਹੈ ਤਾਂ ਉਹਨਾਂ ਦ੍ਰਿਸ਼ਾਂ ਨੂੰ ਕੱਟ ਦਿੱਤਾ ਜਾਂਦਾ ਹੈ। ਇਸ ਤ ਰਾਂ ਆਮ ਫ਼ਿਲਮ ਵੀ ਚਰਚਾ ਵਿੱਚ ਆ ਜਾਂਦੀ ਹੈ। ਇਸ ਤਰਾਂ ਵਿਵਾਦ ਨੂੰ ਫ਼ਿਲਮਾਂ ਹਿੱਟ ਕਰਵਾਉਣ ਦਾ ਫ਼ਾਰਮੂਲਾ ਵੀ ਸਮਝਿਆ ਜਾਂਦਾ ਹੈ। ਜਿਸ ਕਾਰਨ ਅਜਿਹੇ ਵਿਵਾਦਮਈ ਦ੍ਰਿਸ਼ ਫ਼ਿਲਮਾਂ ਵਿੱਚ ਜਾਣ ਬੁਝ ਕੇ ਪਾਏ ਜਾਂਦੇ ਹਨ।
ਹਾਲੀਵੁੱਡ ਨੂੰ ਪੂਰੀ ਦੁਨੀਆਂ ਵਿੱਚ ਫ਼ਿਲਮਾਂ ਦੀ ਨਗਰੀ ਕਿਹਾ ਜਾਂਦਾ ਹੈ, ਇਹੋ ਸਥਿਤੀ ਭਾਰਤ ਵਿੱਚ ਮੁੰਬਈ ਦੀ ਹੈ। ਮੁੰਬਈ ਨੂੰ ਫ਼ਿਲਮ ਨਗਰੀ ਕਿਹਾ ਜਾਂਦਾ ਹੈ। ਹਰ ਸਾਲ ਮੁੰਬਈ ਵਿੱਚ ਹਜ਼ਾਰਾਂ ਕਲਾਕਾਰ ਵੱਖ ਵੱਖ ਇਲਾਕਿਆਂ ਵਿੱਚ ਆਪਣੀਆਂ ਫ਼ਿਲਮਾਂ ਵਿੱਚ ਵੱਡੇ ਸਟਾਰ ਬਣਨ ਦੇ ਸੁਪਨੇ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਫ਼ਿਲਮ ਨਗਰੀ ਵਿੱਚ ਆ ਕੇ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਇਹਨਾਂ ਕਲਾਕਾਰਾਂ ਵਿਚੋਂ ਕੁਝ ਕਲਾਕਾਰ ਸਫ਼ਲ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕੁਝ ਫ਼ਿਲਮਾਂ ਵਿੱਚ ਕੋਈ ਰੋਲ ਮਿਲ ਜਾਂਦਾ ਹੈ ਜਦੋਂ ਕਿ ਬਾਕੀ ਕਲਾਕਾਰ ਸਮੇਂ ਦੀ ਧੂੜ ਵਿੱਚ ਗੁਆਚ ਜਾਂਦੇ ਹਨ।
ਚਾਹੀਦਾ ਤਾਂ ਇਹ ਹੈ ਕਿ ਹਿੰਦੀ ਫ਼ਿਲਮਾਂ ਨੂੰ ਗਿਆਨ ਅਤੇ ਸਿੱਖਿਆ ਦਾ ਸਾਧਨ ਬਣਾਇਆ ਜਾਵੇ। ਇਸ ਦੇ ਨਾਲ ਹੀ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਖਿਆਲ ਰਖਿਆ ਜਾਵੇ। ਫ਼ਿਲਮਾਂ ਵਿਚ ਇਤਰਾਜਯੋਗ, ਵਿਵਾਦ ਪੈਦਾ ਕਰਨ ਵਾਲੇ, ਅਸ਼ਲੀਲ ਦ੍ਰਿਸ਼ ਅਤੇ ਸੰਵਾਦ ਨਾ ਪਾਏ ਜਾਣ। ਹਰ ਫ਼ਿਲਮ ਰਾਹੀਂ ਸਮਾਜ ਨੂੰ ਕੋਈ ਨਾ ਕੋਈ ਸੇਧ ਦੇਣ ਦਾ ਯਤਨ ਕੀਤਾ ਜਾਵੇ।