ਕੀ ਜੇਨ-ਜ਼ੀ ਵਰਗਾ ਹੈ ਪੰਜਾਬ ਯੂਨੀਵਰਸਿਟੀ ਦਾ ਅੰਦੋਲਨ?

In ਪੰਜਾਬ
November 12, 2025

ਬਲਵਿੰਦਰ ਪਾਲ ਸਿੰਘ ਪ੍ਰੋਫ਼ੈਸਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਰੇ-ਭਰੇ ਕੈਂਪਸ ਵਿੱਚ ਹੁਣ ਵੀ ਨਾਅਰੇ ਗੂੰਜ ਰਹੇ ਹਨ। ਪੰਜਾਬ ਯੂਨੀਵਰਸਿਟੀ (ਪੀ.ਯੂ.) ਦੇ ਵਿਦਿਆਰਥੀਆਂ ਨੇ ਸੈਨੇਟ ਚੋਣਾਂ ਨੂੰ ਲੈ ਕੇ ਖੜ੍ਹੇ ਕੀਤੇ ਅੰਦੋਲਨ ਨੇ ਨਾ ਸਿਰਫ਼ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ, ਸਗੋਂ ਪੂਰੇ ਪੰਜਾਬ ਨੂੰ ਇੱਕ ਵੱਡੇ ਸਿਆਸੀ ਤੂਫ਼ਾਨ ਵੱਲ ਧੱਕ ਦਿੱਤਾ ਹੈ। ਹਜ਼ਾਰਾਂ ਵਿਦਿਆਰਥੀ, ਕਿਸਾਨ, ਮਜ਼ਦੂਰ ਅਤੇ ਸਿਆਸੀ ਆਗੂਆਂ ਨੇ ਗੇਟਾਂ ਤੋੜ ਕੇ ਕੈਂਪਸ ਵਿੱਚ ਦਾਖ਼ਲ ਹੋ ਕੇ ਵਾਈਸ ਚਾਂਸਲਰ ਦੇ ਦਫ਼ਤਰ ਸਾਹਮਣੇ ਸਟੇਜ ਲਗਾ ਲਈ ਹੈ। ਪੁਲਿਸ ਦੀ ਧੱਕੇਸ਼ਾਹੀ, ਹਲਕਾ ਲਾਠੀਚਾਰਜ ਅਤੇ ਗੋਲੀਆਂ ਦੀ ਧਮਕੀਆਂ ਦੇ ਬਾਵਜੂਦ ਵੀ ਨੌਜਵਾਨ ਪਿੱਛੇ ਨਹੀਂ ਹਟੇ। ਇਹ ਸਿਰਫ਼ ਇੱਕ ਯੂਨੀਵਰਸਿਟੀ ਦਾ ਵਿਵਾਦ ਨਹੀਂ – ਇਹ ਪੰਜਾਬ ਦੀ ਖੁਦਮੁਖ਼ਤਿਆਰੀ, ਸੱਭਿਆਚਾਰਕ ਪਛਾਣ ਅਤੇ ਫ਼ੈਡਰਲ ਵਿਵਸਥਾ ਉੱਤੇ ਹਮਲੇ ਵਿਰੁੱਧ ਇੱਕ ਵੱਡਾ ਵਿਦਰੋਹ ਹੈ। ਅਤੇ ਜਦੋਂ ਗੱਲ ਜੈਨ-ਜ਼ੀ (1997-2012 ਵਿੱਚ ਜਨਮੇ ਨੌਜਵਾਨਾਂ) ਦੇ ਅੰਦੋਲਨਾਂ ਦੀ ਹੋਵੇ, ਤਾਂ ਏਸ਼ੀਆ ਦੇ ਗੁਆਂਢੀ ਦੇਸ਼ਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਭਾਰਤ ਲਈ ਚਿਤਾਵਨੀ ਵਾਂਗ ਗੂੰਜ ਰਹੀਆਂ ਹਨ।
