ਕੀ ਮਸਕ ਦੀ ਸਿਆਸੀ ਪਾਰਟੀ ਟਰੰਪ ਦਾ ਸਿਆਸੀ ਨੁਕਸਾਨ ਕਰ ਸਕੇਗੀ?

In ਅਮਰੀਕਾ
July 07, 2025

ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦੀ ਸਿਆਸੀ ਧਰਤੀ ’ਤੇ ਐਲਨ ਮਸਕ ਨੇ ਇੱਕ ਅਜਿਹਾ ਸਿਆਸੀ ਧਮਾਕਾ ਕੀਤਾ ਹੈ, ਜਿਸ ਨੇ ਸਾਰਿਆਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਦੁਨੀਆ ਦੇ ਸਭ ਤੋਂ ਅਮੀਰ ਬੰਦੇ, ਟੈਸਲਾ ਅਤੇ ਸਪੇਸਐਕਸ ਦੇ ਮਾਲਕ ਮਸਕ ਨੇ ‘ਅਮਰੀਕਾ ਪਾਰਟੀ’ ਦੀ ਸਥਾਪਨਾ ਕਰਕੇ ਸਿਆਸੀ ਅਖਾੜੇ ਵਿੱਚ ਛਾਲ ਮਾਰ ਦਿੱਤੀ ਹੈ। ਇਹ ਸਭ ਕੁਝ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਉਸ ਦੀ ਤਿੱਖੀ ਤਕਰਾਰ ਦੇ ਵਿਚਕਾਰ ਹੋਇਆ, ਜਿਸ ਨੇ ਮਸਕ ਦੀਆਂ ਕੰਪਨੀਆਂ ਨੂੰ ਸਬਸਿਡੀਆਂ ’ਤੇ ਚੱਲਣ ਵਾਲੀਆਂ ਦੱਸਦਿਆਂ ਉਸ ਨੂੰ ਦੱਖਣੀ ਅਫ਼ਰੀਕਾ ਵਾਪਸ ਜਾਣ ਦੀ ਚਿਤਾਵਨੀ ਦਿੱਤੀ ਸੀ। ਪਰ ਮਸਕ ਕਿਤੇ ਝੁਕਣ ਵਾਲਿਆਂ ਵਿਚੋਂ ਨਹੀਂ ਹੈ। ਉਸ ਨੇ ਆਪਣੇ ‘ਐਕਸ’ ਪਲੇਟਫ਼ਾਰਮ ’ਤੇ ਪੋਲ ਕਰਵਾਇਆ, ਜਿੱਥੇ 66% ਲੋਕਾਂ ਨੇ ਨਵੀਂ ਪਾਰਟੀ ਦੀ ਹਮਾਇਤ ਕੀਤੀ। ਬੱਸ, ਫ਼ਿਰ ਕੀ, ਮਸਕ ਨੇ ਐਲਾਨ ਕਰ ਦਿੱਤਾ, ‘ਅਮਰੀਕਾ ਪਾਰਟੀ ਅੱਜ ਤੁਹਾਡੀ ਆਜ਼ਾਦੀ ਵਾਪਸ ਦੇਣ ਲਈ ਬਣੀ ਹੈ!’
ਕੀ ਹੈ ਮਸਕ ਦੀ ਚਾਲ?
ਮਸਕ ਦਾ ਇਹ ਸਿਆਸੀ ਨੀਤੀ ਟਰੰਪ ਦੇ ‘ਬਿਗ ਬਿਊਟੀਫ਼ੁੱਲ ਬਿੱਲ’ ਦੇ ਜਵਾਬ ਵਿੱਚ ਬਣਾਈ ਗਈ ਹੈ। ਇਸ ਬਿੱਲ ਨੇ ਇਲੈਕਟ੍ਰਿਕ ਵਾਹਨਾਂ ’ਤੇ ਮਿਲਣ ਵਾਲੀ 7,500 ਡਾਲਰ ਦੀ ਟੈਕਸ ਸਹੂਲਤ ਨੂੰ ਖਤਮ ਕਰ ਦਿੱਤਾ, ਜਿਸ ਨਾਲ ਟੈਸਲਾ ਵਰਗੀਆਂ ਕੰਪਨੀਆਂ ਦੀ ਕਮਰ ਟੁੱਟਣ ਦੀ ਨੌਬਤ ਆ ਗਈ। ਮਸਕ ਦਾ ਕਹਿਣਾ ਹੈ ਕਿ ਇਹ ਬਿੱਲ ਅਮਰੀਕਾ ਨੂੰ ਦੀਵਾਲੀਆ ਕਰ ਦੇਵੇਗਾ ਅਤੇ ਗਰੀਨ ਐਨਰਜੀ ਦੀ ਬਜਾਏ ਜੈਵਿਕ ਬਾਲਣ ਵਾਲੇ ਉਦਯੋਗਾਂ ਨੂੰ ਫ਼ਾਇਦਾ ਪਹੁੰਚਾਏਗਾ। ਮਸਕ ਦਾ ਤਰਕ ਹੈ ਕਿ ਅਮਰੀਕਾ ਦੀਆਂ ਦੋਵੇਂ ਵੱਡੀਆਂ ਪਾਰਟੀਆਂ—ਰਿਪਬਲੀਕਨ ਤੇ ਡੈਮੋਕਰੇਟ—ਭ੍ਰਿਸ਼ਟਾਚਾਰ ਦੀ ਜੜ੍ਹ ਹਨ। ਉਸ ਦੀ ਪਾਰਟੀ ਇਸ ‘ਇੱਕ-ਧਿਰੀ ਤਾਨਾਸ਼ਾਹੀ’ ਨੂੰ ਤੋੜਨ ਦੀ ਕੋਸ਼ਿਸ਼ ਹੈ।
ਟਰੰਪ ਦਾ ਪ੍ਰਤੀਕਰਮ: ‘ਮਸਕ ਦਾ ਮਜ਼ਾਕ’
ਟਰੰਪ ਨੇ ਮਸਕ ਦੀ ਨਵੀਂ ਪਾਰਟੀ ਨੂੰ ‘ਚਾਰ ਦਿਨ ਦੀ ਚਾਂਦਨੀ’ ਦੱਸਦਿਆਂ ਮਜ਼ਾਕ ਉਡਾਇਆ। ਏਅਰ ਫ਼ੋਰਸ ਵਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, ‘ਅਮਰੀਕਾ ਵਿੱਚ ਦੋ-ਪਾਰਟੀ ਸਿਸਟਮ ਸਭ ਤੋਂ ਵਧੀਆ ਹੈ। ਮਸਕ ਆਪਣੀ ਖੇਡ ਖੇਡ ਸਕਦਾ ਹੈ, ਪਰ ਇਹ ਸਿਰਫ਼ ਮੂਰਖਤਾ ਹੈ।’ ਟਰੰਪ ਦਾ ਮੰਨਣਾ ਹੈ ਕਿ ਮਸਕ ਦੀ ਪਾਰਟੀ ਕੋਈ ਵੱਡਾ ਅਸਰ ਨਹੀਂ ਪਾਵੇਗੀ। ਉਨ੍ਹਾਂ ਨੇ ਮਸਕ ਨੂੰ ਚਿਤਾਵਨੀ ਵੀ ਦਿੱਤੀ ਕਿ ਜੇ ਸਬਸਿਡੀਆਂ ਬੰਦ ਹੋਈਆਂ ਤਾਂ ਟੈਸਲਾ ਅਤੇ ਸਪੇਸਐਕਸ ਦਾ ਕੰਮ-ਧੰਦਾ ਬੰਦ ਹੋ ਜਾਵੇਗਾ।
ਕੀ ਹੈ ਮਸਕ ਦੀ ਪਾਰਟੀ ਦੀ ਰਣਨੀਤੀ?
ਮਸਕ ਦੀ ਪਾਰਟੀ 2026 ਦੇ ਮਿਡਟਰਮ ਚੋਣਾਂ ਵਿੱਚ 2-3 ਸੀਨੇਟ ਸੀਟਾਂ ਅਤੇ 8-10 ਹਾਊਸ ਸੀਟਾਂ ’ਤੇ ਨਿਸ਼ਾਨਾ ਸਾਧੇਗੀ। ਮਸਕ ਦਾ ਇਰਾਦਾ ਹੈ ਕਿ ਉਸ ਦੀ ਪਾਰਟੀ ਕਾਂਗਰਸ ਵਿੱਚ ਘੱਟ ਬਹੁਮਤ ਵਾਲੀ ਸਥਿਤੀ ਵਿੱਚ ‘ਕਿੰਗਮੇਕਰ’ ਦੀ ਭੂਮਿਕਾ ਨਿਭਾਵੇ। ਉਸ ਨੇ ਪ੍ਰਾਚੀਨ ਯੂਨਾਨ ਦੇ ਸੈਨਾਪਤੀ ਐਪਾਮਿਨੋਂਡਸ ਦੀ ਮਿਸਾਲ ਦਿੱਤੀ, ਜਿਸ ਨੇ ਥੋੜ੍ਹੀ ਫ਼ੌਜ ਨਾਲ ਵੱਡੇ ਸਾਮਰਾਜ ਨੂੰ ਹਿਲਾ ਦਿੱਤਾ ਸੀ। ਮਸਕ ਦਾ ਕਹਿਣਾ ਹੈ ਕਿ ਉਸ ਦੀ ਪਾਰਟੀ ਵੀ ਅਮਰੀਕੀ ਸਿਆਸਤ ਵਿੱਚ ਅਜਿਹੀ ਹੀ ਕ੍ਰਾਂਤੀ ਲਿਆਵੇਗੀ।
ਮੀਡੀਆ ਤੇ ਸਿਆਸੀ ਮਾਹਿਰਾਂ ਦੇ ਵਿਚਾਰ

