ਕੀ ਭਾਜਪਾ ਦੇ ਨਿੱਜੀ ਹਮਲਿਆਂ ਦਾ ਲਾਭ ‘ਆਪ’ ਨੂੰ ਹੋਵੇਗਾ?

In ਮੁੱਖ ਖ਼ਬਰਾਂ
January 14, 2025
ਸਭ ਤੋਂ ਵੱਡਾ ਦੰਗਲ ਦਿੱਲੀ ਵਿੱਚ ਸ਼ੁਰੂ ਹੋ ਗਿਆ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਅਲਾਰਮ ਵਜਾ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ 5 ਫਰਵਰੀ ਨੂੰ ਹੋਵੇਗੀ ਅਤੇ ਨਤੀਜੇ 8 ਫਰਵਰੀ ਨੂੰ ਆਉਣਗੇ। 17 ਜਨਵਰੀ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ ਹੈ, ਇਸ ਲਈ ਉਮੀਦਵਾਰ 20 ਜਨਵਰੀ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਦਿੱਲੀ ਚੋਣਾਵੀ ਦੰਗਲ ਨੂੰ ਲੈ ਕੇ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਹੋਣ ਦੇ ਪੂਰੇ ਆਸਾਰ ਹਨ। ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ 'ਤੇ ਭਾਜਪਾ ਆਗੂਆਂ ਦੇ ਨਿੱਜੀ ਹਮਲੇ ਲਗਾਤਾਰ ਵਧਦੇ ਜਾ ਰਹੇ ਹਨ। ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਨਿੱਜੀ ਹਮਲਿਆਂ ਨਾਲ ਭਾਜਪਾ ਨੂੰ ਨੁਕਸਾਨ ਹੋ ਸਕਦਾ ਹੈ। ਅਰਵਿੰਦ ਕੇਜਰੀਵਾਲ ਦੇ 'ਸ਼ੀਸ਼ਮਹਿਲ' ਨੂੰ ਲੈ ਕੇ ਸਿਆਸੀ ਹਮਲਾ ਤਾਂ ਠੀਕ ਹੈ, ਪਰ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ, ਮੁੱਖ ਮੰਤਰੀ ਆਤਿਸ਼ੀ 'ਤੇ ਹੇਠਲੇ ਪੱਧਰ ਦੇ ਨਿੱਜੀ ਹਮਲੇ ਕਰਨਾ ਭਾਜਪਾ ਨੂੰ ਮਹਿੰਗਾ ਪੈ ਸਕਦਾ ਹੈ। ਆਤਿਸ਼ੀ 'ਤੇ ਨਿੱਜੀ ਹਮਲਾ ਕਰਕੇ ਕਾਲਕਾਜੀ ਤੋਂ ਭਾਜਪਾ ਦੇ ਉਮੀਦਵਾਰ ਰਮੇਸ਼ ਬਿਧੂੜੀ ਆਪਣੇ ਜਿੱਤਣ ਦੀ ਸੰਭਾਵਨਾ ਲਗਭਗ ਖ਼ਤਮ ਕਰ ਚੁੱਕੇ ਹਨ। ਭਾਵੇਂ ਹੀ ਉਹ ਕਿੰਨੇ ਵੀ ਮਜ਼ਬੂਤ ਨੇਤਾ ਹੋਣ ਅਤੇ ਤਿੰਨ ਵਾਰ ਸੰਸਦ ਮੈਂਬਰ ਰਹੇ ਹੋਣ, ਪਰ ਜਿਸ ਤਰ੍ਹਾਂ ਨਾਲ ਉਨ੍ਹਾਂ ਨੇ ਆਤਿਸ਼ੀ ਨੂੰ ਆਪਣਾ ਉਪ ਨਾਂਅ ਬਦਲ ਕੇ ਮਾਰਲੇਨਾ ਤੋਂ ਸਿੰਘ ਕਰਨ 'ਤੇ ਕਿਹਾ ਕਿ ਉਨ੍ਹਾਂ ਨੇ ਆਪਣਾ ਪਿਤਾ ਬਦਲ ਲਿਆ, ਉਸ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਲਈ ਕਾਂਗਰਸ ਦੀ ਉਮੀਦਵਾਰ ਅਲਕਾ ਲਾਂਬਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਲਕਾਜੀ ਸੀਟ 'ਤੇ ਲੜਾਈ ਆਤਿਸ਼ੀ ਬਨਾਮ ਅਲਕਾ ਲਾਂਬਾ ਹੈ। ਹਾਲਾਂਕਿ ਅਜਿਹਾ ਨਹੀਂ ਹੈ, ਆਤਿਸ਼ੀ ਦੀ ਲੜਾਈ ਬਿਧੂੜੀ ਨਾਲ ਹੀ ਹੋਵੇਗੀ ਅਤੇ ਉਸ ਵਿਚ ਨੁਕਸਾਨ ਵਿਚ ਬਿਧੂੜੀ ਰਹਿਣਗੇ। ਪਿਤਾ ਦੇ ਨਾਂਅ 'ਤੇ ਹੰਝੂ ਵਹਾ ਕੇ ਆਤਿਸ਼ੀ ਨੇ ਲੀਡ ਬਣਾ ਲਈ ਹੈ। ਇਸ ਦੌਰਾਨ ਭਾਜਪਾ ਦੇ ਇਕ ਹੋਰ ਵੱਡੇ ਨੇਤਾ ਯੋਗੇਂਦਰ ਚੰਦੋਲਿਆ ਨੇ ਵੀ ਉਨ੍ਹਾਂ ਦੇ ਪਿਤਾ 'ਤੇ ਹਮਲਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਅਫ਼ਜ਼ਲ ਗੁਰੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਨਾਲ ਵੀ ਆਤਿਸ਼ੀ ਨੂੰ ਫਾਇਦਾ ਹੀ ਹੋਵੇਗਾ। ਕੇਜਰੀਵਾਲ ਦੀ ਰਾਜਨੀਤੀ ਦੇ ਕਾਰਨ ਜੇਕਰ ਕੁਝ ਮੁਸਲਿਮ ਵੋਟਾਂ ਕਾਂਗਰਸ ਵੱਲ ਜਾਣ ਵਾਲੀਆਂ ਹੋਣਗੀਆਂ ਤਾਂ ਉਹ ਵੀ ਕਾਲਕਾਜੀ 'ਚ ਆਤਿਸ਼ੀ ਨੂੰ ਹੀ ਮਿਲਣਗੀਆਂ। ਇਥੇ ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਦਿਆਂ 3 ਜਨਵਰੀ ਨੂੰ ਜਿਸ ਤਰ੍ਹਾਂ ਦਾ ਭਾਸ਼ਨ ਦਿੱਤਾ, ਉਸ ਨਾਲ 10 ਸਾਲ ਪਹਿਲਾਂ ਦਿੱਤੇ ਉਨ੍ਹਾਂ ਦੇ ਭਾਸ਼ਨ ਦੀ ਯਾਦ ਤਾਜ਼ਾ ਹੋ ਗਈ। 