10-11 ਨਵੰਬਰ ਨੂੰ ਵਿਦਿਆਰਥੀ ਜਥੇਬੰਦੀਆਂ ਨੇ ਪੰਜਾਬ ਯੂਨੀਵਰਸਿਟੀ ਬੰਦ ਦਾ ਐਲਾਨ ਕੀਤਾ ਸੀ। ਵਿਵਾਦ ਦਾ ਕੇਂਦਰੀ ਧੁਰਾ ਇਹ ਹੈ ਕਿ ਕੇਂਦਰ ਸਰਕਾਰ ਨੇ 28 ਅਕਤੂਬਰ ਨੂੰ ਸੈਨੇਟ ਅਤੇ ਸਿੰਡੀਕੇਟ ਵਿੱਚ ਵੱਡੇ ਬਦਲਾਅ ਕਰਨ ਦਾ ਫ਼ੈਸਲਾ ਲਿਆ ਸੀ, ਜਿਸ ਨਾਲ ਚੋਣਾਂ ਨੂੰ ਰੱਦ ਕਰਕੇ ਨਾਮਜ਼ਦਗੀਆਂ ਨੂੰ ਵਧਾਇਆ ਜਾਣਾ ਸੀ। ਇਹ ਫ਼ੈਸਲਾ ਪੰਜਾਬੀਆਂ ਲਈ ਯੂਨੀਵਰਸਿਟੀ ਉੱਤੇ ਕੇਂਦਰ ਦੇ ਕਬਜ਼ੇ ਵਾਂਗ ਸੀ, ਕਿਉਂਕਿ ਪੀ.ਯੂ. ਨੂੰ ਪੰਜਾਬੀਆਂ ਨੇ ਆਪਣੇ ਖੂਨ-ਪਸੀਨੇ ਨਾਲ ਬਣਾਇਆ ਹੈ। ਵਿਰੋਧ ਵਧਦਾ ਵੇਖ ਕੇਂਦਰ ਨੂੰ ਫ਼ੈਸਲਾ ਵਾਪਸ ਲੈਣਾ ਪਿਆ, ਪਰ ਵਿਦਿਆਰਥੀਆਂ ਨੇ ਸੈਨੇਟ ਚੋਣਾਂ ਲਈ ਨੋਟੀਫ਼ਿਕੇਸ਼ਨ ਜਾਰੀ ਕਰਨ ਦੀ ਮੰਗ ਰੱਖੀ। 9 ਨਵੰਬਰ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਚੋਣਾਂ ਸ਼ੁਰੂ ਕਰਨ ਦਾ ਬਿਆਨ ਜਾਰੀ ਕੀਤਾ, ਪਰ ਅੰਦੋਲਨ ਨਹੀਂ ਰੁਕਿਆ। ਵਿਦਿਆਰਥੀਆਂ ਨੇ ਖਾਕੀ ਨਿਕਰਾਂ ੳੱੁਪਰ ਲਾਲ ਕਾਟੇ ਮਾਰਕੇ ਤਾਰਾਂ ਉੱਪਰ ਟੰਗ ਦਿੱਤੀਆਂ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ੳੱੁਪਰ ਸੰਘ ਤੇ ਭਾਜਪਾ ਦਾ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
11 ਨਵੰਬਰ ਦੌਰਾਨ, ਹਜ਼ਾਰਾਂ ਲੋਕ ਗੇਟ ਨੰਬਰ 1 ਤੋਂ ਚੰਡੀਗੜ੍ਹ ਪੁਲਿਸ ਦੀਆਂ ਬੈਰੀਕੇਡਾਂ ਤੋੜ ਕੇ ਅੰਦਰ ਦਾਖ਼ਲ ਹੋ ਗਏ ਸਨ। ਪੁਲਿਸ ਨੇ ਲਾਠੀਚਾਰਜ ਕੀਤਾ, ਪਰ ਵਿਦਿਆਰਥੀਆਂ ਨੇ ਹਰ ਰੋਕ ਨੂੰ ਤੋੜ ਦਿੱਤਾ। ਗੇਟ ਬੰਦ ਕਰਨ ਦੀ ਕੋਸ਼ਿਸ਼ ਵਿੱਚ ਪੁਲਿਸ ਨਾਲ ਹੋਰ ਧੱਕਾਮੁੱਕੀਆਂ ਹੋਈਆਂ ਅਤੇ ਕੁਝ ਵਿਦਿਆਰਥੀ ਜ਼ਖ਼ਮੀ ਵੀ ਹੋਏ ।
ਇਸ ਅੰਦੋਲਨ ਵਿੱਚ ਸਿਰਫ਼ ਵਿਦਿਆਰਥੀ ਨਹੀਂ, ਸਗੋਂ ਪੂਰਾ ਪੰਜਾਬ ਖੜ੍ਹਾ ਹੋ ਗਿਆ ਹੈ।
ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੇ ਯੂਨੀਵਰਸਿਟੀ ਪਹੁੰਚ ਕੇ ਕਿਹਾ, ‘ਪੰਜਾਬ ਯੂਨੀਵਰਸਿਟੀ ਉੱਤੇ ਕੇਂਦਰ ਦਾ ਕਬਜ਼ਾ ਨਹੀਂ ਹੋਣ ਦੇਵਾਂਗੇ। ਇਹ ਸਾਰੇ ਪੰਜਾਬ ਦੀ ਲੜਾਈ ਹੈ। ਮੋਦੀ ਸਰਕਾਰ ਦੇ ਆਪਹੁਦਰੇ ਫ਼ੈਸਲੇ ਕਾਰਨ ਪੰਜਾਬ, ਹਰਿਆਣਾ ਅਤੇ ਹਿਮਾਚਲ ਤੱਕ ਸਾਰਿਆਂ ਦੀ ਰੂਹ ਕੰਬ ਰਹੀ ਹੈ। ਕੇਂਦਰ ਇੱਕ-ਇੱਕ ਕਰਕੇ ਸਾਡੇ ਇੰਸਟੀਚਿਊਸ਼ਨ ਨੂੰ ਦਬਾ ਰਿਹਾ ਹੈ।’ ਚੰਨੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੈਸ਼ਨ ਬੁਲਾ ਕੇ ਯੂਨੀਵਰਸਿਟੀ ਦੇ ਹੱਕਾਂ ਲਈ ਲੜਨਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵੀ ਸਮਰਥਨ ਦਿੱਤਾ ਅਤੇ ਕਿਹਾ ਕਿ ਭਾਜਪਾ ਦੀਆਂ ਚਾਲਾਂ ਨੂੰ ਨਾਕਾਮ ਕਰਨਾ ਪਵੇਗਾ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਟਰੈਕਟਰ ਲਿਆ ਕੇ ਪਹੁੰਚੇ ਅਤੇ ਕਿਹਾ, ‘ਮੁੱਦਾ ਹੁਣ ਯੂਨੀਵਰਸਿਟੀ ਤੱਕ ਸੀਮਤ ਨਹੀਂ। ਇਹ ਪੰਜਾਬ ਦੇ ਪਾਣੀ, ਚੰਡੀਗੜ੍ਹ ਅਤੇ ਹੋਰ ਹੱਕਾਂ ਦੀ ਲੜਾਈ ਹੈ। ਸਾਡੇ ਨਾਲ ਠੱਗੀ ਹੋਈ ਹੈ ।
ਇਸ ਮੌਕੇ ਦਲ ਖ਼ਾਲਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਬਸਪਾ ਵਰਗੀਆਂ ਜਥੇਬੰਦੀਆਂ ਵੀ ਪਹੁੰਚੀਆਂ ਹਨ। ਰਾਜਨੀਤਿਕ ਵਿਗਿਆਨੀ ਪ੍ਰੋ. ਮੁਹੰਮਦ ਖ਼ਾਲਿਦ ਨੇ ਕਿਹਾ, ‘ਮੇਰੇ 46 ਸਾਲਾਂ ਦੇ ਤਜਰਬੇ ਵਿੱਚ ਅਜਿਹਾ ਵੱਡਾ ਪ੍ਰਦਰਸ਼ਨ ਨਹੀਂ ਵੇਖਿਆ। ਇਹ ਭਾਵਨਾਤਮਕ ਜੁੜਾਅ ਹੈ – ਯੂਨੀਵਰਸਿਟੀ ਪੰਜਾਬ ਦਾ ਇਤਿਹਾਸਕ ਹਿੱਸਾ ਹੈ। ਕੇਂਦਰ ਨੂੰ ਨੋਟੀਫ਼ਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।’
ਬੁੱਧੀਜੀਵੀ ਪਿਆਰੇ ਲਾਲ ਗਰਗ ਨੇ ਇਸ ਨੂੰ ‘ਪੰਜਾਬ ਦੀ ਖੁਦਮੁਖ਼ਤਿਆਰੀ ਅਤੇ ਆਰ.ਐੱਸ.ਐੱਸ. ਏਜੰਡੇ ਵਿਰੁੱਧ ਵਿਦਰੋਹ’ ਕਿਹਾ।
ਕੀ ਇਹ ਅੰਦੋਲਨ ਜੈਨ ਜੀ ਵਰਗਾ ਹੈ?
ਇਹ ਅੰਦੋਲਨ ਸਿਰਫ਼ ਲੋਕਲ ਨਹੀਂ – ਇਹ ਏਸ਼ੀਆ ਵਿੱਚ ਫ਼ੈਲ ਰਹੇ ਜੈਨ-ਜ਼ੀ ਅੰਦੋਲਨ ਵਰਗਾ ਲੱਗਦਾ ਹੈ। ਹਾਲ ਹੀ ਵਰਿ੍ਹਆਂ ਵਿੱਚ ਨੇਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਫ਼ਿਲੀਪੀਨਜ਼ ਵਿੱਚ ਨੌਜਵਾਨਾਂ ਨੇ ਭਿ੍ਰਸ਼ਟਾਚਾਰ, ਬੇਰੁਜ਼ਗਾਰੀ ਅਤੇ ਖ਼ਰਾਬ ਸ਼ਾਸਨ ਵਿਰੁੱਧ ਵੱਡੇ ਅੰਦੋਲਨ ਖੜ੍ਹੇ ਕੀਤੇ ਹਨ। ਨੇਪਾਲ ਵਿੱਚ ਸਤੰਬਰ 2025 ਦੇ ਵਿਰੋਧ ਨੇ ਸਰਕਾਰ ਡੇਗ ਦਿੱਤੀ ਸੀ, ਜਦਕਿ ਲੱਦਾਖ ਵਿੱਚ ਰਾਜਸਥਾਨ ਵਰਗੀ ਸਥਿਤੀ ਦੀ ਮੰਗ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਹ ਅੰਦੋਲਨ ਸੋਸ਼ਲ ਮੀਡੀਆ – ਟਿਕਟੌਕ, ਐਕਸ (ਪਹਿਲਾਂ ਟਵਿੱਟਰ) – ਨਾਲ ਫ਼ੈਲਦੇ ਹਨ, ਜਿੱਥੇ ਨੌਜਵਾਨ ਤੇਜ਼ੀ ਨਾਲ ਜੁੜਦੇ ਹਨ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਰਤ ਵਿੱਚ ਅਜੇ ਤੱਕ ਅਜਿਹਾ ਵਿਆਪਕ ਵਿਦਰੋਹ ਨਹੀਂ ਹੋਇਆ, ਪਰ 37 ਕਰੋੜ ਨੌਜਵਾਨਾਂ (25 ਸਾਲ ਤੋਂ ਘੱਟ ਉਮਰ ਵਾਲੇ) ਵਿੱਚ ਵਧਦੀ ਨਿਰਾਸ਼ਾ ਖ਼ਤਰਨਾਕ ਸੰਕੇਤ ਦੇ ਰਹੀ ਹੈ। 8 ਫ਼ੀਸਦੀ ਬੇਰੁਜ਼ਗਾਰੀ, ਨੌਕਰੀ ਘੋਟਾਲੇ ਅਤੇ ਕੇਂਦਰ-ਰਾਜ ਵਿਚਕਾਰ ਵਿਤਕਰੇ ਨੇ ਬੇਚੈਨੀ ਵਧਾ ਦਿੱਤੀ ਹੈ। ਕਰਨਾਟਕ ਅਤੇ ਉੱਤਰਾਖੰਡ ਵਿੱਚ ਵਿਦਿਆਰਥੀ ਵਿਰੋਧ ਇਸ ਦੇ ਚਿੰਨ੍ਹ ਹਨ। ਕੀ ਪੀ.ਯੂ. ਦਾ ਅੰਦੋਲਨ ਇਸ ਕ੍ਰਾਂਤੀ ਦੀ ਪਹਿਲੀ ਕੜੀ ਹੈ? ਸਿਆਸੀ ਮਾਹਿਰ ਕਹਿੰਦੇ ਹਨ, ਹਾਂ – ਕਿਉਂਕਿ ਇਹ ਨਾ ਸਿਰਫ਼ ਸਿੱਖਿਆ ਨਾਲ ਜੁੜਿਆ, ਸਗੋਂ ਫ਼ੈਡਰਲ ਮੁੱਦਿਆਂ ਨੌਜਵਾਨਾਂ ਦੀ ਬੇਚੈਨੀ ਨਾਲ ਵੀ ਜੁੜ ਗਿਆ ਹੈ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦਾ ਹਾਲ ਹੀ ਵਿੱਚ ਦਿੱਤਾ ਭਾਸ਼ਣ ਇਸ ਚਿੰਤਾ ਨੂੰ ਖੁੱਲ੍ਹ ਕੇ ਬਿਆਨ ਕਰਦਾ ਹੈ। ਨਵੰਬਰ 2025 ਵਿੱਚ ਦਿੱਤੇ ਭਾਸ਼ਣ ਵਿੱਚ ਉਨ੍ਹਾਂ ਨੇ ਗੁਆਂਢੀ ਦੇਸ਼ਾਂ ਵਿੱਚ ‘ਗੈਰ-ਸੰਵਿਧਾਨਕ ਸੱਤਾ ਪਰਿਵਰਤਨ’ ਨੂੰ ਖ਼ਰਾਬ ਸ਼ਾਸਨ ਦਾ ਨਤੀਜਾ ਦੱਸਿਆ। ਉਨ੍ਹਾਂ ਕਿਹਾ, ‘ਕੋਈ ਸ਼ਕਤੀ ਉਸ ਰਾਸ਼ਟਰ ਦੀ ਰਾਖੀ ਨਹੀਂ ਕਰ ਸਕਦੀ ਜਿੱਥੇ ਲੋਕ ਸ਼ਾਸਨ ਵਿੱਚ ਵਿਸ਼ਵਾਸ ਗੁਆ ਬੈਠਣ।’ ਡੋਵਾਲ ਮੁਤਾਬਕ, ਲੋਕਤੰਤਰ ‘ਦਲਗਤ ਰਾਜਨੀਤੀ’ ਅਤੇ ‘ਵੰਡ’ ਪੈਦਾ ਕਰਦੀ ਹੈ, ਜਿੱਥੇ 25 ਫ਼ੀਸਦੀ ਸਮਰਥਨ ਨਾਲ ਸੱਤਾ ਹਾਸਲ ਕਰਨ ਲਈ ਸਮਾਜ ਨੂੰ ਟੁਕੜਿਆਂ ਵਿੱਚ ਵੰਡਿਆ ਜਾਂਦਾ ਹੈ। ਉਹ ਜੈਨ-ਜ਼ੀ ਅੰਦੋਲਨਾਂ ਨੂੰ ‘ਨਕਾਰਾਤਮਕ ਧਾਰਨਾਵਾਂ’ ਨਾਲ ਜੋੜਦੇ ਹਨ, ਜੋ ਵਿਦੇਸ਼ੀ ਏਜੰਸੀਆਂ ਜਾਂ ਅੰਦਰੂਨੀ ਆਲੋਚਕਾਂ ਤੋਂ ਆਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਉਤੇਜਿਤ ਕਰ ਸਕਦੀਆਂ ਹਨ। ਡੋਵਾਲ ਸਰਕਾਰੀ ਨੀਤੀਆਂ ਨੂੰ ਲੋਕ ਪੱਖੀ ਬਣਾਉਣ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਉੱਤੇ ਜ਼ੋਰ ਦਿੰਦੇ ਹਨ। ਉਨ੍ਹਾਂ ਨੇ ਮੋਦੀ ਸਰਕਾਰ ਦੀਆਂ ‘ਕਾਮਯਾਬੀਆਂ’ – ਭਿ੍ਰਸ਼ਟਾਚਾਰ ਉੱਤੇ ਲਗਾਮ ਅਤੇ ਪਾਰਦਰਸ਼ਿਤਾ ਨੂੰ ਗਿਣਾਇਆ ਹੈ, ਪਰ ਨਕਾਰਾਤਮਕ ਧਾਰਨਾਵਾਂ ਨੂੰ ਚੁਣੌਤੀ ਦੇਣ ਵਾਲੀ ‘ਪ੍ਰਭਾਵੀ ਰਣਨੀਤੀ’ ਦੀ ਪੈਰਵੀ ਕੀਤੀ। ਡੋਵਾਲ ਜਾਣਦੇ ਹਨ ਕਿ ਪ੍ਰਚਾਰ ਤੰਤਰ (ਮੀਡੀਆ ਮੈਨੇਜ਼ਮੈਂਟ) ਕਮਜ਼ੋਰ ਪੈ ਰਿਹਾ ਹੈ ਅਤੇ ਜ਼ਮੀਨੀ ਹਕੀਕਤ ਕੁਝ ਹੋਰ ਹੈ। ਉਹ ਸੁਧਾਰਾਂ ਉੱਤੇ ਜ਼ੋਰ ਦਿੰਦੇ ਹਨ।

ਭਾਰਤ ਸਰਕਾਰ ਦਾ ਸੰਕਟ ਕੀ ਹੈ, ਕੀ ਸੁਧਾਰ ਦੀ ਲੋੜ?

