ਕੀ ਸਿਖ ਤੇ ਗੁਰਦੁਆਰੇ ਭਾਰਤ ਵਿਚ ਅਸੁਰੱਖਿਅਤ ਹਨ?

In ਮੁੱਖ ਲੇਖ
September 16, 2024
ਬਘੇਲ ਸਿੰਘ ਧਾਲੀਵਾਲ: ਜਿੰਨਾਂ ਲੋਕਾਂ ਕੋਲ ਆਪਣੇ ਘਰ ਨਹੀ ਹੁੰਦੇ ਉਹਨਾਂ ਨੂੰ ਰੈਣ ਬਸੇਰੇ ਲਈ ਦੂਜਿਆਂ ਤੇ ਨਿਰਭਰ ਕਰਨਾ ਪੈਂਦਾ ਹੈ।ਇੱਕ ਕਹਾਵਤ ਹੈ ਕਿ “ਜੀਹਦਾ ਖਾਈਏ ਉਹਦੇ ਗੁਣ ਗਾਈਏ”, ਸੋ ਦਿਨ ਕਟੀ ਕਰਨ ਵਾਲੇ ਵਾਸਤੇ ਆਪਣੇ ਮਾਲਕ ਦੇ ਹਰ ਚੰਗੇ ਮੰਦੇ ਫੈਸਲੇ ਤੇ ਸਹੀ ਪਾਉਣ ਤੋਂ ਵਗੈਰ ਕੋਈ ਚਾਰਾ ਨਹੀਂ ਹੁੰਦਾ।ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਮਾਲਕ ਦੀ ਪ੍ਰਤੀਕਿਰਿਆ ਹੁੰਦੀ ਹੀ ਨਹੀਂ, ਪ੍ਰੰਤੂ ਅਜਿਹੇ ਦਿਨ ਕਟੀ ਕਰਨ ਵਾਲੇ ਵਿਅਕਤੀ ਬਿਨਾ ਵਜਾ ਹੀ ਮਾਲਕ ਦੇ ਵਿਰੋਧੀਆਂ ਨਾਲ ਸਿੰਗ ਫਸਾਈ ਰੱਖਦੇ ਹਨ।ਇਹਦਾ ਮਤਲਬ ਸਪੱਸ਼ਟ ਹੈ ਕਿ ਅਜਿਹੇ ਲੋਕਾਂ ਨੇ ਆਪਣੀ ਵਫਾਦਾਰੀ ਸਿੱਧ ਕਰਕੇ ਆਪਣੇ ਰੈਣ ਬਸੇਰੇ ਨੂੰ ਕੁੱਝ ਹੱਦ ਤੱਕ ਅਰਾਮਦਾਇਕ ਅਤੇ ਪੱਕਾ ਕਰਨ ਦੀ ਕੋਸ਼ਿਸ ਵਿੱਚ ਹੀ ਅਜਿਹਾ ਕੀਤਾ ਹੁੰਦਾ ਹੈ,ਜਦੋਂਕਿ ਉਨ੍ਹਾਂ ਦੀ ਆਪਣੀ ਮਾਲਕੀ ਵਾਲੇ ਘਰ ਦੀ ਚਾਹਤ,ਤਾਂਘ ਜਾਂ ਸੋਚ ਅਸਲੋਂ ਹੀ ਮਰ ਚੁੱਕੀ ਹੁੰਦੀ ਹੈ।ਉਨ੍ਹਾਂ ਨੂੰ ਅਜਿਹਾ ਅਹਿਸਾਸ ਹੀ ਨਹੀ ਹੁੰਦਾ ਕਿ ਉਹਨਾਂ ਦਾ ਆਪਣਾ ਘਰ ਵੀ ਹੋਣਾ ਚਾਹੀਦਾ ਹੈ,ਜਿੱਥੇ ਰਹਿੰਦਿਆਂ ਉਨ੍ਹਾਂ ਨੂੰ ਅਜਿਹਾ ਕੁੱਝ ਨਾ ਕਰਨਾ ਪਵੇ,ਜਿਹੜਾ ਉਨ੍ਹਾਂ ਦੀ ਆਤਮਾ ਉਪਰ ਬੋਝ ਵਾਂਗੂ ਹੋਵੇ,ਜਿਹੜਾ ਉਨ੍ਹਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੋਵੇ,ਆਪਣੇ ਸਵੈਮਾਣ ਨੂੰ ਜ਼ਖਮੀ ਕਰਦਾ ਹੋਵੇ,ਪ੍ਰੰਤੂ ਕਿਉਂਕਿ ਆਤਮਾ ਤਾਂ ਉਸ ਮੌਕੇ ਹੀ ਦਮ ਤੋੜ ਚੁੱਕੀ ਹੁੰਦੀ ਹੈ,ਜਦੋਂ ਉਨ੍ਹਾਂ ਆਪਣੇ ਘਰ ਦੀ ਤਾਂਘ ਨੂੰ ਭੁੱਲ ਕੇ ਬੇਗਾਨੇ ਘਰ ਨੂੰ ਆਪਣਾ ਆਸ਼ਿਆਨਾ ਸਮਝ ਲਿਆ ਹੁੰਦਾ ਹੈ।ਇਹ ਵਰਤਾਰਾ ਬੇਹੱਦ ਖਤਰਨਾਕ ਹੋ ਜਾਂਦਾ ਹੈ,ਜਦੋਂ ਅਜਿਹਾ ਵਰਤਾਰਾ ਕਿਸੇ ਕੌਮ ਦੀ ਹੋਣੀ ਨਾਲ ਜੁੜਿਆ ਹੋਵੇ ਅਤੇ ਇਸ ਨੂੰ ਕੌਮੀ ਪੱਧਰ ਤੇ ਵਾਪਰਦੇ ਦੇਖਿਆ ਜਾ ਰਿਹਾ ਹੋਵੇ, ਉਦੋਂ ਇਹ ਅਹਿਸਾਸ ਹੁੰਦਾ ਹੈ ਕਿ ਜੰਗਲ ਨੂੰ ਕੱਟਣ ਦਾ ਕਾਰਜ ਇਕੱਲਾ ਕੁਹਾੜਾ ਨਹੀ ਸੀ ਕਰ ਸਕਦਾ,ਜੇਕਰ ਕੁਹਾੜੇ ਵਿੱਚ ਲੱਕੜ ਦਾ ਦਸਤਾ ਨਾ ਹੁੰਦਾ। ਅਜਿਹਾ ਹੀ ਮਾਮਲਾ ਉਦੋਂ ਸਾਹਮਣੇ ਆਇਆ ਹੈ,ਜਦੋਂ ਪਿਛਲੇ ਦਿਨੀ ਆਪਣੀ ਅਮਰੀਕਾ ਫੇਰੀ ਦੌਰਾਨ ਕਾਂਗਰਸੀ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਸਿੱਖਾਂ ਸਮੇਤ ਘੱਟ ਗਿਣਤੀਆਂ ਦੇ ਸਬੰਧ ਵਿੱਚ ਭਾਰਤ ਦੇ ਮੌਜੂਦਾ ਰਾਜਨੀਤਕ ਪ੍ਰਬੰਧ ਉਪਰ ਟਿੱਪਣੀ ਕਰ ਦਿੱਤੀ ਕਿ ਸਿਖ ,ਗੁਰਦੁਆਰੇ, ਕਕਾਰ ਭਾਰਤ ਵਿਚ ਸੁਰਖਿਅਤ ਨਹੀਂ ਹਨ। ਰਾਹੁਲ ਗਾਂਧੀ ਦੀ ਟਿਪਣੀ ਸਿਖਾਂ ਬਾਰੇ ਕੌੜਾ ਸੱਚ ਰਾਹੁਲ ਦੀ ਟਿੱਪਣੀ ‘ਤੇ ਭਾਰਤ ਅੰਦਰ ਵੱਡੇ ਪੱਧਰ ਉਪਰ ਰਾਜਨੀਤੀ ਹੋ ਰਹੀ ਹੈ,ਜਦੋਕਿ ਰਾਹੁਲ ਗਾਂਧੀ ਦੇ ਸਿਆਸੀ ਭਾਸ਼ਨ ਦਾ ਉਹ ਇੱਕ ਇੱਕ ਸਬਦ ਕੌੜਾ ਸੱਚ ਸੀ,ਪਰ ਰਾਹੁਲ ਵੱਲੋਂ ਬੋਲੇ ਗਏ ਇਸ ਕੌੜੇ ਸੱਚ ਨੂੰ ਝੁਠਲਾਉਣ ਦੇ ਯਤਨ ਵੱਡੇ ਪੱਧਰ ਉਪਰ ਹੋ ਰਹੇ ਹਨ।ਕਿੰਨੀ ਹੈਰਾਨੀ ਹੁੰਦੀ ਹੈ ਜਦੋਂ ਇਸ ਸੱਚ ਤੋਂ ਖੁਦ ਉਹ ਕੁਝ ਲੋਕ ਮੁਨਕਰ ਹੁੰਦੇ ਦੇਖੇ ਜਾ ਰਹੇ ਹਨ,ਜਿੰਨਾਂ ਪ੍ਰਤੀ ਇਹ ਸੱਚ ਬੋਲਿਆ ਗਿਆ ਸੀ,ਬਲਕਿ ਉਨ੍ਹਾਂ ਲੋਕਾਂ ਵੱਲੋਂ ਸਰਕਾਰੀ ਇਸ਼ਾਰੇ ਉਪਰ ਰਾਹੁਲ ‘ਤੇ ਸਬਦਾਂ ਦੇ ਬਾਣ ਦਾਗੇ ਜਾ ਰਹੇ ਹਨ। ਇੱਥੇ ਜਿਕਰਯੋਗ ਤੱਥ ਇਹ ਵੀ ਹਨ ਕਿ ਭਾਵੇਂ ਰਾਹੁਲ ਗਾਂਧੀ ਦੇ ਬਿਆਨ ਤੇ ਦੇਸ਼ ਭਰ ਅੰਦਰ ਹੀ ਹੜਕੰਪ ਮੱਚਿਆ ਹੋਇਆ ਹੈ,ਪਰੰਤੂ ਇਸ ਬਿਆਨ ਤੇ ਸਿੱਖਾਂ ਦੇ ਪ੍ਰਤੀਕਰਮ ਨੂੰ ਅਹਿਮ ਮੰਨਿਆ ਜਾਵੇਗਾ।ਸਿੱਖਾਂ ਵੱਲੋਂ ਵੀ ਵੱਖੋ ਵੱਖਰਾ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ।