ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੋ ਰੋਜ਼ਾ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਕਿਹਾ ਸੀ ਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਪਾਲਾ ਬਦਲ ਕੇ ਕਾਂਗਰਸ ਵਿਚ ਆਉਣਾ ਚਾਹੁੰਦੇ ਹਨ। ਉਹ ਇੱਥੇ ਹੀ ਨਹੀਂ ਰੁਕੇ ,ਸਗੋਂ ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾਂ ਦੇ ਨਾਲ-ਨਾਲ ਕੁਝ ਮੰਤਰੀ ਵੀ ਮੇਰੇ ਸੰਪਰਕ ਵਿਚ ਹਨ । ਇਸ ਬਿਆਨ ਵਿਚ ਕਿੰਨੀ ਸੱਚਾਈ ਹੈ, ਇਸ ਸੰਬੰਧੀ ਸਵਾਲ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੇਰਾ 40 ਸਾਲ ਦਾ ਸਿਆਸਤ ਦਾ ਤਜ਼ਰਬਾ ਹੈ, ਮੈਂ ਅੱਜ ਤੱਕ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਜਿਸ ਦਾ ਕੋਈ ਆਧਾਰ ਨਾ ਹੋਵੇ ਅਤੇ ਇਸ ਗੱਲ ਦਾ ਪਤਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੈ ਕਿ ਜੇਕਰ ਮੈਂ ਇਹ ਬਿਆਨ ਦੇ ਰਿਹਾ ਹਾਂ ਤਾਂ ਇਸ ਦੇ ਪਿੱਛੇ ਵੱਡਾ ਆਧਾਰ ਹੈ ।ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰਸਿੱਧ ਗਾਇਕ ਦਲਜੀਤ ਦੋਸਾਂਝ ਦੇ ਅਗਲੇ ਸਾਲ ਹੋਣ ਵਾਲੇ ਸ਼ੋਅ ਦੀਆਂ ਅਗਾਊਂ ਟਿਕਟਾਂ ਬੁੱਕ ਹੋ ਗਈਆਂ ਹਨ, ਉਵੇਂ ਹੀ ਸਾਡੇ ਕੋਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਵੀ ਅਗਾਊਂ ਬੁਕਿੰਗ ਚੱਲ ਰਹੀ ਹੈ, ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਗਿਣਤੀ ਦੱਸ ਸਕਦਾ ਹਾਂ ਕਿਸੇ ਵਿਧਾਇਕ ਦਾ ਨਾਮ ਨਹੀਂ ਅਤੇ ਇਹ ਗਿਣਤੀ ਆਉਂਦੇ ਦਿਨਾਂ ਵਿਚ ਵੱਧ ਸਕਦੀ ਹੈ । ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਭਾਜਪਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਉਨ੍ਹਾਂ ਦਾਅਵਾ ਕੀਤਾ ਕਿ ਬਿੱਟੂ ਦੀ ਮੁੱਖ ਮੰਤਰੀ ਨਾਲ ਤਿੰਨ ਚਾਰ ਵਾਰ ਗੱਲ ਹੁੰਦੀ ਹੈ । ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰੇ ਸੰਪਰਕ ਵਿਚ ਹਨ ਉਸੇ ਤਰ੍ਹਾਂ ਭਾਜਪਾ ਦੇ ਸੰਪਰਕ ਵਿਚ ਵੀ ਹਨ।
ਉਧਰ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਸੀ ਕਿ ਸੀ ਉਨ੍ਹਾਂ ਨੂੰ ਬੜਾ ਅਫ਼ਸੋਸ ਹੈ ਕਿ ਪੰਜਾਬ ਸਰਕਾਰ ਲੰਬੇ ਸੈਸ਼ਨ ਕਰਵਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦਿੱਤਾ ਜਾਵੇਗਾ।
ਬਾਜਵਾ ਦੇ ਇਸ ਬਿਆਨ ਮਗਰੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਵਿਚ ਕੋਈ ਸੱਚਾਈ ਨਹੀਂ ਹੈ ਪਰ ਜੇਕਰ ਇਹ ਸੱਚ ਵੀ ਹੋਵੇ ਤਾਂ 32 ਵਿਧਾਇਕਾਂ ਨੂੰ ਆਪਣੇ ਨਾਲ ਰਲਾ ਕੇ ਪ੍ਰਤਾਪ ਸਿੰਘ ਬਾਜਵਾ ਸਰਕਾਰ ਨਹੀਂ ਬਣਾ ਸਕਦੇ ਨਾ ਹੀ ਸਾਡੀ ਸਰਕਾਰ ਨੂੰ ਕੋਈ ਖ਼ਤਰਾ ਹੈ । ਉਨ੍ਹਾਂ ਕਿਹਾ ਕਿ ਉਹ ਇਹ ਜ਼ਰੂਰ ਦਾਅਵਾ ਕਰਦੇ ਹਨ ਅਤੇ ਚੈਲਿੰਜ ਕਰਦੇ ਹਨ ਕਿ ਪ੍ਰਤਾਪ ਸਿੰਘ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਬੈਂਗਲੁਰੂ ਵਿਚ ਪਿਛਲੇ ਦਿਨੀਂ ਕਿਸ ਨਾਲ ਮੁਲਾਕਾਤ ਕਰਕੇ ਆਏ ਹਨ ।ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੇ ਬਿਆਨ ਨੂੰ ਸਾਬਤ ਕਰਨ ਜਾਂ ਫਿਰ ਰੋਜ਼-ਰੋਜ਼ ਅਜਿਹੀ ਬਿਆਨਬਾਜ਼ੀ ਕਰਨਾ ਬੰਦ ਕਰ ਦੇਣ ।ਉਨ੍ਹਾਂ ਕਿਹਾ ਕਿ ਆਪਣੇ ਕਾਂਗਰਸ ਵਿਧਾਇਕਾਂ ਨੂੰ ਸੰਪਰਕ ਵਿਚ ਰੱਖਣ ਅਤੇ ਚੰਗਾ ਹੁੰਦਾ ਜੇ ਆਪਣੇ ਭਰਾ ਨੂੰ ਸੰਪਰਕ ਵਿਚ ਰੱਖਦੇ ਜੋ ਭਾਜਪਾ 'ਚ ਸ਼ਾਮਿਲ ਹੋ ਗਿਆ ।
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੱਲ੍ਹਾ-ਕੱਲ੍ਹਾ ਵਿਧਾਇਕ ਅਰਵਿੰਦ ਕੇਜਰੀਵਾਲ ਦੇ ਨਾਲ ਖੜ੍ਹਾ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਜੋ ਬਿਆਨਬਾਜ਼ੀ ਕਰ ਰਹੇ ਹਨ ਉਸ ਵਿਚ ਕੋਈ ਸੱਚਾਈ ਨਹੀਂ ਪਰ ਕਾਂਗਰਸ ਦੇ ਅੱਧੇ ਤੋਂ ਜ਼ਿਆਦਾ ਵਿਧਾਇਕ ਭਾਜਪਾ ਦੇ ਸੰਪਰਕ ਵਿਚ ਹਨ ਅਤੇ ਕਿਸੇ ਵੇਲੇ ਵੀ ਕਾਂਗਰਸ ਛੱਡ ਕੇ ਭਾਜਪਾ ਵਿਚ ਜਾ ਸਕਦੇ ਹਨ ।ਇਸ ਲਈ ਬਾਜਵਾ ਨੂੰ ਆਪਣੇ ਵਿਧਾਇਕਾਂ ਦੀ ਫ਼ਿਕਰ ਕਰਨੀ ਚਾਹੀਦੀ ਹੈ । ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਸਮੇਂ ਵਿਚ ਪ੍ਰਤਾਪ ਸਿੰਘ ਬਾਜਵਾ ਖ਼ੁਦ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣਗੇ ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੀ ਕੁੜਤਨ ਕਾਰਣ ਆਪ ਦੇ ਵਿਧਾਇਕ ਨਿਰਾਸ਼ ਹਨ ਤੇ ਦੋ ਧੜਿਆਂ ਵਿਚ ਵੰਡੇ ਹੋਏ ਹਨ।ਪੰਜਾਬ ਦੇ ਹਿਤ ਵਿਚ ਕੋਈ ਸਟੈਂਡ ਨਾ ਲਏ ਜਾਣ ਕਾਰਣ ਪੰਜਾਬੀਆਂ ਵਿਚ ਆਪ ਸਰਕਾਰ ਵਿਰੁਧ ਨਿਰਾਸ਼ਤਾ ਫੈਲ ਰਹੀ ਹੈ।
ਸ੍ਰੀ ਬਾਜਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਹਨ, ਕਈ ਜ਼ਿੰਮੇਵਾਰ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਸਮੇਂ ਵੀ ਉਹ ਵਿਰੋਧੀ ਧਿਰ ਦੇ ਆਗੂ ਦੇ ਜ਼ਿੰਮੇਵਾਰ ਅਹੁਦੇ ’ਤੇ ਬਿਰਾਜਮਾਨ ਹਨ। ਉਨ੍ਹਾਂ ਨੂੰ ਕਿਸੇ ਵੀ ਸਿਆਸੀ ਜਾਂ ਗ਼ੈਰ-ਸਿਆਸੀ ਮਾਮਲੇ ਬਾਰੇ ਬਿਆਨ ਦੇਣ ਜਾਂ ਚੁੱਪ ਰਹਿਣ ਦਾ ਪੂਰਾ ਹੱਕ ਹੈ ਪਰ ਬੇਤੁਕੀ ਬਿਆਨਬਾਜ਼ੀ ਨਾਲ ਕਿਸੇ ਪਾਰਟੀ ਜਾਂ ਆਗੂ ਨੂੰ ਕੁਝ ਵੀ ਹਾਸਿਲ ਨਹੀਂ ਹੁੰਦਾ, ਸਗੋਂ ਇਸ ਨਾਲ ਪੰਜਾਬ ਦਾ ਸਿਆਸੀ ਸਭਿਆਚਾਰ ਹੋਰ ਗੰਧਲਾ ਹੀ ਹੁੰਦਾ ਹੈ। ਜੇ ਉਨ੍ਹਾਂ ਦਾ ਦਾਅਵਾ ਸਹੀ ਵੀ ਮੰਨ ਲਿਆ ਜਾਵੇ ਤਾਂ ਵੀ ਇਸ ਨਾਲ ਕਾਂਗਰਸ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਸਮੱਰਥ ਨਹੀਂ ਹੋ ਸਕੇਗੀ। ਜੇ ਬਾਕੀ ਦੀਆਂ ਪਾਰਟੀਆਂ ਦੇ ਮੈਂਬਰ ਅਤੇ ਆਜ਼ਾਦ ਵਿਧਾਇਕ ਵੀ ਉਨ੍ਹਾਂ ਨਾਲ ਆ ਜਾਣ ਤਾਂ ਵੀ ਉਨ੍ਹਾਂ ਨੂੰ ਸਰਕਾਰ ਬਣਾਉਣ ਲਈ ਲੋੜੀਂਦਾ ਬਹੁਮਤ ਜੁਟਾਉਣ ਵਾਸਤੇ ਚਾਰ ਪੰਜ ਹੋਰ ਵਿਧਾਇਕ ਤੋੜਨੇ ਪੈਣਗੇ।