ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਵਿਚਕਾਰ ਹਾਲੀਆ ਜੰਗਬੰਦੀ ਨੂੰ ਆਪਣੀ ਕੂਟਨੀਤਕ ਜਿੱਤ ਦੱਸਿਆ ਅਤੇ ਕਿਹਾ ਕਿ ਅਮਰੀਕੀ ਵਪਾਰਕ ਧਮਕੀਆਂ ਨੇ ਦੋਵਾਂ ਮੁਲਕਾਂ ਨੂੰ ਜੰਗ ਤੋਂ ਰੋਕਿਆ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ 'ਤੇ ਪੋਸਟ ਕਰਦਿਆਂ ਦਾਅਵਾ ਕੀਤਾ ਕਿ ਅਮਰੀਕਾ ਨੇ “ਸਾਰੀ ਰਾਤ ਚੱਲੀ ਗੱਲਬਾਤ” ਵਿੱਚ ਵਿਚੋਲਗੀ ਕੀਤੀ, ਜਿਸ ਨਾਲ ਜੰਗਬੰਦੀ ਸੰਭਵ ਹੋਈ। ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਦੀ ਸ਼ਾਂਤੀ ਸਮਝੌਤੇ ਪ੍ਰਤੀ “ਅਡਿੱਗ” ਰਵੱਈਏ ਦੀ ਸ਼ਲਾਘਾ ਕੀਤੀ ਅਤੇ ਦੋਵਾਂ ਮੁਲਕਾਂ ਨੂੰ ਵਧਾਈ ਦਿੱਤੀ।ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਟਰੰਪ ਦੇ ਬਿਆਨ ਦੀ ਪੁਸ਼ਟੀ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ ਕਿ ਅਮਰੀਕਾ, ਸਾਊਦੀ ਅਰਬ, ਅਤੇ ਬ੍ਰਿਟੇਨ ਸਮੇਤ 30 ਤੋਂ ਵੱਧ ਮੁਲਕਾਂ ਨੇ ਇਸ ਜੰਗਬੰਦੀ ਲਈ ਕੂਟਨੀਤਕ ਯਤਨ ਕੀਤੇ।
ਪਰ ਭਾਰਤ ਨੇ ਟਰੰਪ ਦੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ। ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸਪੱਸ਼ਟ ਕੀਤਾ ਕਿ ਜੰਗਬੰਦੀ ਭਾਰਤ ਅਤੇ ਪਾਕਿਸਤਾਨ ਦੀ ਫੌਜੀ ਅਧਿਕਾਰੀਆਂ ਦੀ ਸਿੱਧੀ ਗੱਲਬਾਤ ਦਾ ਨਤੀਜਾ ਸੀ, ਜਿਸ ਵਿੱਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ ਸੀ।
ਭਾਰਤੀ ਸੂਚਨਾ ਮੰਤਰਾਲੇ ਨੇ ਵੀ ਕਿਹਾ ਕਿ ਪਾਕਿਸਤਾਨ ਨਾਲ ਅਗਲੀ ਗੱਲਬਾਤ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਗਿਆ।ਸਾਬਕਾ ਭਾਰਤੀ ਰਾਜਦੂਤ ਅਤੇ ਕੌਮਾਂਤਰੀ ਮਾਮਲਿਆਂ ਦੇ ਮਾਹਿਰ ਰਾਜੀਵ ਭਾਟੀਆ ਨੇ ਕਿਹਾ ਕਿ ਅਮਰੀਕਾ ਨੇ ਵਿਚੋਲਗੀ ਨਹੀਂ ਕੀਤੀ, ਸਗੋਂ ਸਿਰਫ਼ ਗੱਲਬਾਤ ਨੂੰ ਸੰਭਵ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੇ ਟਰੰਪ ਦੇ ਜੰਗਬੰਦੀ ਦੇ ਐਲਾਨ ਨੂੰ “ਵਧੀਕੀ” ਦੱਸਿਆ ਅਤੇ ਕਿਹਾ ਕਿ ਇਹ ਸਿਹਰਾ ਲੈਣ ਦੀ ਕੋਸ਼ਿਸ਼ ਹੋ ਸਕਦੀ ਹੈ। ਭਾਟੀਆ ਨੇ ਅੱਗੇ ਕਿਹਾ ਕਿ ਟਰੰਪ ਨੇ ਭਵਿੱਖ ਵਿੱਚ ਕਸ਼ਮੀਰ ਸਮੇਤ ਸਾਰੇ ਮੁੱਦਿਆਂ 'ਤੇ ਚਰਚਾ ਦੀ ਗੱਲ ਕੀਤੀ ਹੈ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਜਿਹੀ ਕਿਸੇ ਗੱਲਬਾਤ ਲਈ ਸਹਿਮਤੀ ਬਣਨੀ ਮੁਸ਼ਕਲ ਲੱਗਦੀ ਹੈ।
ਪਾਕਿਸਤਾਨ ਦਾ ਅਮਰੀਕੀ ਸਮਰਥਨ ਅਤੇ ਭਾਰਤ ਦੀ ਸਖ਼ਤ ਨੀਤੀ
ਪਾਕਿਸਤਾਨ ਨੇ ਟਰੰਪ ਦੇ ਬਿਆਨ ਦਾ ਸਵਾਗਤ ਕੀਤਾ ਅਤੇ ਅਮਰੀਕੀ ਦਖਲ ਦੀ ਸ਼ਲਾਘਾ ਕਰਦਿਆਂ ਕਸ਼ਮੀਰ ਨੂੰ “ਵਿਵਾਦ” ਦੱਸਿਆ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਸੰਯੁਕਤ ਰਾਸ਼ਟਰ ਦੇ ਮਤਿਆਂ ਅਨੁਸਾਰ ਕਸ਼ਮੀਰ ਮੁੱਦੇ ਦੇ ਹੱਲ ਦੀ ਮੰਗ ਕੀਤੀ ਅਤੇ ਅਮਰੀਕਾ ਨਾਲ ਵਪਾਰਕ ਸਹਿਯੋਗ ਵਧਾਉਣ ਦੀ ਉਮੀਦ ਜਤਾਈ। ਪਰ ਭਾਰਤ ਨੇ ਸ਼ਿਮਲਾ ਸਮਝੌਤੇ (1972) ਦੀ ਭਾਵਨਾ ਨੂੰ ਜਾਰੀ ਰੱਖਦਿਆਂ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਨੂੰ ਰੱਦ ਕਰ ਦਿੱਤਾ। ਸ਼ਿਮਲਾ ਸਮਝੌਤੇ ਅਨੁਸਾਰ, ਭਾਰਤ ਅਤੇ ਪਾਕਿਸਤਾਨ ਦੇ ਮੁੱਦਿਆਂ ਦਾ ਹੱਲ ਸਿੱਧੀ ਗੱਲਬਾਤ ਰਾਹੀਂ ਹੀ ਹੋਣਾ ਹੈ।
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੱਸ਼ਟ ਕੀਤਾ ਕਿ ਅੱਤਵਾਦ ਵਿਰੁੱਧ ਸਖ਼ਤ ਰੁਖ ਜਾਰੀ ਰਹੇਗਾ ਅਤੇ ਕਸ਼ਮੀਰ 'ਤੇ ਭਾਰਤ ਦੀ ਸਥਿਤੀ ਅਡੋਲ ਹੈ। ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਜੇਕਰ ਪਾਕਿਸਤਾਨ ਨੇ ਕੋਈ ਹਰਕਤ ਕੀਤੀ, ਤਾਂ ਜਵਾਬ ਵਿਨਾਸ਼ਕਾਰੀ ਹੋਵੇਗਾ।