
ਸਿੱਖ ਸੱਧਰਾਂ ਅਤੇ ਉਮੰਗਾਂ ਨੂੰ ਜ਼ੁਬਾਨ ਦੇਣ ਦੇ ਆਸ਼ੇ ਤਹਿਤ ਕਾਰਜਸ਼ੀਲ ਸ਼੍ਰੋਮਣੀ ਅਕਾਲੀ ਦਲ ਦੇ ਵੱਖ- ਵੱਖ ਧੜਿਆਂ ਦੀ ਗਿਣਤੀ ਵਿੱਚ ਪਿਛਲੇ ਦਿਨੀਂ ਵਾਧਾ ਹੋ ਗਿਆ ਹੈ, ਜਿਸ ਕਾਰਨ ਪੰਜਾਬ ਦੀ ‘ਪੰਥਕ ਸਿਆਸਤ’ ’ਚ ਅੱਜ-ਕੱਲ੍ਹ ਵਿਸ਼ੇਸ਼ ਉਤਸ਼ਾਹ ਵੇਖਣ ਵਿੱਚ ਆ ਰਿਹਾ ਹੈ। ਇੱਕ ਸਦੀ ਅਤੇ ਪੰਜ ਸਾਲ ਪਹਿਲਾਂ ਸੰਨ 1920 ਵਿੱਚ ਹੋਂਦ ’ਚ ਆਈ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਮੇਂ ਵੱਖ- ਵੱਖ ਧੜਿਆਂ ਦੀ ਸਰਗਰਮ ਹੋਂਦ ਦੇ ਦੌਰਾਨ ਇੱਕ ਨਵੇਂ ਅਕਾਲੀ ਦਲ ਦਾ ਗਠਨ ਹੋ ਗਿਆ ਹੈ। ਇਹ ਨਵਾਂ ਅਕਾਲੀ ਦਲ ਪੰਜ ਸਿੰਘ ਸਾਹਿਬਾਨ ਦੇ ਦੋ ਦਸੰਬਰ 2024 ਦੇ ਹੁਕਮਨਾਮੇ ਵਿਚੋਂ ਉਪਜੀ ‘ਭਰਤੀ ਕਮੇਟੀ’ ਦੇ ਯਤਨਾਂ ਨਾਲ ਹੋਂਦ ਵਿੱਚ ਆਇਆ ਹੈ, ਜਿਸ ਦੇ ਸਰਬ ਸੰਮਤੀ ਨਾਲ ਪ੍ਰਧਾਨ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਚੁਣੇ ਗਏ ਹਨ। ਜਦੋਂ ਕਿ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਬੇਟੀ ਬੀਬੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਹੈ।
ਜਥੇਦਾਰ ਤੋਂ ਅਕਾਲੀ ਦਲ ਦਾ ਪ੍ਰਧਾਨ ਬਣਿਆ ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦਾ ਪਤਾ ਨਹੀਂ ਕੁਝ ਸੰਵਾਰੇਗਾ ਜਾਂ ਨਹੀਂ ਪਰ ਉਸ ਦੀ ਹੋਂਦ ਨੇ ਹੰਕਾਰ ਦੇ ਘੋੜੇ ’ਤੇ ਸਵਾਰ ਲੋਕਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਨ੍ਹਾਂ ਨੇ ਜਥੇਦਾਰ ਬਣਾਇਆ, ਉਨ੍ਹਾਂ ਨੇ ਹੀ ਜ਼ਲੀਲ ਕੀਤਾ ਤਾਂ ਜਥੇਦਾਰ ਸਾਹਿਬ ਨੇ ਉਹਨਾਂ ਡਾਢਿਆਂ ਹੇਠੋਂ ਹੀ ਅਕਾਲੀ ਦਲ ਦੀ ਕੁਰਸੀ ਮਲਕੜੇ ਜਿਹੇ ਕੱਢ ਲਈ। ਫੇਰ ਬਾਂਹ ਉੱਚੀ ਕਰਕੇ ਆਖਿਆ ਕਿ ਹਰ ਮੋੜ ’ਤੇ ਨਵੇਂ ਰੂਪ ਵਿੱਚ ਟੱਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਦੋਵੇਂ ਅਕਾਲੀ ਦਲਾਂ ਦੇ ਪ੍ਰਧਾਨ ਸ਼ਬਦੀ ਜੰਗ ਦੇ ਵਿੱਚ ਕਿੰਨੀਆਂ ਕੁ ਨਿਵਾਣਾਂ ਵੱਲ ਜਾਣਗੇ, ਇਹ ਵੀ ਗੱਲ ਵੇਖਣ ਵਾਲੀ ਹੋਵੇਗੀ। ਇਸ ਸਥਿਤੀ ਵਿੱਚ ਦੋਵਾਂ ਪ੍ਰਧਾਨਾਂ ਨੂੰ ਜ਼ਾਬਤੇ ਵਿੱਚ ਰਹਿਣ ਦੀ ਜ਼ਰੂਰਤ ਹੈ। ਇਹ ਵੀ ਗੱਲ ਸੱਚ ਹੈ ਕਿ ਨਵੇਂ ਅਕਾਲੀ ਦਲ ਨੂੰ ਵਿਧਾਨ ਸਭਾ ਦੀ ਦਹਿਲੀਜ਼ ਪਾਰ ਕਰਵਾਉਣਾ ਵੀ ਇੱਕ ਚੁਣੌਤੀ ਭਰਿਆ ਕੰਮ ਹੋਵੇਗਾ।
ਇਹ ਪਹਿਲੀ ਵਾਰ ਹੈ ਕਿ ਅਕਾਲੀ ਸਿਆਸਤ ਵਿੱਚ ਇੱਕ ਦਲਿਤ ਸਿੱਖ ਆਗੂ ਕੌਮ ਦਾ ਜਥੇਦਾਰ ਬਣਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਪਿੰਡ ਦਾ ਬੱਚਾ ਬੱਚਾ, ਭਾਵੇਂ ਕਿ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਬਾਦਲ ਦਾ ਹਾਮੀ ਸੀ ਪਰ ਉਸ ਸਮੇਂ ਹੀ ਗੁਰਦੁਆਰਿਆਂ ਦੇ ਨਾਲੋਂ ਦਲਿਤ ਭਾਈਚਾਰਾ ਟੁੱਟ ਕੇ ਡੇਰਿਆਂ ਦੇ ਨਾਲ ਜੁੜਿਆ ਤੇ ਅਕਾਲੀ ਦਲ ਇਕੱਲਾ ਜੱਟਾਂ ਦੀ ਪਾਰਟੀ ਬਣ ਕੇ ਰਹਿ ਗਿਆ ਪਰ ਹੁਣ ਫ਼ਰਕ ਇਹ ਪਏਗਾ ਕਿ ਨਵੇਂ ਜਥੇਦਾਰ, ਉਸ ਭਾਈਚਾਰੇ ਨੂੰ ਹੋ ਸਕਦਾ ਹੈ, ਨਵੇਂ ਅਕਾਲੀ ਦਲ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਣ।
ਇਸ ਸਮੇਂ ਵੱਡਾ ਸਵਾਲ ਤਾਂ ਇਹ ਹੈ ਕਿ ਪੰਥ ਅਤੇ ਦੁਨੀਆ ਭਰ ਦੇ ਸਿੱਖ ਕੀ ਚਾਹੁੰਦੇ ਹਨ? ਕੀ ਉਹ ਇਸ ਨਵੇਂ ਅਕਾਲੀ ਦਲ ਦੀ ਸਥਾਪਨਾ ਤੋਂ ਸੰਤੁਸ਼ਟ ਹਨ? ਇਹ ਸਵਾਲ ਵੀ ਅਜੇ ਹਵਾ ਵਿੱਚ ਲਟਕ ਰਿਹਾ ਹੈ। ਸਿੱਖ ਦੁਨੀਆ ਦੇ ਕਿਸੇ ਵੀ ਦੇਸ਼ ’ਚ ਰਹਿੰਦੇ ਹੋਣ ਪਰ ਉਹਨਾਂ ਦੇ ‘ਪੇਕੇ’ ਪੰਜਾਬ ’ਚ ਹੀ ਮੰਨੇ ਜਾਂਦੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਮਾਣ ਹੈ ਕਿ ਉਹ ਲੰਬਾ ਸਮਾਂ ਵਿਸ਼ਵ ਭਰ ਦੇ ਸਿੱਖਾਂ ਦੀ ਨੁਮਾਇੰਦਾ ਸਿਆਸੀ ਪਾਰਟੀ ਵਜੋਂ ਵਿਚਰਦਾ ਰਿਹਾ ਹੈ, ਪਰ ਇਸ ਸਮੇਂ ਵੱਖ- ਵੱਖ ਧੜਿਆਂ ਵਿੱਚ ਵੰਡੇ ਹੋਣ ਕਾਰਨ ਇਹ ਸਿਆਸੀ ਪਾਰਟੀ ਰਸਾਤਲ ਵੱਲ ਚਲੀ ਗਈ ਹੈ। ਹੁਣ ਨਵੇਂ ਅਕਾਲੀ ਦਲ ਦੇ ਗਠਨ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਨਜ਼ਰਾਂ ਪੰਜਾਬ ਦੀ ਪੰਥਕ ਸਿਆਸਤ ਦੀ ਹਲਚਲ ਵੱਲ ਲੱਗ ਗਈਆਂ ਹਨ ਅਤੇ ਦੁਨੀਆ ਭਰ ਦੇ ਸਿੱਖ ਆਸ ਭਰੀਆਂ ਨਜ਼ਰਾਂ ਨਾਲ ਨਵੇਂ ਅਕਾਲੀ ਦਲ ਦੇ ਕਰਤਿਆਂ ਧਰਤਿਆਂ ਵੱਲ ਵੇਖ ਰਹੇ ਹਨ। ਉਹਨਾਂ ਨੂੰ ਉਮੀਦ ਹੈ ਕਿ ਸ਼ਾਇਦ ਨਵਾਂ ਅਕਾਲੀ ਦਲ ਪੰਥ ਨੂੰ ਯੋਗ ਅਗਵਾਈ ਦੇਣ ਦੇ ਨਾਲ ਨਾਲ ਦੁਨੀਆ ਭਰ ਦੇ ਸਿੱਖਾਂ ਦੀ ਬਾਂਹ ਫੜ ਸਕੇ।
ਹਰ ਰਾਜਸੀ ਪਾਰਟੀ ਨੇ ਲੋਕਾਂ ਦੀ ਹਮਾਇਤ ਪ੍ਰਾਪਤ ਕਰ ਕੇ ਅਤੇ ਸੱਤਾ ਵਿੱਚ ਆ ਕੇ ਜਿੱਥੇ ਆਪਣੇ ਲੋਕਾਂ ਨੂੰ ਆਦਰਸ਼ਕ ਰਾਜ ਵਿਵਸਥਾ ਦੇਣੀ ਹੁੰਦੀ ਹੈ, ਉੱਥੇ ਉਸ ਨੇ ਸੱਤਾ ਦੇ ਮਾਧਿਅਮ ਰਾਹੀਂ ਆਪਣੀ ਵਿਚਾਰਧਾਰਾ ਦਾ ਵੀ ਫੈਲਾਅ ਕਰਨਾ ਹੁੰਦਾ ਹੈ। ਇਸ ਤਰ੍ਹਾਂ ਵੇਖਿਆਂ ਸੱਤਾ ਇੱਕ ਮੰਜ਼ਿਲ ਦੇ ਨਾਲ-ਨਾਲ ਵੱਡੇ ਮਕਸਦਾਂ ਦੀ ਪ੍ਰਾਪਤੀ ਲਈ ਸਾਧਨ ਮਾਤਰ ਵੀ ਹੁੰਦੀ ਹੈ।
ਨਵੇਂ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਕਾਨਫਰੰਸਾਂ, ਖ਼ਾਲਸਾ ਮਾਰਚਾਂ ਦੀ ਲੜੀ, ਜਥੇਬੰਦਕ ਉਤਸ਼ਾਹ, ਰਾਜਸੀ ਲਿਟਰੇਚਰ ਤੇ ਡਿਜੀਟਲ ਤਕਨੀਕ ਨਾਲ ਵੱਖ-ਵੱਖ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਲੋਕ ਸੰਪਰਕ ਲਹਿਰ ਨਾਲ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਸਕਦੀਆਂ ਹਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਵਾਂ ਅਕਾਲੀ ਦਲ ‘ਪੰਥ’ ਨੂੰ ਯੋਗ ਅਗਵਾਈ ਦੇਣ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ?