ਕੀ ਭਾਰਤੀ ਰਾਸ਼ਟਰਵਾਦ ਬਹੁਤ ਜ਼ਿਆਦਾ ਵਿਖਾਵਾ ਕਰਨ ਵਾਲਾ ਹੋ ਗਿਆ?

In ਮੁੱਖ ਲੇਖ
June 02, 2025
ਯੋਗੇਂਦਰ ਯਾਦਵ : ਜੇਕਰ ਤੁਹਾਨੂੰ ਭਾਰਤੀ ਰਾਸ਼ਟਰਵਾਦ ਦੇ ਪਤਨ ਦੇ ਸਬੂਤ ਦੀ ਲੋੜ ਹੈ ਤਾਂ ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਵਿਚਕਾਰ ਹੋਏ ਟਕਰਾਅ ਅਤੇ ਇਸ ਦੇ ਨਤੀਜੇ ਤੁਹਾਨੂੰ ਇਸ ਦੇ ਕਾਫ਼ੀ ਹੱਦ ਤੱਕ ਸਬੂਤ ਪ੍ਰਦਾਨ ਕਰ ਦੇਣਗੇ। ਅਜਿਹਾ ਨਹੀਂ ਹੈ ਕਿ ਅਸੀਂ ‘ਅਤਿ ਰਾਸ਼ਟਰਵਾਦੀ’ ਹੋ ਗਏ ਹਾਂ। ਸਗੋਂ ਅਸਲ ਸਮੱਸਿਆ ਇਹ ਹੈ ਕਿ ਸਾਡਾ ਰਾਸ਼ਟਰਵਾਦ ਬਹੁਤ ਜ਼ਿਆਦਾ ਨਕਲਚੀ (ਵਿਖਾਵਾ ਕਰਨ ਵਾਲਾ) ਹੋ ਗਿਆ ਹੈ। ਭਾਰਤੀ ਰਾਸ਼ਟਰਵਾਦ ਦੀ ਅਮੀਰ ਵਿਰਾਸਤ ਨੂੰ ਇੱਕ ਨਕਲਚੀ (ਕਾਪੀਕੈਟ) ਰਾਸ਼ਟਰਵਾਦ ਨੇ ਖੋਹ ਲਿਆ ਹੈ, ਜੋ ਇੱਕ ਜਰਮਨ ਰਾਖਸ਼ ਦੀ ਨਕਲ ਕਰਦਾ ਹੈ, ਇਜ਼ਰਾਈਲੀ ਰਾਜ ਦੀ ਨਕਲ ਕਰਦਿਆਂ ਇੱਕ ਹਿੰਦੂ ਪਾਕਿਸਤਾਨ ਬਣਨ ਦੀ ਕੋਸ਼ਿਸ਼ ਕਰਦਾ ਹੈ, ਪਰ ਅਸੀਂ ਇਸ ਲਈ ਸਿਰਫ਼ ਨਰਿੰਦਰ ਮੋਦੀ, ਭਾਜਪਾ ਅਤੇ ਆਰ.ਐਸ.ਐਸ. ਨੂੰ ਦੋਸ਼ੀ ਨਹੀਂ ਠਹਿਰਾਅ ਸਕਦੇ। ਅਲੀ ਖਾਨ ਮਹਿਮੂਦਾਬਾਦ ਕੇਸ ਬਾਰੇ ਹੈਰਾਨ ਕਰਨ ਵਾਲੀ ਗੱਲ ਸੁਪਰੀਮ ਕੋਰਟ ਦਾ ਸਿਰਫ਼ ਅੰਤਿਮ ਆਦੇਸ਼ ਨਹੀਂ ਸੀ, ਜੋ ਇੱਕ ਰਾਜਨੀਤਿਕ ਨਿਸ਼ਾਨੇਬਾਜ਼ੀ ਲਈ ਕਾਨੂੰਨੀ ਆਧਾਰ ਪ੍ਰਦਾਨ ਕਰਦਾ ਹੈ। ਇਸ ਆਦੇਸ਼ ਤੋਂ ਪਹਿਲਾਂ ਜੋ ਕੁਝ ਵਾਪਰਿਆ ਉਹ ਵਧੇਰੇ ਹੈਰਾਨ ਕਰਨ ਵਾਲਾ ਸੀ। ਬਾਰ ਤੋਂ ਲੈ ਕੇ ਬੈਂਚ ਤੱਕ ਕਾਨੂੰਨ ਦੇ ਰਾਜ ’ਚ ਸੰਵਿਧਾਨਕ ਤੌਰ ’ਤੇ ਸੁਰੱਖਿਅਤ ਅਧਿਕਾਰਾਂ ਜਾਂ ਪ੍ਰਗਟਾਵੇ ਦੀ ਆਜ਼ਾਦੀ ਦੇ ਵਿਚਾਰ ਦੀਆਂ ਧਾਰਨਾਵਾਂ ਸਪੱਸ਼ਟ ਤੌਰ ’ਤੇ ਗ਼ੈਰਹਾਜ਼ਰ ਸਨ । ਸ਼ਾਇਦ ਚਲਾਕ ਵਕੀਲ ਨੇ ਅਦਾਲਤ ਦੇ ਮਨ ਨੂੰ ਪੜ੍ਹ ਕੇ ਅਜਿਹੇ ਸੰਖੇਪ ਮੁੱਦੇ ਨੂੰ ਉਠਾਉਣ ਬਾਰੇ ਬਿਹਤਰ ਢੰਗ ਨਾਲ ਸੋਚਿਆ ਸੀ। ਸਰਬਉੱਚ ਅਦਾਲਤ ਦੀ ਕਾਰਵਾਈ ਕਿਸੇ ਚਾਚਿਆਂ ਦੀ ਗੱਲਬਾਤ ਜਾਂ ਹੈੱਡਮਾਸਟਰ ਤੇ ਮਾਪਿਆਂ ਵਿਚਕਾਰ ਬਹਿਸ ਵਾਂਗ ਲੱਗ ਰਹੀ ਸੀ ਕਿ, ਕੀ ਮੁੰਡਾ ਚੰਗਾ ਵਿਵਹਾਰ ਕਰ ਰਿਹਾ ਹੈ ਜਾਂ ਨਹੀਂ। ਇਸ ਮਾਮਲੇ ਵਿੱਚ ਸਮਝਿਆ ਗਿਆ ਕਿ ਰਾਸ਼ਟਰੀ ਹਿਤ ਸਾਰੇ ਅਧਿਕਾਰਾਂ ਤੋਂ ਉੱਪਰ ਹਨ, ਯੁੱਧ ਸਮੇਂ ਇੱਕ ਰਾਸ਼ਟਰ ਕਿਸੇ ਵੀ ਅਸਹਿਮਤੀ ਨੂੰ ਬਰਦਾਸ਼ਤ ਨਹੀਂ ਕਰਦਾ। ਦੇਸ਼ ਦੇ ਸਟੈਂਡ ਤੋਂ ਵੱਖ ਕੋਈ ਅਰਥਪੂਰਨ ਬਿਆਨ ਨੂੰ ਵੀ ਨਹੀਂ। ਰਾਸ਼ਟਰਵਾਦ ਤੇ ਨਾਗਰਿਕ ਸੁਤੰਤਰਤਾ ਵਿਚਕਾਰ ਅਜਿਹੀ ਮਜਬੂਰੀ ਭਰੀ ਚੋਣ ਭਾਰਤੀ ਰਾਸ਼ਟਰਵਾਦ ਦੀ ਪਰੰਪਰਾ ਨਹੀਂ ਹੈ। ਨਾਗਰਿਕਾਂ ਦੀ ਸੁਤੰਤਰਤਾ ਦੇ ਵਿਰੁੱਧ ਰਾਸ਼ਟਰਵਾਦ ਨੂੰ ਖੜ੍ਹਾ ਰੱਖਣਾ ਲੋਕਤੰਤਰ ਦੇ ਵਿਰੁੱਧ ਰਾਸ਼ਟਰਵਾਦ ਨੂੰ ਸਥਾਪਤ ਕਰਨ ਲਈ ਜ਼ਮੀਨ ਤਿਆਰ ਕਰਨਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਲੋਕਾਂ ਨੇ ‘ਅਪਰੇਸ਼ਨ ਸੰਧੂਰ’ ਦਾ ਦਿਲੋਂ ਸਮਰਥਨ ਕੀਤਾ ਸੀ, ਉਨ੍ਹਾਂ ਨੂੰ ਵੀ ਰਾਸ਼ਟਰ ਵਿਰੋਧੀ ਦੱਸਿਆ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਨੇ ਲਗਾਤਾਰ ਕਈ ਹੋਰ ਸ਼ਰਮਨਾਕ ਜਨਤਕ ਦਾਅਵੇ ਕੀਤੇ ਹਨ, ਜੋ ਜੰਗਬੰਦੀ ’ਤੇ ਸਾਡੀ ਸਰਕਾਰ ਦੇ ਅਧਿਕਾਰਤ ਸਟੈਂਡ ਦਾ ਖੰਡਨ ਕਰਦੇ ਹਨ। ਫਿਰ ਵੀ ਸਵਾਲ ਸਰਕਾਰ ’ਤੇ ਨਹੀਂ, ਸਗੋਂ ਉਨ੍ਹਾਂ ਲੋਕਾਂ ’ਤੇ ਉਠਾਏ ਜਾ ਰਹੇ ਹਨ ਜੋ ਸਰਕਾਰ ਦੀ ਚੁੱਪੀ ’ਤੇ ਸਵਾਲ ਉਠਾਉਂਦੇ ਹਨ। ਜਦੋਂ ਸਰਕਾਰ ਇੱਕ ਵਾਰ ਰਾਸ਼ਟਰ ਦਾ ਸਮਾਨਾਰਥੀ ਬਣ ਜਾਂਦੀ ਹੈ ਤਾਂ ‘ਸਰਬਉੱਚ ਨੇਤਾ’ ਦਖ਼ਲ ਦੇ ਸਕਦਾ ਹੈ ਪਰ ਜੇ ਕੋਈ ਉਸ ’ਤੇ ਸਵਾਲ ਉਠਾਉਂਦਾ ਹੈ ਤਾਂ ਉਸ ’ਤੇ ਰਾਜਨੀਤੀ ਕਰਨ ਦੇ ਦੋਸ਼ ਲੱਗਦੇ ਹਨ, ਜਦਕਿ ਉਹ ਫ਼ੌਜੀ ਪਹਿਰਾਵੇ ’ਚ ਪ੍ਰਚਾਰ ਯੁੱਧ ਤੇ ਹੋਰ ਸਭ ਕੁਝ ਕਰਨ ਲਈ ਸੁਤੰਤਰ ਹੈ। ਇਹ ਸਾਡੀ ਪਰੰਪਰਾ ਨਹੀਂ ਹੈ । ਜ਼ਰਾ! ਅਟਲ ਬਿਹਾਰੀ ਵਾਜਪਾਈ ਬਾਰੇ ਸੋਚੋ, ਜਿਨ੍ਹਾਂ ਨੇ 1962 ਦੀ ਹਾਰ ਲਈ ਜਵਾਬਦੇਹੀ ਦੀ ਮੰਗ ਕਰਦਿਆਂ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਨੂੰ ਯਕੀਨੀ ਬਣਾਇਆ ਸੀ ਜਾਂ ਰਾਮ ਮਨੋਹਰ ਲੋਹੀਆ, ਜੋ ਜਵਾਹਰ ਲਾਲ ਨਹਿਰੂ ਦੀ ਚੀਨ ਨੀਤੀ ਦੇ ਕੱਟੜ ਆਲੋਚਕ ਸਨ, ਉਨ੍ਹਾਂ ਨੂੰ ਕਿਸੇ ਨੇ ਵੀ ਕਦੇ ਰਾਸ਼ਟਰ ਵਿਰੋਧੀ ਨਹੀਂ ਕਿਹਾ ਸੀ। ਇਸ ਸਿਤਮਜ਼ਰੀਫੀ ਦਾ ਆਖਰੀ ਕਦਮ ਦੇਸ਼ ਨੂੰ ਆਪਣੇ ਹੀ ਲੋਕਾਂ ਦੇ ਵਿਰੁੱਧ ਖੜ੍ਹਾ ਕਰਨਾ ਹੈ। ਵਿਚਾਰਧਾਰਕ, ਸੱਭਿਆਚਾਰਕ ਜਾਂ ਖੇਤਰੀ ਅੰਤਰ ਦਾ ਕੋਈ ਵੀ ਪ੍ਰਗਟਾਵਾ ‘ਰਾਸ਼ਟਰ ਵਿਰੋਧੀ’ ਹੋਣ ਦਾ ਰੌਲਾ ਪਾਉਣ ਲਈ ਕਾਫ਼ੀ ਹੈ । ਇੱਕ ਵਾਰ ਜਦੋਂ ਤੁਸੀਂ ਅਜਿਹੇ ਪੱਧਰ ਨੂੰ ਲਾਗੂ ਕਰਦੇ ਹੋ, ਤਾਂ ਤਰਕ ਨੂੰ ਸਿਰ ਭਾਰ ਖੜ੍ਹਾ ਕੀਤਾ ਜਾ ਸਕਦਾ ਹੈ। ਧਾਰਮਿਕ ਵੰਡ ਪੈਦਾ ਕਰਨ ਦੇ ਦੋਸ਼ ਦਾ ਸਾਹਮਣਾ ਮਹਿਮੂਦਾਬਾਦ ਨੂੰ ਕਰਨਾ ਪੈਂਦਾ ਹੈ, ਨਾ ਕਿ ਉਨ੍ਹਾਂ ਨੂੰ ਜਿਨ੍ਹਾਂ ਨੇ ਪਹਿਲਗਾਮ ਕਤਲੇਆਮ ਤੋਂ ਬਾਅਦ ਮੁਸਲਮਾਨਾਂ ਤੇ ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਇਆ । ਉਹ (ਮਹਿਮੂਦਾਬਾਦ) ਕਰਨਲ ਸੋਫੀਆ ਕੁਰੈਸ਼ੀ ਦਾ ਅਪਮਾਨ ਕਰਨ ਦਾ ਦੋਸ਼ੀ ਗਰਦਾਨਿਆ ਜਾ ਰਿਹਾ ਹੈ, ਨਾ ਕਿ ਭਾਜਪਾ ਦਾ ਉਹ ਮੰਤਰੀ ਜਿਸ ਨੇ ਉਨ੍ਹਾਂ (ਕਰਨਲ ਕੁਰੈਸ਼ੀ) ਨੂੰ ਪਾਕਿਸਤਾਨ/ਅੱਤਵਾਦੀਆਂ ਦੀ ਭੈਣ ਤੱਕ ਕਿਹਾ ਸੀ। ਜਦੋਂ ਇੱਕ ਰਾਸ਼ਟਰ ਕਿਸੇ ਇੱਕ ਮੁੱਦੇ ਬਾਰੇ ਜਨੂੰਨੀ ਏਕਤਾ ਦੀ ਜਗ੍ਹਾ ਇਕਰੂਪਤਾ ਧਾਰਨ ਕਰ ਲੈਂਦਾ ਹੈ ਤਾਂ ਅਜਿਹੇ ਪ੍ਰੋਜੈਕਟ ਲਈ ਇੱਕ ਅੰਦਰੂਨੀ ਦੁਸ਼ਮਣ ਦੀ ਲੋੜ ਹੁੰਦੀ ਹੈ। ਬਿਨਾਂ ਸ਼ੱਕ ਪਹਿਲਗਾਮ ਕਤਲੇਆਮ ਨੇ ਸਾਰੇ ਭਾਰਤੀਆਂ ਨੂੰ ਇੱਕਠਾ ਕਰ ਦਿੱਤਾ ਸੀ, ਪਰ ਇਹ ਭਾਰਤੀ ਰਾਸ਼ਟਰਵਾਦ ਨਹੀਂ ਹੈ। ਸਰਦਾਰ ਪਟੇਲ ਬਾਰੇ ਸੋਚੋ, ਜਿਸ ਨੇ ਪ੍ਰਤੀਕੂਲ ਸਮੇਂ ਵਿੱਚ ਵੀ ਵੱਖ-ਵੱਖ ਭਾਈਚਾਰਿਆਂ ਤੇ ਖੇਤਰਾਂ ਨੂੰ ਜੋੜਨ ਦਾ ਕੰਮ ਕੀਤਾ ਸੀ। ਸਾਨੂੰ ਸਾਡੇ ਆਜ਼ਾਦੀ ਸੰਗਰਾਮ ਦੀ ਵਿਰਾਸਤ ’ਚੋਂ ਮਿਲਿਆ ਰਾਸ਼ਟਰਵਾਦ ਬਹੁਤ ਵੱਖਰਾ ਸੀ। ਜਿਸ ਨੇ ਬਾਹਰੀ ਜਾਂ ਅੰਦਰੂਨੀ ਦੁਸ਼ਮਣਾਂ ਦੀ ਖੋਜ ਕੀਤੇ ਬਿਨਾਂ ਰਾਸ਼ਟਰਵਾਦ ਦੀ ਡੂੰਘੀ ਭਾਵਨਾ ਪੈਦਾ ਕਰਦਿਆਂ ਰਾਸ਼ਟਰ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ। ਇਸ ਦਾ ਵਿਰੋਧ ਬਸਤੀਵਾਦ ਨਾਲ ਸੀ ਅਤੇ ਇਹ ਵਿਰੋਧ ਇੱਕ ਦੇਸ਼ ਜਾਂ ਨਸਲ ਦੀ ਬਜਾਏ ਇੱਕ ਵਿਵਸਥਾ ਦਾ ਵਿਰੋਧ ਸੀ। ਭਾਰਤੀ ਰਾਸ਼ਟਰਵਾਦ ਨੇ ਸਾਨੂੰ ਆਪਣੇ ਗੁਆਂਢੀਆਂ ਦੇ ਵਿਰੁੱਧ ਖੜ੍ਹਾ ਨਹੀਂ ਕੀਤਾ, ਇਸ ਨੇ ਸਾਨੂੰ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਵਿੱਚ ਬਸਤੀਵਾਦ ਵਿਰੋਧੀ ਸੰਘਰਸ਼ਾਂ ਅਤੇ ਦੱਖਣੀ ਅਫਰੀਕਾ ਵਿੱਚ ਰੰਗਭੇਦ ਵਿਰੋਧੀ ਸੰਘਰਸ਼ ਨਾਲ ਜੋੜਿਆ । ਭਾਰਤੀ ਰਾਸ਼ਟਰਵਾਦ ਭਾਰਤੀ ਲੋਕਾਂ ਵਿੱਚ ਏਕਤਾ ਦੀ ਡੂੰਘੀ ਭਾਵਨਾ ਨੂੰ ਉਤਸ਼ਾਹਿਤ ਕਰਨ ’ਤੇ ਕੇਂਦਿਰਤ ਸੀ। ਜੋ ਸਭ ਭਾਸ਼ਾਵਾਂ, ਖੇਤਰਾਂ ਤੇ ਧਰਮਾਂ ਦੀ ਬਹੁਲਤਾ ਦਾ ਸਤਿਕਾਰ ਕਰਦਾ ਸੀ। ਇਸ ਨੇ ਰਾਸ਼ਟਰੀ ਏਕਤਾ ਨੂੰ ਹਲਕੇ ਵਿੱਚ ਨਹੀਂ ਲਿਆ, ਪਰ ਇਕਸਾਰਤਾ ਦੀ ਮੰਗ ਕੀਤੇ ਬਿਨਾਂ ਇਸ ’ਤੇ ਕੰਮ ਕੀਤਾ । ਬਹੁਗਿਣਤੀ ਭਾਈਚਾਰੇ ਦੁਆਰਾ ਘੱਟ ਗਿਣਤੀ ਦੇ ਹਿਤਾਂ ਦੀ ਵਕਾਲਤ ਕੀਤੀ ਗਈ। ਇਸ ਰਾਸ਼ਟਰਵਾਦ ਨੇ ਹਿੰਦੀ ਬੋਲਣ ਵਾਲਿਆਂ ਨੂੰ ਗੈਰ-ਹਿੰਦੀ ਖੇਤਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ, ਜਦੋਂ ਕਿ ਗੈਰ-ਹਿੰਦੀ ਬੋਲਣ ਵਾਲਿਆਂ ਨੇ ਨਾਗਰੀ ਪ੍ਰਚਾਰਿਨੀ ਸਭਾ ਦੇ ਲਈ ਕੰਮ ਕੀਤਾ। ਇਸ ਨੇ ਇਕਸਾਰਤਾ ਵਾਲੇ ਯੂਰਪੀਅਨ ਕੌਮੀ ਰਾਜ ਦੇ ਮਾਡਲ ਦੀ ਨਕਲ ਕਰਨ ਦੀ ਬਜਾਏ ਰਾਸ਼ਟਰ-ਰਾਜ ਦਾ ਇੱਕ ਨਵਾਂ ਮਾਡਲ ਬਣਾਇਆ, ਜਿਸ ਨੇ ਲੋਕਤੰਤਰ ਵਿੱਚ ਡੂੰਘੇ ਮਤਭੇਦਾਂ ਨੂੰ ਸਮੇਟ ਕੇੇ ਇੱਕ ਰਾਸ਼ਟਰ ਹੋਣ ਦਾ ਕੀ ਅਰਥ ਹੈ, ਇਸ ਬਾਰੇ ਬਹਿਸਾਂ ਨੂੰ ਉਤਸ਼ਾਹਿਤ ਕੀਤਾ। ਅੱਜ ਉਸ ਭਾਰਤੀ ਰਾਸ਼ਟਰਵਾਦ ’ਤੇ ਹਮਲੇ ਹੋ ਰਹੇ ਹਨ। ਨਵਾਂ ਰਾਸ਼ਟਰਵਾਦ ਦੂਜਿਆਂ ’ਤੇ ਹਮਲਾਵਰ ਹੋਏ ਬਿਨਾਂ ਆਪਣੇਪਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਇਸ ਨਕਲੀ ਰਾਸ਼ਟਰਵਾਦ ਦੇ ਸਮਰਥਕਾਂ ਕੋਲ ਮਨੀਪੁਰ ਵਰਗੇ ਗੰਭੀਰ ਅੰਦਰੂਨੀ ਝਗੜਿਆਂ ਜਾਂ ਪੰਜਾਬ ਤੇ ਹਰਿਆਣਾ ਜਾਂ ਕਰਨਾਟਕ ਤੇ ਤਾਮਿਲਨਾਡੂ ਵਿਚਕਾਰ ਅੰਤਰ-ਰਾਜੀ ਵਿਵਾਦਾਂ ਨੂੰ ਹੱਲ ਕਰਨ ਲਈ ਸਮਾਂ ਨਹੀਂ ਹੈ। ਇਹ ਰਾਸ਼ਟਰਵਾਦ ਕਸ਼ਮੀਰ ਬਾਰੇ ਇੱਕ ਜਾਇਦਾਦ ਦੇ ਟੁਕੜੇ ਤੋਂ ਪਰ੍ਹੇ ਹੋ ਕੇ ਨਹੀਂ ਸੋਚ ਸਕਦਾ। ਇਹ ਮੁਸਲਮਾਨਾਂ ਨੂੰ ਦੁਸ਼ਮਣ ਵਜੋਂ ਦਰਸਾ ਕੇ ਭਾਰਤੀ ਏਕਤਾ ਨੂੰ ਨੁਕਸਾਨ ਪਹੁੰਚਾਏ ਬਿਨਾਂ ਨਹੀਂ ਰਹਿ ਸਕਦਾ। ਪਾਕਿਸਤਾਨ ਪ੍ਰਤੀ ਇਸ ਦੇ ਜਨੂੰਨ ਦੇ ਨਤੀਜੇ ਵਜੋਂ ਅੱਜ ਭਾਰਤ ਵਿਸ਼ਵ ਪੱਧਰ ’ਤੇ ਉਸ (ਪਾਕਿਸਤਾਨ) ਦੇ ਬਰਾਬਰ ਹੋ ਗਿਆ ਹੈ। ਅਸੀਂ ਆਂਢ-ਗੁਆਂਢ ’ਚ ਸਾਰੇ ਪਾਸਿਆਂ ਤੋਂ ਦੁਸ਼ਮਣ ਸਰਕਾਰਾਂ ਨਾਲ ਘਿਰੇ ਹੋਏ ਹਾਂ। ਇਹ ਨਕਲੀ ਰਾਸ਼ਟਰਵਾਦ ਚੀਨ ਦੇ ਵਿਸਥਾਰਵਾਦ ਜਾਂ ਡੋਨਾਲਡ ਟਰੰਪ ਦੀ ਧੱਕੇਸ਼ਾਹੀ ਦਾ ਸਾਹਮਣਾ ਕਰਨ ਲਈ ਸਰੋਤ ਜਾਂ ਹਿੰਮਤ ਨਹੀਂ ਵਿਖਾ ਸਕਦਾ, ਕਿਉਂਕਿ ਇਸ ਦੀ ਰਾਸ਼ਟਰੀ ਹਿਤ ਦੀ ਸਮਝ ਵਿੱਚ ਕੋਈ ਸਿਧਾਂਤ ਸ਼ਾਮਿਲ ਨਾ ਹੋਣ ਕਰਕੇ ਭਾਰਤ ਕੋਲ ਲੋੜ ਪੈਣ ’ਤੇ ਕੋਈ ਭਰੋਸੇਯੋਗ ਦੋਸਤ ਤੱਕ ਨਹੀਂ ਹੈ, ਜਿਵੇਂ ਤਾਜ਼ਾ ਘਟਨਾਕ੍ਰਮ ਦੌਰਾਨ ਹੋਇਆ ਹੈ। ਵਿਭਿੰਨਤਾ ਵਾਲੇ ਭਾਰਤੀ ਰਾਸ਼ਟਰਵਾਦ ਤੋਂ ਹਿੰਦੀ-ਹਿੰਦੂ ਤੇ ਹਿੰਦੂਸਤਾਨ ਦੇ ਨਾਅਰੇ ਵਾਲੇ ਰਾਸ਼ਟਰਵਾਦ ਤੱਕ ਪਹੁੰਚਣਾ ਸਾਡੇ ਸਮੇਂ ਦਾ ਸਭ ਤੋਂ ਡੂੰਘਾ ਦੁਖਾਂਤ ਹੈ, ਪਰ ਇਸ ਦਾ ਸਾਰਾ ਦੋਸ਼ ਮੌਜੂਦਾ ਪ੍ਰਬੰਧ ਜਾਂ ਇਸ ਦੇ ਵਿਚਾਰਧਾਰਕ ਸਰਪ੍ਰਸਤਾਂ ਦੇ ਸਿਰ ਮੜ੍ਹਨਾ ਵੀ ਗ਼ਲਤ ਹੋਵੇਗਾ। ਭਾਰਤ ਦੇ ਉਦਾਰਵਾਦੀ, ਧਰਮ ਨਿਰਪੱਖ ਤੇ ਪ੍ਰਗਤੀਸ਼ੀਲ ਕੁਲੀਨ ਵਰਗ ਨੂੰ ਮੌਜੂਦਾ ਸਥਿਤੀ ਲਈ ਆਪਣੇ ਹਿੱਸੇ ਦਾ ਦੋਸ਼ ਵੀ ਲੈਣਾ ਚਾਹੀਦਾ ਹੈ। ਜੇਕਰ ਅੱਜ ਭਾਰਤ ਦੇ ਵਿਸ਼ਾਲ ਤੇ ਸਾਕਾਰਾਤਮਿਕ ਰਾਸ਼ਟਰਵਾਦ ਨੂੰ ਕੱਟੜਤਾ ਤੇ ਅੰਧ ਰਾਸ਼ਟਰਵਾਦ ਦੀ ਇੱਕ ਸੌੜੀ ਸੋਚ ਨੇ ਜਕੜ ਲਿਆ ਹੈ, ਤਾਂ ਇਸ ਦਾ ਆਜ਼ਾਦੀ ਤੋਂ ਬਾਅਦ ਦੀ ਸੱਤਾਧਾਰੀ ਵਿਚਾਰਧਾਰਾ ਨਾਲ ਕੁਝ ਲੈਣਾ-ਦੇਣਾ ਨਹੀਂ ਹੈ। ਭਾਵਨਾਤਮਿਕ, ਸੱਭਿਆਚਾਰ ਤੇ ਅਧਿਆਤਮਿਕਤਾ ਤੋਂ ਸੱਖਣੀ ਇਹ ਵਿਚਾਰਧਾਰਾ ਉਸ ਡੂੰਘੇ ਸੰਬੰਧ ਨੂੰ ਬਰਕਰਾਰ ਰੱਖਣ ’ਚ ਅਸਫਲ ਰਹੀ ਹੈ, ਜੋ ਸਾਡੇ ਰਾਸ਼ਟਰਵਾਦੀ ਅੰਦੋਲਨ ਦਾ ਹਿੱਸਾ ਰਹੇ ਭਾਰਤੀ ਲੋਕਾਂ ਵਿੱਚ ਸੀ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਰਾਸ਼ਟਰਵਾਦ ਉਨ੍ਹਾਂ ਲੋਕਾਂ ਨੂੰ ਸੌਂਪ ਦਿੱਤਾ ਗਿਆ ਹੈ, ਜਿਨ੍ਹਾਂ ਨੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕੋਈ ਯੋਗਦਾਨ ਨਹੀਂ ਸੀ ਪਾਇਆ। ਭਾਰਤੀ ਰਾਸ਼ਟਰਵਾਦ ਦੀ ਵਿਰਾਸਤ ਨੂੰ ਸੰਭਾਲਣਾ ਤੇ ਮੁੜ ਪ੍ਰਾਪਤ ਕਰਨਾ ਸਾਡੇ ਸਮੇਂ ਦੀ ਸਭ ਤੋਂ ਵੱਧ ਦਬਾਅ ਵਾਲੀ ਰਾਜਨੀਤਕ ਤੇ ਬੌਧਿਕ ਚੁਣੌਤੀ ਹੈ।

Loading