ਬਲਵਿੰਦਰ ਸਿੰਘ ਭੁੱਲਰ
ਜ਼ਿਮਨੀ ਚੋਣਾਂ ਹਰ ਸਰਕਾਰ ਦੌਰਾਨ ਹੀ ਆਉਂਦੀਆਂ ਰਹਿੰਦੀਆਂ ਹਨ। ਚੋਣ ਦਾ ਐਲਾਨ ਹੁੰਦਾ ਹੈ, ਵੋਟਾਂ ਪੈਂਦੀਆਂ ਹਨ, ਨਤੀਜਾ ਆਉਂਦਾ ਹੈ ਅਤੇ ਜਿੱਤ ਚੁੱਕਿਆ ਉਮੀਦਵਾਰ ਵਿਧਾਇਕ ਵਜੋਂ ਸਹੁੰ ਚੁੱਕ ਲੈਂਦਾ ਹੈ ਅਤੇ ਕੰਮ ਖਤਮ ਹੋ ਜਾਂਦਾ ਹੈ। ਪਰ ਪਿਛਲੇ ਦਿਨੀਂ ਤਰਨਤਾਰਨ ਹਲਕੇ ਦੀ ਜ਼ਿਮਨੀ ਚੋਣ ਦੇ ਜੇਤੂ ਸ੍ਰ. ਹਰਮੀਤ ਸਿੰਘ ਨੇ ਭਾਵੇਂ ਸਹੁੰ ਚੁੱਕ ਲਈ ਹੈ, ਪਰ ਇਸ ਚੋਣ ਦਾ ਕੰਮ ਅਜੇ ਸਮੇਟਿਆ ਹੋਇਆ ਨਜ਼ਰ ਨਹੀਂ ਆ ਰਿਹਾ। ਸਗੋਂ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਦਿਨੋ ਦਿਨ ਚਰਚਾਵਾਂ ਵਧ ਰਹੀਆਂ ਹਨ ਕਿ ਚੋਣਾਂ ਸਮੇਂ ਕੀ ਹੋਇਆ?
ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸ੍ਰੀਮਤੀ ਸੁਖਵਿੰਦਰ ਕੌਰ ਰੰਧਾਵਾ ਸੀ ਅਤੇ ਉਸਦੀ ਕਵਰਿੰਗ ਉਮੀਦਵਾਰ ਵਜੋਂ ਉਸਦੀ ਧੀ ਕੰਚਨਪ੍ਰੀਤ ਕੌਰ ਨੇ ਫਾਰਮ ਭਰੇ ਸਨ, ਜੋ ਕਾਫ਼ੀ ਸਮੇਂ ਤੋਂ ਕੈਨੇਡਾ ਰਹਿੰਦੀ ਹੈ। ਸ੍ਰੀਮਤੀ ਰੰਧਾਵਾ ਨੂੰ ਚੰਗੀਆਂ ਵੋਟਾਂ ਹਾਸਲ ਹੋਈਆਂ ਅਤੇ ਉਹ ਨਤੀਜੇ ਵਿੱਚ ਦੂਜੇ ਸਥਾਨ ’ਤੇ ਰਹੀ। ਇਸ ਨਤੀਜੇ ਤੋਂ ਅਕਾਲੀ ਦਲ ਬਹੁਤ ਖੁਸ਼ ਅਤੇ ਹੌਸਲੇ ਵਿੱਚ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਮਾੜੀ ਹਾਲਤ ਵਿੱਚ ਪਹੁੰਚ ਚੁੱਕੇ ਅਕਾਲੀ ਦਲ ਨੂੰ ਆਕਸੀਜਨ ਮਿਲੀ ਹੈ, ਪਰ ਇਸਦੇ ਨਾਲ ਨਾਲ ਪਾਰਟੀ ਅਤੇ ਉਮੀਦਵਾਰ ਦੇ ਪਰਿਵਾਰ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲ ਉੱਠ ਰਹੇ ਹਨ। ਅਕਾਲੀ ਉਮੀਦਵਾਰ ਦੀ ਧੀ ਬੀਬੀ ਕੰਚਨਪ੍ਰੀਤ ਕੌਰ ਹਲਕੇ ਵਿੱਚ ਮੁੱਖ ਬੁਲਾਰੇ ਵਜੋਂ ਵਿਚਰਦੀ ਰਹੀ ਅਤੇ ਉਸਨੇ ਮੁਹਿੰਮ ਨੂੰ ਪੂਰਾ ਭਖਾਇਆ ਅਤੇ ਪ੍ਰਚਾਰ ਕੀਤਾ। ਉਮੀਦਵਾਰ ਦੇ ਪਰਿਵਾਰਕ ਮੈਂਬਰ ਪ੍ਰਚਾਰ ਕਰਦੇ ਹੀ ਹੁੰਦੇ ਹਨ, ਇਸ ਗੱਲ ਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੋ ਸਕਦਾ, ਪਰ ਉਸਨੇ ਪ੍ਰਚਾਰ ਕਰਨ ਦਾ ਸਾਧਨ ਕਿਹੜਾ ਵਰਤਿਆ, ਇਹ ਹਰ ਬੁੱਧੀਜੀਵੀ ਅਤੇ ਜਾਗਰੂਕ ਵਿਅਕਤੀ ਨੂੰ ਜ਼ਰੂਰ ਚੁੱਭਦਾ ਹੈ।
ਕੰਚਨਪ੍ਰੀਤ ’ਤੇ ਦੋਸ਼ ਲਗਦੇ ਰਹੇ ਕਿ ਉਸਦੇ ਇਸ ਹਲਕੇ ਦੇ ਇੱਕ ਵੱਡੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਬਾਠ ਨਾਲ ਨਜ਼ਦੀਕੀ ਸਬੰਧ ਹਨ, ਜਿਸ ’ਤੇ ਕਈ ਮੁਕੱਦਮੇ ਦਰਜ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੰਚਨਪ੍ਰੀਤ ਕੌਰ ਕੈਨੇਡਾ ਵਿੱਚ ਇਸ ਅੰਮ੍ਰਿਤਪਾਲ ਬਾਠ ਨਾਲ ਲਿਵ ਇਨ ਰਿਲੇਸ਼ਨ ਦੇ ਤੌਰ ’ਤੇ ਕਈ ਸਾਲਾਂ ਤੋਂ ਰਹਿ ਰਹੀ ਹੈ। ਚੋਣਾਂ ਸਮੇਂ ਵੋਟਰਾਂ ਨੂੰ ਉਸ (ਅੰਮ੍ਰਿਤਪਾਲ ਬਾਠ) ਰਾਹੀਂ ਧਮਕੀਆਂ ਦਿਵਾਈਆਂ ਗਈਆਂ ਕਿ ਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਨੂੰ ਵੋਟ ਪਾਈ ਗਈ ਤਾਂ ਉਸਨੂੰ ਜਾਨੋ ਮਾਰ ਦਿੱਤਾ ਜਾਵੇਗਾ। ਅਕਾਲੀ ਦਲ ਨੂੰ ਵੋਟ ਪਾਉਣ ਲਈ ਹਦਾਇਤਾਂ ਵੀ ਕੀਤੀਆਂ ਗਈਆਂ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਮੁਕੱਦਮੇ ਵੀ ਦਰਜ ਹੋਏ ਹਨ। ਆਮ ਲੋਕ ਅਜਿਹੇ ਮੁਕੱਦਮਿਆਂ ਨੂੰ ਵੀ ਕਈ ਵਾਰ ਝੂਠੇ ਮੰਨ ਜਾਂਦੇ ਹਨ, ਪਰ ਕੰਚਨਪ੍ਰੀਤ ਦਾ ਭਾਰਤ ਆਉਣਾ ਅਤੇ ਵਾਪਸ ਜਾਣਾ, ਗੈਂਗਸਟਰ ਬਾਠ ਨਾਲ ਸਬੰਧਾਂ ਅਤੇ ਉਸ ਵਿਰੁੱਧ ਦਰਜ ਮੁਕੱਦਮਿਆਂ ਬਾਰੇ ਕਾਫ਼ੀ ਕੁਝ ਸਪਸ਼ਟ ਕਰਦੇ ਹਨ। ਕੰਚਨਪ੍ਰੀਤ ਕੌਰ ਕੈਨੇਡਾ ਤੋਂ ਨਿਪਾਲ ਰਸਤੇ ਚੋਣਾਂ ਤੋਂ ਪਹਿਲਾਂ ਭਾਰਤ ਆਈ। ਕਰੀਬ ਦੋ ਮਹੀਨੇ ਪੰਜਾਬ ਵਿੱਚ ਰਹਿ ਕੇ ਪ੍ਰਚਾਰ ਕੀਤਾ। ਵੋਟਾਂ ਪੈਣ ਤੋਂ ਤੁਰੰਤ ਬਾਅਦ ਨਿਪਾਲ ਰਸਤੇ ਹੀ ਕੈਨੇਡਾ ਵੱਲ ਚੋਰੀ ਚੋਰੀ ਚਲੀ ਗਈ। ਜੇਕਰ ਉਹ ਸੱਚੀ ਸੀ, ਉਸਦਾ ਕੋਈ ਕਸੂਰ ਜਾਂ ਦੋਸ਼ ਨਹੀਂ ਸੀ ਤਾਂ ਉਸਨੇ ਅਜਿਹਾ ਕਿਉਂ ਕੀਤਾ? ਉਸਦੀ ਇਹ ਕਾਰਵਾਈ ਵੋਟਰਾਂ ਨੂੰ ਧਮਕਾਉਣ ਵਾਲੇ ਮੁਕੱਦਮਿਆਂ ਨੂੰ ਜਾਇਜ਼ ਠਹਿਰਾਉਣ ਵੱਲ ਇਸ਼ਾਰਾ ਕਰਦੀ ਹੈ। ਸਵਾਲ ਉੱਠਦਾ ਹੈ ਕਿ ਅਕਾਲੀ ਦਲ ਹੁਣ ਗੈਂਗਸਟਰਾਂ ਨੂੰ ਮੋਹਰੇ ਲਾ ਕੇ ਚੋਣਾਂ ਲੜਿਆ ਕਰੇਗਾ? ਇਹ ਰੁਝਾਨ ਰਾਜਨੀਤੀ ਲਈ ਲਾਭਦਾਇਕ ਨਹੀਂ ਹੋਵੇਗਾ ਅਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਕਦੇ ਅਜਿਹੀ ਨੀਤੀ ਦਾ ਮੁਦਈ ਰਿਹਾ ਹੈ।
ਦੂਜੀ ਗੱਲ, ਨਤੀਜੇ ਵਿੱਚ ਦੂਜੇ ਸਥਾਨ ’ਤੇ ਆ ਜਾਣ ਬਾਅਦ ਅਕਾਲੀ ਦਲ ਨੇ ਹੰਕਾਰੀ ਲਹਿਜੇ ਵਿੱਚ ਪ੍ਰਚਾਰ ਕੀਤਾ ਕਿ ਅਗਲੀ ਸਰਕਾਰ ਉਹਨਾਂ ਦੀ ਪਾਰਟੀ ਦੀ ਹੋਵੇਗੀ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਹੋਣਗੇ। ਲੋਕਾਂ ਉੱਤੇ ਪ੍ਰਭਾਵ ਬਣਾਉਣ ਅਤੇ ਵਿਰੋਧੀਆਂ ਨੂੰ ਡਰਾਉਣ ਦੇ ਇਰਾਦੇ ਨਾਲ ਸੁਖਬੀਰ ਬਾਦਲ ਨੂੰ ਡੈਨਾਸੋਰ ਦਾ ਸੰਗਲ ਫੜ ਕੇ ਤੁਰਿਆ ਜਾਂਦਾ ਵਿਖਾਇਆ ਗਿਆ, ਜਿਵੇਂ ਇਹ ਹਊਆ ਖੜ੍ਹਾ ਕੀਤਾ ਜਾਵੇ ਕਿ “ਆ ਗਿਆ ਸੁਖਬੀਰ ਬਾਦਲ!” ਵੱਡੀ ਸ਼ਕਤੀ ਹਾਸਲ ਕਰਕੇ, ਜਿਹੜਾ ਡੈਨਾਸੋਰ ਨੂੰ ਵੀ ਕਾਬੂ ਕਰ ਲਵੇਗਾ। ਅਸਲ ਵਿੱਚ ਡੈਨਾਸੋਰ ਨੂੰ ਵਿਰੋਧੀ ਧਿਰ ਜਾਂ ਅਫਸਰਸ਼ਾਹੀ ਵਜੋਂ ਪੇਸ਼ ਕੀਤਾ ਗਿਆ ਸੀ। ਇਹ ਪ੍ਰਚਾਰ ਵੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਸਿੱਖ ਸਿਧਾਂਤ ਅਨੁਸਾਰ ਸੰਗਤਾਂ ਮੋਹਰੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਦੇ ਵਿਰੁੱਧ ਹੈ। ਇੱਥੇ ਹੀ ਬੱਸ ਨਹੀਂ, ਸ੍ਰ. ਸੁਖਬੀਰ ਸਿੰਘ ਬਾਦਲ ਤਾਂ ਅਗਲੀ ਸਰਕਾਰ ਲਈ ਮੰਤਰੀਆਂ ਦਾ ਐਲਾਨ ਵੀ ਕਰਨ ਲੱਗ ਪਿਆ, ਜਿਵੇਂ ਸਰਕਾਰ ਤਾਂ ਬਣ ਹੀ ਗਈ ਹੋਵੇ, ਬੱਸ ਸਹੁੰ ਚੁੱਕਣੀ ਹੀ ਰਹਿੰਦੀ ਹੋਵੇ। ਇੱਥੇ ਹੀ ਬੱਸ ਨਹੀਂ, ਪਾਰਟੀ ਪ੍ਰਧਾਨ ਸ੍ਰ. ਬਾਦਲ ਭਾਸ਼ਣਾਂ ਵਿੱਚ ਕਹਿ ਰਹੇ ਹਨ ਕਿ ਸੱਤਾ ਸੰਭਾਲ ਲੈਣ ’ਤੇ ਅਕਾਲੀ ਸਰਕਾਰ ਪਹਿਲਾਂ ਵਾਂਗ ਡਟ ਕੇ ਕੰਮ ਕਰੇਗੀ। ਪਰ ਸ਼ਾਇਦ ਉਹ ਭੁੱਲ ਗਏ ਹਨ ਕਿ ਪਹਿਲੀ ਉਹਨਾਂ ਦੀ ਸਰਕਾਰ ਵੇਲੇ ਹੋਏ ਕੰਮਾਂ ਕਾਰਨ ਹੀ ਅਕਾਲੀ ਦਲ ਅਰਸ਼ ਤੋਂ ਫਰਸ਼ ’ਤੇ ਆ ਗਿਆ ਸੀ। ਸ੍ਰ. ਬਾਦਲ ਨੂੰ ਅਕਾਲੀ ਸਰਕਾਰ ਵੇਲੇ ਦੇ ਮੰਤਰੀ ਮੰਡਲ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜ੍ਹ ਕੇ ਮੁਆਫ਼ੀਆਂ ਮੰਗਣੀਆਂ ਪਈਆਂ ਸਨ ਅਤੇ ਧਾਰਮਿਕ ਸਜ਼ਾ ਭੁਗਤਣੀ ਪਈ ਸੀ। ਕੀ ਅਗਲੀ ਸਰਕਾਰ ਬਣਨ ’ਤੇ ਵੀ ਉਹੋ ਜਿਹੇ ਕੰਮ ਹੀ ਹੋਣਗੇ, ਜੋ ਪਿਛਲੀ ਸਰਕਾਰ ਵੇਲੇ ਹੋਏ ਸਨ?
ਜ਼ਿਮਨੀ ਚੋਣ ਨਤੀਜੇ ਵਿੱਚ ਦੂਜੇ ਸਥਾਨ ’ਤੇ ਆਉਣ ਨਾਲ ਸਰਕਾਰ ਨਹੀਂ ਬਣ ਜਾਂਦੀ। ਜੇ ਮਨਦੀਪ ਸਿੰਘ ਦੂਜੇ ਨੰਬਰ ’ਤੇ ਆ ਜਾਂਦਾ ਤਾਂ ਕੀ ਉਸਦੀ ਸਰਕਾਰ ਬਣ ਜਾਂਦੀ? ਜੇ ਕੋਈ ਆਜ਼ਾਦ ਦੂਜੇ ਸਥਾਨ ’ਤੇ ਆ ਜਾਂਦਾ ਤਾਂ ਕੀ ਉਹ ਅਗਲੀ ਸਰਕਾਰ ਬਣਾ ਲੈਂਦਾ? ਦੂਜੇ ਸਥਾਨ ’ਤੇ ਆਉਣਾ ਨਾ ਕੋਈ ਪੈਮਾਨਾ ਹੈ ਅਤੇ ਨਾ ਹੀ ਭਵਿੱਖ ਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੇ ਕਾਂਗਰਸ ਏਕਤਾ ਨਾਲ ਜਿੱਤ ਹਾਸਲ ਕਰਨ ਵਾਸਤੇ ਚੋਣ ਲੜਦੀ ਤਾਂ ਉਹ ਵੀ ਦੂਜੇ ਸਥਾਨ ’ਤੇ ਆ ਸਕਦੀ ਸੀ, ਪਰ ਉਹ ਤਾਂ ਹਾਰਨ ਹਰਾਉਣ ਦੀ ਲੜਾਈ ਹੀ ਲੜ ਰਹੀ ਸੀ। ਦੂਜੇ ਪਾਸੇ ਆਮ ਆਦਮੀ ਪਾਰਟੀ ’ਤੇ ਦੋਸ਼ ਲੱਗ ਰਹੇ ਹਨ ਕਿ ਤਰਨਤਾਰਨ ਚੋਣ ਮੌਜੂਦਾ ਰਾਜ ਸਰਕਾਰ ਦੇ ਦਬਾਅ ਅਤੇ ਪੁਲਿਸ ਦੀ ਮਦਦ ਨਾਲ ਜਿੱਤੀ ਗਈ ਹੈ। ਕਾਫ਼ੀ ਹੱਦ ਤਕ ਇਹ ਸੱਚਾਈ ਵੀ ਹੋ ਸਕਦੀ ਹੈ, ਸਰਕਾਰ ਭਾਵੇਂ ਕੋਈ ਵੀ ਹੋਵੇ, ਜ਼ਿਮਨੀ ਚੋਣ ਉਹ ਦਬਾਅ ਨਾਲ ਹੀ ਜਿੱਤਦੀ ਹੁੰਦੀ ਹੈ। ਤਰਨਤਾਰਨ ਦੀ ਇਸ ਜ਼ਿਮਨੀ ਚੋਣ ਸਮੇਂ ਕਥਿਤ ਤੌਰ ’ਤੇ ਪੁਲਿਸ ਰਾਜ, ਗੈਂਗਵਾਰ, ਗੁੰਡਾਗਰਦੀ, ਭ੍ਰਿਸ਼ਟਾਚਾਰ, ਧਮਕੀਆਂ ਆਦਿ ਦੀਆਂ ਚਰਚਾਵਾਂ ਵੀ ਹੁੰਦੀਆਂ ਰਹੀਆਂ ਹਨ।
ਸਿਆਸੀ ਪਾਰਟੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਡੰਡੇ ਦੇ ਜ਼ੋਰ ਨਾਲ ਲੋਕਰਾਜੀ ਹਕੂਮਤਾਂ ਨਹੀਂ ਚੱਲ ਸਕਦੀਆਂ, ਡਿਕਟੇਟਰਸ਼ਿੱਪ ਹੀ ਚੱਲ ਸਕਦੀ ਹੈ। ਪੰਜਾਬ ਦੇ ਲੋਕ ਤਾਨਾਸ਼ਾਹੀ ਦਾ ਨੱਕ ਭੰਨਣਾ ਵੀ ਜਾਣਦੇ ਹਨ। ਬੀਤੇ ਤੋਂ ਸਬਕ ਲੈ ਕੇ ਲੋਕ ਰਾਜ ਦੇ ਢੰਗ ਤਰੀਕਿਆਂ ਦੇ ਆਧਾਰ ’ਤੇ ਨੀਤੀਆਂ ਤੈਅ ਕਰਨੀਆਂ ਚਾਹੀਦੀਆਂ ਹਨ, ਡਰਾਵੇ, ਧਮਕੀਆਂ ਨਾ ਲੋਕ ਹਿਤ ਵਿੱਚ ਹੋਣਗੀਆਂ ਅਤੇ ਨਾ ਹੀ ਸੂਬੇ ਦੇ ਹਿਤ ਵਿੱਚ। ਸ਼੍ਰੋਮਣੀ ਅਕਾਲੀ ਦਲ ਲਈ ਇਸ ਚੋਣ ਨਤੀਜੇ ਤੋਂ ਅਗਲੀ ਸਰਕਾਰ ਬਣ ਜਾਣ ਦਾ ਭੁਲੇਖਾ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਆਪਣੀਆਂ ਪੁਰਾਤਨ ਰਿਵਾਇਤਾਂ ਅਨੁਸਾਰ ਆਮ ਲੋਕਾਂ ਵਿੱਚ ਸੰਪਰਕ ਸਥਾਪਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਹੰਕਾਰੀ ਸ਼ਬਦਾਵਲੀ ਸਹਾਈ ਨਹੀਂ ਹੋ ਸਕਦੀ, ਬਲਕਿ ਲੋਕਾਂ ਨਾਲੋਂ ਦੂਰੀਆਂ ਬਣਾਉਣ ਦਾ ਆਧਾਰ ਬਣ ਸਕਦੀ ਹੈ।
![]()