ਦੂਜੇ ਪਾਸੇ, ਸੱਤਾਧਾਰੀ ਪਾਰਟੀ ਦੇ ਆਗੂ ਵੀ ਅਜਿਹੇ ਦਾਅਵਿਆਂ ਤੋਂ ਤੈਸ਼ ਵਿੱਚ ਆ ਕੇ ਜਵਾਬੀ ਦਾਅਵੇ ਕਰਨ ਲੱਗ ਪੈਂਦੇ ਹਨ ਜਿਸ ਨਾਲ ਸਰਕਾਰ ਦਾ ਵੱਕਾਰ ਨਹੀਂ ਵਧਦਾ ਸਗੋਂ ਪੰਜਾਬ ਵਿੱਚ ਸਿਆਸੀ ਸੰਵਾਦ ਦਾ ਪੱਧਰ ਹੀ ਨੀਵਾਂ ਹੁੰਦਾ ਹੈ। ਇਸ ਸਮੇਂ ਅਮਰੀਕਾ ਵਿਖੇ ਗ਼ੈਰ-ਕਾਨੂੰਨੀ ਢੰਗ ਨਾਲ ਪਹੁੰਚੇ ਜਾਂ ਬਿਨਾਂ ਕਾਗਜ਼ਾਤ ਤੋਂ ਪਰਵਾਸੀ ਭਾਰਤੀਆਂ ਨੂੰ ਫ਼ੌਜੀ ਜਹਾਜ਼ਾਂ ਵਿੱਚ ਲੱਦ ਕੇ ਵਾਪਸ ਵਤਨ ਭੇਜਿਆ ਜਾ ਰਿਹਾ ਹੈ। ਜੇਕਰ ਦਸ ਲੱਖ ਦੇ ਕਰੀਬ ਨੌਜਵਾਨ ਵਿਦੇਸ਼ਾਂ ਤੋਂ ਉਜੜਕੇ ਪੰਜਾਬ ਆ ਜਾਂਦਾ ਹੈ ਤਾਂ ਸਰਕਾਰ ਉਨ੍ਹਾਂ ਦੇ ਰੁਜ਼ਗਾਰ ਦਾ ਕੀ ਪ੍ਰਬੰਧ ਕਰੇਗੀ? ਜੇਕਰ ਰੁਜਗਾਰ ਦਾ ਪ੍ਰਬੰਧ ਨਹੀਂ ਹੁੰਦਾ ਤਾਂ ਕੀ ਉਹ ਗੈਂਗਸਟਰਾਂ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਨਹੀਂ ਹੋ ਜਾਣਗੇ?ਕੀ ਉਹ ਨਸ਼ਿਆਂ ਵਿਚ ਨਹੀਂ ਡੁਬ ਜਾਣਗੇ? ਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਖ਼ੁਦਕੁਸ਼ੀਆਂ ਦਾ ਸਿਲਸਿਲਾ ਬਾਦਸਤੂਰ ਚੱਲ ਰਿਹਾ ਹੈ। ਨਸ਼ਿਆਂ ਦਾ ਤੰਦੂਆ ਜਾਲ ਅਜੇ ਵੀ ਸਾਡੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਬੇਰੁਜ਼ਗਾਰੀ ਦੀ ਸਮੱਸਿਆ ਭਿਆਨਕ ਰੂਪ ਧਾਰ ਰਹੀ ਹੈ। ਪੰਜਾਬੀਆਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਆਗੂਆਂ ਨੂੰ ਵਿਧਾਨ ਸਭਾ ਦੇ ਸੈਸ਼ਨਾਂ ਵਿੱਚ ਸਿਰ ਜੋੜ ਕੇ ਮੰਥਨ ਅਤੇ ਆਤਮ-ਝਾਤ ਮਾਰਨ ਦੀ ਲੋੜ ਹੈ ਕਿ ਉਹ ਪੰਜਾਬ ਨੂੰ ਇਸ ਸੰਕਟ ਕਾਲ ਵਿੱਚ ਅਗਵਾਈ ਕਿਵੇਂ ਦੇ ਸਕਦੇ ਹਨ?ਬਾਜਵਾ ਦੀ ਬਿਆਨਬਾਜ਼ੀ ਅਰਥਹੀਣ ਹੈ ਤੇ ਇਸ ਵਿਚ ਪੰਜਾਬ ਦੇ ਹਿੱਤਾਂ ਦਾ ਕੋਈ ਦਾਅਵਾ ਨਹੀਂ ਹੈ।