ਖਾਸ ਖ਼ਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ 4 ਫਰਵਰੀ ਨੂੰ ਸੰਸਦ ਭਵਨ ਦੇ ਬਾਹਰ ਹੋਈ ਤਿੱਖੀ ਜ਼ਬਾਨੀ ਜੰਗ ਨੇ ਪੂਰੇ ਦੇਸ਼ ਵਿੱਚ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਘਟਨਾ ਨੇ ਨਾ ਸਿਰਫ਼ ਕਾਂਗਰਸ ਅਤੇ ਭਾਜਪਾ ਵਿਚਕਾਰ ਸ਼ਬਦੀ ਜੰਗ ਨੂੰ ਤੇਜ਼ ਕਰ ਦਿੱਤਾ ਹੈ, ਸਗੋਂ ਸਿੱਖ ਭਾਈਚਾਰੇ ਨੂੰ ਵੀ ਵਿਵਾਦ ਵਿੱਚ ਘਸੀਟ ਲਿਆ ਹੈ। ਰਾਹੁਲ ਗਾਂਧੀ ਵੱਲੋਂ ਬਿੱਟੂ ਨੂੰ ‘ਗੱਦਾਰ ਦੋਸਤ’ ਕਹਿਣ ਅਤੇ ਬਿੱਟੂ ਵੱਲੋਂ ਰਾਹੁਲ ਨੂੰ ‘ਦੇਸ਼ ਦਾ ਦੁਸ਼ਮਣ’ ਕਹਿਣ ਨੇ ਪੰਜਾਬੀ ਸਿਆਸਤ ਨੂੰ ਗਰਮਾ ਦਿੱਤਾ ਹੈ।
ਇਹ ਸਭ ਉਸ ਵੇਲੇ ਸ਼ੁਰੂ ਹੋਇਆ ਜਦੋਂ ਕਾਂਗਰਸ ਦੇ ਕਈ ਸੰਸਦ ਮੈਂਬਰਾਂ (ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਸਨ) ਨੂੰ ਮੁਅੱਤਲ ਕਰਨ ਤੋਂ ਬਾਅਦ ਸੰਸਦ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਹ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ’ਤੇ ‘ਸਮਝੌਤਾ’ ਕਰਨ ਦੇ ਦੋਸ਼ਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਕਿ ਮੋਦੀ ਨੇ ਅਮਰੀਕਾ ਅੱਗੇ ਦੇਸ਼ ਝੁਕਾਅ ਦਿੱਤਾ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਇਸ ਸਮਝੌਤੇ ਵਿੱਚ ਭਾਰਤੀ ਕਿਸਾਨਾਂ ਦੀ ਮਿਹਨਤ, ਲਹੂ ਅਤੇ ਪਸੀਨੇ ਨੂੰ ਵੇਚ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਉਤਪਾਦਾਂ ਨੂੰ ਘੱਟ ਟੈਰਿਫ ’ਤੇ ਭਾਰਤ ਵਿੱਚ ਆਉਣ ਦੀ ਇਜਾਜ਼ਤ ਮਿਲਣ ਨਾਲ ਭਾਰਤੀ ਕਿਸਾਨਾਂ ਨੂੰ ਨੁਕਸਾਨ ਹੋਵੇਗਾ। ਰਾਹੁਲ ਨੇ ਜੈਫਰੀ ਐਪਸਟੀਨ ਫਾਈਲਾਂ ਅਤੇ ਅਦਾਨੀ ਗਰੁੱਪ ’ਤੇ ਅਮਰੀਕਾ ਵਿੱਚ ਚੱਲ ਰਹੇ ਕੇਸ ਨੂੰ ਵੀ ਜੋੜਿਆ, ਕਹਿ ਕੇ ਕਿ ਇਹ ਦੋਵੇਂ ਮੁੱਦੇ ਪ੍ਰਧਾਨ ਮੰਤਰੀ ’ਤੇ ਦਬਾਅ ਪਾ ਰਹੇ ਹਨ ਅਤੇ ਇਸ ਕਰਕੇ ਉਹ ਅਮਰੀਕਾ ਅੱਗੇ ਝੁਕ ਗਏ। ਇਥੇ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਵਿਚਕਾਰ ਵੀ ਤਕਰਾਰ ਹੋਈ।
ਇਸ ਦੌਰਾਨ ਰਵਨੀਤ ਸਿੰਘ ਬਿੱਟੂ (ਜੋ ਕੇਂਦਰੀ ਰੇਲ ਰਾਜ ਮੰਤਰੀ ਅਤੇ ਭਾਜਪਾ ਸੰਸਦ ਮੈਂਬਰ ਹਨ) ਪ੍ਰਦਰਸ਼ਨ ਕਰ ਰਹੇ ਕਾਂਗਰਸੀਆਂ ਦੇ ਨੇੜੇ ਲੰਘੇ। ਰਾਹੁਲ ਗਾਂਧੀ ਨੇ ਉਨ੍ਹਾਂ ਵੱਲ ਇਸ਼ਾਰਾ ਕਰਕੇ ਕਿਹਾ, ‘ਇੱਥੇ ਇੱਕ ਗੱਦਾਰ ਜਾ ਰਿਹਾ ਹੈ, ਇਸ ਦਾ ਚਿਹਰਾ ਵੇਖੋ…’। ਫਿਰ ਉਨ੍ਹਾਂ ਨੇ ਵਿਅੰਗ ਨਾਲ ਹੱਥ ਵਧਾਇਆ ਅਤੇ ਕਿਹਾ, ‘ਨਮਸਤੇ ਦੋਸਤ, ਮੇਰੇ ਗੱਦਾਰ ਦੋਸਤ… ਚਿੰਤਾ ਨਾ ਕਰੋ, ਤੁਸੀਂ ਵਾਪਸ ਆ ਜਾਓਗੇ ਕਾਂਗਰਸ ਵਿੱਚ।’
ਬਿੱਟੂ ਨੇ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਗੁੱਸੇ ਵਿੱਚ ਜਵਾਬ ਦਿੱਤਾ ਕਿ ਉਹ ਕਦੇ ਵੀ ਦੇਸ਼ ਵਿਰੋਧੀ ਨਾਲ ਹੱਥ ਨਹੀਂ ਮਿਲਾਉਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਰਾਹੁਲ ਨੂੰ ‘ਦੇਸ਼ ਦਾ ਦੁਸ਼ਮਣ’ ਕਿਹਾ ਅਤੇ ਕਿਹਾ ਕਿ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਅਸ਼ਾਂਤ ਕੀਤਾ ਹੈ। ਉਨ੍ਹਾਂ ਨੇ ਆਪਣੇ ਦਾਦਾ ਬੇਅੰਤ ਸਿੰਘ (ਸਾਬਕਾ ਪੰਜਾਬ ਮੁੱਖ ਮੰਤਰੀ, ਜਿਨ੍ਹਾਂ ਦੀ 1995 ਵਿੱਚ ਹੱਤਿਆ ਹੋਈ ਸੀ) ਦੀ ਕੁਰਬਾਨੀ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਜਦੋਂ ਉਹ ਕਾਂਗਰਸ ਵਿੱਚ ਸਨ ਤਾਂ ‘ਸ਼ਹੀਦ ਦਾ ਪੋਤਾ’ ਸਨ, ਪਰ ਹੁਣ ਭਾਜਪਾ ਵਿੱਚ ਆਉਣ ਤੋਂ ਬਾਅਦ ‘ਗੱਦਾਰ’ ਹੋ ਗਏ।
ਯਾਦ ਰਹੇ ਕਿ ਰਵਨੀਤ ਬਿੱਟੂ 2024 ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਹ ਤਿੰਨ ਵਾਰ ਕਾਂਗਰਸ ਤੋਂ ਸੰਸਦ ਮੈਂਬਰ ਰਹੇ ਅਤੇ ਰਾਹੁਲ ਗਾਂਧੀ ਦੇ ਨੇੜਲੇ ਮੰਨੇ ਜਾਂਦੇ ਸਨ। ਰਾਹੁਲ ਦਾ ‘ਗੱਦਾਰ ਦੋਸਤ’ ਵਾਲਾ ਤਨਜ਼ ਪਾਰਟੀ ਬਦਲਣ ਨੂੰ ਲੈ ਕੇ ਸੀ। ਪਰ ਭਾਜਪਾ ਨੇ ਇਸ ਨੂੰ ਸਿੱਖ ਭਾਈਚਾਰੇ ਵਿਰੁੱਧ ਅਪਮਾਨ ਵਜੋਂ ਪੇਸ਼ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਬੋਲਦਿਆਂ ਕਿਹਾ ਸੀ ਕਿ ਰਾਹੁਲ ਨੇ ਬਿੱਟੂ ਨੂੰ ਗੱਦਾਰ ਕਿਹਾ ,ਕਿਉਂਕਿ ਉਹ ਸਿੱਖ ਹਨ, ਜੋ ਕਾਂਗਰਸ ਦੀ ਸਿੱਖ ਵਿਰੋਧੀ ਮਾਨਸਿਕਤਾ ਨੂੰ ਦਰਸਾਉਾਂਦਾਹੈ। ਉਨ੍ਹਾਂ ਨੇ ਸਿੱਖ ਘਲੂਘਾਰਾ ਜੂਨ1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਕੇ ਕਾਂਗਰਸ ’ਤੇ ਹਮਲਾ ਬੋਲਿਆ ਸੀ।
ਭਾਜਪਾ ਦੇ ਸਿੱਖ ਆਗੂਆਂ ਨੇ ਵੀ ਇਸ ਨੂੰ ਸਿੱਖ ਅਪਮਾਨ ਕਿਹਾ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਮਨਜਿੰਦਰ ਸਿੰਘ ਸਿਰਸਾ ਅਤੇ ਆਰ.ਪੀ. ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਬਿੱਟੂ ਇੱਕ ਸਿੱਖ ਪਰਿਵਾਰ ਤੋਂ ਹਨ ਜਿਸ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਰਾਹੁਲ ਤੋਂ ਮਾਫੀ ਮੰਗਣ ਦੀ ਮੰਗ ਕੀਤੀ। ਭਾਜਪਾ ਵਰਕਰਾਂ ਨੇ ਰਾਹੁਲ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਅਤੇ ਪੁੱਤਲੇ ਸਾੜੇ।
ਸਿੱਖ ਬੁੱਧੀਜੀਵੀਆਂ ਅਤੇ ਪੰਥਕ ਜਥੇਬੰਦੀਆਂ ਦੀ ਰਾਏ
ਕੁਝ ਸਿੱਖ ਬੁੱਧੀਜੀਵੀ ਅਤੇ ਪੰਥਕ ਸੰਗਠਨ ਇਸ ਵਿਵਾਦ ਨੂੰ ਗੰਦੀ ਸਿਆਸੀ ਖੇਡ ਮੰਨ ਰਹੇ ਹਨ। ਡਾਕਟਰ ਪਰਮਜੀਤ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਤੇ ਬਿਟੂ ਦਾ ਆਪਸੀ ਸਿਆਸੀ ਵਿਵਾਦ ਨਿੱਜੀ ਸੀ, ਪਰ ਭਾਜਪਾ ਨੇ ਇਸ ਨੂੰ ਧਾਰਮਿਕ ਰੰਗ ਦੇ ਕੇ ਸਿੱਖ ਮਸਲਿਆਂ ਤੇ ਧਰਮ ਨੂੰ ਘਸੀਟਿਆ ਹੈ ਜੋ ਕਿ ਨਿੰਦਾਯੋਗ ਕਾਰਵਾਈ ਹੈ। ਗੰਦੀ ਸਿਆਸਤ ਵਿੱਚ ਸਿੱਖ ਧਰਮ ਤੇ ਸਿੱਖ ਮਸਲਿਆਂ ਨੂੰ ਘਸੀਟਣਾ ਠੀਕ ਨਹੀਂ, ਕਿਉਂਕਿ ਇਹ ਪੁਰਾਣੇ ਜਖਮਾਂ ਨੂੰ ਤਾਜ਼ਾ ਕਰਦਾ ਹੈ । ਉਹਨਾਂ ਕਿਹਾ ਕਿ ਨਾ ਸਿੱਖਾਂ ਨੂੰ ਕਾਂਗਰਸ ਰਾਜ ਸਮੇਂ ਇਨਸਾਫ਼ ਮਿਲਿਆ, ਨਾ ਭਾਜਪਾ ਦੇ ਰਾਜ ਸਮੇਂ।
ਕੈਨੇਡਾ ਤੋ ਸਿੱਖ ਚਿੰਤਕ ਅਮਰੀਕ ਸਿੰਘ ਮੁਕਤਸਰ ਨੇ ਰਵਨੀਤ ਸਿੰਘ ਬਿੱਟੂ ਨੂੰ ਲੈ ਕੇ ਇੱਕ ਤਿੱਖਾ ਬਿਆਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਕਿ ਬਿੱਟੂ ਕਿਵੇਂ ਸਿੱਖ ਹੈ ਜਦੋਂ ਉਹ ਬੇਅੰਤ ਸਿੰਘ ਦਾ ਪੋਤਰਾ ਹੈ, ਜਿਸ ਨੇ ਪੰਜਾਬ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਵਾਈ ਸੀ। ਅਮਰੀਕ ਸਿੰਘ ਮੁਕਤਸਰ ਨੇ ਕਿਹਾ ਕਿ ਬਿੱਟੂ ਨੇ ਸਿੱਖ ਮਸਲਿਆਂ ਨੂੰ ਚੁਣੌਤੀ ਦਿੱਤੀ ਹੈ ਤੇ ਹਮੇਸ਼ਾ ਪੰਥ ਵਿਰੁੱਧ ਭੁਗਤਿਆ ਹੈ।
ਪੰਜਾਬ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਨੇ ਬਿੱਟੂ ਨੂੰ ਰਾਜਨੀਤੀ ਵਿੱਚ ਲਿਆਂਦਾ ਸੀ ਅਤੇ ਹੁਣ ਉਹ ਭਾਜਪਾ ਨਾਲ ਬੈਠੇ ਹਨ ਜਿਨ੍ਹਾਂ ਨੂੰ ਪਹਿਲਾਂ ਗਾਲ੍ਹਾਂ ਕੱਢਦੇ ਸਨ। ਭਾਜਪਾ ਨੇ ਗਾਂਧੀ ਪਰਿਵਾਰ ’ਤੇ ਪੰਜਾਬ ਨੂੰ ਦਰਦ ਦੇਣ ਦਾ ਦੋਸ਼ ਲਾਇਆ।
ਇਹ ਵਿਵਾਦ 2027 ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਵੱਡਾ ਮੁੱਦਾ ਬਣ ਸਕਦਾ ਹੈ। ਦੋਵੇਂ ਪਾਰਟੀਆਂ ਇਸ ਨੂੰ ਆਪਣੇ ਹੱਕ ਵਿੱਚ ਵਰਤ ਰਹੀਆਂ ਹਨ, ਪਰ ਇਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖਤਰਾ ਵਧ ਗਿਆ ਹੈ।
![]()