ਵਿਦੇਸ਼ਾਂ ਵਿੱਚ ਵਸਦੇ ਸਿੱਖ ਅਤੇ ਪੰਜਾਬ ਦੇ ਪੰਥਕ ਆਗੂਆਂ ਸਮੇਤ ਬਹੁ ਗਿਣਤੀ ਵਿੱਚ ਸਿੱਖ ਬੁੱਧੀਜੀਵੀ ਅਤੇ ਪੱਤਰਕਾਰ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਸਮੇਂ ਸਿਰ ਬੋਲਿਆ ਸੱਚ ਕਹਿ ਕੇ ਰਾਹੁਲ ਦੀ ਸ਼ਲਾਘਾ ਕਰ ਰਹੇ ਹਨ, ਜਦੋਂ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਸਿੱਖ ਸੰਘ ਪਰਿਵਾਰ ਦੇ ਨਜ਼ਰੀਏ ਤੋਂ ਆਪਣੀ ਭੂਮਿਕਾ ਅਦਾ ਕਰ ਰਹੇ ਹਨ ਨਾ ਕਿ ਕੌਮੀ ਭਾਵਨਾ ਤੋਂ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਰਵਨੀਤ ਸਿੰਘ ਬਿੱਟੂ ਅਤੇ ਮਨਜਿੰਦਰ ਸਿੰਘ ਸਿਰਸਾ ਆਦਿ ਸਮੇਤ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਅਤੇ ਆਰ ਐਸ ਐਸ ਨੇ ਨਾਲ ਜੁੜੇ ਨਾਮਵਰ ਸਿੱਖ ਆਗੂਆਂ ਨੇ ਭਾਜਪਾ ਪ੍ਰਤੀ ਆਪਣੀ ਵਫਾਦਾਰੀ ਦਿਖਾਉਣ ਵਿੱਚ ਇਸ ਸਮੇ ਨੂੰ ਸੁਨਹਿਰੀ ਸਮੇ ਵਜੋਂ ਵਰਤਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਦੀ ਟਿੱਪਣੀ ਸ਼ਰਮਨਾਕ ਸੀ ਕਿਉਂਕਿ ਉਨ੍ਹਾਂ ਨੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ਾਂ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਮੈਂਬਰਾਂ ਵਿੱਚ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ।ਇਸ ਤੋ ਵੀ ਅੱਗੇ ਜਾਕੇ ਰਾਸ਼ਟਰੀ ਸਿੱਖਾਂ ਵੱਲੋਂ ਸੜਕਾਂ ਤੇ ਉੱਤਰ ਕੇ ਰਾਹੁਲ ਗਾਂਧੀ ਦੇ ਖਿਲਾਫ ਕੀਤੇ ਜਾ ਰਹੇ ਪਰਦਰਸ਼ਨ ਦੁਨੀਆਂ ਪੱਧਰ ਤੇ ਸਿੱਖਾਂ ਦੀ ਦੀ ਸਵੈ-ਮਾਨਤਾ ਦਾ ਮਜ਼ਾਕ ਬਣ ਰਹੇ ਹਨ।ਇਸ ਘਟਨਾ ਤੋ ਬਾਅਦ ਵੀ ਅਤੇ ਅਜਿਹੀਆਂ ਘਟਨਾਵਾਂ ਸਮੇ ਪਹਿਲਾਂ ਵੀ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਕਿ ਅਕਾਲੀ ਦਲ ਦੀ ਭੂਮਿਕਾ ਸਿੱਖ ਅਵਾਮ ਦੀ ਸੋਚ ਤੋਂ ਉਲਟ ਹੁੰਦੀ ਹੈ। ਅਕਾਲੀ ਦਲ ਦੇ ਆਗੂਆਂ ਵੱਲੋਂ ਭਾਵੇਂ ਉਹ ਭਾਜਪਾ ਨਾਲ ਗੱਠਜੋੜ ਵਿੱਚ ਨਹੀ ਹਨ,ਪਰ ਆਪਣੀ ਵਫਾਦਾਰੀ ਹਮੇਸ਼ਾ ਭਾਜਪਾ ਪ੍ਰਤੀ ਹੀ ਦਿਖਾਉਂਦੇ ਹਨ,ਇਸਦਾ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਲੰਮਾ ਸਮਾਂ ਬਿਨਾ ਸ਼ਰਤ ਭਾਜਪਾ ਨਾਲ ਗੈਰ ਸਿਧਾਂਤਕ ਸਮਝੌਤਾ ਰਿਹਾ ਹੋਣ ਕਾਰਨ ਉਹਨਾਂ ਦੀ ਮਾਨਸਿਕਤਾ ਵਿੱਚ ਭਾਜਪਾ ਦੀ ਗੁਲਾਮੀ ਘਰ ਕਰ ਚੁੱਕੀ ਹੈ ਅਤੇ ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣਾ ਭਵਿੱਖ ਅੱਜ ਵੀ ਭਾਜਪਾ ਵਿੱਚੋਂ ਹੀ ਦਿਖਾਈ ਦਿੰਦਾ ਹੋਵੇ।ਜਿਸ ਕਰਕੇ ਉਹ ਅਜਿਹਾ ਕੋਈ ਮੌਕਾ ਵੀ ਗਵਾਉਣਾ ਨਹੀਂ ਚਾਹੁੰਦੇ ਜੀਹਦੇ ਨਾਲ ਭਾਜਪਾ ਪ੍ਰਤੀ ਉਹਨਾਂ ਦੇ ਹੇਜ ਦਾ ਅਹਿਸਾਸ ਕੇਂਦਰ ਤੱਕ ਪਹੁੰਚਣ ਦਾ ਸਬੱਬ ਬਣਦਾ ਹੋਵੇ ਅਤੇ ਅਜਿਹੇ ਕਿਸੇ ਵੀ ਮਸਲੇ ਵਿੱਚ ਉਹ ਉਲਝਣਾ ਨਹੀ ਚਾਹੁੰਦੇ,ਜੀਹਦੇ ਕਰਕੇ ਭਾਜਪਾ ਹਾਈ ਕਮਾਂਡ ਦੀ ਨਰਾਜ਼ਗੀ ਝੱਲਣੀ ਪਵੇ। ਸਿੱਖਾਂ ਦਾ ਮੰਨਣਾ ਹੈ ਕਿ ਸਿੱਖ ਸਿਰਫ ਰੋਜੀ ਰੋਟੀ ਲਈ ਹੀ ਨਹੀਂ,ਬਲਕਿ ਸਿੱਖ ਉਨ੍ਹਾਂ ਮੁਲਕਾਂ ਵਿੱਚ ਵੱਡੇ ਸਥਾਪਤ ਕਾਰੋਬਾਰੀ ਹਨ,ਜਿਹੜੇ ਉੱਥੋਂ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ।ਜਿਸ ਕਰਕੇ,ਹਰਦੀਪ ਸਿੰਘ ਪੁਰੀ ਵੱਲੋਂ ਇਹ ਕਿਹਾ ਜਾਣਾ ਕਿ ਸਿੱਖ ਮਹਿਜ਼ ਰੋਜੀ ਰੋਟੀ ਲਈ ਅਮਰੀਕਾ ਗਏ ਹਨ,ਆਪਣੇ ਹੀ ਭਾਈਚਾਰੇ ਨੂੰ ਨੀਵਾਂ ਦਿਖਾਉਣ ਵਾਲਾ ਜਾਪਦਾ ਹੈ।ਇਸ ਤੋਂ ਅੱਗੇ ਜਾਕੇ ਭਾਜਪਾ ਦਾ ਇੱਕ ਹੋਰ ਸਿੱਖ ਵਿਧਾਇਕ ਰਾਹੁਲ ਗਾਂਧੀ ਨੂੰ ਮਾਰਨ ਤੱਕ ਦੀ ਧਮਕੀ ਦੇ ਦਿੰਦਾ ਹੈ ਕਿ ਉਸਦਾ ਹਸ਼ਰ ਇੰਦਰਾ ਵਰਗਾ ਹੋਵੇਗਾ,ਪਰ ਉਹਦੇ ਬਿਆਨ ਦੇ ਕਿਸੇ ਪਾਸੇ ਤੋਂ ਵੀ ਉਸ ਤਰ੍ਹਾਂ ਨਿੰਦਿਆ ਨਹੀਂ ਹੁੰਦੀ ਜਿਸਤਰ੍ਹਾਂ ਰਾਹੁਲ ਗਾਂਧੀ ਦੇ ਸੱਚ ਬੋਲਣ ਦੀ ਹੋ ਰਹੀ ਹੈ। ਇਸ ਤੋਂ ਅੱਗੇ ਸਵਾਲ ਉਠਦਾ ਹੈ ਕਿ ਜੇਕਰ ਰਾਹੁਲ ਦਾ ਬਿਆਨ ਝੂਠਾ ਹੈ ਫਿਰ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਮੱਸਿਆਵਾਂ ਕਿਉਂ ਪੈਦਾ ਹੁੰਦੀਆਂ ਹਨ ? ਕਿਸੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਕਕਾਰ ਉਤਾਰਨ ਦੀ ਸ਼ਰਤ ਲਾ ਦਿੱਤੀ ਜਾਂਦੀ ਹੈ ਅਤੇ ਕਿਸੇ ਸਕੂਲ ਦੀ ਮੈਨੇਜਮੈਂਟ ਸਕੂਲ ਵਿੱਚ ਕੜਾ ਪਹਿਨ ਕੇ ਜਾਣ ‘ਤੇ ਰੋਕ ਲਾ ਦਿੰਦੀ ਹੈ।