ਕੀ ਟਰੰਪ ਭਾਰਤ ਦੇ ਮਿੱਤਰ ਹਨ ਜਾਂ ਵਿਰੋਧੀ?

In ਮੁੱਖ ਲੇਖ
May 29, 2025
ਲੋਕ ਮਿੱਤਰ ਗੌਤਮ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਨ੍ਹੀਂ ਦਿਨੀਂ ਹਰ ਮੁੱਦੇ 'ਤੇ ਭਾਰਤ ਦਾ ਅਪਮਾਨ ਕਰਨ 'ਤੇ ਕਿਉਂ ਤੁਲੇ ਹੋਏ ਹਨ? ਸਾਡੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਸ ਨੇ ਦੁਨੀਆ ਭਰ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਘੱਟੋ-ਘੱਟ 7 ਵਾਰ ਸ਼ੇਖੀ ਮਾਰੀ ਹੈ ਕਿ ਉਹ ਉਹੀ ਵਿਅਕਤੀ ਹੈ, ਜਿਸ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੁਕਵਾਈ ਸੀ। ਇਸ ਤੋਂ ਪਹਿਲਾਂ ਉਹ ਭਾਰਤ ਨੂੰ ਇਕ ਨਹੀਂ ਸਗੋਂ ਕਈ ਵਾਰ ਅਮਰੀਕਾ ਤੇ ਦੁਨੀਆ ਦੇ ਵੱਖ-ਵੱਖ ਮੰਚਾਂ 'ਤੇ 'ਟੈਰਿਫ ਕਿੰਗ' ਤੱਕ ਕਹਿ ਚੁੱਕਾ ਹੈ ਅਤੇ ਹੁਣ ਤਾਂ ਉਹ ਜਨਤਕ ਤੌਰ 'ਤੇ ਸਾਡਾ ਅਪਮਾਨ ਕਰਨ 'ਤੇ ਤੁਲਿਆ ਹੋਇਆ ਹੈ। ਜਿਸ ਤਰ੍ਹਾਂ ਨਾਲ ਉਹ ਆਈਫੋਨ ਨਿਰਮਾਤਾ ਕੰਪਨੀ 'ਐਪਲ' ਨੂੰ ਭਾਰਤ 'ਚ ਆਈਫੋਨ ਨਾ ਬਣਾਉਣ ਦੀ ਧਮਕੀ ਦੇ ਰਹੇ ਹਨ, ਆਖਰ ਕੀ ਕਾਰਨ ਹੈ ਕਿ ਟਰੰਪ ਸਾਡੇ ਪਿੱਛੇ ਇੰਨੀ ਬੁਰੀ ਤਰ੍ਹਾਂ ਪੈ ਗਏ ਹਨ। 23 ਮਈ, 2025 ਨੂੰ ਟਰੰਪ ਨੇ ਤੀਜੀ ਵਾਰ ਇਹ ਗੱਲ ਦੁਹਰਾਈ ਕਿ 'ਐਪਲ' ਨੂੰ ਆਈਫੋਨ ਭਾਰਤ ਵਿਚ ਨਹੀਂ, ਸਗੋਂ ਅਮਰੀਕਾ ਵਿਚ ਬਣਾਉਣੇ ਚਾਹੀਦੇ ਹਨ। ਇੰਨਾ ਹੀ ਨਹੀਂ, ਉਸ ਨੇ ਤਾਂ ਐਪਲ ਦੇ ਸੀ.ਈ.ਓ ਟਿਮ ਕੁੱਕ ਨੂੰ ਸਿੱਧੇ ਤੌਰ 'ਤੇ ਧਮਕੀ ਦਿੰਦਿਆਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰੇਗਾ ਤਾਂ ਉਹ ਉਨ੍ਹਾਂ 'ਤੇ ਘੱਟੋ-ਘੱਟ 25 ਫ਼ੀਸਦੀ ਟੈਰਿਫ ਲਗਾਏਗਾ। ਟਰੰਪ ਦੀ ਧਮਕੀ ਤੋਂ ਬਾਅਦ 'ਐਪਲ' ਦਾ ਸ਼ੇਅਰ 4 ਫ਼ੀਸਦੀ ਤੱਕ ਡਿੱਗ ਗਿਆ, ਜਿਸ ਕਾਰਨ ਉਨ੍ਹਾਂ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋ ਗਿਆ ਹੈ। ਪਰ ਟਰੰਪ ਨੇ ਆਪਣੀਆਂ ਹਰਕਤਾਂ ਨਹੀਂ ਰੋਕੀਆਂ। ਸਵਾਲ ਇਹ ਹੈ ਕਿ ਟਰੰਪ ਅਜਿਹਾ ਹੰਕਾਰੀ ਰਾਜਨੀਤਕ ਅੰਦਾਜ਼ ਕਿਉਂ ਅਪਣਾ ਰਹੇ ਹਨ? ਦਰਅਸਲ ਉਹ ਅਜਿਹਾ ਇਸ ਲਈ ਕਰ ਰਹੇ ਹਨ ਤਾਂ ਜੋ ਉਹ ਅਮਰੀਕਾ ਦੇ ਰਾਜਨੀਤਿਕ ਇਤਿਹਾਸ ਵਿਚ ਆਪਣੇ ਲਈ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਹੋਣ ਦਾ ਰੁਤਬਾ ਹਾਸਲ ਕਰ ਸਕਣ। ਟਰੰਪ ਦੇ ਸਮੁੱਚੇ ਵਿਵਹਾਰ ਨੂੰ ਸਮਝਣ ਲਈ ਸਾਨੂੰ ਉਸ ਦੀ ਰਾਜਨੀਤਕ ਸ਼ੈਲੀ, ਅਮਰੀਕਾ ਦੀਆਂ ਜ਼ਰੂਰਤਾਂ, ਚੀਨ ਨਾਲ ਉਸ ਦੇ ਸ਼ਕਤੀ ਸੰਘਰਸ਼ ਤੇ ਭਾਰਤ-ਅਮਰੀਕਾ ਸੰਬੰਧਾਂ ਨੂੰ ਡੂੰਘਾਈ ਨਾਲ ਵੇਖਣਾ ਪਵੇਗਾ। ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਟਰੰਪ ਇਕ ਕਾਰੋਬਾਰੀ ਹੈ ਅਤੇ ਉਸ ਦੀ ਸੋਚ, ਭਾਸ਼ਾ ਤੇ ਰਣਨੀਤੀ ਵੀ ਉਨ੍ਹਾਂ ਦੇ ਇਸੇ ਲਹਿਜ਼ੇ ਦੀ ਪੁਸ਼ਟੀ ਕਰਦੀ ਹੈ। ਉਨ੍ਹਾਂ ਦੀ ਗੱਲਬਾਤ ਵਿਚ ਲਗਾਤਾਰ 'ਮੈਂ' ਹਾਵੀ ਰਹਿੰਦੀ ਹੈ, 'ਮੈਂ ਸੌਦਾ ਕੀਤਾ', 'ਮੇਰੇ ਕਾਰਨ ਜੰਗਬੰਦੀ ਹੋਈ', 'ਮੈਂ ਚੀਨ ਨੂੰ ਆਪਣੀਆਂ ਸ਼ਰਤਾਂ 'ਤੇ ਝੁਕਾਇਆ' ਆਦਿ। ਅਜਿਹੇ ਬਿਆਨ ਸਿਰਫ਼ ਟਰੰਪ ਹੀ ਦੇ ਸਕਦੇ ਹਨ। ਦਰਅਸਲ ਉਹ 'ਡੀਲ-ਮੇਕਿੰਗ' ਲਈ ਕਿਸੇ ਵੀ ਦੇਸ਼ ਤੇ ਕਿਸੇ ਵੀ ਦੇਸ਼ ਦੇ ਸਿਆਸਤਦਾਨ ਦਾ ਸਤਿਕਾਰ ਨਹੀਂ ਕਰਦਾ; ਉਹ ਜਨਤਕ ਤੌਰ 'ਤੇ ਉਨ੍ਹਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਦਾ ਸਿਹਰਾ ਵਾਰ-ਵਾਰ ਲੈ ਕੇ ਭਾਰਤ ਦੇ ਲੋਕਾਂ ਨੂੰ ਕੁਝ ਕਹਿਣ ਦੀ ਬਜਾਏ, ਆਪਣੇ ਅਮਰੀਕੀ ਸਮਰਥਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਕੋਈ ਛੋਟਾ ਨੇਤਾ ਨਹੀਂ ਹੈ, ਸਗੋਂ ਇਕ ਵਿਸ਼ਵਵਿਆਪੀ ਨੇਤਾ ਹੈ, ਉਸ ਦਾ ਦੁਨੀਆ 'ਚ ਇਕ ਰੁਤਬਾ ਹੈ, ਜਿਸ ਨੇ ਪ੍ਰਮਾਣੂ ਯੁੱਧ ਰੁਕਵਾਇਆ ਹੈ। ਦਰਅਸਲ ਇਹ ਕਹਿ ਕੇ ਉਹ ਨਾ ਸਿਰਫ਼ ਆਪਣੇ ਹੱਥੀਂ ਆਪਣੀ ਪਿੱਠ ਥਾਪੜਦਾ ਹੈ, ਸਗੋਂ ਆਪਣੀ ਪ੍ਰਸਿੱਧੀ ਲਈ ਲੋੜੀਂਦੇ ਨੰਬਰ ਵੀ ਬਣਾਉਂਦਾ ਹੈ। ਜੇਕਰ ਕੋਈ ਹੋਰ ਨੇਤਾ ਹੁੰਦਾ ਤਾਂ ਉਹ ਸ਼ਰਮ ਮਹਿਸੂਸ ਕਰਦਾ ਕਿ ਸੱਤ ਵਾਰ ਕਹਿਣ ਦੇ ਬਾਵਜੂਦ ਭਾਰਤ ਨੇ ਇਕ ਵਾਰ ਵੀ ਉਸ ਦੇ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ; ਇਸ ਦੇ ਉਲਟ ਭਾਰਤ ਨੇ ਵਾਰ-ਵਾਰ ਇਸ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਸ ਨੇ ਕਿਸੇ ਵੀ ਹੋਰ ਦੇਸ਼ ਦੀ ਵਿਚੋਲਗੀ ਕਾਰਨ ਜੰਗਬੰਦੀ ਦਾ ਐਲਾਨ ਨਹੀਂ ਕੀਤਾ। ਜੇ ਕੋਈ ਹੋਰ ਸਿਆਸਤਦਾਨ ਹੁੰਦਾ ਤਾਂ ਉਹ ਇਸ ਨੂੰ ਆਪਣਾ ਅਪਮਾਨ ਸਮਝਦਾ, ਪਰ ਟਰੰਪ ਇਸ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ। ਉਹ ਇਕਪਾਸੜ ਸੁਰ ਵਿਚ ਦਾਅਵਾ ਕਰੀਂ ਜਾਂਦਾ ਹੈ ਕਿ ਭਾਰਤ ਤੇ ਪਾਕਿਸਤਾਨ ਤਾਂ ਲੜਨ ਤੇ ਮਰਨ ਲਈ ਤਿਆਰ ਸਨ, ਇਹ ਤਾਂ ਉਹੀ ਸੀ ਜਿਸ ਨੇ ਦੋਹਾਂ ਵਿਚਕਾਰ ਸੁਲ੍ਹਾ ਕਰਵਾਈ ਹੈ। ਡੋਨਾਲਡ ਟਰੰਪ ਆਪਣੇ ਪਹਿਲੇ ਕਾਰਜਕਾਲ ਦੌਰਾਨ ਵੀ ਭਾਰਤ ਨੂੰ ਇਕ ਅਜਿਹੇ ਦੇਸ਼ ਵਜੋਂ ਨਿਸ਼ਾਨਾ ਬਣਾਉਂਦੇ ਰਹੇ ਹਨ, ਜੋ ਅਮਰੀਕੀ ਉਤਪਾਦਾਂ 'ਤੇ ਭਾਰੀ ਟੈਕਸ ਲਗਾਉਂਦਾ ਹੈ।ਟਰੰਪ ਅਕਸਰ ਦੁਹਰਾਉਂਦੇ ਹਨ ਕਿ ਭਾਰਤ ਵਲੋਂ ਅਮਰੀਕੀ ਆਟੋਮੋਬਾਈਲ, ਇਲੈੱਕਟ੍ਰਾਨਿਕਸ ਤੇ ਵਾਈਨ ਵਰਗੇ ਉਤਪਾਦਾਂ 'ਤੇ ਬਹੁਤ ਜ਼ਿਆਦਾ ਟੈਕਸ ਵਸੂਲਿਆ ਜਾਂਦਾ ਹੈ, ਜਦੋਂ ਕਿ ਅਮਰੀਕਾ ਅਜਿਹਾ ਨਹੀਂ ਕਰਦਾ। ਦਰਅਸਲ ਭਾਰਤ ਤੇ ਅਮਰੀਕਾ ਦੇ ਆਪਸੀ ਵਪਾਰ ਵਿਚ ਅਮਰੀਕਾ ਘਾਟੇ 'ਚ ਹੈ। ਇਸ ਲਈ ਟਰੰਪ ਆਪਣੀ ਹਮਲਾਵਰ ਰਣਨੀਤੀ ਰਾਹੀਂ ਭਾਰਤ ਨੂੰ ਵਾਰ-ਵਾਰ 'ਟੈਰਿਫ ਕਿੰਗ' ਕਹਿ ਕੇ ਸਾਡੇ 'ਤੇ ਦਬਾਅ ਪਾਉਣਾ ਚਾਹੁੰਦਾ ਹੈ ਕਿ ਅਸੀਂ ਅਮਰੀਕਾ ਤੋਂ ਨਾ ਸਿਰਫ਼ ਉਹ ਚੀਜ਼ਾਂ ਆਯਾਤ ਕਰੀਏ ਜਿਨ੍ਹਾਂ ਦੀ ਸਾਨੂੰ ਲੋੜ ਹੈ, ਸਗੋਂ ਉਹ ਚੀਜ਼ਾਂ ਵੀ ਖਰੀਦੀਏ ਜੋ ਅਮਰੀਕਾ ਕਿਸੇ ਵੀ ਕੀਮਤ 'ਤੇ ਵੇਚਣਾ ਚਾਹੁੰਦਾ ਹੈ। ਅਮਰੀਕਾ ਕਿਸੇ ਵੀ ਕੀਮਤ 'ਤੇ ਭਾਰਤ 'ਚ ਆਪਣੇ ਡੇਅਰੀ ਤੇ ਸ਼ਰਾਬ ਸੰਬੰਧੀ ਉਤਪਾਦ ਵੇਚਣਾ ਚਾਹੁੰਦਾ ਹੈ। ਪਰ ਭਾਰਤੀਆਂ ਨੂੰ ਅਮਰੀਕੀ ਡੇਅਰੀ ਉਤਪਾਦ ਪਸੰਦ ਨਹੀਂ ਹਨ, ਕਿਉਂਕਿ ਇਹ ਆਮ ਤੌਰ 'ਤੇ ਸ਼ਾਕਾਹਾਰੀ ਹੋਣ ਦੀ ਬਜਾਏ ਮਾਸਾਹਾਰੀ ਹੁੰਦੇ ਹਨ। ਭਾਰਤ ਕਿਸੇ ਵੀ ਕੀਮਤ 'ਤੇ ਆਪਣੀ ਖੇਤੀਬਾੜੀ ਅਰਥਵਿਵਸਥਾ ਅਮਰੀਕਾ ਲਈ ਨਹੀਂ ਖੋਲ੍ਹਣਾ ਚਾਹੁੰਦਾ ਅਤੇ ਟਰੰਪ ਕਿਸੇ ਵੀ ਕੀਮਤ 'ਤੇ ਇਸ ਨੂੰ ਖੁਲਵਾਉਣਾ ਚਾਹੁੰਦਾ ਹੈ ਤੇ ਵਾਰ-ਵਾਰ ਗੁੱਸੇ ਹੁੰਦਾ ਰਹਿੰਦਾ ਹੈ। ਜਦੋਂ ਟਰੰਪ ਪਿਛਲੀ ਵਾਰ ਸੱਤਾ 'ਚ ਆਏ ਸਨ, ਤਾਂ ਉਹ ਭਾਰਤ ਨੂੰ ਚੀਨ ਦੇ ਖ਼ਿਲਾਫ਼ ਇਕ ਕਠਪੁਤਲੀ ਵਜੋਂ ਵਰਤਣਾ ਚਾਹੁੰਦੇ ਸਨ। ਪਿਛਲੀ ਵਾਰ ਜਦੋਂ ਟਰੰਪ ਪ੍ਰਸ਼ਾਸਨ ਨੇ ਚੀਨ ਵਿਰੁੱਧ ਇਕ ਵੱਡਾ ਆਰਥਿਕ ਤੇ ਕੂਟਨੀਤਕ ਮੋਰਚਾ ਖੋਲ੍ਹਿਆ ਸੀ ਤਾਂ ਉਹ ਭਾਰਤ ਤੋਂ ਵੀ ਅਜਿਹੀ ਉਮੀਦ ਕਰ ਰਿਹਾ ਸੀ। ਟਰੰਪ ਚਾਹੁੰਦੇ ਸਨ ਕਿ ਭਾਰਤ ਚੀਨ ਨਾਲ ਆਪਸੀ ਵਪਾਰ ਨੂੰ ਘੱਟ ਤੋਂ ਘੱਟ ਕਰੇ, ਪਰ ਭਾਰਤ ਨੇ ਅਜਿਹਾ ਨਹੀਂ ਕੀਤਾ। ਭਾਰਤ ਆਪਣੀਆਂ ਰੋਜ਼ਾਨਾ ਲੋੜਾਂ ਲਈ ਅਣਚਾਹੇ ਤੌਰ 'ਤੇ ਅਮਰੀਕਾ ਨਾਲੋਂ ਚੀਨ 'ਤੇ ਜ਼ਿਆਦਾ ਨਿਰਭਰ ਹੈ ਅਤੇ ਚੀਨੀ ਉਤਪਾਦ ਭਾਰਤੀ ਅਰਥਵਿਵਸਥਾ ਤੇ ਭਾਰਤੀ ਖਪਤਕਾਰਾਂ ਦੇ ਅਨੁਕੂਲ ਹਨ, ਕਿਉਂਕਿ ਉਨ੍ਹਾਂ ਦੀਆਂ ਦਰਾਂ ਸਸਤੀਆਂ ਹਨ, ਜਿਸ ਨਾਲ ਅਮਰੀਕਾ ਨੂੰ ਬਹੁਤ ਨੁਕਸਾਨ ਹੁੰਦਾ ਹੈ। ਟਰੰਪ ਚਾਹੁਣ ਦੇ ਬਾਵਜੂਦ ਭਾਰਤ ਨੂੰ ਚੀਨ ਦੇ ਖ਼ਿਲਾਫ਼ ਕਠਪੁਤਲੀ ਵਜੋਂ ਨਹੀਂ ਵਰਤ ਸਕੇ, ਜੋ ਗੱਲ ਉਸ ਨੂੰ ਪ੍ਰੇਸ਼ਾਨ ਕਰਦੀ ਹੈ। ਹੁਣ ਜਦੋਂ ਐਪਲ ਵਰਗੀ ਅਮਰੀਕੀ ਕੰਪਨੀ ਨੇ ਆਪਣਾ ਕਾਰਖਾਨਾ ਚੀਨ ਤੋਂ ਭਾਰਤ ਸ਼ਿਫਟ ਕਰ ਲਿਆ ਹੈ ਤਾਂ ਆਮ ਤੌਰ 