ਕੀ ਮਨੁੱਖ ਮਹਾਂਵਿਨਾਸ਼ ਵੱਲ ਵਧ ਰਿਹਾ ਹੈ ?

In ਮੁੱਖ ਲੇਖ
November 21, 2025

ਅਸ਼ਵਨੀ ਚਤਰਥ

ਪਰਲੋ ਤੋਂ ਭਾਵ ਹੈ ਸੰਸਾਰ ਦਾ ਅੰਤ ਜਾਂ ਮਹਾਂਵਿਨਾਸ਼। ਵਿਗਿਆਨੀ ਹੁਣ ਤੱਕ ਵਾਪਰੀਆਂ ਪਰਲੋ ਦੀਆਂ ਘਟਨਾਵਾਂ ਨੂੰ ਸਿੱਧ ਕਰਨ ਲਈ ਪਥਰਾਟਾਂ, ਧਰਤੀ ਦੀਆਂ ਤਹਿਆਂ ਵਿੱਚ ਸੂਖਮ ਤੱਤਾਂ ਦੀ ਮੌਜੂਦਗੀ ਅਤੇ ਪੁਰਾਣੀਆਂ ਚਟਾਨਾਂ ਦੀ ਉਮਰ ਦੀਆਂ ਤਕਨੀਕਾਂ ਨੂੰ ਸਬੂਤ ਵਜੋਂ ਪੇਸ਼ ਕਰਦੇ ਹਨ। ਵਿਗਿਆਨੀਆਂ ਅਨੁਸਾਰ ਵੱਖ ਵੱਖ ਸਮਿਆਂ ’ਤੇ ਹੁਣ ਤੱਕ ਪੰਜ ਵਾਰ ਧਰਤੀ ਉੱਤੇ ਪਰਲੋ ਆ ਚੁੱਕੀ ਹੈ। ਸਭ ਤੋਂ ਪਹਿਲੀ ਪਰਲੋ ਕਰੀਬ 44 ਕਰੋੜ ਸਾਲ ਪਹਿਲਾਂ ਵਾਪਰੀ ਸੀ। ਇਸ ਘਟਨਾ ਦੌਰਾਨ ਧਰਤੀ ਦੀਆਂ ਟੈੱਕਟਾਨਿਕ ਪਲੇਟਾਂ ਵਿਚ ਆਈਆਂ ਤਬਦੀਲੀਆਂ ਅਤੇ ਵਾਤਾਵਰਣ ਵਿੱਚ ਆਏ ਬਦਲਾਅ ਕਰਕੇ ਸਮੁੰਦਰਾਂ ਦੇ ਪਾਣੀ ਨੇ ਜ਼ਮੀਨੀ ਤਲ ਉੱਤੇ ਹੜ੍ਹ ਲੈ ਆਂਦੇ ਸਨ। ਇਸ ਨਾਲ ਧਰਤੀ ਦੇ ਸਮੂਹ ਜੀਵਾਂ ਦੇ 71 ਫ਼ੀਸਦੀ ਦੇ ਕਰੀਬ ਜੀਵ ਨਸ਼ਟ ਹੋ ਗਏ ਸਨ। ਦੂਜੀ ਪਰਲੋ ਕਰੀਬ 37 ਕਰੋੜ ਸਾਲ ਪਹਿਲਾਂ ਆਈ ਸੀ। ਜ਼ਮੀਨੀ ਖ਼ੁਰਾਕੀ ਤੱਤਾਂ ਦੇ ਰੁੜ੍ਹ ਕੇ ਸਮੁੰਦਰਾਂ ਵਿਚ ਮਿਲ ਜਾਣ ਨੂੰ ਇਸ ਦਾ ਵੱਡਾ ਕਾਰਨ ਦੱਸਿਆ ਗਿਆ ਹੈ। ਕਰੀਬ 25 ਕਰੋੜ ਸਾਲ ਪਹਿਲਾਂ ਵਾਪਰੇ ਤੀਜੇ ਮਹਾਂਵਿਨਾਸ਼ (ਜਿਸ ਨੂੰ ‘ਦਿ ਗ੍ਰੇਟ ਡਾਇੰਗ’ ਦਾ ਨਾਂਅ ਦਿੱਤਾ ਗਿਆ ਹੈ) ਵਿੱਚ 80 ਫ਼ੀਸਦੀ ਸਮੁੰਦਰੀ ਜੀਵ ਅਤੇ 70 ਕੁ ਫ਼ੀਸਦ ਜ਼ਮੀਨੀ ਪ੍ਰਾਣੀਆਂ ਦੇ ਖਾਤਮੇ ਦਾ ਅਨੁਮਾਨ ਦੱਸਿਆ ਗਿਆ ਹੈ। ਜਵਾਲਾਮੁਖੀਆਂ ਦਾ ਫਟਣਾ, ਸਮੁੰਦਰੀ ਤਾਪਮਾਨ ਵਿੱਚ ਵਾਧਾ ਅਤੇ ਕਾਰਬਨ ਚੱਕਰ ਵਿਚ ਆਈਆਂ ਤਬਦੀਲੀਆਂ ਇਸ ਵਿਨਾਸ਼ ਦੇ ਸੰਭਾਵੀ ਕਾਰਨ ਦੱਸੇ ਗਏ ਹਨ। 20 ਕਰੋੜ ਸਾਲ ਪਹਿਲਾਂ ਵਾਪਰੇ ਚੌਥੇ ਮਹਾਂਵਿਨਾਸ਼ ਵਿੱਚ ਜ਼ਮੀਨ ਅਤੇ ਪਾਣੀ ਵਿਚਲੇ ਅਨੇਕਾਂ ਜਲਥਲੀ ਜੀਵਾਂ, ਮੱਛੀਆਂ, ਰੀਂਗਣ ਵਾਲੇ ਜੀਵਾਂ ਅਤੇ ਰੀੜ੍ਹ ਦੀ ਹੱਡੀਰਹਿਤ ਪ੍ਰਾਣੀਆਂ ਦੀਆਂ ਅਨੇਕਾਂ ਪ੍ਰਜਾਤੀਆਂ ਅਲੋਪ ਹੋ ਗਈਆਂ ਸਨ। ਵਿਗਿਆਨੀ ਵੱਲੋਂ ਇਸ ਘਟਨਾ ਲਈ ਜਵਾਲਾਮੁਖੀਆਂ ਤੋਂ ਉਪਜੀਆਂ ਗੈਸਾਂ ਅਤੇ ਉਨ੍ਹਾਂ ਨਾਲ ਵਧੇ ਤਾਪਮਾਨ ਦਾ ਜੀਵਾਂ ਵੱਲੋਂ ਸਹਿਣ ਨਾ ਕਰ ਪਾਉਣਾ ਕਾਰਨ ਦੱਸਿਆ ਗਿਆ ਹੈ। ਸੰਭਾਵਿਤ ਪੰਜਵਾਂ ਮਹਾਂਵਿਨਾਸ਼ ਕਰੀਬ ਸਾਢੇ ਛੇ ਕਰੋੜ ਸਾਲ ਪਹਿਲਾਂ ਵਾਪਰਿਆ ਸੀ। ਇਕ ਅਨੁਮਾਨ ਅਨੁਸਾਰ 10 ਕਿਲੋਮੀਟਰ ਵਿਆਸ ਦਾ ਊਲਕਾ ਪਿੰਡ ਭਾਵ ਅਸਮਾਨੀ ਵਸਤੂ (ਸੂਰਜ ਦੁਆਲੇ ਚੱਕਰ ਲਗਾਉਾਂਦੇਨਿੱਕੇ ਨਿੱਕੇ ਗ੍ਰਹਿਆਂ ਨੁੂੰ ਊਲਕਾ ਪਿੰਡ ਕਿਹਾ ਜਾਂਦਾ ਹੈ) ਧਰਤੀ ’ਤੇ ਆ ਕੇ ਵੱਜੀ ਸੀ ਜਿਸ ਨਾਲ ਚਾਰੇ ਪਾਸੇ ਧੂੜ, ਘੱਟੇ ਅਤੇ ਗਰਮ ਹਵਾਵਾਂ ਨੇ ਧਰਤੀ ਨੂੰ ਸਾਰੇ ਪਾਸਿਓਂ ਘੇਰ ਲਿਆ ਸੀ ਅਤੇ ਵੇਖਦਿਆਂ ਹੀ ਵੇਖਦਿਆਂ ਸਮੁੱਚਾ ਵਾਤਾਵਰਨ ਨਸ਼ਟ ਹੋ ਗਿਆ ਸੀ। ਕੇਂਦਰੀ ਅਮਰੀਕਾ ਦੇ ਯੁੂਕਾਟਾਨ ਪ੍ਰਾਇਦੀਪ ( ਪਾਣੀ ਨਾਲ ਆਲੇ ਦੁਆਲੇ ਤੋਂ ਘਿਰੇ ਟਾਪੂ ਜਿਸ ਦੇ ਇਕ ਪਾਸੇ ਜ਼ਮੀਨੀ ਰਸਤਾ ਹੁੰਦਾ ਹੈ, ਨੂੰ ਪ੍ਰਾਇਦੀਪ ਆਖਦੇ ਹਨ ) ਵਿੱਚ ਮਿਲਦੇ ਵੱਡੇ ਆਕਾਰ ਦੇ ਡੂੰਘੇ ਟੋਏ ਅਸਮਾਨੀ ਵਸਤਾਂ ਦੇ ਡਿਗਣ ਦੇ ਸੰਕੇਤ ਦਿੰਦੇ ਹਨ। ਜ਼ਿਕਰਯੋਗ ਹੈ ਕਿ ਡਾਇਨਾਸੌਰ ਜੀਵਾਂ ਦਾ ਧਰਤੀ ਗ੍ਰਹਿ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਜਾਣਾ ਆਖ਼ਰੀ ਮਹਾਂਵਿਨਾਸ਼ ਦੀ ਇਕ ਮੁੱਖ ਘਟਨਾ ਹੈ। ਵੱਖ- ਵੱਖ ਥਾਵਾਂ ਤੋਂ ਮਿਲਦੇ ਇਨ੍ਹਾਂ ਜੀਵਾਂ ਦੇ ਪਿੰਜਰ ਪੰਜਵੀਂ ਪਰਲੋ ਦੀ ਕਹਾਣੀ ਬਿਆਨ ਕਰਦੇ ਹਨ।
ਕੀ ਹਨ ਅਜੋਕੇ ਹਾਲਾਤ :
ਵਿਗਿਆਨਕ ਮਾਹਿਰਾਂ ਦਾ ਖਿਆਲ ਹੈ ਕਿ ਧਰਤੀ ਦੀ ਛੇਵੀਂ ਪਰਲੋ ਦੀ ਸ਼ੁਰੂਆਤ ਹੋ ਚੁੱਕੀ ਹੈ। ਅਨੇਕਾਂ ਅਜਿਹੇ ਕਾਰਨ ਹਨ ਜੋ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਵਿਚ ਲੱਗੇ ਹੋਏ ਹਨ। ਪਹਿਲੀਆਂ ਪੰਜ ਪਰਲੋ ਦੀਆਂ ਘਟਨਾਵਾਂ ਨਾਲੋਂ ਮੌਜੂਦਾ ਮਹਾਂਵਿਨਾਸ਼ ਦੀ ਘਟਨਾ ਵੱਖਰੀ ਹੈ। ਪਹਿਲੀਆਂ ਘਟਨਾਵਾਂ ਵਿਚ ਮਹਾਂਵਿਨਾਸ਼ ਕੁਦਰਤੀ ਘਟਨਾਵਾਂ ਕਰਕੇ ਹੋਏ ਸਨ ਜਦ ਕਿ ਮੌਜੂਦਾ ਸਮੇਂ ਦੀ ਚੱਲ ਰਹੀ ਮਹਾਂਵਿਨਾਸ਼ ਦੀ ਘਟਨਾ ਮਨੁੱਖੀ ਕਿਰਿਆਵਾਂ ਕਰਕੇ ਹੋ ਰਹੀ ਹੈ।
ਦੂਨੀਆ ਦੀ ਤੇਜ਼ੀ ਨਾਲ ਵਧਦੀ ਮਨੁੱਖੀ ਆਬਾਦੀ ਧਰਤੀ ਨੂੰ ਮਹਾਂਵਿਨਾਸ਼ ਵੱਲ ਧਕੇਲ ਰਹੀ ਹੈ। ਸੰਨ 1350 ਤੋਂ ਬਾਅਦ ਆਬਾਦੀ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਸੀ ਅਤੇ 1962 ਤੱਕ ਇਸ ਦਾ ਤੇਜ਼ੀ ਨਾਲ ਵਧਣਾ ਜਾਰੀ ਰਿਹਾ ਸੀ। ਇਸ ਤੋਂ ਬਾਅਦ ਆਬਾਦੀ ਤਾਂ ਵਧ ਰਹੀ ਹੈ ਪਰ ਘੱਟ ਦਰ ਨਾਲ ਵਧ ਰਹੀ ਹੈ। ਸੰਨ 1800 ਵਿੱਚ ਮਨੁੱਖੀ ਆਬਾਦੀ ਇਕ ਸੌ ਕਰੋੜ ਸੀ, 1930 ’ਚ 200 ਕਰੋੜ, 1974 ’ਚ 400 ਕਰੋੜ, 1999 ’ਚ 600 ਕਰੋੜ ਅਤੇ 2025 ’ਚ 820 ਕਰੋੜ ਹੋ ਚੁੱਕੀ ਹੈ। ਤੇਜ਼ੀ ਨਾਲ ਵਧੀ ਇਨਸਾਨੀ ਆਬਾਦੀ ਨੇ ਭੋਜਨ ਦੀਆਂ ਲੋੜਾਂ ਵਿੱਚ ਬੇਹਿਸਾਬ ਵਾਧਾ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਸਮੁੱਚੀ ਦੁਨੀਆ ਉੱਤੇ ਜੰਗਲਾਂ ਨੂੰ ਕੱਟ ਕੇ ਜ਼ਮੀਨ ਨੂੰ ਵਾਹੀ ਯੋਗ ਬਣਾਇਆ ਗਿਆ ਸੀ ਅਤੇ ਇਹ ਪ੍ਰਕਿਰਿਆ ਅੱਜ ਵੀ ਜਾਰੀ ਹੈ। ਜੰਗਲਾਂ ਦੀ ਕਟਾਈ ਨਾਲ ਜੀਵ ਜੰਤੂਆਂ ਅਤੇ ਪਛੂ ਪੰਛੀਆਂ ਦੇ ਕੁਦਰਤੀ ਨਿਵਾਸ ਸਥਾਨ ਖ਼ਤਮ ਕੀਤੇ ਗਏ ਹਨ, ਜਿਸ ਕਰਕੇ ਜੀਵਾਂ ਦੀਆਂ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ। ਇਹ ਸਾਰੇ ਤੱਥ ਧਰਤੀ ’ਤੇ ਜੀਵਾਂ ਦੇ ਵਿਨਾਸ਼ ਦੀ ਕਹਾਣੀ ਲਿਖ ਰਹੇ ਹਨ।
ਵਧਦੇ ਸ਼ਹਿਰੀਕਰਨ ਕਰਕੇ ਜ਼ਮੀਨਾਂ ਦੀ ਵਰਤੋਂ ਘਰ ਬਣਾਉਣ ਲਈ, ਬੁਨਿਆਦੀ ਢਾਂਚੇ ਤਿਆਰ ਕਰਨ ਲਈ ਅਤੇ ਸੜਕਾਂ ਬਣਾਉਣ ਲਈ ਕੀਤੀ ਜਾ ਰਹੀ ਹੈ, ਜਿਸ ਨਾਲ ਜੀਵ ਜੰਤੂਆਂ ਦੇ ਕੁਦਰਤੀ ਨਿਵਾਸ ਸਥਾਨ ਨਸ਼ਟ ਹੋ ਰਹੇ ਹਨ। ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਯੂਰਪ ਵਿਚ ਸੰਨ 1760 ਵਿਚ ਹੋਈ ਸੀ ਜਿਸ ਦਾ ਕਿ ਘੇਰਾ ਬਾਅਦ ਵਿਚ ਹੌਲੀ ਹੌਲੀ ਸੰਸਾਰ ਦੇ ਬਾਕੀ ਦੇਸ਼ਾਂ ਵਿਚ ਵੀ ਫੈਲ ਗਿਆ ਸੀ। ਪਰ ਉਦਯੋਗੀਕਰਨ ਨੇ ਆਦਮੀ ਦੀ ਸਿਰਫ਼ ਭੌਤਿਕ ਤਰੱਕੀ ਹੀ ਕੀਤੀ ਹੈ। ਅਜਿਹੇ ਇਕ ਪਾਸੜ ਵਿਕਾਸ ਨੇ ਲੋਕਾਂ ਲਈ ਅਨੇਕਾਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ। ਉਦਯੋਗਾਂ ਤੋਂ ਨਿਕਲਦੀਆਂ ਕਾਰਬਨ ਡਾਈਆਕਸਾਈਡ ਅਤੇ ਮਿਥੇਨ ਵਰਗੀਆਂ ਗੈਸਾਂ ਆਲਮੀ ਤਪਸ਼ ਪੈਦਾ ਕਰ ਰਹੀਆਂ ਹਨ। ਇਸ ਗਰਮੀ ਨਾਲ ਬਰਫ਼ ਦੇ ਪਹਾੜ ਪਿਘਲ ਰਹੇ ਹਨ, ਜਿਸ ਨਾਲ ਸਮੁੰਦਰਾਂ ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਨਾਲ ਦੁਨੀਆ ਦੇ ਅਨੇਕਾਂ ਸ਼ਹਿਰਾਂ ਦੇ ਸਮੁੰਦਰੀ ਪਾਣੀ ਵਿਚ ਡੁੱਬਣ ਦਾ ਖ਼ਤਰਾ ਬਣਿਆ ਹੋਇਆ ਹੈ। ਅਖੌਤੀ ਵਿਕਾਸ ਨੇ ਅਨੇਕਾਂ ਤਰ੍ਹਾਂ ਦੇ ਪ੍ਰਦੂਸ਼ਣਾਂ ਜਿਵੇਂ ਰਸਾਇਣਿਕ ਪ੍ਰਦੂਸ਼ਣ ਅਤੇ ਪਲਾਸਟਿਕ ਪ੍ਰਦੂਸ਼ਣ ਨੂੰ ਜਨਮ ਦਿੱਤਾ ਹੈ। ਇਨ੍ਹਾਂ ਨਾਲ ਸਾਡੀ ਜ਼ਮੀਨ, ਹਵਾ ਅਤੇ ਪਾਣੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਆਲਮੀ ਤਪਸ਼ ਨੇ ਸਾਡੀਆਂ ਸਾਲਾਨਾ ਰੁੱਤਾਂ ਨੂੰ ਬੇਤਰਤੀਬ ਕਰ ਦਿੱਤਾ ਹੈ। ਮੌਨਸੂਨ ਦੀਆਂ ਬਾਰਿਸ਼ਾਂ ਬੇਯਕੀਨੀ ਅਤੇ ਬੇਤਰਤੀਬੀਆਂ ਬਣ ਗਈਆਂ ਹਨ। ਬਰਸਾਤੀ ਮੌਸਮ ਵਿਚ ਕਈ ਇਲਾਕੇ ਤਾਂ ਸੋਕੇ ਵਾਲੇ ਰਹਿ ਜਾਂਦੇ ਹਨ ਅਤੇ ਕਈ ਥਾਵਾਂ ਉੱਤੇ ਬੱਦਲ ਫਟਣ ਨਾਲ ਹੜ੍ਹਾਂ ਵਰਗੇ ਹਾਲਾਤ ਬਣ ਜਾਂਦੇ ਹਨ। ਇਹ ਸਭ ਧਰਤੀ ਦੇ ਜੀਵਾਂ ਨੁੂੰ ਬਰਬਾਦੀ ਵੱਲ ਲਿਜਾਈ ਜਾ ਰਹੇ ਹਨ।