ਪਿਛਲੇ ਸਮੇਂ ਵਿੱਚ ਰਾਜਸਥਾਨ ਦੇ ਇੱਕ ਭਾਜਪਾ ਆਗੂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ “ਇਹ ਗੁਰਦੁਆਰੇ ਸਾਡੇ ਲਈ ਨਸੂਰ ਵਾਂਗ ਹਨ”। ਗੁਰਦੁਆਰਾ ਡਾਂਗ ਮਾਰ ਅਤੇ ਗੁਰਦੁਆਰਾ ਗਿਆਨ ਗੋਦੜੀ ਨੂੰ ਢਾਹ ਕਾ ਨਾਮੋ ਨਿਸ਼ਾਨ ਖਤਮ ਕਰ ਦੇਣਾ ਸਿੱਖਾਂ ਲਈ ਕਿਹੜੀ ਅਜ਼ਾਦੀ ਵੱਲ ਇਸ਼ਾਰਾ ਹੈ ? ਇਸ ਤੋਂ ਇਲਾਵਾ ਵੀ ਸਿੱਖੀ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ।ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ,ਹਜੂਰ ਸਾਹਿਬ ਗੁਰਦੁਆਰਾ ਬੋਰਡ ਨੰਦੇੜ ਅਤੇ ਪਟਨਾ ਸਾਹਿਬ ਗੁਰਦੁਆਰਾ ਬੋਰਡ ਵਿੱਚ ਸਿੱਧੀ ਦਖਲ ਅੰਦਾਜ਼ੀ ਕਿਧਰ ਨੂੰ ਇਸ਼ਾਰਾ ਕਰਦੀ ਹੈ ? ਇੱਥੋਂ ਤੱਕ ਕਿ ਕਈ ਵਾਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਹੀ ਸਿੱਖ ਭਾਈਚਾਰੇ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਤੋਂ ਇਸ ਕਰਕੇ ਰੋਕ ਦਿੱਤਾ ਜਾਂਦਾ ਰਿਹਾ ਹੈ ਕਿਉਕਿ ਉਹ ਸਿੱਖ ਹਿਤਾਂ ਦੀ ਗੱਲ ਕਰਦੇ ਹਨ,ਜਿਹੜੇ ਕੇਂਦਰੀ ਤਾਕਤਾਂ ਨੂੰ ਪ੍ਰਵਾਨ ਨਹੀਂ।ਕੀ ਅਜਿਹੇ ਕਾਰਨ ਸਿੱਖਾਂ ਸਮੇਤ ਸਮੁੱਚੀਆਂ ਘੱਟ ਗਿਣਤੀਆਂ ਨੂੰ ਇਹ ਅਹਿਸਾਸ ਕਰਵਾਉਣ ਲਈ ਕਾਫੀ ਨਹੀਂ ਹਨ ਕਿ ਭਾਰਤ ਅੰਦਰ ਵਿਤਕਰੇਬਾਜੀ ਹੁੰਦੀ ਹੈ? ਕਿਸਾਨ ਆਗੂ ਡਲੇਵਾਲ ਨੇ ਵੀ ਕਿਹਾ ਗੁਰਦੁਆਰੇ ਅਜ਼ਾਦ ਨਹੀਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਭਾਜਪਾ ਸਰਕਾਰ ਉਪਰ ਦੋਸ਼ ਲਗਾਏ ਕਿ ਉਸਨੇ ਗੁਰਦੁਆਰਿਆਂ ਉਪਰ ਪਾਬੰਦੀਆਂ ਲਗਾਈਆਂ ਹੋਈਆਂ ਹਨ।ਅਜਿਹਾ ਆਖਕੇ ਉਸਨੇ ਰਾਹੁਲ ਦੇ ਬਿਆਨਾਂ ਉਪਰ ਮੋਹਰ ਲਗਾ ਦਿਤੀ ਕਿ ਉਸਨੇ ਸਿਖ ਖਤਰਿਆਂ ਤੇ ਭਾਜਪਾ ਸਰਕਾਰ ਦੀ ਸਿਖ ਵਿਰੋਧੀ ਨੀਤੀ ਬਾਰੇ ਸੱਚ ਬੋਲਿਆ ਹੈ।ਡਲੇਵਾਲ ਦਾ ਕਹਿਣਾ ਹੈ ਕਿ ਭਾਜਪਾ ਨੇ ਕਿਸਾਨਾਂ ਲਈ ਅਣਐਲਾਨੀ ਐਂਮਰਜੈਂਸੀ ਲਗਾਈ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬੀਤੀ ਦਿਨੀਂ ਉਚਾਨਾ ਵਿਚ ਮਹਾਂਪੰਚਾਇਤ ਕੀਤੀ ਗਈ ਪਰ ਹਰਿਆਣਾ ਸਰਕਾਰ ਕਿਸਾਨਾਂ ਦੇ ਨਾਲ-ਨਾਲ ਗੁਰੂ ਘਰਾਂ ‘ਤੇ ਵੀ ਸਖਤੀ ਕੀਤੀ। ਸਰਕਾਰ ਵੱਲੋਂ ਗੁਰਦੁਆਰਾ ਧਮਤਾਨ ਸਾਹਿਬ ਨੂੰ ਕਿਸਾਨਾਂ ਨੂੰ ਲੰਗਰ ਨਾ ਦੇਣ ਲਈ ਧਮਕਾਇਆ ਗਿਆ। ਜੇਕਰ ਗੁਰਦੁਆਰੇ ਨੇ ਲੰਗਰ ਦਿੱਤਾ ਤਾਂ ਗੁਰਦੁਆਰੇ ‘ਤੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਗਈ । ਡੱਲੇਵਾਲ ਨੇ ਕਿਹਾ ਕਿ ਗੁਰੂ ਘਰ ਦੇ ਸਿਧਾਂਤ ਹੈ ਕਿ ਕੋਈ ਵੀ ਆ ਕੇ ਲੰਗਰ ਛਕ ਸਕਦਾ ਹੈ ਪਰ ਹਰਿਆਣਾ ਸਰਕਾਰ ਹੁਣ ਗੁਰੂ ਘਰਾਂ ‘ਤੇ ਵੀ ਕਬਜ਼ੇ ਕਰ ਰਹੀ ਹੈ। ਡੱਲੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਰਾਰੇ ਹੱਥੀਂ ਲੈਂਦਿਆ ਕਿਹਾ ਕਿ ਪ੍ਰਧਾਨ ਮੰਤਰੀ ਇਕ ਪਾਸੇ ਗੁਰੂ ਘਰਾਂ ਵਿਚ ਜਾ ਕੇ ਲੰਗਰ ਬਣਾਉਣੇ ਹਨ ਪਰ ਉਨ੍ਹਾਂ ਦੀ ਹਰਿਆਣਾ ਸਰਕਾਰ ਹਰਿਆਣਾ ਵਿੱਚ ਲੰਗਰ ਵਰਤਾਉਣ ਤੋਂ ਰੋਕ ਕੇ ਗੁਰੂ ਘਰਾਂ ‘ਤੇ ਕਬਜ਼ਾ ਕਰ ਰਹੀ ਹੈ। ਇਸ ਤੋਂ ਸਪਸ਼ਟ ਕਿ ਰਾਹੁਲ ਨੇ ਸਿਖਾਂ ਦੀ ਭਾਰਤ ਵਿਚ ਮਾੜੀ ਹਾਲਤ ,ਗੁਰਦੁਆਰਿਆਂ ਤੇ ਕਕਾਰਾਂ ਉਪਰ ਪਾਬੰਦੀਆਂ ਬਾਰੇ ਸੱਚ ਬੋਲਿਆ ਹੈ। ਭਾਜਪਾ ਨੇ ਵੀ ਸਿਖਾਂ ਨੂੰ ਜ਼ਖਮ ਦਿਤੇ ਸੋ ਸਿੱਖਾਂ ਨੂੰ ਰਾਹੁਲ ਦੇ ਬਿਆਨ ਤੇ ਘੱਟੋ ਘੱਟ ਐਨੀ ਕੁ ਤਸੱਲੀ ਤਾਂ ਜਰੂਰ ਹੋਣੀ ਚਾਹੀਦੀ ਹੈ ਕਿ ਕਿਸੇ ਨਾ ਕਿਸੇ ਭਾਰਤੀ ਆਗੂ ਨੇ ਇਹ ਕੌੜੇ ਸੱਚ ਨੂੰ ਪ੍ਰਵਾਨ ਤਾਂ ਕੀਤਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਲਈ ਸਭ ਅੱਛਾ ਨਹੀ ਹੈ।