'ਤੇ ਚੀਨ ਵੱਲ ਝਾਕਣ ਵਾਲਾ ਟਰੰਪ ਹੁਣ 'ਐਪਲ' ਵੱਲ ਝਾਕ ਰਿਹਾ ਹੈ। ਉਹ ਚਾਹੁੰਦਾ ਹੈ ਕਿ ਐਪਲ ਹੁਣ ਚੀਨ ਤੋਂ ਬਾਹਰ ਹੋ ਕੇ ਅਮਰੀਕਾ ਵਿਚ ਆਪਣਾ ਨਿਰਮਾਣ ਸ਼ੁਰੂ ਕਰੇ। ਐਪਲ ਦੇ ਸੀ.ਈ.ਓ. ਟਿਮ ਕੁੱਕ ਭਾਵੇਂ ਟਰੰਪ ਦੇ ਦੋਸਤ ਹਨ ਤਾਂ ਸਪੱਸ਼ਟ ਤੌਰ 'ਤੇ ਉਸ ਨੇ ਇਹ ਗੱਲ ਪਹਿਲਾਂ ਟਿਮ ਕੁੱਕ ਨੂੰ ਨਿੱਜੀ ਤੌਰ 'ਤੇ ਵੀ ਆਖੀ ਹੋਵੇਗੀ। ਪਰ ਅਮਰੀਕਾ ਵਿਚ ਇਸ ਤਰ੍ਹਾਂ ਦੀ ਧੱਕੇਸ਼ਾਹੀ ਨਿੱਜੀ ਸੰਬੰਧਾਂ 'ਚ ਕੰਮ ਨਹੀਂ ਕਰਦੀ, ਇਸੇ ਲਈ ਟਿਮ ਕੁੱਕ ਨੇ ਟਰੰਪ ਦੇ ਸੁਝਾਅ ਨੂੰ ਇਕ ਕੰਨ ਨਾਲ ਸੁਣਿਆ ਤੇ ਦੂਜੇ ਕੰਨ ਤੋਂ ਕੱਢ ਦਿੱਤਾ। ਜਦੋਂ ਟਰੰਪ ਨੂੰ ਲੱਗਾ ਕਿ ਟਿਮ ਕੁੱਕ ਉਸ ਦੀ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ, ਤਾਂ ਉਸ ਨੇ ਜਨਤਕ ਪਲੇਟਫਾਰਮਾਂ 'ਤੇ ਐਪਲ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਟਰੰਪ ਨੇ ਇਹ ਧਮਕੀ ਵੀ ਦਿੱਤੀ ਹੈ ਕਿ ਜੇਕਰ ਐਪਲ ਭਾਰਤ ਵਿਚ ਉਤਪਾਦਨ ਬੰਦ ਕਰਨ ਲਈ ਸਹਿਮਤ ਨਾ ਹੋਇਆ ਤਾਂ ਅਮਰੀਕਾ 'ਚ ਐਪਲ 'ਤੇ 25 ਫ਼ੀਸਦੀ ਟੈਕਸ ਲਗਾਇਆ ਜਾਵੇਗਾ ਜੋ ਟਰੰਪ ਦੇ 'ਅਮਰੀਕਾ ਫਸਟ' ਦੇ ਸੰਕਲਪ ਦਾ ਇਕ ਸਪੱਸ਼ਟ ਮਜ਼ਾਕ ਹੈ, ਜਿਸ ਕਰਕੇ ਉਹ ਪ੍ਰੇਸ਼ਾਨ ਹੈ। ਜੇਕਰ ਐਪਲ ਭਾਰਤ ਦੀ ਬਜਾਏ ਅਮਰੀਕਾ 'ਚ ਆਪਣਾ ਉਤਪਾਦਨ ਸ਼ੁਰੂ ਕਰਦਾ ਹੈ ਤਾਂ ਇਸ ਦੀ ਉਤਪਾਦਨ ਲਾਗਤ ਹਰ ਸਾਲ 10 ਅਰਬ ਡਾਲਰ ਤੋਂ ਵੱਧ ਜਾਵੇਗੀ, ਜਿਸ ਨਾਲ ਐਪਲ ਦਾ ਮੁਨਾਫਾ ਹੀ ਖ਼ਤਰੇ ਵਿਚ ਨਹੀਂ ਪਵੇਗਾ, ਸਗੋਂ ਇਸ ਦਾ ਵਜੂਦ ਵੀ ਖ਼ਤਰੇ ਵਿਚ ਪੈ ਜਾਵੇਗਾ। ਇਸੇ ਲਈ ਟਰੰਪ ਦੀ ਸਲਾਹ ਤੇ ਧਮਕੀ ਤੋਂ ਬਾਅਦ ਵੀ ਐਪਲ ਨੇ ਆਪਣੀ ਉਤਪਾਦਨ ਫੈਕਟਰੀ ਭਾਰਤ ਤੋਂ ਅਮਰੀਕਾ ਤਬਦੀਲ ਕਰਨ ਦਾ ਫ਼ੈਸਲਾ ਨਹੀਂ ਕੀਤਾ। ਜਦੋਂ ਟਰੰਪ ਇਸ ਤਰੀਕੇ ਨਾਲ ਭਾਰਤ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਆਪਣੇ ਘਰੇਲੂ ਤੇ ਰਾਜਨੀਤਿਕ ਸਮਰਥਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਜਦੋਂ ਟਰੰਪ ਭਾਰਤ ਵਿਰੁੱਧ ਬੋਲਦਾ ਹੈ ਤਾਂ ਉਸ ਦੇ ਸਮਰਥਕ ਵੋਟਰਾਂ ਨੂੰ ਲੱਗਦਾ ਹੈ ਕਿ ਉਹ ਅਮਰੀਕੀ ਨੌਕਰੀਆਂ ਦੀ ਰੱਖਿਆ ਕਰ ਰਿਹਾ ਹੈ। ਆਪਣੀ ਚੋਣ ਮੁਹਿੰਮ ਦੌਰਾਨ ਡੋਨਾਲਡ ਟਰੰਪ ਨੇ 'ਅਮਰੀਕਾ ਫਸਟ' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਆਪਣੇ ਤਰੀਕੇ ਨਾਲ ਭਾਰਤ, ਚੀਨ, ਵੀਅਤਨਾਮ ਤੇ ਮੈਕਸੀਕੋ ਨੂੰ 'ਖਲਨਾਇਕ' ਬਣਾਇਆ ਸੀ। ਹਾਲਾਂਕਿ ਟਰੰਪ ਕਈ ਵਾਰ ਇਹ ਵੀ ਆਖ ਦਿੰਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੇ ਡੂੰਘੇ ਨਿੱਜੀ ਸੰਬੰਧ ਹਨ। ਪਰ ਆਪਣੇ ਸੁਭਾਅ ਕਰਕੇ ਟਰੰਪ ਭਾਰਤ ਦੇ ਦੋਸਤ ਹੋਣ ਦੀ ਬਜਾਏ ਹਰ ਮੁੱਦੇ 'ਤੇ ਭਾਰਤ ਦਾ ਅਪਮਾਨ ਕਰਦੇ ਵਧੇਰੇ ਦਿਖਾਈ ਦਿੰਦੇ ਹਨ। -ਲੇਖਕ ਇਮੇਜ ਰਿਫਲੈਕਸ਼ਨ ਸੈਂਟਰ ਦੇ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ 'ਚ ਸੀਨੀਅਰ ਸੰਪਾਦਕ ਹੈ।

Loading