ਕੀ ਸੁਖਬੀਰ ਬਾਦਲ ਦੀ ਪ੍ਰਧਾਨ ਵਜੋਂ ਵਾਪਸੀ ਨਾਲ ਅਕਾਲੀ ਦਲ ਵਿਚ ਪਵੇਗੀ ਨਵੀਂ ਜਾਨ ?

In ਮੁੱਖ ਲੇਖ
April 15, 2025
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ ਸੁਖਬੀਰ ਸਿੰਘ ਬਾਦਲ ਦੀ ਦੁਬਾਰਾ ਪ੍ਰਧਾਨ ਵਜੋਂ ਮੁੜ ਤਾਜਪੋਸ਼ੀ ਨਾਲ, ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਬਾਰੇ ਚਰਚਾ ਤੇਜ਼ ਹੋ ਗਈ ਹੈ। ਕੀ ਇਹ ਬਦਲਾਅ ਪੰਜਾਬ ਦੀ ਰਾਜਨੀਤੀ ਵਿੱਚ ਪਾਰਟੀ ਨੂੰ ਮਜ਼ਬੂਤ ​​ਕਰੇਗਾ? ਪੂਰਾ ਵਿਸ਼ਲੇਸ਼ਣ ਜਾਣੋ। ਸੰਪਾਦਕ ਸੁਖਬੀਰ ਸਿੰਘ ਬਾਦਲ ਨੂੰ ਸਰਬਸੰਮਤੀ ਨਾਲ ਮੁੜ ਸ਼੍ਰੋਮਣੀ ਅਕਾਲੀ ਦਲ ਦਾ 12 ਅਪ੍ਰੈਲ, 2025 ਨੂੰ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ਪਾਰਟੀ ਦੇ ਇਜਲਾਸ ਵਿੱਚ ਪ੍ਰਧਾਨ ਚੁਣ ਲਿਆ ਗਿਆ ਹੈ। ਸਿਆਸੀ ਮਾਹਿਰ ਪਾਰਟੀ ਦੇ ਇਸ ਫ਼ੈਸਲੇ ਬਾਰੇ ਕਈ ਸਵਾਲ ਖੜੇ ਕਰਦੇ ਹਨ। ਕੀ ਇਹ 104 ਸਾਲ ਪੁਰਾਣੀ, ਖੇਤਰੀ ਅਤੇ ਪੰਥਕ ਪਾਰਟੀ ਹੁਣ ਇੱਕ ਹੀ ਪਰਿਵਾਰ ਤੱਕ ਸੀਮਤ ਹੋ ਕੇ ਰਹਿ ਗਈ ਹੈ ਅਤੇ ਕੱਦਵਾਰ ਸਿਆਸੀ ਆਗੂਆਂ ਦੀ ਮੌਜੂਦਗੀ ਨੂੰ ਨਕਾਰ ਰਹੀ ਹੈ।ਇਹ ਸੁਆਲ ਅਹਿਮ ਹੈ ਕਿ 'ਰਾਜ ਨਹੀਂ ਸੇਵਾ' ਦਾ ਨਾਅਰਾ ਦੇਣ ਵਾਲੀ ਇਹ ਪਾਰਟੀ ਲੋਕ ਮਨਾਂ ਵਿੱਚ ਦੁਬਾਰਾ ਘਰ ਬਣਾ ਸਕੇਗੀ ਜਾਂ ਨਹੀਂ?ਕੀ ਮੁੜ ਪੁਰਾਣੀਆਂ ਲੀਹਾਂ ਉੱਤੇ ਤੁਰਨਾ ਪਾਰਟੀ ਨੂੰ ਮੰਜ਼ਲ ਵੱਲ ਲੈ ਕੇ ਜਾ ਸਕੇਗਾ? ਸੁਖਬੀਰ ਸਿੰਘ ਬਾਦਲ ਦਾ ਦਾਅਵਾ ਸੁਖਬੀਰ ਨੇ ਦਾਅਵਾ ਕੀਤਾ ਕਿ 27 ਲੱਖ ਮੈਂਬਰਾਂ ਵਿੱਚੋਂ ਚੁਣੇ ਗਏ 507 ਡੈਲੀਗੇਟਸ ਦੀ ਸਹਿਮਤੀ ਨਾਲ ਉਨ੍ਹਾਂ ਨੇ ਅਹੁਦਾ ਸਵੀਕਾਰਿਆ। ਉਨ੍ਹਾਂ ਸਭ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਨੇ ਆਪਣੀ ਪਾਰਟੀ ਨੂੰ 'ਪੰਜਾਬ ਦਾ ਅਸਲੀ ਵਾਰਸ' ਐਲਾਨਿਆ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣੇ ਭਾਸ਼ਨ ਵਿੱਚ ਦਾਅਵਾ ਕੀਤਾ ਕਿ ਪਿਛਲੇ ਛੇ ਮਹੀਨਿਆਂ ਵਿੱਚ ਅਕਾਲੀ ਦਲ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ, ਪੰਥ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਗਈ।" ਇਹ ਸਾਜ਼ਿਸ਼ ਸ਼ੁਰੂ ਹੋਈ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਦਾ ਸਾਥ ਛੱਡਿਆ।"ਉਨ੍ਹਾਂ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੀ ਜ਼ਿੰਮੇਵਾਰੀ ਹੈ ਪੰਜਾਬ ਨੂੰ ਅੱਗੇ ਵਧਾਉਣ ਦੀ। ਹੋਰ ਪਾਰਟੀਆਂ ਨੂੰ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਹੈ। ਪੰਜਾਬੀਆਂ ਨੂੰ ਬੇਨਤੀ ਕਰਦਾਂ ਹਾਂ ਕਿ ਆਪਣੇ ਤੇ ਪਰਾਏ ਦਾ ਫ਼ਰਕ ਪਛਾਣਨ।" ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ 104 ਸਾਲ ਪੁਰਾਣੇ ਇਤਿਹਾਸ ਦਾ ਹਵਾਲਾ ਵੀ ਦਿੱਤਾ ਅਤੇ ਪਾਰਟੀ ਦਾ ਮੁੱਢ ਬੰਨ੍ਹਣ ਵਾਲੇ ਆਗੂਆਂ ਦੀਆਂ ਕੁਰਬਾਨੀਆਂ ਵੀ ਗਿਣਵਾਈਆਂ।ਉਨ੍ਹਾਂ ਦਾਅਵਾ ਕੀਤਾ ਕਿ 27 ਲੱਖ ਤੋਂ ਵੱਧ ਲੋਕਾਂ ਨੇ ਪਾਰਟੀ ਦੀ ਮੈਂਬਰਸ਼ਿਪ ਹੋਈ ਹੈ।ਉਨ੍ਹਾਂ ਵਾਅਦਾ ਕੀਤਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਵਿਕਾਸ ਲਈ ਵਚਨਬੱਧ ਰਹੇਗਾ। ਸੁਖਬੀਰ ਬਾਦਲ ਦਾ ਪ੍ਰਧਾਨ ਚੁਣਿਆ ਜਾਣਾ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਹੈ, ਖਾਸ ਕਰਕੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਇਹ ਇਸ ਲਈ ਹੈ ,ਕਿਉਂਕਿ ਅਕਾਲੀ ਦਲ ਆਪਣਾ ਗੁਆਚਿਆ ਆਧਾਰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ 2008 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਦੀ ਨਿਯੁਕਤੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਪਾਰਟੀ ਨੂੰ ਹਾਲ ਹੀ ਦੇ ਸਾਲਾਂ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਵਿੱਚ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ, 