ਇਹ ਤਣਾਅ ਪੰਜਾਬ ਦੀ ਧਰਤੀ ’ਤੇ ਜੰਗ ਦੇ ਕਾਲੇ ਪਰਛਾਵਿਆਂ ਵਰਗਾ ਹੈ। ਦੋਵੇਂ ਮੁਲਕ ਪ੍ਰਮਾਣੂ ਹਥਿਆਰਾਂ ਨਾਲ ਲੈਸ ਹਨ ਅਤੇ ਇਤਿਹਾਸਕ ਦੁਸ਼ਮਣੀ ਨੇ ਹਮੇਸ਼ਾ ਛੋਟੀਆਂ ਝੜਪਾਂ ਨੂੰ ਵੀ ਵੱਡੇ ਟਕਰਾਅ ਵਿੱਚ ਬਦਲ ਦਿੱਤਾ। ਭਾਰਤ ਦੀ ਸਖ਼ਤ ਨੀਤੀ—ਸਿੰਧੂ ਜਲ ਸੰਧੀ ਰੱਦ ਕਰਨ, ਵਾਹਗਾ ਸਰਹੱਦ ਬੰਦ ਕਰਨ ਅਤੇ ਰਾਜਨੀਤਕ ਸਬੰਧ ਘਟਾਉਣ—ਅਤੇ ਪਾਕਿਸਤਾਨ ਦਾ ਜਵਾਬੀ ਰੁਖ—ਕੰਟਰੋਲ ਰੇਖਾ ’ਤੇ ਗੋਲੀਬਾਰੀ ਅਤੇ ਵਪਾਰਕ ਸਬੰਧ ਤੋੜਨ—ਤਣਾਅ ਨੂੰ ਹੋਰ ਗੰਭੀਰ ਕਰਦੇ ਹਨ। ਵਾਸ਼ਿੰਗਟਨ ਟਾਈਮਜ਼ ਅਖ਼ਬਾਰ ਦੇ ਵਿਸ਼ਲੇਸ਼ਕ ਮਾਈਕਲ ਕੁਗਲਮੈਨ ਨੇ ਕਿਹਾ, ‘“ਇੱਕ ਗਲਤ ਅੰਦਾਜ਼ਾ ਜੰਗ ਨੂੰ ਜਨਮ ਦੇ ਸਕਦਾ ਹੈ।” ਪਰ ਅੰਤਰਰਾਸ਼ਟਰੀ ਦਬਾਅ ਇਸ ਨੂੰ ਰੋਕ ਸਕਦਾ ਹੈ।’ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ “ਜਲਦੀ ਅੰਤ” ਦੀ ਉਮੀਦ ਜਤਾਈ, ਜਦਕਿ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤੇਰਸ ਨੇ “ਸੰਜਮ” ਦੀ ਅਪੀਲ ਕੀਤੀ। ਚੀਨ ਨੇ “ਆਹਮੋ-ਸਾਹਮਣੇ”ਲੜਾਈ ਤੋਂ ਬਚਣ ਦੀ ਸਲਾਹ ਦਿੱਤੀ, ਪਰ ਸੀਮਤ ਸੈਨਿਕ ਸਹਾਇਤਾ ਦੀ ਸੰਭਾਵਨਾ ਨਕਾਰੀ। ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਵੀ ਪੂਰਨ-ਪੈਮਾਨੇ ਦੀ ਜੰਗ ਨੂੰ ਰੋਕ ਸਕਦਾ ਹੈ।