ਰਹੀ ਗੱਲ ਕਾਂਗਰਸ ਪਾਰਟੀ ਦੀ ਪੰਜਾਬ ਪ੍ਰਤੀ ਪਹੁੰਚ ਦੀ,ਇਹਦੇ ਵਿੱਚ ਕੋਈ ਝੂਠ ਨਹੀ ਕਿ ਤਤਕਾਲੀ ਕਾਂਗਰਸ ਸਰਕਾਰ (ਸੂਬਾ ਅਤੇ ਕੇਂਦਰ) ਨੇ ਜੋ ਜਖਮ ਸਿੱਖਾਂ ਨੂੰ ਦਿੱਤੇ ਹਨ,ਉਹ ਭੁਲਾਏ ਨਹੀ ਜਾ ਸਕਦੇ,ਪਰੰਤੂ ਉਹਦੇ ਨਾਲ ਇਹ ਵੀ ਯਾਦ ਰੱਖਣਾ ਹੋਵੇਗਾ ਕਿ ਜੂਨ 84 ਦੇ ਫੌਜੀ ਹਮਲੇ ਵਿੱਚ ਭਾਜਪਾ ਵੀ ਬਰਾਬਰ ਦੀ ਦੋਸ਼ੀ ਹੈ,ਜਿਸ ਦੇ ਉਸ ਮੌਕੇ ਦੇ ਵੱਡੇ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਪੁਸਤਕ ਵਿੱਚ ਖੁਦ ਇਹ ਸਵੀਕਾਰ ਕਰ ਚੁੱਕੇ ਹਨ ਕਿ ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਲਈ ਭਾਜਪਾ ਨੇ ਇੰਦਰਾ ਉਪਰ ਦਬਾਅ ਬਣਾਇਆ। ਅਗਲੀ ਗੱਲ ਇਹ ਹੈ ਜੇਕਰ ਕੋਈ ਮੌਜੂਦਾ ਨਵੇਂ ਦੌਰ ਦਾ ਵੱਡਾ ਕਾਂਗਰਸੀ ਆਗੂ ਆਪਣੀ ਪਹੁੰਚ ਸਪੱਸ਼ਟ ਕਰਦਾ ਹੈ ਅਤੇ ਸੱਚਮੁੱਚ ਉਹ ਘੱਟ ਗਿਣਤੀਆਂ ਪ੍ਰਤੀ ਚਿੰਤਤ ਦਿਖਾਈ ਦਿੰਦਾ ਹੈ,ਤਾਂ ਕੀ ਉਹਦੀ ਪਹੁੰਚ ਨੂੰ ਉਹਦੇ ਪੁਰਖਿਆਂ ਦੀਆਂ ਗਲਤੀਆਂ ਤੇ ਦੋਸ਼ਾਂ ਕਾਰਨ ਰੱਦ ਕਰ ਦੇਣਾ ਵਾਜਬ ਹੈ ? ਨਹੀ,ਅਜਿਹਾ ਨਹੀਂ ਹੋਣਾ ਚਾਹੀਦਾ,ਬਲਕਿ ਅਜਿਹੀ ਸੋਚ ਦਾ ਸਵਾਗਤ ਦਿਲ ਖੋਲ ਕੇ ਕੀਤਾ ਜਾਣਾ ਬਣਦਾ ਹੈ,ਤਾਂ ਕਿ ਭਵਿੱਖ ਵਿੱਚ ਅਜਿਹੀ ਸੋਚ ਹੋਰ ਵੀ ਪਰਫੁੱਲਤ ਹੋ ਸਕੇ। ਸਿਖ ਅਸਰੁਖਿਅਤ ਤੇ ਮੀਡੀਆ ਚੁਪ .ਰਾਹੁਲ ਗਾਂਧੀ ਦੇ ਵਿਵਾਦਤ ਬਣ ਚੁੱਕੇ ਸੱਚ ਨੂੰ ਹੋਰ ਵਿਵਾਦਿਤ ਕਰਦੀਆਂ ਕੁੱਝ ਲਿਖਤਾਂ ਵੀ ਪੜ੍ਹੀਆਂ ਹਨ,ਜਿਨ੍ਹਾਂ ਨੂੰ ਪੜ੍ਹਕੇ ਸਪੱਸ਼ਟ ਰੂਪ ਵਿੱਚ ਇਹ ਸਮਝ ਪੈਂਦੀ ਹੈ ਕਿ ਅਜਿਹੀਆਂ ਲਿਖਤਾਂ ਅਤੇ ਬਿਆਨ ਜਾਰੀ ਕਰਨ ਵਾਲੇ ਸਿੱਖਾਂ ਦੀ ਮਾਨਸਿਕਤਾ ਵਿੱਚ ਕਿਤੇ ਨਾ ਕਿਤੇ ਅਸੁਰਖਿਅਤਾ ਘਰ ਕਰ ਚੁੱਕੀ ਹੈ। ਅਸੁਰਖਿਅਤ ਭਾਵਨਾ ਕਾਰਨ ਨਿੱਜੀ ਲਾਭ ਪ੍ਰਾਪਤੀ ਦੇ ਖੁੱਸ ਜਾਣ ਦੇ ਡਰ ਵਿੱਚੋਂ ਅਜਿਹੇ ਆਪਾ ਵਿਰੋਧੀ ਲਿਖਤਾਂ ਅਤੇ ਬਿਆਨਾਂ ਦਾ ਸਾਹਮਣੇ ਆਉਣਾ ਸੁਭਾਵਿਕ ਹੈ।