ਅਮਰੀਕੀ ਮੀਡੀਆ ਅਤੇ ਵਿਦਵਾਨ ਮਸਕ ਦੀ ਇਸ ਚਾਲ ਨੂੰ ਲੈ ਕੇ ਦੋਫ਼ਾੜ ਹਨ। ‘ਵਾਸ਼ਿੰਗਟਨ ਪੋਸਟ’ ਦੀ ਰਿਪੋਰਟ ਮੁਤਾਬਕ, ਮਸਕ ਨੂੰ ਕਾਨੂੰਨੀ, ਵਿੱਤੀ ਅਤੇ ਸੰਗਠਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਅਮਰੀਕਾ ਪਾਰਟੀ ਅਜੇ ਫ਼ੈਡਰਲ ਇਲੈਕਸ਼ਨ ਕਮਿਸ਼ਨ ਵਿੱਚ ਰਜਿਸਟਰਡ ਨਹੀਂ ਹੈ, ਜਿਸ ਨਾਲ ਇਸ ਦੀ ਸਰਕਾਰੀ ਮਾਨਤਾ ’ਤੇ ਸਵਾਲ ਉੱਠਦੇ ਹਨ। ਪਰ ਕੁਆਂਟਸ ਇਨਸਾਈਟਸ ਦੇ ਸਰਵੇਖਣ ਮੁਤਾਬਕ, 40% ਵੋਟਰ ਮਸਕ ਦੀ ਪਾਰਟੀ ਨੂੰ ਸਮਰਥਨ ਦੇਣ ਲਈ ਤਿਆਰ ਹਨ, ਜਿਸ ਵਿੱਚ ਕਈ ਰਿਪਬਲੀਕਨ ਵੀ ਸ਼ਾਮਲ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਤੀਜੀ ਪਾਰਟੀ ਦੀ ਸਫ਼ਲਤਾ ਦਾ ਰਿਕਾਰਡ ਬਹੁਤ ਕਮਜ਼ੋਰ ਹੈ। ਛੋਟੀਆਂ ਪਾਰਟੀਆਂ ਨੂੰ ਬੈਲਟ ’ਤੇ ਜਗ੍ਹਾ ਪਾਉਣ ਲਈ ਹਜ਼ਾਰਾਂ ਦਸਤਖਤਾਂ ਦੀ ਲੋੜ ਹੁੰਦੀ ਹੈ, ਅਤੇ ਫ਼ੈਡਰਲ ਫ਼ੰਡਿੰਗ ਸਿਰਫ਼ ਉਦੋਂ ਮਿਲਦੀ ਹੈ ਜੇ ਪਿਛਲੀ ਚੋਣ ਵਿੱਚ 5% ਵੋਟਾਂ ਮਿਲੀਆਂ ਹੋਣ।
ਬਿਗ ਬਿਊਟੀਫ਼ੁੱਲ ਬਿੱਲ: ਫ਼ਾਇਦਾ ਜਾਂ ਨੁਕਸਾਨ?
ਟਰੰਪ ਦਾ ਬਿੱਲ ਗਰੀਨ ਐਨਰਜੀ ਸਬਸਿਡੀਆਂ ਨੂੰ ਖਤਮ ਕਰਕੇ ਜੈਵਿਕ ਬਾਲਣ ਅਤੇ ਨਿਰਮਾਣ ਉਦਯੋਗਾਂ ਨੂੰ ਉਤਸ਼ਾਹ ਦੇਵੇਗਾ। ਟਰੰਪ ਦਾ ਦਾਅਵਾ ਹੈ ਕਿ ਇਹ ਅਮਰੀਕੀ ਅਰਥਚਾਰੇ ਨੂੰ ਮਜ਼ਬੂਤ ਕਰੇਗਾ। ਪਰ ਮਸਕ ਅਤੇ ਵਾਤਾਵਰਣ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਿੱਲ ਤਕਨੀਕੀ ਨਵੀਨਤਾ ਅਤੇ ਸਾਫ਼ ਊਰਜਾ ਨੂੰ ਪਛਾੜ ਦੇਵੇਗਾ। ਟੈਸਲਾ ਵਰਗੀਆਂ ਕੰਪਨੀਆਂ ਨੂੰ ਨੁਕਸਾਨ ਹੋਣ ਨਾਲ ਅਮਰੀਕੀ ਬਜ਼ਾਰ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਮੰਗ ਘਟ ਸਕਦੀ ਹੈ।
ਕੀ ਮਸਕ ਦੀ ਪਾਰਟੀ ਕਾਰਨ ਟਰੰਪ ਨੂੰ ਨੁਕਸਾਨ ਹੋਵੇਗਾ?
ਮਸਕ ਕੋਲ 405 ਡਾਲਰ ਬਿਲੀਅਨ ਦੀ ਦੌਲਤ ਹੈ ਅਤੇ ਉਹ ਪਹਿਲਾਂ ਹੀ ਟਰੰਪ ਦੀ ਚੋਣ ਮੁਹਿੰਮ ’ਤੇ 2500 ਕਰੋੜ ਰੁਪਏ ਖਰਚ ਚੁੱਕਾ ਹੈ। ਪੈਸੇ ਦੀ ਕੋਈ ਕਮੀ ਨਹੀਂ, ਪਰ ਸਿਆਸੀ ਸਫ਼ਲਤਾ ਦੀ ਗੱਲ ਹੋਰ ਹੈ। ਅਮਰੀਕੀ ਸਿਆਸਤ ਵਿੱਚ ਤੀਜੀ ਪਾਰਟੀਆਂ ਦਾ ਇਤਿਹਾਸ ਖੁੰਢਾ ਹੈ। 1912 ਅਤੇ 2000 ਦੀਆਂ ਚੋਣਾਂ ਵਿੱਚ ਛੋਟੀਆਂ ਪਾਰਟੀਆਂ ਨੇ ਵੋਟਾਂ ਵੰਡ ਕੇ ਨਤੀਜੇ ਜ਼ਰੂਰ ਬਦਲੇ, ਪਰ ਖੁਦ ਸੱਤਾ ਵਿੱਚ ਨਹੀਂ ਆ ਸਕੀਆਂ। ਮਸਕ ਦੀ ਪਾਰਟੀ ਦਾ ਭਵਿੱਖ ਵੀ ਇਸੇ ਸਵਾਲ ਨਾਲ ਜੁੜਿਆ ਹੈ—ਕੀ ਇਹ ਸਿਰਫ਼ ਟਰੰਪ ਨੂੰ ਸਿਆਸੀ ਨੁਕਸਾਨ ਪਹੁੰਚਾਉਣ ਦੀ ਨੀਤੀ ਹੈ, ਜਾਂ ਅਮਰੀਕੀ ਸਿਆਸਤ ’ਚ ਕੋਈ ਵੱਡਾ ਬਦਲਾਅ ਲਿਆਵੇਗੀ? ਸਿਰਫ਼ ਸਮਾਂ ਹੀ ਦੱਸੇਗਾ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਸਕ ਦੀ ਅਮਰੀਕਾ ਪਾਰਟੀ 2026 ਦੀਆਂ ਮਿਡਟਰਮ ਚੋਣਾਂ ’ਚ ਰਿਪਬਲੀਕਨ ਵੋਟਾਂ ਵੰਡ ਸਕਦੀ ਹੈ, ਜਿਸ ਨਾਲ ਟਰੰਪ ਦੀ ਪਾਰਟੀ ਨੂੰ ਝਟਕਾ ਲੱਗਣ ਦੀ ਸੰਭਾਵਨਾ ਹੈ। ਕੁਆਂਟਸ ਇਨਸਾਈਟਸ ਦੇ ਸਰਵੇਖਣ ਮੁਤਾਬਕ, 40% ਵੋਟਰ, ਜਿਨ੍ਹਾਂ ’ਚ ਰਿਪਬਲੀਕਨ ਵੀ ਸ਼ਾਮਲ ਹਨ, ਮਸਕ ਦੀ ਪਾਰਟੀ ਨੂੰ ਸਮਰਥਨ ਦੇ ਸਕਦੇ ਹਨ। ਡੈਮੋਕ੍ਰੇਟਸ ਨੂੰ ਸਭ ਤੋਂ ਵੱਡਾ ਫ਼ਾਇਦਾ ਹੋ ਸਕਦਾ ਹੈ, ਕਿਉਂਕਿ ਮਸਕ ਦੀ ਪਾਰਟੀ ਰਿਪਬਲੀਕਨ ਵੋਟਾਂ ਨੂੰ ਖਿੰਡਾ ਸਕਦੀ ਹੈ। ਡੈਮੋਕ੍ਰੇਟਿਕ ਨੈਸ਼ਨਲ ਕਮੇਟੀ ਨੇ ਇਸ ਨੂੰ ਆਪਣੇ ਲਈ ਮੌਕਾ ਮੰਨਿਆ ਹੈ।

Loading