ਕੀ ਪੰਜਾਬ ਨੂੰ ਜਿੱਤ ਸਕੇਗੀ ਕਾਂਗਰਸ?

In ਮੁੱਖ ਲੇਖ
April 12, 2025
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਵਿੱਚ ਜੋ ਅੰਦਰੂਨੀ ਰਾਜਨੀਤਕ ਖਿੱਚੋਤਾਣ ਦਾ ਧੂੰਆਂ ਪਿਛਲੇ ਕੁਝ ਸਮੇਂ ਤੋਂ ਸੁਲਘ ਰਿਹਾ ਸੀ, ਉਸ ਨੇ ਸੁਲਤਾਨਪੁਰ ਲੋਧੀ (ਨਾਨਕ ਨਗਰੀ) ਜ਼ਿਲ੍ਹਾ ਕਪੂਰਥਲਾ ਵਿੱਚ 5 ਅਪ੍ਰੈਲ ਨੂੰ ਹੋਈਆਂ ਦੋ ਸਮਾਨਾਂਤਰ ਰੈਲੀਆਂ ਤੋਂ ਬਾਅਦ ਭਾਂਬੜ ਬਣ ਕੇ ਤਿੱਖੀ ਅੰਦਰੂਨੀ ਖ਼ਾਨਾਜੰਗੀ ਦਾ ਰੂਪ ਧਾਰਨ ਕਰ ਲਿਆ ਹੈ। ਕਾਂਗਰਸ ਅੰਦਰ ਦੋ ਚੁਣੌਤੀਆਂ ਉੱਭਰ ਖੜ੍ਹੀਆਂ ਹੋਈਆਂ ਹਨ ਕਿ ਪਾਰਟੀ ਅੰਦਰ ਮੁੱਖ ਮੰਤਰੀ ਦਾ ਅਗਲਾ ਚਿਹਰਾ ਕੌਣ ਹੋਵੇਗਾ ਤੇ ਅਜੋਕੇ ਧੜੇਬਾਜ਼ ਪ੍ਰਧਾਨ ਦਾ ਬਦਲ ਕੌਣ ਹੋਵੇਗਾ? ਇੱਕ ਰੈਲੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ‘ਜੁੜੇਗਾ ਬਲਾਕ, ਜਿੱਤੇਗੀ ਕਾਂਗਰਸ’ ਦੇ ਝੰਡੇ ਹੇਠ ਹਲਕਾ ਇੰਚਾਰਜ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿੱਚ ਸੰਨ 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਿਗਲ ਵਜਾ ਦੇਣ ਵਜੋਂ ਹੋਈ। ਇਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦਾ ਸੰਗਠਨ ’ਤੇ ਭਾਰੂ ਧੜਾ ਜਿਸ ਵਿੱਚ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸ ਲੈਜਿਸਲੇਟਿਵ ਪਾਰਟੀ (ਸੀਐੱਲਪੀ) ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਗੁਰਦਾਸਪੁਰ ਤੋਂ ਸਾਂਸਦ ਅਤੇ ਰਾਜਸਥਾਨ ਕਾਂਗਰਸ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕਪੂਰਥਲਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਕੁਲਬੀਰ ਸਿੰਘ ਜ਼ੀਰਾ, ਹਰਦਿਆਲ ਕੰਬੋਜ, ਜਸਬੀਰ ਸਿੰਘ ਡਿੰਪਾ ਸਾਬਕਾ ਸਾਂਸਦ ਸਮੇਤ ਅਨੇਕ ਆਗੂ ਸ਼ਾਮਲ ਸਨ। ਕਹਿਣ ਨੂੰ ਤਾਂ ਇਹ ਬਲਾਕ ਪੱਧਰ ਦੀ ਰੈਲੀ ਸੀ ਪਰ ਕਾਫ਼ੀ ਬਾਹਰਲੇ ਹਲਕਿਆਂ ਦੇ ਕਾਂਗਰਸੀ ਸ਼ਾਮਲ ਹੋਣ ਕਰ ਕੇ ਇਹ ਰਾਜ ਪੱਧਰੀ ਰੈਲੀ ਹੋ ਨਿੱਬੜੀ। ਦੂਸਰੀ ਰੈਲੀ ਕਾਂਗਰਸ ਪਾਰਟੀ ਦੇ ਉੱਘੇ ਕਾਰਪੋਰੇਟਰ ਅਤੇ ਧਾਕੜ ਆਗੂ ਰਾਣਾ ਗੁਰਜੀਤ ਸਿੰਘ ਦੇ ਨੌਜਵਾਨ ਆਗੂ ਪੁੱਤਰ ਅਤੇ ਹਲਕੇ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪਿਤਾ ਅਤੇ ਉਸ ਦੇ ਸਹਿਯੋਗੀ ਕਾਂਗਰਸੀਆਂ ਦੇ ਅਸ਼ੀਰਵਾਦ ਨਾਲ ਕੀਤੀ ਗਈ ਜਿਸ ਵਿੱਚ ਪਾਰਟੀ ਅਨੁਸਾਸ਼ਨ ਦੇ ਮੱਦੇਨਜ਼ਰ ਰਾਣਾ ਗੁਰਜੀਤ ਸਿੰਘ ਖ਼ੁਦ ਸ਼ਾਮਲ ਨਹੀਂ ਹੋਏ ਸਨ। ਰਾਜ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਨੇ ਵਿਜੀਲੈਂਸ ਅਤੇ ਈਡੀ ਜਾਂਚ ਵਿੱਚੋਂ ਜੇਲ੍ਹ ਯਾਤਰਾ ’ਤੇ ਲੰਬੀ ਜਦੋਜਹਿਦ ਬਾਅਦ ਸੁਰਖਰੂ ਹੋ ਕੇ ਨਿਕਲਣ ਵਾਲੇ ਇਸ ਹਲਕੇ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਕਾਂਗਰਸ ਹਾਈ ਕਮਾਨ ਨੇ ਉਮੀਦਵਾਰ ਐਲਾਨਿਆ ਹੈ। ਦਿੱਲੀ ਵਿਖੇ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਰਾਜ ਕਾਂਗਰਸ ਮਾਮਲਿਆਂ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਧੰਨਵਾਦ ਕਰਨ ਲਈ ਪੰਜਾਬ ਕਾਂਗਰਸ ਦਾ ਇੱਕ ਧੜਾ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨਾਲ ਦਿੱਲੀ ਗਿਆ। ਉਸ ਵਫ਼ਦ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਪਰਗਟ ਸਿੰਘ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ ਆਦਿ ਸ਼ਾਮਲ ਸਨ। ਇੱਥੇ ਰਾਣਾ ਗੁਰਜੀਤ ਸਿੰਘ ਵੱਲੋਂ ਹਾਈ ਕਮਾਨ ਵੱਲੋਂ ਸਿੱਧੇ ਉਸ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਦੀ ਗੱਲ ਵੀ ਚੱਲੀ ਜਿਸ ਨੇ ਕਾਂਗਰਸ ਪਾਰਟੀ ਦੇ ਅਧਿਕਾਰਤ ਉਮੀਦਵਾਰ ਤੇ ਤਤਕਾਲੀ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਹਰਾਇਆ ਸੀ। ਭਾਰਤ ਭੂਸ਼ਣ ਆਸ਼ੂ ਨੇ ਉਸ ਦੇ ਹਲਕੇ ਦਾ ਚੋਣ ਇੰਚਾਰਜ ਰਾਣਾ ਗੁਰਜੀਤ ਸਿੰਘ ਜਾਂ ਪਰਗਟ ਸਿੰਘ ਵਿੱਚੋਂ ਇੱਕ ਨੂੰ ਲਗਾਉਣ ਦੀ ਗੱਲ ਵੀ ਕਹੀ। ਉਸ ਨੇ ਇਹ ਵੀ ਰੋਸ ਜ਼ਾਹਰ ਕੀਤਾ ਕਿ ਉਸ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਪ੍ਰਧਾਨ ਨੇ ਇੱਕ ਵਾਰ ਵੀ ਚਾਹ ’ਤੇ ਨਹੀਂ ਬੁਲਾਇਆ। ਰੈਲੀਆਂ ਦੇ ਐਨ ਪਹਿਲਾਂ ਇਸ ਧੜੇ ਨੇ ਕਾਂਗਰਸ ਪਾਰਟੀ ਹਾਈ ਕਮਾਨ ਨੂੰ ਕਾਂਗਰਸ ਦੀ ਅਧਿਕਾਰਤ ਰੈਲੀ ਰੋਕਣ ਲਈ ਦਬਾਅ ਬਣਾਇਆ। ਲੁਧਿਆਣਾ ਪੱਛਮੀ ਚੋਣ ਨੂੰ ਵਿਸ਼ੇਸ਼ ਤੌਰ ’ਤੇ ਮੁੱਦਾ ਬਣਾਇਆ। ਇਸ ਦੀ ਅਗਵਾਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤੀ। ਉਨ੍ਹਾਂ ਨੇ ਇੰਚਾਰਜ ਭੁਪੇਸ਼ ਬਘੇਲ ਅਤੇ ਵੇਣੂਗੋਪਾਲ ਨੂੰ ਟੈਲੀਫੋਨ ’ਤੇ ਰਾਜ਼ੀ ਵੀ ਕਰ ਲਿਆ ਲੇਕਿਨ ਦੂਸਰਾ ਧੜਾ ਆਪਣੇ ਵੱਕਾਰ ਦਾ ਸਵਾਲ ਖੜ੍ਹਾ ਕਰਦਾ ਅੜ ਗਿਆ। ਇਵੇਂ ਕਾਂਗਰਸ ਦੇ ਦੋ ਧੜਿਆਂ ਦਰਮਿਆਨ ਲੁਧਿਆਣਾ ਪੱਛਮੀ ਸੀਟ ਦੀ ਚੋਣ ਤੋਂ ਐਨ ਪਹਿਲਾਂ ਤਲਵਾਰਾਂ ਸੂਤੀਆਂ ਗਈਆਂ। ਭਾਰਤ ਭੂਸ਼ਣ ਆਸ਼ੂ ਨੇ ਹਾਈ ਕਮਾਨ ਨੂੰ ਇਹ ਵੀ ਸੰਕੇਤ ਦੇ ਦਿੱਤਾ ਕਿ ਉਪ ਚੋਣ ਉਹ ਆਪਣੇ ਦਮ-ਖ਼ਮ ’ਤੇ ਲੜੇਗਾ, ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਹਮਾਇਤ ਦੀ ਲੋੜ ਨਹੀਂ। ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਹਨ। ਗਜ਼ਬ ਦੀ ਖ਼ਾਨਾਜੰਗੀ ਉਦੋਂ ਉਜਾਗਰ ਹੋਈ ਜਦੋਂ ਇਤਲਾਹ ਕਰ ਕੇ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਮਿਲਣ ਗਏ ਤਾਂ ਉਹ ਪਤਨੀ ਸਮੇਤ ਘਰੋਂ ਗਾਇਬ ਹੋ ਗਏ। ਜਦੋਂ ਸ਼ਰਮਿੰਦਾ ਪ੍ਰਧਾਨ ਉੱਥੋਂ ਉਡੀਕ ਕੇ ਇਹ ਕਹਿੰਦੇ ਚਲੇ ਗਏ ਕਿ ਸ਼ਾਇਦ ਉਨ੍ਹਾਂ ਨੂੰ ਜ਼ਰੂਰੀ ਕੰਮ ਹੈ, ਜਦੋਂ ਲੋੜ ਹੋਈ, ਟਵੀਟ ਕਰ ਕੇ ਸੱਦ ਲਵਾਂਗੇ। ਪੰਜਾਬ ਕਾਂਗਰਸ ਕਮੇਟੀ ਤਾਂ ਦੇਸ਼ ਦੀ ਆਜ਼ਾਦੀ ਵੇਲੇ ਤੋਂ ਹੀ ਤਿੱਖੀ ਖ਼ਾਨਾਜੰਗੀ ਦੀ ਸ਼ਿਕਾਰ ਹੈ। ਸੋ ਇਹ ਰਾਜਨੀਤਕ ਖ਼ਾਨਾਜੰਗੀ ਇਨ੍ਹਾਂ ਨੂੰ ਗੁੜਤੀ ਵਿੱਚ ਮਿਲੀ ਹੋਈ ਹੈ। ਪੰਡਿਤ ਜਵਾਹਰਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਹੁੰਦੇ ਸਮੇਂ ਹੀ ਰਾਜਾਂ ਵਿੱਚ ਤਾਕਤਵਰ ਕਾਂਗਰਸ ਆਗੂ ਪੈਦਾ ਹੋ ਗਏ ਸਨ। ਪੰਜਾਬ ਵਿੱਚੋਂ ਨਹਿਰੂ ਗਾਂਧੀ ਪਰਿਵਾਰ ਨੂੰ ਚੁਣੌਤੀ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਜ਼ੋਰਾਵਰ ਨੂੰ ਜਿਵੇਂ ਮੱਖਣ ਵਿੱਚੋਂ ਵਾਲ ਵਾਂਗ ਸੰਨ 2021 ਵਿੱਚ ਮੁੱਖ ਮੰਤਰੀ ਦੀ ਕੁਰਸੀ ਖੋਹ ਕੇ ਬਾਹਰ ਕੱਢਿਆ ਗਿਆ, ਉਸ ਤੋਂ ਸਭ ਵਾਕਿਫ ਹਨ। ਨਵਜੋਤ ਸਿੰਘ ਸਿੱਧੂ ਨੂੰ ਵੀ ਬੇਆਬਰੂ ਕਰ ਕੇ ਲਾਂਭੇ ਕੀਤਾ ਗਿਆ। ਸੁਲਤਾਨਪੁਰ ਲੋਧੀ ਰੈਲੀ ਵਿੱਚ ਇੱਕ ਪਰਿਵਾਰ ਨੂੰ ਇੱਕ ਸੀਟ ਦਾ ਅਲਾਪ ਇਸ ਕਰ ਕੇ ਕੀਤਾ ਕਿ ਪਾਰਟੀ ਵੱਲੋਂ ਰਾਣਾ ਗੁਰਜੀਤ ਸਿੰਘ ਪਰਿਵਾਰ ਨੂੰ ਇੱਕ ਟਿਕਟ ਹੀ ਮਿਲੇਗੀ। ਭਾਵੇਂ ਉਸ ਦਾ ਪੁੱਤਰ ਪਾਰਟੀ ਵਿੱਚ ਸ਼ਾਮਲ ਹੋ ਵੀ ਜਾਵੇ। ਉੱਥੇ ਬੈਠੇ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਲੋਕ ਸਭਾ ਮੈਂਬਰ ਬਣੇ ਤਾਂ ਦੋਹਾਂ ਦੀਆਂ ਪਤਨੀਆਂ ਨੇ ਵਿਧਾਨ ਸਭਾ ਲਈ ਚੋਣਾਂ ਲੜੀਆਂ। ‘‘ਹਾਥੀ ਕੇ ਦਾਂਤ ਖਾਨੇ ਕੋ ਔਰ, ਦਿਖਾਨੇ ਕੋ ਔਰ।’’ ਅਜਿਹੀਆਂ ਹੋਰ ਅਨੇਕ ਮਿਸਾਲਾਂ ਹਨ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ 5 ਅਕਤੂਬਰ 2024 ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਸਾਰੇ ਰੌਲਾ ਸੀ ਕਿ ਭੁਪੇਂਦਰ ਸਿੰਘ ਹੁੱਡਾ ਖੇਮੇ ਦੀ ਅਗਵਾਈ ਵਿੱਚ ਰਾਜ ਵਿੱਚ ਕਾਂਗਰਸ ਵੱਡੀ ਜਿੱਤ ਰਾਹੀਂ ਸਰਕਾਰ ਬਣਾਉਣ ਜਾ ਰਹੀ ਹੈ। ਇਸੇ ਦੌਰਾਨ ਰਾਜਨੀਤਕ ਮੂਰਖ਼ਤਾ ਕਰ ਕੇ ਕੁਮਾਰੀ ਸ਼ੈਲਜਾ ਦਾ ਧੜਾ ਪਲਾਸੀ ਦੀ ਸੰਨ 1757 ਦੀ ਜੰਗ ਵਿੱਚ ਮੀਰ ਜ਼ਾਫ਼ਰ ਵਾਂਗ ਵੱਖਰਾ ਖੜ੍ਹਾ ਰਿਹਾ। ਜਦੋਂ ਨਤੀਜੇ ਸਾਹਮਣੇ ਆਏ ਤਾਂ ਕਾਂਗਰਸ ਰਾਜਨੀਤਕ ਮੂਰਖਤਾ ਕਰਕੇ ਮੂੰਹ ਦੇ ਭਾਰ ਡਿੱਗੀ ਨਜ਼ਰ ਆਈ। ਭਾਜਪਾ ਨੇ ਲਗਾਤਾਰ ਤੀਜੀ ਵਾਰ ਰਾਜ ਵਿੱਚ ਨਾਇਬ ਸਿੰਘ ਸੈਣੀ ਦੀ ਅਗਵਾਈ ਵਿੱਚ ਸਰਕਾਰ ਗਠਿਤ ਕਰ ਲਈ। ਪੰਜਾਬ ਵਿੱਚ ਜਦੋਂ ਸੰਨ 1995 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਗਿੱਦੜਬਾਹਾ ਵਿੱਚ ਕਾਂਗਰਸ ਦੇ ਜਾਬਰ ਮੁੱਖ ਮੰਤਰੀ ਬੇਅੰਤ ਸਿੰਘ ਦੇ ਉਮੀਦਵਾਰ ਨੂੰ ਉਪ ਚੋਣ ਵਿੱਚ ਹਰਾ ਦਿੱਤਾ ਸੀ ਤਾਂ ਉਸ ਦਿਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਤੂਤੀ ਪੰਜਾਬ ਅਤੇ ਪੰਜਾਬ ਪ੍ਰਸਾਸ਼ਨ ਵਿੱਚ ਵੱਜਣ ਲੱਗ ਪਈ ਸੀ। ਅਜਿਹੇ ਹਾਲਾਤ ਹੀ ਕਾਂਗਰਸ ਪਾਰਟੀ ਲਈ ਪੈਦਾ ਹੋ ਸਕਦੇ ਹਨ ਜੇਕਰ ਉਹ ਇਕਜੁੱਟ ਹੋ ਕੇ ਲੁਧਿਆਣਾ ਪੱਛਮੀ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਦੇਣ। ਕਾਸ਼! ਕਾਂਗਰਸ ਕੋਲ ਸੰਨ 2002 ਅਤੇ ਸੰਨ 2017 ਵਿੱਚ ਚੋਣ ਦੀ ਅਗਵਾਈ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਵਰਗਾ ਆਗੂ ਹੁੰਦਾ। ਪੰਜਾਬ ਕਾਂਗਰਸ ਆਗੂਆਂ ਨੂੰ ਰਾਜਨੀਤਕ ਮੂਰਖਤਾ ਤੋਂ ਸਬਕ ਸਿੱਖਣਾ ਚਾਹੀਦਾ ਹੈ। ਇਨ੍ਹਾਂ ਵਿੱਚ ਏਕਤਾ ਭੁਪੇਸ਼ ਬਘੇਲ ਦੇ ਵੱਸ ਦੀ ਗੱਲ ਨਹੀਂ। ਇਹ ਏਕਤਾਵਾਦੀ ਮਾਨਸਿਕਤਾ ਵਾਲਾ ਆਗੂ ਨਹੀਂ। ਦਸੰਬਰ, 2018 ਵਿੱਚ ਜਦੋਂ ਕਾਂਗਰਸ ਛੱਤੀਸਗੜ੍ਹ ’ਚ ਸੱਤਾ ਵਿੱਚ ਆਈ ਸੀ ਤਾਂ ਮੁੱਖ ਮੰਤਰੀ ਪਦ ਦੇ ਤਿੰਨ ਦਾਅਵੇਦਾਰ ਸਨ-ਬਘੇਲ, ਟੀਐੱਨ ਸਿੰਘ ਦੇਓ ਅਤੇ ਤਾਮਰਾਧਵਜਸਾਹੂ। ਹਾਈਕਮਾਨ ਸੀਐੱਮ ਬਘੇਲ ਅਤੇ ਦੇਓ ਵਿੱਚ ਢਾਈ-ਢਾਈ ਸਾਲ ਲਈ ਵੰਡੀ। ਸਾਹੂ ਨੂੰ ਗ੍ਰਹਿ ਮੰਤਰਾਲਾ ਦਿੱਤਾ। ਪਰ ਇਸ ਬਘੇਲ ਨੇ 17 ਦਸੰਬਰ 2018 ਨੂੰ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਕੇ ਫਿਰ ਕੁਰਸੀ ਨਹੀਂ ਸੀ ਛੱਡੀ। ਜਦੋਂ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ, ਅਕਾਲੀ ਬੁਰੀ ਤਰ੍ਹਾਂ ਵੰਡੇ ਹੋਏ ਹਨ, ਭਾਜਪਾ ਵਿੱਚ ਉਨ੍ਹਾਂ ਨੂੰ ਵਿਸ਼ਵਾਸ ਨਹੀਂ, ਪੰਜਾਬ ਦੇ ਕਾਂਗਰਸ ਆਗੂ ਪੰਜਾਬ ਦੇ ਭਲੇ ਲਈ ਰਾਜਨੀਤਕ ਸੂਝ ਤੋਂ ਕੰਮ ਲੈਂਦੇ ਹੋਏ ਇੱਕ ਯੂਨਿਟ ਵਜੋਂ ਕੰਮ ਕਰਨ ਨਹੀਂ ਤਾਂ ਹਰਿਆਣਾ ਦੀ ਲੀਡਰਸ਼ਿਪ ਵਾਂਗ ਹੱਥ ਮਲਦੇ ਰਹਿ ਜਾਣਗੇ। -ਦਰਬਾਰਾ ਸਿੰਘ ਕਾਹਲੋਂ -(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।

Loading