10 ਸਾਲ ਪਹਿਲਾਂ ਜਨਵਰੀ 2015 'ਚ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੋਦੀ ਨੇ ਰਾਮਲੀਲ੍ਹਾ ਮੈਦਾਨ 'ਚ ਭਾਸ਼ਨ ਦਿੱਤਾ ਸੀ ਅਤੇ ਕੇਜਰੀਵਾਲ 'ਤੇ ਵੱਡਾ ਹਮਲਾ ਬੋਲਿਆ ਸੀ। ਜਿਸ ਤਰ੍ਹਾਂ ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 'ਆਪਦਾ ਸਰਕਾਰ' ਕਿਹਾ, ਉਸੇ ਤਰ੍ਹਾਂ 2015 ਦੇ ਪਹਿਲੇ ਭਾਸ਼ਨ ਵਿਚ ਕੇਜਰੀਵਾਲ ਨੂੰ ਨਕਸਲੀ ਦੱਸਿਆ ਸੀ। ਉਸ ਚੋਣ ਦਾ ਨਤੀਜਾ ਸਾਰਿਆਂ ਨੂੰ ਪਤਾ ਹੈ। ਭਾਜਪਾ ਨੂੰ 70 ਮੈਂਬਰਾਂ ਦੀ ਵਿਧਾਨ ਸਭਾ 'ਚ ਸਿਰਫ਼ 3 ਸੀਟਾਂ ਹੀ ਮਿਲੀਆਂ ਸਨ, ਜਦੋਂ ਕਿ ਉਸ ਤੋਂ ਪਹਿਲਾਂ ਦੀਆਂ ਚੋਣਾਂ ਭਾਵ ਦਸੰਬਰ 2013 ਦੀਆਂ ਚੋਣਾਂ ਵਿਚ ਭਾਜਪਾ 32 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਸੀ ਅਤੇ ਕੇਜਰੀਵਾਲ ਦੀ ਪਾਰਟੀ ਨੂੰ 28 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਸਨ। ਇਸ ਵਾਰ ਵੀ ਪ੍ਰਧਾਨ ਮੰਤਰੀ ਦਾ ਨਿਸ਼ਾਨਾ ਸਿਰਫ਼ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ 'ਤੇ ਹੈ। ਉਨ੍ਹਾਂ ਨੇ ਕਾਂਗਰਸ ਨੂੰ ਕਿਸੇ ਗਿਣਤੀ ਵਿਚ ਨਹੀਂ ਰੱਖਿਆ, ਜਦੋਂ ਕਿ ਕਾਂਗਰਸ 10 ਸਾਲ ਤੋਂ ਬਾਅਦ ਲੋਕ ਸਭਾ 'ਚ ਮੁੱਖ ਵਿਰੋਧੀ ਪਾਰਟੀ ਬਣੀ ਹੈ ਅਤੇ ਦਿੱਲੀ 'ਚ ਬਹੁਤ ਤਾਕਤ ਨਾਲ ਚੋਣ ਲੜ ਰਹੀ ਹੈ। ਦਿੱਲੀ 'ਚ ਭਾਜਪਾ ਲਈ ਉਦੋਂ ਕੋਈ ਅਵਸਰ ਬਣੇਗਾ, ਜਦੋਂ ਕਾਂਗਰਸ ਮੁਕਾਬਲੇ ਵਿਚ ਆਏਗੀ। ਕਾਂਗਰਸ ਦਾ ਵੋਟ ਫ਼ੀਸਦੀ ਜੇਕਰ ਦੋ ਅੰਕਾਂ 'ਚ ਹੋਇਆ, ਉਦੋਂ ਭਾਜਪਾ ਜਿੱਤ ਵੀ ਸਕਦੀ ਹੈ, ਪਰ ਇਹ ਉਦੋਂ ਹੋਵੇਗਾ, ਜਦੋਂ ਲੱਗੇ ਕਿ ਕਾਂਗਰਸ ਵੀ ਲੜ ਰਹੀ ਹੈ। ਪ੍ਰਧਾਨ ਮੰਤਰੀ ਦੇ ਪਹਿਲੇ ਭਾਸ਼ਨ ਤੋਂ ਤਾਂ ਨਹੀਂ ਲੱਗਾ ਕਿ ਦਿੱਲੀ ਵਿਚ ਕਾਂਗਰਸ ਲੜਾਈ 'ਚ ਹੈ। ਅੱਗੇ ਦੇਖਦੇ ਹਾਂ ਕਿ ਭਾਜਪਾ ਕੀ ਰਣਨੀਤੀ ਅਪਣਾਉਂਦੀ ਹੈ?

Loading