ਜ਼ਮੀਨੀ ਹਕੀਕਤਾਂ ਬਹੁਤ ਸਖ਼ਤ ਹਨ। 2014 ਵਿੱਚ ‘ਅੱਛੇ ਦਿਨਾਂ’ ਦੇ ਵਾਅਦੇ ਤੋਂ ਬਾਅਦ, ਅੱਜ ਨੌਜਵਾਨਾਂ ਵਿੱਚ ਨਿਰਾਸ਼ਾ ਵਧ ਰਹੀ ਹੈ। ਪੁਲ ਡਿੱਗਣਾ, ਟਰੇਨ ਹਾਦਸੇ, ਟਰੰਪ ਦੇ ਟੈਰਿਫ਼ ਵਾਰ ਅਤੇ ਐਚ-1ਬੀ ਵੀਜ਼ਾ ਵਿਵਾਦ ਨੇ ‘ਵਿਕਾਸ ਕਥਾ’ ਦੀ ਮਿਥ ਨੂੰ ਭੰਨ ਦਿੱਤਾ ਹੈ। ਬੇਰੁਜ਼ਗਾਰੀ ਦਰ 8 ਫ਼ੀਸਦੀ ਤੋਂ ਵੱਧ ਹੈ, ਅਤੇ ਨੌਕਰੀ ਘੋਟਾਲੇ ਨੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। 2024 ਚੋਣਾਂ ਵਿੱਚ ਭਾਜਪਾ ਨੂੰ ਨੁਕਸਾਨ ਹੋਇਆ, ਜੋ ਇਸ ਨਿਰਾਸ਼ਾ ਦਾ ਨਤੀਜਾ ਸੀ। ਕੇਂਦਰ-ਰਾਜ ਵਿਚਕਾਰ ਵਿਤਕਰੇ – ਜਿਵੇਂ ਪੰਜਾਬ ਨੂੰ ਵਧੇਰੇ ਫ਼ੰਡ ਨਾ ਦੇਣਾ – ਨੇ ਰਾਜਾਂ ਵਿੱਚ ਬੇਚੈਨੀ ਵਧਾ ਦਿੱਤੀ ਹੈ। ਪੀ.ਯੂ. ਵਰਗੇ ਅੰਦੋਲਨ ਇਸ ਨੂੰ ਕੌਮਾਂਤਰੀ ਰੰਗ ਦਿੰਦੇ ਹਨ। ਸਿਆਸੀ ਮਾਹਿਰ ਕਹਿੰਦੇ ਹਨ ਕਿ ਸਰਕਾਰ ਤਾਨਾਸ਼ਾਹੀ ਨਾਲ ਅੰਦੋਲਨਾਂ ਨੂੰ ਹਮੇਸ਼ਾ ਨਹੀਂ ਦਬਾ ਸਕਦੀ – ਲੋਕ ਪੱਖੀ ਨੀਤੀਆਂ ਅਪਣਾਉਣੀਆਂ ਪੈਣਗੀਆਂ।
ਵਿਦਿਆ ਦੇ ਭਗਵੇਂਕਰਨ ਵਿਰੁੱਧ ਵਿਦਿਆਰਥੀ ਅੰਦੋਲਨ ਤੇ ਸਟੇਟ ਦੀ ਨੀਤੀ