2020 ਵਿੱਚ ਭਾਜਪਾ ਗਠਜੋੜ ਤੋਂ ਵੱਖ ਹੋਣਾ ਅਤੇ ਕਿਸਾਨ ਅੰਦੋਲਨ ਦੌਰਾਨ ਇਸਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਸੁਖਦੇਵ ਸਿੰਘ ਢੀਂਡਸਾ,ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬਿਕਰਮ ਸਿੰਘ ਮਜੀਠੀਆ ਆਦਿ ਵਰਗੇ ਕਈ ਸੀਨੀਅਰ ਪਾਰਟੀ ਆਗੂਆਂ ਨੇ ਸੁਖਬੀਰ ਦੀ ਲੀਡਰਸ਼ਿਪ 'ਤੇ ਸਵਾਲ ਖੜ੍ਹੇ ਕੀਤੇ ਸਨ। ਇਸ ਨਾਲ ਪਾਰਟੀ ਵਿੱਚ ਅੰਦਰੂਨੀ ਕਲੇਸ਼ ਦੀ ਸਥਿਤੀ ਵੀ ਪੈਦਾ ਹੋ ਗਈ ਸੀ। 2023 ਵਿੱਚ, ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਛੱਡਣ ਵਾਲੇ ਆਗੂਆਂ ਤੋਂ ਮੁਆਫੀ ਮੰਗੀ ਸੀ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਦੀ ਇਹ ਰਣਨੀਤੀ 2024 ਦੀ 'ਪੰਜਾਬ ਬਚਾਓ ਯਾਤਰਾ' ਵਿੱਚ ਵੀ ਦੇਖੀ ਗਈ, ਜਿੱਥੇ ਉਨ੍ਹਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਉਠਾਇਆ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦੀ ਮੁੜ ਨਿਯੁਕਤੀ ਨੂੰ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ, ਜਿਸਦਾ ਉਦੇਸ਼ ਪਾਰਟੀ ਨੂੰ ਇਕਜੁੱਟ ਕਰਨਾ ਅਤੇ ਸਿੱਖ ਭਾਈਚਾਰੇ ਦੇ ਨਾਲ-ਨਾਲ ਪੰਜਾਬੀ ਪਛਾਣ ਨੂੰ ਮਜ਼ਬੂਤ ​​ਕਰਨਾ ਹੈ। ਸੁਖਬੀਰ ਦਾ ਇਹ ਬਿਆਨ ਕਿ ਅਕਾਲੀ ਦਲ ਪੰਜਾਬ ਦਾ ਅਸਲੀ ਵਾਰਸ ਹੈ, ਕਈ ਤਰੀਕਿਆਂ ਨਾਲ ਮਹੱਤਵਪੂਰਨ ਹੈ। ਇਹ ਨਾ ਸਿਰਫ਼ ਉਸਦੀ ਪਾਰਟੀ ਦੀ ਇਤਿਹਾਸਕ ਵਿਰਾਸਤ 'ਤੇ ਜ਼ੋਰ ਦਿੰਦਾ ਹੈ ਬਲਕਿ ਪੰਜਾਬ ਦੀ ਮੌਜੂਦਾ ਰਾਜਨੀਤਿਕ ਸਥਿਤੀ ਵਿੱਚ ਇੱਕ ਨਵਾਂ ਦਾਅਵਾ ਵੀ ਕਰਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਹਿੱਤਾਂ ਦੀ ਰਾਖੀ ਲਈ ਕੀਤੀ ਗਈ ਸੀ ਅਤੇ ਇਹ ਲੰਬੇ ਸਮੇਂ ਤੋਂ ਪੰਜਾਬ ਵਿੱਚ ਸਿੱਖ ਪਛਾਣ ਅਤੇ ਖੇਤਰੀ ਮਾਣ ਦਾ ਪ੍ਰਤੀਕ ਰਿਹਾ ਹੈ। ਸੁਖਬੀਰ ਨੇ ਆਪਣੇ ਭਾਸ਼ਣ ਵਿੱਚ ਖਾਲਸਾ ਪੰਥ ਦਾ ਹਵਾਲਾ ਦਿੱਤਾ, ਜੋ ਸਿੱਖ ਭਾਈਚਾਰੇ ਲਈ ਡੂੰਘਾ ਭਾਵਨਾਤਮਕ ਮਹੱਤਵ ਰੱਖਦਾ ਹੈ। ਇਹ ਉਸਦੀ ਅਕਾਲੀ ਦਲ ਨੂੰ ਦੁਬਾਰਾ ਸਿੱਖਾਂ ਦਾ ਸਭ ਤੋਂ ਵੱਡਾ ਪ੍ਰਤੀਨਿਧੀ ਬਣਾਉਣ ਦੀ ਕੋਸ਼ਿਸ਼ ਹੈ, ਖਾਸ ਕਰਕੇ ਜਦੋਂ 'ਆਪ' ਅਤੇ ਕਾਂਗਰਸ ਨੇ ਵੀ ਸਿੱਖ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ।ਆਪਣੇ ਆਪ ਨੂੰ ਪੰਜਾਬ ਦਾ ਅਸਲੀ ਵਾਰਸ ਦੱਸ ਕੇ, ਸੁਖਬੀਰ ਸਿੰਘ ਬਾਦਲ ਨੇ ਪੰਜਾਬੀ ਪਛਾਣ ਨੂੰ ਕੇਂਦਰ ਵਿੱਚ ਰੱਖਿਆ ਹੈ। ਇਹ ਬਿਆਨ ਪੰਜਾਬੀਆਂ ਨੂੰ ਯਾਦ ਦਿਵਾਉਣ ਦੀ ਕੋਸ਼ਿਸ਼ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਹੈ, ਭਾਵੇਂ ਇਹ ਆਨੰਦਪੁਰ ਸਾਹਿਬ ਦਾ ਮਤਾ ਹੋਵੇ ਜਾਂ ਕੇਂਦਰ ਨਾਲ ਟਕਰਾਅ। ਸੁਖਬੀਰ ਦੀ ਸਰਬਸੰਮਤੀ ਨਾਲ ਨਿਯੁਕਤੀ ਦਰਸਾਉਂਦੀ ਹੈ ਕਿ ਪਾਰਟੀ ਘੱਟੋ ਘੱਟ ਬਾਦਲ ਪਰਿਵਾਰ ਦੀ ਅਗਵਾਈ ਵਿਚ ਇੱਕਜੁੱਟ ਹੈ। ਕੀ ਕਹਿੰਦੇ ਹਨ ਵਿਰੋਧੀ ਆਗੂ ਤੇ ਬੁਧੀਜੀਵੀ ਹਾਲਾਂਕਿ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸਨੂੰ ਕਾਗਜ਼ੀ ਤਬਦੀਲੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸੁਖਬੀਰ ਨੇ ਕਦੇ ਵੀ ਅਹੁਦਾ ਨਹੀਂ ਛੱਡਿਆ। ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਇਸਨੂੰ ਇੱਕ ਨਕਲੀ ਪ੍ਰਧਾਨ ਦੀ ਨਿਯੁਕਤੀ ਕਿਹਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਰੋਧੀ ਧਿਰ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਸਿੱਖ ਇਤਿਹਾਸਕਾਰ ਅਤੇ ਪੰਥਕ ਸਿਆਸਤ ਦੇ ਮਾਹਿਰ ਗੁਰਦਰਸ਼ਨ ਸਿੰਘ ਢਿੱਲੋਂ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਹੋਈ ਚੋਣ ਨੂੰ ਸਮੁੱਚੇ ਪੰਥ ਵਲੋਂ ਕੀਤੀ ਗਈ ਚੋਣ ਨਹੀਂ ਕਿਹਾ ਜਾ ਸਕਦਾ।ਉਹ ਕਹਿੰਦੇ ਹਨ, "ਸੁਖਬੀਰ ਦੀ ਚੋਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਇੱਕ ਗਰੁੱਪ ਦੀ ਚੋਣ ਹੈ। ਨਾ ਕਿ ਲੋਕਾਂ ਦੀ ਪਸੰਦ ਹੈ।ਜਦੋਂ ਤੱਕ ਕੋਈ ਆਗੂ ਅਕਾਲ ਤਖ਼ਤ ਦੀ ਅਹਿਮੀਅਤ ਨੂੰ ਸਵਿਕਾਰ ਕੇ ਲੋਕ ਦਰਬਾਰ ਵਿੱਚ ਨਹੀਂ ਆਉਂਦਾ, ਉਹ ਕਿਸੇ ਪੰਥਕ ਪਾਰਟੀ ਦੀ ਸਹੀ ਅਗਵਾਈ ਨਹੀਂ ਕਰ ਸਕਦਾ।ਢਿੱਲੋਂ ਦਾ ਕਹਿਣਾ ਹੈ ਕਿ ਜਦੋਂ ਤੱਕ ਲੋਕ ਨਹੀਂ ਮੰਨਦੇ ਉਦੋਂ ਤੱਕ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਜਗਰੂਪ ਸਿੰਘ ਸੇਖੋ ਕਹਿੰਦੇ ਹਨ ਕਿ ਕੋਈ ਸਮਾਂ ਸੀ ਜਦੋਂ ਔਰਤ ਵੋਟਰ ਅਤੇ ਕਿਸਾਨ ਵੋਟਰ ਅਕਾਲੀ ਦਲ ਦੇ ਹਿਮਾਇਤੀ ਸਨ ਪਰ ਬੀਤੇ ਸਮੇਂ ਦੇ ਘਟਨਾਕ੍ਰਮਾਂ ਨੇ ਇਸ ਦੇ ਆਗੂਆਂ ਦਾ ਅਕਸ ਖ਼ਰਾਬ ਕੀਤਾ ਹੈ। ਜੇ ਉਸ ਨੂੰ ਮੁੜ ਸੁਧਾਰਿਆ ਨਾ ਗਿਆ ਤਾਂ ਪਾਰਟੀ ਦਾ ਪ੍ਰਦਰਸ਼ਨ ਵੀ ਨਹੀਂ ਸੁਧਰੇਗਾ।ਜਗਰੂਪ ਸਿੰਘ ਸੇਖੋਂ ਕਹਿੰਦੇ ਹਨ ਕਿ ਅਕਾਲੀ ਦਲ ਨੇ ਹਾਲ ਹੀ ਵਿੱਚ ਦਾਅਵੇ ਕੀਤੇ ਕਿ 27 ਲੱਖ ਤੋਂ ਵੱਧ ਮੈਂਬਰ ਬਣਾਏ ਗਏ ਹਨ। ਪਰ ਇਹ ਅੰਕੜਾ ਸ਼ੱਕ ਦੇ ਘੇਰੇ ਵਿੱਚ ਹੈ।ਜੇ ਪਾਰਟੀ ਨਾਲ ਅਸਲੋਂ ਇੰਨੇ ਲੋਕ ਜੁੜ ਚੁੱਕੇ ਤਾਂ ਇਸ ਨੂੰ ਇੱਕ ਚੰਗੀ ਸ਼ੁਰੂਆਤ ਮੰਨਿਆ ਜਾਣਾ ਚਾਹੀਦਾ ਹੈ। ਪਰ ਪਾਰਟੀ ਨੂੰ ਪਾਰਦਰਸ਼ਤਾ ਦਿਖਾਉਣ ਦੀ ਲੋੜ ਹੈ।" ਦੂਜੇ ਪਾਸੇ ਅਕਾਲੀ ਦਲ ਬਾਦਲ ਦੇ ਸਲਾਹਕਾਰ ਹਰਚਰਨ ਸਿੰਘ ਬੈਂਸ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਇਤਿਹਾਸ ਵਿੱਚ ਕਈ ਅਜਿਹੇ ਮੌਕੇ ਆਏ ਹਨ ਜਦੋਂ ਬਹੁਤ ਹੀ ਸੰਕਟ ਦੇ ਸਮੇਂ ਵਿੱਚੋਂ ਅਕਾਲੀ ਦਲ ਉਭਰਿਆ। ਅੱਜ ਦਾ ਫ਼ੈਸਲਾ ਅਕਾਲੀ ਦਲ ਨੂੰ ਮੁੜ ਸੰਕਟ ਵਿੱਚੋਂ ਕੱਢਣ ਦਾ ਸਮਾਂ ਹੈ।ਇਹ ਪਲ ਨੇ ਜਦੋਂ ਪੰਥ ਲਈ ਦਰਦ ਰੱਖਣ ਵਾਲੇ ਇੱਕ ਥਾਂ ਇਕੱਠੇ ਹੋਣਗੇ। ਸੁਖਬੀਰ ਬਾਦਲ ਬਾਰੇ ਉਨ੍ਹਾਂ ਕਿਹਾ, "ਅਜਿਹਾ ਨਹੀਂ ਦੁਨੀਆ ਭਰ ਵਿੱਚ ਵੀ ਸਿਆਸੀ ਪਰਿਵਾਰਾਂ ਦੀਆਂ ਅਗ਼ਲੀਆਂ ਪੀੜੀਆਂ ਸਿਆਸਤ ਵਿੱਚ ਆਉਂਦੀਆਂ ਹਨ। ਇਹ ਫ਼ੈਸਲਾ ਪਾਰਟੀ ਦਾ ਨਹੀਂ ਬਲਕਿ ਲੋਕਾਂ ਦੇ ਉਤਸ਼ਾਹ ਦਾ ਹੈ।

Loading