ਗੈਰ ਕਾਨੂਨੀ ਸ਼ਿਕਾਰ ਨੇ ਵੀ ਅਨੇਕਾਂ ਨਸਲਾਂ ਦੇ ਜੀਵਾਂ ਨੂੰ ਖ਼ਤਮ ਹੋਣ ਕੰਢੇ ਪਹੁੰਚਾ ਦਿੱਤਾ ਹੈ। ਸਮੁੰਦਰੀ ਅਤੇ ਤਾਜ਼ੇ ਪਾਣੀ ਵਿਚ ਮੱਛੀਆਂ ਦੇ ਫੜਣ ਦੀ ਦਰ ਵਧ ਗਈ ਹੈ ਜਿਸ ਨਾਲ ਅਨੇਕਾਂ ਮੱਛੀਆਂ ਦੀਆਂ ਨਸਲਾਂ ਅਲੋਪ ਹੋ ਗਈਆਂ ਹਨ। ਪਾਣੀ ਦੀ ਵਧਦੀ ਮੰਗ ਅਤੇ ਵਾਤਾਵਰਨੀ ਤਬਦੀਲੀਆਂ ਕਰਕੇ ਵਿਸ਼ਵ ਦੇ ਅਨੇਕਾਂ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ਪਾਣੀ ਦੀ ਕਿੱਲਤ ਕਾਰਨ ਅੰਤਰਰਾਜੀ ਅਤੇ ਕੌਮਾਂਤਰੀ ਝਗੜੇ ਪੈਦਾ ਹੋ ਰਹੇ ਹਨ, ਜੋ ਕਿ ਆਦਮੀ ਨੂੰ ਵਿਨਾਸ਼ ਵੱਲ ਧਕੇਲ ਰਹੇ ਹਨ।
ਸਮੁੰਦਰਾਂ ਵਿੱਚ ਸੁੱਟਿਆ ਜਾਂਦਾ ਪਲਾਸਟਿਕ ਅਤੇ ਜ਼ਹਿਰੀਲੇ ਰਸਾਇਣਾਂ ਦਾ ਕੂੜਾ ਅਤੇ ਜਹਾਜ਼ਾਂ ’ਚੋਂ ਡੁੱਲ੍ਹਦਾ ਕੱਚਾ ਤੇਲ ਇਨ੍ਹਾਂ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਂਦਾ ਹੈ। ਇਸੇ ਤਰ੍ਹਾਂ ਤਾਜ਼ੇ ਪਾਣੀਆਂ ਵਿੱਚ ਸੁੱਟੇ ਜਾਂਦੇ ਕੂੜੇ ਨਾਲ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਇਹ ਜ਼ਹਿਰੀਲਾ ਪਾਣੀ ਅਨੇਕਾਂ ਜਲੀ ਜੀਵਾਂ ਦੀਆਂ ਨਸਲਾਂ ਨੂੰ ਖ਼ਤਮ ਕਰ ਚੁੱਕਾ ਹੈ। ਪਲਾਸਟਿਕ ਪ੍ਰਦੂਸ਼ਣ ਨੇ ਸਮੁੰਦਰੀ ਜਨ ਜੀਵਨ ਅਤੇ ਦੂਜੇ ਜਲ ਭੰਡਾਰਾਂ ਵਿਚ ਵਸਦੇ ਜੀਵਾਂ ਨੂੰ ਵੱਡੀ ਢਾਹ ਲਾਈ ਹੈ। ਪਲਾਸਟਿਕ ਦੇ ਕਣ ਅੰਦਰ ਨਿਗਲ ਲੈਣ ਨਾਲ ਜਲੀ ਜੀਵਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਖੇਤੀ ਵਿੱਚ ਵਰਤੇ ਜਾਂਦੇ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਨੇ ਜਲੀ ਜੀਵਾਂ ਦੀਆਂ ਅਨੇਕਾਂ ਨਸਲਾਂ ਦਾ ਖ਼ਾਤਮਾ ਕਰ ਛੱਡਿਆ ਹੈ।