ਚੰਡੀਗੜ੍ਹ ਦੀਆਂ ਘਟਨਾਵਾਂ ਨੇ ਕੇਂਦਰੀ ਹੁਕਮਰਾਨ ਧਿਰ ਨੂੰ ਓਨਾ ਹੀ ਖਿਝਾਇਆ ਹੋਇਆ ਹੈ ਜਿੰਨਾ ਇਸ ਨੂੰ ਲੱਦਾਖੀਆਂ ਦੀ ਸਟੇਟਹੁੱਡ ਵਾਲੀ ਤਹਿਰੀਕ ਨੇ ਪਰੇਸ਼ਾਨ ਕਰ ਰਖਿਆ ਸੀ । ਪੰਜਾਬ ਦੀ ਜਵਾਨੀ ਦੇ ਅੱਜ ਵਾਲੇ ਮਹਾਂ ਸੰਮੇਲਨ ਦੀ ਮਹਾਨਤਾ ਇਸ ਗਲ ਵਿਚ ਹੈ ਕਿ ਇਹ, ਕਿਸਾਨ ਤਹਿਰੀਕ ਤੋਂ ਬਾਅਦ, ਹੋ ਰਿਹਾ ਪਹਿਲਾ ਵੱਡਾ ਰਾਜਸੀ ਐਕਸ਼ਨ ਹੈ।ਵਿਦਿਆ ਦੇ ਭਗਵੇਂਕਰਨ ਵਿਰੁੱਧ ਭਾਰਤ ਦੇ ਕਿਸੇ ਯੂਨੀਵਰਸਿਟੀ ਕੈਂਪਸ ਉੱਪਰ ਸੰਘ ਪਰਿਵਾਰ ਨੂੰ ਅਜਿਹੇ ਕਿਸੇ ਖੁੱਲ੍ਹੇ ਹਮਲੇ ਦਾ ਸਾਹਮਣਾ ਨਹੀੰ ਕਰਨਾ ਪਿਆ ।
ਪੰਜਾਬ ਵਿਚੋਂ ਉਭਰ ਰਹੇ ਇਸ ‘ਖਤਰੇ’ ਦੀਆਂ ਜੜ੍ਹਾਂ ਤਰਨ ਤਾਰਨ ਦੀ ਚੋਣ ਮੁਹਿੰਮ ਵਿੱਚ ਵਾਰਸ ਪੰਜਾਬ ਵਾਲੇ ਨੌਜਵਾਨਾਂ ਦੀ ਤਹਿਰੀਕ ਨੂੰ ਵੇਖਿਆ ਜਾ ਰਿਹਾ ਹੈ ।ਸੰਘ ਪਰਿਵਾਰ ਅਤੇ ਬਾਦਲ ਅਕਾਲੀ ਦਲ ਦੋਵੇਂ ਇਸ ਸਥਿਤੀ ਨੂੰ ਬਹੁਤ ਖਤਰਨਾਕ ਰੁਝਾਨ ਵੇਖਦੇ ਹਨ ।
ਡੱਬੀ

ਪੀ.ਯੂ. ਦਾ ਅੰਦੋਲਨ ਪੰਜਾਬ ਦੀ ਪਾਵਨ ਰੂਹ ਵਿਚੋਂ ਪ੍ਰਗਟ ਹੋਇਆ

ਪੰਜਾਬ ਯੂਨੀਵਰਸਿਟੀ ਦਾ ਇਹ ਇਕੱਠ ਪੰਜਾਬ ਦੀ ਪਾਵਨ ਰੂਹ ਵਿਚੋਂ ਨਿਕਲਿਆ ਜਿਸ ਦੀ ਗੱਲ ਪ੍ਰੋਫ਼ੈਸਰ ਪੂਰਨ ਸਿੰਘ ਕਰਦਾ ਹੈ।
ਸੁੱਤਾ ਹੋਵੈ ਸਿੱਖ, ਗੁਰੂ ਜਾਗਦਾ,
ਭੁੱਲਾ ਹੋਵੈ ਸਿੱਖ, ਗੁਰੂ ਵੜ ਦਿਲ
ਓਹਦੇ ਸਿੱਖ-ਪ੍ਰਾਣ ਕੱਸਦਾ,
ਖਿੱਚਦਾ, ਸਿੱਖ ਨੂੰ ਪ੍ਰੀਤ-ਪੀੜ ਪੀੜਦਾ,
ਗੁਰੂ ਆਵੇਸ਼ ਦਾ ਹੜ੍ਹ ਟੋਰਦਾ,
ਸਿੱਖ ਦੀ ਰੂਹ ਦੇ ਅੱਗੇ ਪਿੱਛੇ ਚੜ੍ਹੀ ਦੀਵਾਰ ਤੋੜਦਾ,