ਉਪਰੋਕਤ ਸਮੁੱਚੇ ਮਾਮਲੇ ਦੀ ਗੰਭੀਰਤਾ ਤੋ ਪਾਸਾ ਵੱਟਦਿਆਂ ਜਿਸਤਰ੍ਹਾਂ ਰਾਸ਼ਟਰੀ ਮੀਡੀਏ ਵੱਲੋਂ ਰਾਹੁਲ ਗਾਂਧੀ ਦੇ ਬਿਆਨ ਨੂੰ ਵਿਵਾਦਾਂ ਦੇ ਘੇਰੇ ਵਿੱਚ ਲੈ ਕੈ ਆਉਣ ਲਈ ਭੂਮਿਕਾ ਨਿਭਾਈ ਜਾ ਰਹੀ ਹੈ,ਉਹ ਵੀ ਦੇਸ਼ ਹਿਤ ਵਿੱਚ ਨਹੀ ਜਾਪਦੀ,ਬਲਕਿ ਸੱਚ ਬੋਲਣ ਦੀ ਸਜ਼ਾ ਦੇ ਰੂਪ ਵਿੱਚ ਰਾਹੁਲ ਗਾਂਧੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਮੀਡੀਏ ਦੀ ਭੂਮਿਕਾ ਐਨੀ ਅਸਰਦਾਇਕ ਹੁੰਦੀ ਹੈ ਕਿ ਸੱਚ ਬੋਲਣ ਵਾਲੇ ਨੂੰ ਖੁਦ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਕਿਤੇ ਇਸ ਮਾਮਲੇ ਵਿੱਚ ਉਹ ਸਚਮੁੱਚ ਹੀ ਗਲਤ ਤਾਂ ਨਹੀ।ਸੋ ਜੇਕਰ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਵੀ ਆਉਣ ਵਾਲੇ ਦਿਨਾਂ ਵਿੱਚ ਮੁਆਫੀ ਮੰਗ ਕੇ ਖਹਿੜਾ ਛੁਡਵਾ ਲੈਂਦਾ ਹੈ ਤਾਂ ਵੀ ਨਾ ਤਾਂ ਕੋਈ ਹੈਰਾਨੀ ਹੋਣੀ ਚਾਹੀਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਵੱਲੋਂ ਜੋ ਅਮਰੀਕਾ ਵਿੱਚ ਬੋਲਿਆ ਗਿਆ ਉਹ ਸਚਾਈ ਤੋਂ ਪਾਸਾ ਵੱਟਿਆ ਜਾ ਸਕਦਾ ਹੈ,ਬਲਕਿ ਜੋ ਘੱਟ ਗਿਣਤੀਆਂ ਪ੍ਰਤੀ ਕੇਂਦਰ ਦੀ ਪਹੁੰਚ ਹੈ ਉਹਦੇ ਤੇ ਮੋਹਰ ਲੱਗ ਚੁੱਕੀ ਹੈ। ਭਾਰਤੀ ਮੀਡੀਏ ਨੂੰ ਘੱਟੋ ਘੱਟ ਇਸ ਪਵਿੱਤਰ ਪੇਸ਼ੇ ਦੀ ਪਵਿੱਤਰਤਾ ਅਤੇ ਮਿਆਰ ਨੂੰ ਬਣਾਈ ਰੱਖਣ ਲਈ ਕਿਸੇ ਇੱਕ ਧਿਰ ਦਾ ਬੁਲਾਰਾ ਬਨਣ ਦੀ ਬਜਾਏ ਉਸਾਰੂ ਭੂਮਿਕਾ ਅਦਾ ਕਰਨੀ ਚਾਹੀਦੀ ਹੈ।ਮੀਡੀਏ ਦਾ ਸੱਚ ਤੋਂ ਪਾਸਾ ਵੱਟਣਾ ਆਪਣੇ ਫ਼ਰਜਾਂ ਨੂੰ ਤਿਲਾਂਜਲੀ ਦੇ ਕੇ ਆਪਣੇ ਲੋਕਾਂ ਨਾਲ ਧਰੋਹ ਕਮਾਉਣ ਵਰਗਾ ਵਰਤਾਰਾ ਹੈ,ਪ੍ਰੰਤੂ ਇਹ ਵੀ ਸੱਚ ਹੈ ਕਿ ਭਾਰਤੀ ਮੀਡੀਆ ਫਿਰਕੂ ਸਿਆਸਤ ਦਾ ਸ਼ਿਕਾਰ ਹੋਕੇ ਆਪਣੇ ਆਸ਼ੇ ਤੋਂ ਅਸਲੋਂ ਹੀ ਥਿੜਕ ਚੁੱਕਾ ਹੈ।ਜਿਸਦੇ ਫਲ਼ਸਰੂਪ ਘੱਟ ਗਿਣਤੀਆਂ ਦਾ ਭਵਿੱਖ ਦਾਅ ਤੇ ਲੱਗਾ ਹੋਇਆ ਹੈ।

Loading