ਇੱਥੇ ਇੱਕ ਉਦਾਹਰਨ ਦਾ ਜ਼ਿਕਰ ਕਰਨਾ ਬਣਦਾ ਹੈ। ਘਰੇਲੂ ਚਿੜੀਆਂ ਜੋ ਕਿ ਪੁਰਾਣੇ ਸਮੇਂ ਵਿੱਚ ਖਾਲੀ ਪਈਆਂ ਇਮਾਰਤਾਂ, ਖੁੱਲ੍ਹੀਆਂ ਥਾਵਾਂ ਅਤੇ ਘਰਾਂ ਦੀਆਂ ਲੱਕੜ ਦੀਆਂ ਛੱਤਾਂ ਵਿੱਚ ਰਹਿੰਦੀਆਂ ਸਨ। ਇਮਾਰਤਾਂ ਦੇ ਡਿਜ਼ਾਈਨ ਬਦਲਣ ਕਰਕੇ, ਸ਼ਹਿਰੀਕਰਨ, ਮੋਬਾਈਲ ਟਾਵਰਾਂ ਤੋਂ ਨਿਕਲਦੀਆਂ ਕਿਰਨਾਂ ਕਰਕੇ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਕਰਕੇ ਇਨ੍ਹਾਂ ਦੀ ਗਿਣਤੀ ਵੱਡੇ ਪੱਧਰ ’ਤੇ ਘਟ ਗਈ ਹੈ। ਇੱਥੇ ਇਹ ਸਮਝਣ ਦੀ ਲੋੜ ਹੈ ਕਿ ਕੀਟਾਂ ਅਤੇ ਪੰਛੀਆਂ ਦੇ ਮਰਨ ਦਾ ਸਾਡੀ ਜੀਵ ਵਿਭਿੰਨਤਾ ਉੱਤੇ ਬਹੁਤਰਫ਼ਾ ਅਸਰ ਪੈਂਦਾ ਹੈ। ਇਕ ਕਿਸਮ ਦੇ ਜੀਵਾਂ ਦੇ ਘਟਣ ਨਾਲ ਦੂਜੇ ਜੀਵਾਂ ਦਾ ਭੋਜਨ ਖ਼ਤਮ ਹੋ ਜਾਂਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਸਾਰੀਆਂ ਨਸਲਾਂ ਦੇ ਜੀਵ ਘਟਦੇ ਜਾਂਦੇ ਹਨ। ਤਿਤਲੀਆਂ ਅਤੇ ਮਧੂ ਮੱਖੀਆਂ ਬਹੁਤ ਹੀ ਛੋਟੇ ਕੀਟ ਹਨ ਪਰ ਇਨ੍ਹਾਂ ਦਾ ਸਾਡੇ ਅਨਾਜ ਉਤਪਾਦਨ ਵਿਚ ਵੱਡਾ ਯੋਗਦਾਨ ਹੈ। ਇਹ ਛੋਟੇ ਕੀਟ ਫ਼ਸਲਾਂ ਦੇ ਫੁੱਲਾਂ ਉੱਤੇ ਬੈਠ ਕੇ ਪਰਾਗਨ ਕਿਰਿਆ ਕਰਦੇ ਹਨ ਭਾਵ ਫੁੱਲਾਂ ਨੂੰ ਬੀਜ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਦੇ ਖ਼ਤਮ ਹੋਣ ਨਾਲ ਫ਼ਸਲਾਂ ਦਾ ਝਾੜ ਘਟ ਜਾਂਦਾ ਹੈ। ਮਨੁੱਖ ਦੀਆਂ ਯੋਜਨਾਰਹਿਤ ਵਿਕਾਸ ਗਤੀਵਿਧੀਆਂ ਦੁਆਰਾ ਜੀਵਾਂ ਦੇ ਨਸ਼ਟ ਹੋਣ ਦੀ ਇੱਕ ਤਾਜ਼ਾ ਉਦਾਹਰਨ ਵਿਗਿਆਨੀਆਂ ਵੱਲੋਂ ਸਾਮ੍ਹਣੇ ਲਿਆਂਦੀ ਗਈ ਹੈ। ਆਸਟ੍ਰੇਲੀਆ ਨੇੜੇ ਪਾਪੂਆ ਨਿਊ ਗਿਨੀਆ ਟਾਪੂ ਵਿਖੇ ‘ਬਰੈਂਬਲ ਕੇ’ ਨਾਂਅ ਚੁੂਹਾ ਜਾਤੀ ਦੇ ਜੀਵ ਸਮੁੰਦਰ ਕੰਢੇ ਖੁੱਡਾਂ ਵਿੱਚ ਨਿਵਾਸ ਕਰਦੇ ਸਨ। ਸਮੁੰਦਰੀ ਤਲ ਦੇ ਉੱਚਾ ਹੋ ਜਾਣ ਕਰਕੇ ਇਨ੍ਹਾਂ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਗਏ ਸਨ, ਸਿੱਟੇ ਵਜੋਂ ਇਨ੍ਹਾਂ ਜੀਵਾਂ ਦੀ ਨਸਲ ਧਰਤੀ ਤੋਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਵਿਗਿਆਨੀਆਂ ਅਨੁਸਾਰ ਆਮ ਤੌਰ ’ਤੇ 100 ਸਾਲਾਂ ਵਿੱਚ 10000 ਪ੍ਰਜਾਤੀਆਂ ’ਚੋਂ ਇੱਕ ਪ੍ਰਜਾਤੀ ਦੇ ਅਲੋਪ ਹੋਣ ਦੀ ਸੰਭਾਵਨਾ ਹੁੰਦੀ ਹੈ, ਪਰ ਸਾਲ 2020 ਵਿੱਚ ਕੀਤੀ ਗਈ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਮਨੁੱਖ ਵੱਲੋਂ ਵਾਤਾਵਰਨ ਨਾਲ ਕੀਤੀ ਗਈ ਛੇੜਛਾੜ ਦੇ ਸਿੱਟੇ ਵਜੋਂ ਆਉਣ ਵਾਲੇ 20 ਸਾਲਾਂ ਵਿੱਚ 500 ਜੀਵਾਂ ਦੀਆਂ ਨਸਲਾਂ ਖ਼ਤਮ ਹੋਣ ਦਾ ਖ਼ਦਸ਼ਾ ਹੈ।
ਮੁੱਕਦੀ ਗੱਲ ਇਹ ਕਿ ਉੱਪਰ ਦੱਸੇ ਸਾਰੇ ਤੱਥ ਧਰਤੀ ਦੇ ਸੰਭਾਵਿਤ ਪਰਲੋ ਵੱਲ ਵਧਣ ਦੀ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ।

Loading