ਬਾਰੀਆਂ ਖੋਹਲ ਅੰਦਰ ਵੜਦਾ, ਮਲੋ ਮਲੀ,
ਜੋਰੋ ਜੋਰੀ, ਜਾਂਦਾ ਧੱਸਦਾ,
ਸਿੱਖ ਨੂੰ ਪਿਆਰ ਦੀ ਬਹੁਲਤਾ ਵਿੱਚ ਬੇਬੱਸ ਕਰਦਾ,
ਮਾਰਦਾ, ਪਿਆਰ ਡੋਬ ਦੇਂਵਦਾ ।

ਇਹ ਗੁਰੂ ਪ੍ਰਤੀ ਮੁਹਬਤ ਹੈ ਜੋ ਨਿਆਂ ਲਈ ਲੜਦੀ ਹੈ।ਸਿੱਖ ਜੀਉਂਦਾ ਤਾਂ ਹੀ ਹੈ ਜੇ ਗੁਰੂ ਪ੍ਰਤੀ ਮੁਹਬਤ ਹੈ।ਗੁਰੂ ਦਾ ਸ਼ਬਦ ਸਿੱਖ ਦੀ ਰੂਹ ਵਿੱਚ ਗੂੰਜਦਾ ਹੈ।ਉਹ ਹੋਰ ਹਨ ਜੋ ਸਾਡੇ ਹਿਤਾਂ ਦਾ ਸੌਦਾ ਕਰਦੇ ਹਨ।ਪੱਗਾਂ ਵੀ ਸਿਰ ਉੱਪਰ ਹਨ।ਪਰ ਥੱਲੇ ਧੜ ਗਾਇਬ ਹਨ।ਮਰੀਆਂ ਰੂਹਾਂ ਕਾਰਨ ਪੰਜਾਬ ਕੰਗਾਲ ਹੋਇਆ। ਲਵਾਰਸ ਲਾਸ਼ ਬਣਿਆ।ਸਭ ਬੁਤ ਹੋ ਗਏ।ਇੱਕ ਵਾਰ, ਫ਼ਿਰ ਜਾਗ ਆਈ।ਗੁਰੂ ਦਾ ਸ਼ਬਦ ਹਮੇਸ਼ਾ ਆਪਣੇ ਸਿੱਖ ਵਿੱਚ ਗੂੰਜਦਾ ਰਹੇਗਾ।ਚੰਦਰੀਆਂ ਹਵਾਵਾਂ ਨਾਲ ਟਕਰਾਉਂਦਾ ਰਹੇਗਾ।ਕੁਕੂਨਸ ਵਾਂਗ ਆਪਣੀ ਰਾਖ ਵਿਚੋਂ ਪੈਦਾ ਹੋਵੇਗਾ। ਪੰਜਾਬ ਯੂਨੀਵਰਸਿਟੀ ਵਿੱਚ ਪੁਲਿਸ ਦੀਆਂ ਡਾਂਗਾਂ ਅੱਗੇ ਸ਼ਾਂਤ ਰਹਿਕੇ ਪੰਜਾਬ ਦੇ ਵਿਦਿਆਰਥੀਆਂ ਨੇ ਗੁਰੂ ਦੇ ਬਾਗ ਦਾ ਮੋਰਚਾ ਦੁਹਰਾ ਦਿੱਤਾ।ਯੁੱਗ ਬਦਲੇ ਹਨ।ਗੁਰੂ ਦੀ ਫ਼ਿਲਾਸਫ਼ੀ ਤੇ ਸਿਧਾਂਤ ਨਹੀਂ।ਸਿੱਖ ਇਤਿਹਾਸ ਦੀ ਇਹੀ ਕਹਾਣੀ ਹੈ।ਸ਼ਬਦ ਗੁਰੂ ਦੇ ਮੋਹ ਵਿੱਚ ਪੰਜਾਬ ਜੋਤਿ ਬਣਕੇ ਲਟ ਲਟ ਬਲਦਾ ਰਹੇਗਾ।ਪੰਜਾਬ ਯੂਨੀਵਰਸਿਟੀ ਪੰਜਾਬ ਦੀ ਰਹੇਗੀ।

Loading