ਕੀ ਪੰਜਾਬ ਵਿਚ ਅਜੇ ਸਿਆਸੀ ਰੱਦੋਬਦਲ ਹੋਵੇਗੀ ?

In ਮੁੱਖ ਖ਼ਬਰਾਂ
February 17, 2025
ਦਿੱਲੀ ਵਿਚ ਸੱਤਾ ਤੋਂ ਬੇਦਖ਼ਲ ਹੋਈ ਆਮ ਆਦਮੀ ਪਾਰਟੀ ਲਈ ਹੁਣ ਪੰਜਾਬ 'ਚ ਵੀ ਮੁਸ਼ਕਿਲਾਂ ਖੜ੍ਹੀਆਂ ਕਰਨ ਲਈ ਕਾਂਗਰਸ ਅਤੇ ਭਾਜਪਾ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗ ਜਾਵੇਗੀ। ਕਾਂਗਰਸ ਦੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 30 ਵਿਧਾਇਕ ਕਾਂਗਰਸ ਦੇ ਸੰਪਰਕ ਵਿਚ ਹਨ। ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਵਿੱਚ ਮੱਧਕਾਲੀ ਚੋਣਾਂ ਹੋ ਸਕਦੀਆਂ ਹਨ ਕਿਉਂਕਿ ਦਿੱਲੀ ਵਿੱਚ ਚੋਣ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਡੀ ਗਿਣਤੀ ਵਿੱਚ ਪਾਰਟੀ ਛੱਡ ਦੇਣਗੇ। ਉਨ੍ਹਾਂ ਕਿਹਾ, 'ਕਈ 'ਆਪ' ਵਿਧਾਇਕ ਵੱਖ-ਵੱਖ ਪਾਰਟੀਆਂ ਦੇ ਸੰਪਰਕ ਵਿੱਚ ਹਨ।' ਹਾਲਾਂਕਿ, ਸੁਖਜਿੰਦਰ ਨੇ ਇਹ ਵੀ ਕਿਹਾ ਕਿ ਮੈਂ ਕਾਂਗਰਸ ਹਾਈਕਮਾਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਨੂੰ ਉਨ੍ਹਾਂ ਦੇ ਵਿਧਾਇਕਾਂ ਤੇ ਮੰਤਰੀਆਂ ਨੂੰ ਆਪਣੇ ਨਾਲ ਲਿਜਾਣ ਤੋਂ ਬਚਣਾ ਚਾਹੀਦਾ ਹੈ। ਜਦੋਂ ਕਾਂਗਰਸ ਦੇ ਸੰਸਦ ਮੈਂਬਰ ਪ੍ਰਮੋਦ ਤਿਵਾੜੀ ਤੋਂ ਪੁੱਛਿਆ ਗਿਆ ਕਿ, ਕੀ ਆਪ ਦੇ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਕਿਸੇ ਵੀ ਪਾਰਟੀ ਨੂੰ ਤੋੜਨ ਵਿੱਚ ਵਿਸ਼ਵਾਸ ਨਹੀਂ ਰੱਖਦੀ। ਇਹ ਭਾਜਪਾ ਦਾ ਕੰਮ ਹੈ। ਭਾਜਪਾ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ 'ਆਪ' ਸਰਕਾਰ ਕਿਸੇ ਵੀ ਸਮੇਂ ਡਿੱਗ ਸਕਦੀ ਹੈ। ਭਾਜਪਾ ਸੰਸਦ ਮੈਂਬਰ ਸੰਜੇ ਜੈਸਵਾਲ ਨੇ ਕਿਹਾ, 'ਅਰਵਿੰਦ ਕੇਜਰੀਵਾਲ ਨੂੰ ਡਰ ਹੈ ਕਿ ਦਿੱਲੀ ਵਾਂਗ ਪੰਜਾਬ ਸਰਕਾਰ ਵੀ ਡਿੱਗ ਸਕਦੀ ਹੈ।' ਦੂਜੇ ਪਾਸੇ ਭਾਜਪਾ ਨੇ ਪ੍ਰਚਾਰ ਸ਼ੁਰੂ ਕੀਤਾ ਹੈ ਕਿ ਦਿੱਲੀ 'ਚ ਚੋਣਾਂ ਹਾਰਨ ਤੋਂ ਬਾਅਦ ਕੇਜਰੀਵਾਲ ਹੁਣ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਕਿਹਾ ਜਾ ਰਿਹਾ ਹੈ ਕਿ ਹੁਣ ਉਹ ਪੰਜਾਬ ਮਾਡਲ ਦੀ ਗੱਲ ਕਰਨਗੇ। ਦਿੱਲੀ ਵਿਚ ਉਨ੍ਹਾਂ ਦੇ ਹੱਥ 'ਚ ਪੁਲਿਸ ਅਤੇ ਜ਼ਮੀਨ ਨਹੀਂ ਸੀ। ਹਰ ਮਾਮਲੇ 'ਚ ਉਪ ਰਾਜਪਾਲ ਕੋਲੋਂ ਮਨਜ਼ੂਰੀ ਲੈਣੀ ਪੈਂਦੀ ਸੀ, ਪਰ ਪੰਜਾਬ 'ਚ ਅਜਿਹਾ ਨਹੀਂ ਹੈ।ਉਹ ਉੱਥੇ ਆਪਣਾ ਮਾਡਲ ਬਣਾ ਸਕਦੇ ਹਨ, ਪਰ ਅਸਲ ਵਿਚ ਅਜਿਹਾ ਕੁਝ ਨਹੀਂ ਹੋਣ ਜਾ ਰਿਹਾ ਹੈ। ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਕੋਸ਼ਿਸ਼ ਕਰਨ ਦੀ ਗ਼ਲਤੀ ਨਹੀਂ ਕਰਨਗੇ। ਉਨ੍ਹਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀਆਂ ਖਾਲਿਸਤਾਨੀ ਸਰਗਰਮੀਆਂ ਪੰਜਾਬ ਵਿਚ ਉੱਭਰ ਰਹੀਆਂ ਹਨ, ਉਸ ਵਿਚ ਸਿੱਖਾਂ ਤੋਂ ਇਲਾਵਾ ਕੋਈ ਦੂਜਾ ਮੁੱਖ ਮੰਤਰੀ ਕਬੂਲ ਨਹੀਂ ਹੋਵੇਗਾ। ਜੇਕਰ ਕੇਜਰੀਵਾਲ ਅਜਿਹੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਦੀ ਪਾਰਟੀ ਵਿਚ ਸੰਕਟ ਪੈਦਾ ਹੋ ਜਾਵੇਗਾ। ਇਹ ਗੱਲ ਉਹ ਜਾਣਦੇ ਹਨ। ਜਿੱਥੋਂ ਤੱਕ 30 ਵਿਧਾਇਕਾਂ ਦੇ ਕਾਂਗਰਸ ਦੇ ਸੰਪਰਕ ਵਿਚ ਹੋਣ ਦੀ ਗੱਲ ਹੈ, ਤਾਂ ਇਹ ਇਕ ਮਨੋਵਿਗਿਆਨਕ ਦਾਅ ਹੈ। ਪੰਜਾਬ 'ਚ ਆਮ ਆਦਮੀ ਪਾਰਟੀ ਦੇ ਸਾਰੇ 92 ਵਿਧਾਇਕ ਪੂਰੀ ਤਰ੍ਹਾਂ ਇਕਜੁੱਟ ਹਨ। ਜੇਕਰ 30 ਵਿਧਾਇਕ ਵੱਖਰੇ ਵੀ ਹੁੰਦੇ ਹਨ ਤਾਂ ਸਰਕਾਰ ਨਹੀਂ ਡਿਗੇਗੀ, ਉਲਟਾਂ ਵੱਖ ਹੋਣ ਵਾਲੇ ਵਿਧਾਇਕਾਂ ਦੀ ਮੈਂਬਰਸ਼ਿਪ ਖ਼ਤਰੇ ਵਿਚ ਆ ਜਾਵੇਗੀ।

Loading